HOME ਬੁਲੰਦ ਆਵਾਜ਼ ਦਾ ਮਾਲਕ ਸੀ ਲੋਕ ਗਾਥਾਵਾਂ ਦਾ ਬਾਦਸ਼ਾਹ:-ਕੁਲਦੀਪ ਮਾਣਕ

ਬੁਲੰਦ ਆਵਾਜ਼ ਦਾ ਮਾਲਕ ਸੀ ਲੋਕ ਗਾਥਾਵਾਂ ਦਾ ਬਾਦਸ਼ਾਹ:-ਕੁਲਦੀਪ ਮਾਣਕ

2
ਕੁਲਦੀਪ ਮਾਣਕ

   (ਸਮਾਜ ਵੀਕਲੀ)  ਕੁਲਦੀਪ ਮਾਣਕ ਪੰਜਾਬੀ ਗਾਇਕੀ ਦਾ ਇੱਕ ਅਜਿਹਾ ਮੁਕੰਮਲ ਫ਼ਨਕਾਰ ਹੈ ਜਿਸ ਦਾ ਹਰ ਪੱਖ ਤੋਂ ਜੀਵਨ ਬਿਰਤਾਂਤ ਸਿਰਜਿਆ ਜਾ ਸਕਦਾ ਹੈ ਭਾਵ ਕਿ ਉਸਦੀ ਗਾਇਕੀ, ਉਸਦੀ ਆਵਾਜ਼ ਉਸਦਾ ਅੰਦਾਜ਼ ,ਉਸਦਾ ਸਰੀਰਕ ਕੱਦ ਇੱਥੋਂ ਤੱਕ ਕਿ ਉਸਦਾ ਅੱਖੜ (ਰੁੱਖਾ) ਸੁਭਾਅ ਵੀ ਉਸਦੀ ਕਲਾ ਦੀ ਪੂਰਤੀ ਕਰਦਾ ਹੈ ।ਕੁਲਦੀਪ ਮਾਣਕ ਪੰਜਾਬੀ ਗਾਇਕੀ ਦਾ ਇੱਕ ਅਜਿਹਾ ਅਨਮੋਲ ਹੀਰਾ ਸੀ/ਹੈ ਜਿਸ ਨੂੰ ਸਾਡੇ ਕੋਲੋਂ ਗਿਆ ਭਾਵੇਂ ਅੱਜ 15-16 ਸਾਲ ਹੋ ਗਏ ਪਰ ਉਸਦੀ ਆਵਾਜ਼ ਅੱਜ ਵੀ ਉਸਦੇ ਨਾਂ ਨੂੰ ਲਿਸ਼ਕਾ ਰਹੀ ਹੈ।  ਕੁਲਦੀਪ ਮਾਣਕ ਦੇ ਜੀਵਨ ਦਾ ਸਫ਼ਰ ਸਰਕੜਿਆ ਅਤੇ ਰੇਤਲੇ ਟਿੱਬਿਆਂ ਦੀ ਭਰਮਾਰ ਦੇ ਨਾਂ ਨਾਲ ਜਾਣੇ ਜਾਂਦੇ ਜਿਲ੍ਹਾ ਬਠਿੰਡੇ ਦੇ ਪਿੰਡ ਜਲਾਲ ਵਿੱਚ ਰਹਿੰਦੇ ਪਿਤਾ ਸ਼੍ਰੀ ਨਿੱਕਾ ਸਿੰਘ ਅਤੇ ਮਾਤਾ ਬਚਨ ਕੌਰ ਦੀ ਕੁੱਖੋਂ 15 ਨਵੰਬਰ 1951 ਨੂੰ ਸ਼ੁਰੂ ਹੋਇਆ। ਮਾਪਿਆਂ ਨੇ ਬਚਪਨ ਵਿੱਚ ਇਸਦਾ ਨਾਮ  ਲਤੀਫ  ਮੁਹੰਮਦ ਰੱਖਿਆ ਸੀ। ਪਰ ਸਭ ਇਸਨੂੰ ਲਾਡ ਪਿਆਰ ਵਿੱਚ ਲੱਧਾ ਕਹਿ ਕੇ ਬੁਲਾਉਂਦੇ ਸੀ।ਜਿਵੇਂ-ਜਿਵੇਂ ਸਮਾਂ ਬਤੀਤ ਹੁੰਦਾ ਗਿਆ ਲੱਧਾ ਆਪਣੀ ਉਮਰ ਦੇ ਪੜ੍ਹਾਵਾਂ ਨੂੰ ਪਾਰ ਕਰਦਾ ਗਿਆ। ਸਕੂਲ ਵਿੱਚ ਪੜ੍ਹਦਿਆਂ ਸਕੂਲ ਦੇ ਸਮਾਗਮ ਵਿੱਚ ਉਦੋਂ (ਅਤੀਤ ਸਮੇਂ) ਦੇ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਮੁੱਖ ਮਹਿਮਾਨ ਵਜੋਂ ਆਏ ਹੋਏ ਸਨ ਜਦੋਂ ਕਸ਼ਮੀਰਾ ਸਿੰਘ ਵਲਟੋਹਾ ਹੈੱਡਮਾਸਟਰ ਜੀ ਨੇ ਸਮਾਗਮ ਦੇ ਰਸਮ ਨੂੰ ਨਿਭਾਉਂਦਿਆ ਲੱਧੇ ਨੂੰ ਇੱਕ ਗਾਣਾ ਸੁਨਾਉਣ ਲਈ ਸਟੇਜ ਤੇ ਬੁਲਾਇਆ ਤਾਂ ਇਸਨੇ ‘‘ਸੁਣ ਵੇ ਭੋਲਿਆ ਜੱਟਾਂ, ਤੇਰੇ ਸਿਰ ਪੈਂਦਾ ਘੱਟਾ’’ ਨਾਂ ਦਾ ਇੱਕ ਗੀਤ ਸੁਣਾਇਆ। ਇਸਤੋਂ ਖੁਸ਼ ਹੋ ਕੇ ਮੁੱਖ ਮੰਤਰੀ ਸਾਹਿਬ ਨੇ ਵਾਹ ਬਈ ਮਾਣਕਾ ਆਸ਼ੀਰਵਾਦ ਦੇ ਨਾਂ ਦਾ ਥਾਪੜਾ ਦਿੱਤਾ।ਇਹਨਾਂ ਦੇ ਬਜ਼ੁਰਗ ਨਾਭੇ ਰਿਆਸਤ ਦੇ ਰਾਜ ਘਰਾਣੇ ਵਿੱਚ ਕੀਰਤਨ ਕਰਿਆ ਕਰਦੇ ਸਨ ਜਿਸਦੀ ਬਦੌਲਤ ਇਹਨਾਂ ਨੂੰ ਸਿੱਖ ਧਰਮ ਦੇ ਮਰਿਯਾਦਾ ਅਨੁਸਾਰ ਕੁਲਦੀਪ ਨਾਮ ਦੀ ਬਖਸ਼ਿਸ਼ ਪ੍ਰਾਪਤ ਹੋਈ।ਉਸਨੇ ਵਿਰਾਸਤ ਵਿੱਚ ਮਿਲੀ ਬਜ਼ੁਰਗਾਂ ਦੀ ਮਰਿਆਦਾ ਨੂੰ ਪਾਲਦਿਆਂ ਭੱਟੀ ਵਿੱਚ ਰਹਿੰਦੇ ਜਨਾਬ ਖੁਸ਼ੀ ਮੁਹੰਮਦ ਨੂੰ ਵਿਸ਼ੇਸ਼ ਤੌਰ ‘ਤੇ ਆਪਣਾ ਗੁਰੂ ਧਾਰਿਆ ਅਤੇ ਉਸਤੋਂ ਸੰਗੀਤ ਦੀਆਂ ਬਰੀਕੀਆਂ ਨੂੰ ਸਿੱਖਿਆ। ਜਦੋਂ ਇਸਨੇ ਮਾਣਕ ਅਤੇ ਕੁਲਦੀਪ ਦੋਵੇਂ ਨਾਵਾਂ ਨੂੰ ਕੁਲਦੀਪ ਮਾਣਕ ਨਾਮ ਦੀ ਲੜੀ ਵਿੱਚ ਪਰੋ ਕੇ ਪ੍ਰਚੱਲਿਤ ਦੋਗਾਣਾ ਗਾਇਕੀ ਦੇ ਸਮੇਂ ਸੁਰਿੰਦਰ ਸੀਮਾ ਦੇ ਨਾਲ ਸੰਨ 1968 ਵਿੱਚ ‘‘ਜੀਜਾ ਅੱਖੀਆਂ ਨਾ ਮਾਰ ਵੇ, ਮੈਂ ਕੱਲ ਦੀ ਕੁੜੀ’’ ਪਹਿਲਾ ਰਿਕਾਰਡ ਕਰਵਾਇਆ ਤਾਂ ਇਹਨਾਂ ਦੇ ਮਨ ਨੂੰ ਕੋਈ ਸਕੂਨ ਨਹੀਂ ਮਿਲਿਆ, ਤਾਂ ਇਹਨਾਂ ਦੇ ਦਿਲ ਨੇ ਕੁਝ ਨਵਾਂ ਗਾਉਣ ਲਈ ਸੋਚਿਆ।ਸਮਾਂ ਆਪਣੀ ਚਾਲ ਚੱਲਦਾ ਗਿਆ ਤਾਂ ਰੱਬ ਦੇ ਸਬੱਬ ਨਾਲ ਇਹਨਾਂ ਦਾ ਮੇਲ ਕਲਮ ਦੇ ਧਨੀ ਵਜੋਂ ਜਾਣੇ ਜਾਂਦੇ ਹਰਦੇਵ ਦਿਲਗੀਰ (ਦੇਵ ਥਰੀਕਿਆਂ ਵਾਲੇ) ਨਾਲ ਹੋਇਆ, ਜੋ ਆਪ ਵੀ ਉਹ ਇੱਕ ਵਿਲੱਖਣ ਆਵਾਜ਼ ਦੀ ਭਾਲ ਵਿੱਚ ਸੀ। ਦੇਵ ਨੇ ਪੁਰਾਤਨ ਕਵੀਸ਼ਰੀਆਂ ਦੇ ਰੂਪ ਵਿੱਚ ਗਾਈਆਂ ਜਾਣ ਵਾਲੀਆਂ ਵਾਰਾਂ ਨੂੰ ਲੋਕ ਗਾਥਾਵਾਂ ਦੇ ਨਵੇਂ ਰੰਗ ਵਿੱਚ ਰੰਗਿਆ। ਜਦੋਂ ਇਸ ਜੋੜੀ ਨੇ ਸਮੇਂ ਦੇ ਨਾਲ ਪ੍ਰਚੱਲਿਤ ਗਾਇਕੀ ਤੋਂ ਹੱਟ ਕੇ ਕੁਝ ਨਵਾਂ ਗਾਉਣ ਲਈ ਰਿਕਾਡਿੰਗ ਕੰਪਨੀ ਵਾਲਿਆਂ ਨਾਲ ਸੰਪਰਕ ਕੀਤਾ ਇਹਨਾਂ ਨੂੰ ਬਹੁਤ ਸਮੇਂ ਤੱਕ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ। ਪਰ ਜਿਵੇਂ ਕਿਹਾ ਜਾਂਦਾ ਹੈ ਕਿ ‘ਸਹਿਜ ਪੱਕੇ ਸੋ ਮੀਠਾ ਹੋਏ’ ਇਹ ਸੱਚ ਉਦੋਂ ਇਹਨਾਂ ਦੀ ਜ਼ਿੰਦਗੀ ਵਿਚ ਸਾਹਮਣੇ ਆਇਆ ਜਦੋਂ ਇਹਨਾਂ ਦਾ ਪਹਿਲਾ ਲੋਕ ਗਾਥਾਵਾਂ ਵਾਲਾ ਰਿਕਾਰਡ ‘ਮਾਂ ਮਿਰਜ਼ੇ ਦੀ ਬੋਲਦੀ’ ਸੰਗੀਤ ਦੀਆਂ ਧੁਨਾਂ ਨਾਲ ਸੱਜ ਕੇ ਮਾਰਕੀਟ ਵਿੱਚ ਆਇਆ।ਸੰਗੀਤ ਨਾਲ ਸ਼ਿੰਗਾਰੀ ਮਾਣਕ ਦੀ ਬੁਲੰਦ ਆਵਾਜ਼ ਜਦੋਂ ਸੁਣਨ ਵਾਲੇ ਸਰੋਤਿਆਂ ਦੇ ਕੰਨਾਂ ਵਿੱਚ ਪੁੱਜੀ ਤਾਂ ਦੋਗਾਣਾ ਗਾਇਕੀ ਦੇ ਖੇਤਰ ਵਿੱਚ ਇੱਕ ਤਹਿਲਕਾ ਜਿਹਾ ਮੱਚ ਗਿਆ।ਮਾਣਕ ਦੇਵ ਦੀ ਜੋੜੀ ਵੱਲੋਂ ਪਾਈ ਪਿਰਤ ਨੂੰ ਕਲਾ ਪ੍ਰੇਮੀਆਂ ਨੇ ਭਰਵਾਂ ਹੁੰਗਾਰਾ ਦਿੱਤਾ ਅਤੇ ਮਾਣਕ ਨੂੰ ਗਾਇਕੀ ਦੇ ਰਾਹ ਤੋਰਿਆ। ਸਰੋਤਿਆਂ ਵੱਲੋਂ ਮਿਲੇ ਭਰਵੇਂ ਹੁੰਗਾਰੇ ਨੇ ਮਾਣਕ-ਦੇਵ ਦੇ ਦ੍ਰਿੜ ਇਰਾਦੇ ਨੂੰ ਹੋਰ ਮਜ਼ਬੂਤ ਕੀਤਾ ਅਤੇ ਉਹਨਾਂ ਨੇ ਸਮੇਂ ਦੇ ਗੁਜ਼ਰਨ ਨਾਲ ਛੇਤੀ ਇੱਕ ਹੋਰ ਲੋਕ ਗਾਥਾਵਾਂ ਨਾਲ ਭਰਪੂਰ ‘ਤੇਰੀ ਖਾਤਰ ਹੀਰੇ’ ਰਿਕਾਰਡ ਮਾਰਕੀਟ ਵਿੱਚ ਪੇਸ਼ ਕੀਤਾ, ਜਿਸਨੇ ਇਹਨਾਂ ਨੂੰ ਸਫਲਤਾ ਦੀ ਪੌੜੀ ਚਾੜ੍ਹਿਆ ਅਤੇ ਮਾਣਕ ਗਾਇਕੀ ਦੀ ਕਤਾਰ ਵਿੱਚ ਪਹਿਲੇ ਨੰਬਰ ਤੇ ਜਾ ਖੜ੍ਹਾ ਹੋਇਆ। ਇਸ ਮੁਕਾਮ ਤੱਕ ਪਹੁੰਚਣ ਲਈ ਮਾਣਕ ਨੂੰ ਬੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਉਸਨੇ ਆਪਣੀ ਹਿੰਮਤ ਅਤੇ ਮਿਹਨਤ ਦੇ ਸਦਕੇ ਇਸ ਮੁਕਾਮ ਨੂੰ ਹਾਸਲ ਕੀਤਾ ਅਤੇ ਮਾਣਕ ਲੋਕਾਂ ਦਾ ਹਰਮਨ ਪਿਆਰਾ ਗਾਇਕ ਬਣ ਗਿਆ। ਮਾਣਕ ਆਪਣੇ ਸਮਕਾਲੀ ਗਾਇਕਾਂ ਨੂੰ ਪਿੱਛੇ ਛੱਡ ਗਿਆ ਅਤੇ ਉਹ ਗਾਇਕ ਵੀ ਮਾਣਕ ਦੀ ਗਾਇਕੀ ਤੋਂ ਹੈਰਾਨ ਰਹਿ ਗਏ ਜਿਹਨਾਂ ਨਾਲ ਮਾਣਕ ਨੇ ਕਿਸੇ ਸਮੇਂ ਸਾਇਡ ਤੇ ਕੰਮ ਕੀਤਾ ਸੀ। ਜਿਹਨਾਂ ਵਿੱਚੋਂ ਹਰਚਰਨ ਗਰੇਵਾਲ ਅਤੇ ਨਰਿੰਦਰ ਬੀਬਾ ਆਦਿ ਸਨ। ਦੇਵ ਅਤੇ ਮਾਣਕ ਦੀ ਜੋੜੀ ਨੇ ਜਦੋਂ ‘ਛੇਤੀ ਕਰ ਸਰਬਣ ਬੱਚਾ’ ਦਾ ਐਲ.ਪੀ. ਰਿਕਾਰਡ ਪੇਸ਼ ਕੀਤਾ ਤਾਂ ਇਸਨੇ ਮਾਣਕ ਦੀ ਸਫਲਤਾ ਦੇ ਸਾਰੇ ਰਿਕਾਰਡ ਤੋੜ ਦਿੱਤੇ। ਦੁਨੀਆਂ ਦੇ ਹਰ ਕੋਨੇ ਵਿੱਚ ਕਲਾ ਪ੍ਰੇਮੀਆਂ ਦੇ ਮੁੱਖੋਂ ਮਾਣਕ ਅਤੇ ਦੇਵ ਦੇ ਨਾਂਅ ਦੀ ਚਰਚਾ ਸੁਣੀ ਜਾਣ ਲੱਗੀ ਅਤੇ ਮਾਣਕ ਦਾ ਨਾਂਅ ਗਾਇਕੀ ਦੇ ਸੱਤਵੇਂ ਅਸਮਾਨ ਤੇ ਚੰਨ ਬਣ ਚਮਕਣ ਲੱਗਾ। ਇਸ ਤੋਂ ਬਾਅਦ ਉਸ ਦੌਰ ਦੀ ਸ਼ੁਰੂਆਤ ਹੋਈ ਜੋ ਮਾਣਕ-ਯੁੱਗ ਬਣ ਸਥਾਪਤ ਹੋਇਆ। ਦੇਵ ਸਾਹਿਬ ਵਿਲੱਖਣ ਲਿਖਤਾਂ ਲਿਖਦੇ ਗਏ ਅਤੇ ਮਾਣਕ ਸੰਗੀਤ ਦੀਆਂ ਧੁਨਾਂ ਵਿੱਚ ਗਾ ਕੇ ਆਪਣੀ ਬੁਲੰਦ ਆਵਾਜ਼ ਦੇ ਰਾਹੀਂ ਇਸਨੂੰ ਨਿਖਾਰਦਾ ਰਿਹਾ ਅਤੇ ਇਹ ਮੀਲ ਪੱਥਰ ਦਾ ਰੂਪ ਧਾਰ ਗਈ। ਦੇਵ ਦੀਆਂ ਲਿਖੀਆਂ ਲਿਖਤਾਂ ਨੂੰ ਮਾਣਕ ਦੇ ਸਮਕਾਲੀ ਗਾਇਕਾਂ / ਗਾਇਕਾਵਾਂ ਅਤੇ ਨਵਯੁੱਗ ਗਾਇਕਾਂ /ਗਾਇਕਾਵਾਂ ਨੇ ਵੀ ਗਾਇਆ ਪਰ ਜੋ ਨਾਮ ਮਾਣਕ ਦੀ ਆਵਾਜ਼ ਨੇ ਚਮਕਾਇਆ ਹੈ ਸ਼ਾਇਦ ਉਹ ਹੋਰ ਆਵਾਜ਼ ਦੇ ਹਿੱਸੇ ਨਹੀਂ ਆਇਆ। ਮਾਣਕ ਅਤੇ ਦੇਵ ਦੇ ਇਸ ਸੰਗਮ ਨੇ ਹੋਰ ਵੀ ਬਹੁਤ ਸਾਰੀਆਂ ਨਵੀਆਂ ਕਲਮਾਂ ਨੂੰ ਜਨਮ ਦਿੱਤਾ,ਜਿਹਨਾਂ ਵਿੱਚੋਂ ਪ੍ਰਮੁੱਖ ਬਾਬੂ ਸਿੰਘ ਮਾਨ, ਪ੍ਰੋ ਮੋਹਨ ਸਿੰਘ, ਅਲਬੇਲ ਬਰਾੜ, ਡਾ. ਗੁਰਮੁੱਖ ਸਿੰਘ ਗਿੱਲ (ਜੱਬੋ ਮਾਜਰੇ ਵਾਲਾ)।  ਰਾਮ ਸਿੰਘ ਢਿੱਲੋਂ, ਦਲੀਪ ਸਿੰਘ ਸਿੱਧੂ ਕਣਕਵਾਲੀਆ, ਸੁਖਦਰਸ਼ਨ ਸਿੰਘ ਬਰਾੜ ਜੰਡ ਵਾਲਾ,ਜੱਗਾ ਗਿੱਲ, ਗਿੱਲ ਨੱਥੂਹੇੜੀਆ ਵਾਲਾ,ਗੋਗੀ ਮਾਨਾ ਵਾਲਾ, ਚੰਨ ਗੁਰਾਇਆ ਵਾਲਾ, ਕਰਨੈਲ ਜਲਾਲ, ਜਸਵੰਤ ਸੰਦੀਲਾ,ਪਾਲੀ ਦੇਤਵਾਲੀਆ, ਸੇਵਾ ਸਿੰਘ ਨੋਰਥ, ਹਾਕਮ ਬਖਤੜੀਵਾਲਾ, ਗੁੱਡੂ ਸਿੱਧਵਾਂ ਵਾਲਾ, ਮੇਵਾ ਸਿੰਘ ਨੌਰਥ, ਚਮਕੌਰ ਚੱਕ ਵਾਲਾ, ਰਾਣਾ ਵੈਡਲ ਵਾਲਾ, ਬੂਟਾ ਸਿੰਘ ਕਿਉਲਪੁਰੀ, ਸਾਧੂ ਸਿੰਘ ਆਂਚਲ, ਬਲਜੀਤ ਸਿੰਘ ਬਾਗੀ ਟੂਸਿਆ ਵਾਲਾ, ਬਿਕਰ ਮਹਿਰਾਜ, ਬਲਦੇਵ ਸਿੰਘ ਰਾਹੀ,ਹਰੀ ਸਿੰਘ ਝੱਜ ਟੂਸਿਆ ਵਾਲਾ,ਅਮਰੀਕ ਸਿੰਘ ਤਲਵੰਡੀ, ਸੁਖਵਿੰਦਰ ਧਾਲੀਵਾਲ, ਬਚਨ ਬੇਦਿਲ, ਕਰਨੈਲ ਸਿਵੀਆ ਅਤੇ ਭਿੰਦਰ ਡੱਬਵਾਲੀਆ ਆਦਿ ਇਹਨਾਂ ਤੋਂ ਇਲਾਵਾ ਅਜਿਹੀਆਂ ਹੋਰ ਬਹੁਤ ਸਾਰੀਆਂ ਕਲਮਾਂ ਹਨ ਜਿਹਨਾਂ ਦੀਆਂ ਭਾਵੇਂ ਇਕ ਦੋ ਹੀ ਲਿਖਤਾਂ ਮਾਣਕ ਦੀ ਟੱਲੀ ਵਰਗੀ ਟੁਣਕਦੀ ਟੁਣਕਾਰ ਆਵਾਜ਼ ਦਾ ਸ਼ਿੰਗਾਰ ਬਣੀਆਂ ਹਨ। ਪਰ ਮਾਣਕ ਦੀ ਰੋਬਦਾਰ ਅਤੇ ਜੋਸ਼ੀਲੀ ਆਵਾਜ਼ ਦੇ ਰਾਹੀਂ ਉਹ ਵੀ ਇਤਿਹਾਸਕ ਰੂਪ ਧਾਰ ਗਈਆਂ ਜਿਵੇਂ ਕਿ ਮਹਿੰਦਰ ਸਿੰਘ ਖਹਿਰਾ ਦੀ ਲਿਖੀ ਮਸ਼ਹੂਰ ਕਲੀ ‘ਸਾਹਿਬਾਂ ਦਾ ਖ਼ਿਆਲ – ਕਿਤੇ ਚੱਲ ਕੇ ਤਾਂ ਤੇਲ ਚਵਾਹ ਅੜਿਆ’, ਜਗਜੀਤ ਸਿੰਘ ਦਰਦੀ ਦੀ ‘ਇਹ ਦੁਨੀਆਂ ਧੋਖੇਬਾਜਾਂ ਦੀ”, ਮਾਨ ਰਾਮਪੁਰੇ ਵਾਲੇ ਦੀ ਲੋਕ ਗਾਥਾ ‘ਥਲ ਵਿੱਚ ਲੱਭਦੀ ਫਿਰਦੀ ਸੱਸੀ ਪੈੜਾਂ ਯਾਰ ਦੀਆਂ’, ਦੇਬੀ ਮਖਸੂਸਪੁਰੀਏ ਦੀ ਪਹਿਲੀ ਤੇ ਮਸ਼ਹੂਰ ਰਚਨਾ ਧੀਦੋ ਹੰਝੂ ਕੇਰਦਾ ਨਾਲੇ ਕੱਢੇ ਹਾੜੇ’ ਜਾ ਫਿਰ ਵੱਸਦੇ ਘਰਾਂ ਵਿੱਚ ਆਉਣ ਚਿੱਠੀਆਂ, ਸੁੱਖਾ ਜੀਹਦੇ ਵਾਲੇ ਦਾ ਲਿਖਿਆ ਲੋਕ ਤੱਥ ‘ਦੂਰੋਂ ਮੱਥਾ ਟੇਕਦੋ ਕਮੀਨੇ ਯਾਰ ਨੂੰ’ ਅਤੇ ਹਰਬਖਸ਼ ਧਾਲੀਵਾਲੇ ਦੇ ਲਿਖੀ ਪੂਰੀ ਟੇਪ ‘ਦਿਲ ਨਹੀਓ ਲਗਦਾ’, ਸੱਜਣਾ ਵੇ ਵਤਨੀ ਫੇਰਾ ਤਾਂ ਪਾ। ਮਾਣਕ ਨੇ ਗਾਇਕੀ ਦੇ ਹਰ ਰੰਗ ਨੂੰ ਮਾਣਿਆ ਹੈ। ਜੇ ਉਸਨੇ ‘ਤੇਰੀ ਮੈਂ ਤੇਰੀ ਰਾਂਝਾ’ ਜਾਂ ਫਿਰ ‘ਸਾਕੀ ਨਜ਼ਰਾਂ ਮੇਲ ਜ਼ਰਾ’ ਵਾਲੇ ਨਗਮਿਆਂ ਨੂੰ ਕਵਾਲੀ ਦੇ ਰੂਪ ਵਿੱਚ ਗਾਇਆ ਹੈ ਤਾਂ ਉਸਨੇ ਵੀ ਮਾਣਕ ਨੂੰ ਸਫਲਤਾ ਦਿਵਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਜੇ ਮਾਣਕ ਨੇ ਕਿਸੇ ਬੋਲਾਂ ਨੂੰ ਆਪਣੀ ਆਵਾਜ ਰਾਹੀਂ ਦਰਦਾਂ ਵਿੱਚ ਪਰੋਇਆ ਹੈ ਤਾਂ ਉਹ ਵੀ ਮਾਣਕ ਨੂੰ ਸਫਲਤਾ ਦਿਵਾਉਣ ਵਿੱਚ ਪਿੱਛੇ ਨਹੀਂ ਰਹੇ ਜਿਵੇਂ ਕੀੜੇ ਪੈਣਗੇ ਮਰੇਂਗੀ ਸੱਪ ਲੜਕੇ ਮਿੱਤਰਾ ਨੂੰ ਧੋਖਾ ਦੇਣੀਏ’ ਜਾਂ ‘ਕਿਤੋ ਆ ਜਾ ਬਾਬਲਾ ਵੇ ਦੁਖੜੇ ਸੁਣ ਲੈ ਧੀ ਦੇ ਆ ਕੇ ਇਹ ਉਸ ਦੁਖਹਾਰੀ ਧੀ ਦੀ ਆਵਾਜ਼ ਹੈ ਜਿਸਨੂੰ ਉਸਦਾ ਪਤੀ ਬਿਨਾਂ ਕਸੂਰੋਂ ਘਰੋਂ ਬਾਹਰ ਕੱਢ ਦਿੰਦਾ ਹੈ ਅਤੇ ਉਹ ਦੁੱਖਾਂ ਦੀ ਸਤਾਈ ਭੁੱਬਾਂ ਮਾਰਦੀ ਹੋਈ ਮਾਪਿਆਂ ਨੂੰ ਦਿਲੋਂ ਯਾਦ ਕਰਦੀ ਕਹਿੰਦੀ ਹੈ। ਜੇ ਮਾਣਕ ਨੇ ਆਪਣੀ ਆਵਾਜ਼ ਨੂੰ ਰੁਮਾਂਟਿਕ ਰੰਗ ਚਾੜ੍ਹਿਆ ਹੈ ਤਾਂ ਉਸ ਵਿੱਚ ਵੀ ਮਾਣਕ ਨੇ ਸਫ਼ਲਤਾ ਦੇ ਝੰਡੇ ਗੱਡੇ ਹਨ ਜਿਵੇਂ ਕਿ ਚੰਨਾ ਮੈਂ ਤੇਰੀ ਖੈਰ ਮੰਗਦੀ, ਮੇਰਾ ਧੀਦੋ ਰਾਂਝਾ ਬੇਪਰਵਾਹ ਕੁੜੀਓ, ਅੱਖਾਂ ‘ਚ ਨਜਾਇਜ ਵਿਕਦੀ, ਪਾ ਦੇ ਪਿਆਰ ਦੀ ਖੈਰ ਮੁਟਿਆਰੇ, ਛੱਡ ਕੇ ਤੂੰ ਚੰਨਾ ਮੈਨੂੰ ਜਾਈ ਨਾ ਆਦਿ। ਮਾਣਕ ਨੇ ਅਜਿਹੇ ਧਾਰਮਿਕ ਸਾਕਿਆਂ ਨੂੰ ਗਾਇਆ ਹੈ ਜੋ ਗਾਇਕੀ ਦੇ ਖੇਤਰ ਵਿੱਚ ਮੀਲ ਪੱਥਰ ਸਥਾਪਿਤ ਹੋਏ ਹਨ ਜਿਵੇਂ ਮੱਸਾਂ ਰੰਘੜ, ਦੋ ਗੱਭਰੂ ਪੰਜਾਬ ਦੇ, ਸਿੰਘ ਸੂਰਮੇ, ਦੋ ਅਮਰ ਸ਼ਹੀਦ, ਖ਼ਾਲਸੇ ਦਾ ਰਾਜ ਹੋ ਗਿਆ, ਝੰਡੇ ਖਾਲਸਾ ਰਾਜ ਦੇ, ਸਿੱਖੀ ਦੀਆਂ ਜੜ੍ਹਾ,ਮਾਰਿਆ ਮੁਕਾਇਆਂ ਸਿੰਘ ਨਹੀਓਂ ਮੁੱਕਦੇ, ਅੰਮ੍ਰਿਤ ਦੀ ਦਾਤ, ਮਰਦ ਅਗੰਮੜਾ, ਜੁਲਮ ਦੀ ਹੱਦ, ਕਰਨਾ ਕਬਜਾ ਦਿੱਲੀ `ਤੇ, ਬੇਅਦਬੀ ਨਾ ਸਹਿਣ ਖਾਲਸੇ, ਹਰਿਮੰਦਰ ਸਹਿਬ ਤੇ ਹਮਲਾ, ਸਿਰ ਦੇਹ ਮਿਲੀਆ ਸਰਦਾਰੀਆਂ ਨੇ, ਅੱਜ ਸਾਜਣਾ ਮੈਂ ਪੰਥ ਪਿਆਰਾ ਆਦਿ। ਗੱਲ ਕੀ ਮਾਣਕ ਨੇ ਆਪਣੀ ਗਾਇਕੀ ਦੇ ਪਿੜ ਵਿੱਚ ਪੰਜਾਬੀ ਸੱਭਿਆਚਾਰ ਦੇ ਦਾਇਰੇ ਵਿੱਚ ਰਹਿ ਕੇ ਹਰ ਇੱਕ ਰੰਗ ਨੂੰ ਮਾਣਿਆ ਹੈ ਜਿਸ ਨਾਲ ਲੋਕ ਸਾਹਿਤ ਸੱਭਿਆਚਾਰ ਅਤੇ ਪੰਜਾਬੀ ਗਾਇਕੀ ਦਾ ਸਿਰ ਹਮੇਸ਼ਾ ਮਾਨ ਨਾਲ ਉੱਚਾ ਰਹੇਗਾ ਅਤੇ ਮਾਣਕ ਦਾ ਨਾਂ ਗਾਇਕੀ ਦੇ ਇਤਿਹਾਸ ਵਿੱਚ ਬੜੇ ਸਤਿਕਾਰ ਨਾਲ ਲਿਆ ਜਾਇਆ ਕਰੇਗਾ ਜਿਵੇਂ ਕਿ :
ਲੋਕ ਆਖਦੇ ਸੀ ਜਿਹਨੂੰ ਕਲੀਆਂ ਦਾ ਬਾਦਸ਼ਾਹ,
ਉਹ ਤੇ ਤੁਰ ਗਿਆ ਇਸ ਜਹਾਨ ਵਿੱਚੋਂ,
ਮਾਂ-ਬੋਲੀ ਪੰਜਾਬੀ ਦੀ ਕਰ ਰੱਜ ਸੇਵਾ,
ਜੱਸ ਖੱਟ ਗਿਆ ਸਾਰੇ ਜਹਾਨ ਵਿੱਚੋਂ,
ਸੱਭਿਆਚਾਰ ਪੰਜਾਬੀਆਂ ਦਾ ਤਾਜ ਹੁੰਦਾ,
ਵੱਖਰਾ ਕਰ ਗਿਆ ਅਸ਼ਲੀਲਤਾ ਦੇ ਬਾਜ਼ਾਰ ਵਿੱਚੋਂ।
ਮਾਣਕ ਸਰੀਰਕ ਪੱਖੋਂ ਭਾਵੇਂ ਛੋਟੇ ਕੱਦ ਵਾਲਾ, ਕਮਜ਼ੋਰ ਦਿੱਸਦਾ ਸੀ ਪਰ ਉਸਨੇ ਗਾਇਕੀ ਦੇ ਖੇਤਰ ਵਿੱਚ ਐਡਾ ਵੱਡਾ ਕੱਦ ਕੀਤਾ ਜਿਸਦੀ ਕੋਈ ਗਿਣਤੀ ਮਿਣਤੀ ਨਹੀਂ ਕਰ ਸਕਦਾ। ਮਾਣਕ ਪੰਜਾਬੀ ਗਾਇਕੀ ਦਾ ਉਹ ਸਿਰਮੌਰ ਗਾਇਕ ਸੀ ਜਿਸਨੇ ਆਪਣੀ ਆਵਾਜ਼ ਰਾਹੀਂ ਹਰ ਇੱਕ ਰਿਸ਼ਤੇ ਨੂੰ ਗਾਇਆ ਹੀ ਨਹੀਂ ਸਗੋਂ ਉਸਦੀ ਅਹਿਮੀਅਤ ਨੂੰ ਸਮਝ ਕੇ ਫਿਰ ਲੋਕਾਂ ਤੱਕ ਪਹੁੰਚਾਇਆ ਹੈ ਜਿਵੇਂ, ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲਿਓ, ਇੱਕ ਵੀਰ ਦਈਂ ਵੇ ਰੱਬਾ, ਹੋਇਆ ਕਿ ਜੇ ਧੀ ਜੰਮ ਪਈ, ਧੀਆਂ ਪ੍ਰਦੇਸਣਾਂ ਦੀ ਕਦੋਂ ਸੁਣੇਗਾ ਰੱਬਾ ਅਰਜ਼ੋਈ, ਪੁੱਤ ਮਰੇ ਨਾ ਭੁੱਲਦੇ ਮਾਵਾਂ ਨੂੰ ਲੋਕੋ ਆਦਿ ਇਹਨਾਂ ਦਰਦਾਂ ਨੂੰ ਆਪਣੇ ਪਿੰਡੇ ਹੰਢਾ ਕੇ ਉਹਨਾਂ ਨਾਲ ਆਪਣੀ ਗਾਇਕੀ ਰਾਹੀਂ ਦਰਦ ਵੰਡਾਉਣ ਦੀ ਕੋਸ਼ਿਸ਼ ਕੀਤੀ। ਇਸ ਕਰਕੇ ਉਹ ਸਭ ਦਾ ਹਰਮਨ ਪਿਆਰਾ ਗਾਇਕ ਬਣਿਆ ਹੋਇਆ ਸੀ ਤਾਹੀਓਂ ਪੰਜਾਬ ਦੀ ਹਰ ਮਾਂ ਉਸਨੂੰ ਜਿਉਂਦਾ ਰਹਿ ਵੇ ਮਾਣਕਾ ਜੁਗ ਜੁਗ ਜੀਅ ਪੁੱਤ ਮਾਣਕਾ ਦੀਆਂ ਅਸੀਸਾ ਦਿੰਦੀਆਂ ਰਹਿੰਦੀਆਂ। ਪੰਜਾਬ ਦੀ ਮਿੱਟੀ ਵਿੱਚ ਜੰਮੇ ਪਲੇ ਮਾਂ ਦੇ ਇਸ ਪੰਜਾਬੀ ਪੁੱਤ ਨੇ, ਸ਼ਾਇਦ ਹੀ ਪੰਜਾਬ ਦਾ ਕੋਈ ਅਜਿਹਾ ਪਿੰਡ ਹੋਵੇਗਾ, ਜਿੱਥੇ ਉਸਨੇ ਆਪਣੀ ਆਵਾਜ ਦਾ ਜਾਦੂ ਬਖੇਰਦਿਆਂ ਆਪਣੀ ਲੰਬੀ ਹੇਕ ਦੇ ਨਾਲ ਤੁਰੇ ਜਾਂਦੇ ਰਾਹੀਆਂ ਨੂੰ ਰੁਕਣ ਲਈ ਮਜ਼ਬੂਰ ਨਾ ਕੀਤਾ ਹੋਵੇ, ਕਿਉਂਕਿ ਮਾਣਕ ਨੇ ਆਪਣੀ ਗਾਇਕੀ ਦੇ ਰਾਹੀਂ ਅਖਾੜਿਆਂ ਨੂੰ ਵਿਸ਼ੇਸ਼ ਮਹੱਤਤਾ ਦਿੱਤੀ ਹੈ ਜਿਸ ਕਰਕੇ ਲੋਕ ਇਸਨੂੰ ਅਖਾੜਿਆਂ ਦਾ ਮੋਢੀ ਵੀ ਕਹਿ ਕੇ ਨਿਵਾਜਦੇ ਸਨ। ਇਸ ਲਈ ਮਾਣਕ ਸ਼ਹਿਰੀ ਖੇਤਰ ਦੇ ਨਾਲੋਂ ਜ਼ਿਆਦਾ ਪੇਂਡੂ ਲੋਕਾਂ ਦਾ ਹਰਮਨ ਪਿਆਰਾ ਗਾਇਕ ਸੀ। ਹਜ਼ਾਰਾਂ ਦੀ ਗਿਣਤੀ ਦੀ ਤਾਦਾਦ ਵਿੱਚ ਪਿੰਡਾਂ ਨਾਲ ਵਸੇ ਇਸ ਪੰਜਾਬ ਨੂੰ ਮਾਣਕ ਨੇ ਆਪਾ ਸਮਰਪਿਤ ਕਰ ਦਿੱਤਾ ਜਿਸ ਨਾਲ ਮਾਣਕ ਪੂਰੇ ਪੰਜਾਬ ਦਾ ਸਾਂਝਾ ਮਾਣਕ ਬਣ ਗਿਆ। ਪੂਰੀ ਪੰਜਾਬੀਅਤ ਨੂੰ ਮਾਣਕ ਤੇ ਮਾਣ ਸੀ। ਮਾਣਕ ਆਪਣੇ ਬੜਬੋਲੇ ਸੁਭਾਅ ਤੇ ਸ਼ਰਾਬ ਦੇ ਸੇਵਨ ਕਾਰਨ ਜ਼ਰੂਰ ਮਾੜਾ ਗਿਣਿਆ ਜਾਂਦਾ ਸੀ ਪਰ ਉਹ ਯਾਰਾਂ ਦਾ ਯਾਰ ਅਤੇ ਆਪਣੇ ਪਿਆਰਿਆਂ ਤੋਂ ਜਾਨ ਨਿਛਾਵਰ ਕਰਨ ਵਾਲਾ ਇੱਕ ਚੰਗਾ ਅਤੇ ਨੇਕ ਦਿਲ ਇਨਸਾਨ ਸੀ। ਉਸਨੇ ਜਿਉਂਦੇ ਜੀਆਂ ਆਪਣੀ ਆਤਮਾ ਨੂੰ ਕਦੇ ਤੜਫਾਇਆ ਨਹੀਂ। ਉਸਨੇ ਜ਼ਿੰਦਗੀ ਨੂੰ ਰੱਜ ਕੇ ਜਿਉਇਆ ਅਤੇ ਮਾਣਿਆ। ਉਹ ਗਾਇਕੀ ਦਾ ਹੀ ਨਹੀਂ ਬਲਕਿ ਜਿੰਦਗੀ ਦਾ ਵੀ ਸੱਚਮੁੱਚ ਬਾਦਸ਼ਾਹ ਸੀ। ਉਹ ਹਮੇਸ਼ਾਂ ਹੀ ਮਹਾਰਾਜਿਆਂ ਵਾਂਗ ਆਪਣੀ ਜ਼ਿੰਦਗੀ ਜਿਊ ਗਿਆ। ਜੇ ਉਸਦੀ ਗਾਇਕੀ ਦੀ ਗੱਲ ਕਰੀਏ ਤਾਂ ਅਸੀਂ ਸਾਰੇ ਜਾਣਦੇ ਹਾਂ ਕਿ ਉਸਦੀ ਗਾਇਕੀ ਦਾ ਕੋਈ ਸਾਨੀ ਨਹੀਂ ਸੀ। ਜੇ ਅਸੀਂ ਉਸਦੇ ਸਮਾਜਿਕ ਪੱਖ ਨੂੰ ਦੇਖੀਏ ਤਾਂ ਉਹ ਇੰਨਾ ਸੱਚਾ ਅਤੇ ਜਿਗਰੇ ਵਾਲਾ ਇਨਸਾਨ ਸੀ ਕਿ ਭਾਵੇਂ ਉਸਦੇ ਅੱਗੇ ਵੱਡੇ ਤੋਂ ਵੱਡੇ ਅਹੁਦੇ ਦਾ ਮਾਲਕ ਕਿਉਂ ਨਾ ਖੜਾ ਹੁੰਦਾ, ਜੇ ਉਸਦੇ ਮਨ ਨੂੰ ਗੱਲ ਨਾ ਭਾਉਂਦੀ ਤਾਂ ਉਸਨੂੰ ਝੱਟ ਟੋਕ ਕੇ ਰੋਕ ਦਿੰਦਾ। ਉਸਨੇ ਹਮੇਸ਼ਾ ਹੀ ਆਪਣੀ ਜ਼ਮੀਰ ਜਿੰਦਾ ਰੱਖ ਕੇ ਇਨਸਾਨੀਅਤ ਨੂੰ ਪਹਿਚਾਣਿਆ ਤੇ ਸੱਚਾਈ ਦਾ ਸਾਥ ਦਿੱਤਾ ਹੈ। ਪੰਜਾਬ ਦੀ ਧਰਤੀ ਨੂੰ ਗੁਰੂਆਂ ਪੀਰਾਂ ਅਤੇ ਰਿਸ਼ੀ ਮੁਨੀਆਂ ਦੇ ਚਰਨਾਂ ਦੀ ਛੂਹ ਪ੍ਰਾਪਤ ਹੈ। ਇਸ ਮਾਣਮੱਤੀ ਧਰਤੀ ਉੱਤੇ ਸੂਰਬੀਰ ਯੋਧੇ ਅਤੇ ਮਹਾਨ ਫ਼ਨਕਾਰ ਸਦੀਆਂ ਬਾਅਦ ਪੈਦਾ ਹੁੰਦੇ ਹਨ। ਮਾਣਕ ਵੀ ਇਹਨਾਂ ਵਿੱਚੋਂ ਇੱਕ ਹੈ ਜਿਸਨੇ ਆਪਣਾ ਸਾਰਾ ਜੀਵਨ ਗਾਇਕੀ ਨੂੰ ਸਮਰਪਿਤ ਕਰ ਦਿੱਤਾ। ਮਾਣਕ ਨੇ ਸ਼ੌਹਰਤ ਜਾ ਨਾਮ ਕਮਾਉਣ ਦੇ ਲਈ ਨਹੀਂ ਗਾਇਆ ਬਲਕਿ ਉਸਨੇ ਗਾਇਕੀ ਰੂਹ ਨਾਲ ਦਿਲ `ਚੋ ਗਾਈ ਹੈ। ਉਸਨੇ ਪੰਜਾਬ ਦੇ ਹਰ ਇੱਕ ਲੋਕ ਰੰਗ ਨੂੰ ਗਾਇਆ ਹੈ ਜਿਸ ਉੱਤੇ ਕੋਈ ਵੀ ਉਂਗਲੀ ਨਹੀਂ ਉਠਾ ਸਕਦਾ। ਇਸਦੀ ਹਾਮੀ ਪੰਜਾਬੀਅਤ ਦਾ ਮਾਨ ਗੁਰਦਾਸ ਮਾਨ ਆਪਣੇ ਇੱਕ ਗੀਤ ਵਿੱਚ ਭਰਦਾ ਹੋਇਆ ਕਹਿੰਦਾ ਹੈ :
ਦੋ ਮੰਜਿਆਂ ਨੂੰ ਜੋੜ ਸਪੀਕਰ ਲੱਗਣੇ ਨਹੀਂ,
ਜਿਹੜੇ ਵਾਜੇ ਵੱਜਗੇ ਮੁੜ ਕੇ ਵੱਜਣੇ ਨਹੀਂ।
ਮਾਣਕ ਹੱਦ ਮੁਕਾ ਗਿਆ ਨਵੀਆਂ ਕਲੀਆਂ ਦੀ।
ਮਾਣਕ ਪੰਜਾਬੀ ਗਾਇਕੀ ਦੀ ਫੁਲਵਾੜੀ ਵਿੱਚ ਖਿੜਿਆ ਇੱਕ ਅਜਿਹਾ ਫੁੱਲ ਸੀ ਜਿਸਨੇ ਆਪਣੀ ਮਹਿਕ ਦੇ ਨਾਲ ਚਾਰੇ ਦਿਸ਼ਾਵਾਂ ਨੂੰ ਮਹਿਕਾਇਆ ਹੈ। ਇਸ ਫੁੱਲ ਦੀ ਮਹਿਕ ਨੂੰ ਲੈ ਕੇ ਸੰਗੀਤ ਫੁੱਲਵਾੜੀ ਵਿੱਚ ਪੁੰਗਰਨ ਵਾਲੇ ਨਵੇਂ ਪੌਦੇ ਆਪਣੇ ਪੱਤਿਆਂ ਦੀ ਖੜਖੜਾਹਟ ਕਰ ਰਹੇ ਹਨ। ਮਾਲਵੇ ਦੇ ਇਸ ਸਪੂਤ ਨੇ ਆਪਣੀ ਮਾਂ ਦੇ ਚੂੰਘੇ ਦੁੱਧ ਦਾ ਮੁੱਲ ਆਪਣੀ ਮਾਂ-ਬੋਲੀ ਪੰਜਾਬੀ ਦਾ ਸਰਵਣ ਗਾਇਕ ਬਣ ਕੇ ਚੁਕਾਇਆ। ਉਸਨੇ ਆਪਣੀ ਸਾਰੀ ਜ਼ਿੰਦਗੀ ਦੀ ਗਾਇਕੀ ਵਿੱਚ ਅਜਿਹੇ ਤਰਾਨਿਆਂ ਨੂੰ ਛੋਹਿਆ ਜਿਸਦਾ ਲੋਹਾ ਪੰਜਾਬ ਵਾਸੀ ਹੀਂ ਨਹੀਂ ਬਲਕਿ ਬਾਹਰਲੇ ਲੋਕ ਵੀ ਮੰਨਦੇ ਹਨ। ਉਹ ਆਪਣੇ ਨਾਂ ਦਾ ਇੱਕ ਮਾਣਕ-ਯੁੱਗ ਬਣਾ ਗਿਆ। ਸ਼ੇਰ ਦਿੱਲ ਰੱਖਣ ਵਾਲੇ ਕਲੀਆਂ ਦੇ ਬਾਦਸ਼ਾਹ ਦਾ ਸਿੰਘਾਸਣ ਉਦੋਂ ਡਗਮਗਾ ਗਿਆ ਜਦੋਂ ਉਹਨਾਂ ਦੀ ਵਿਰਾਸਤ ਦੇ ਲਾਡਲੇ ਵਾਰਿਸ ਯੁੱਧਵੀਰ ਮਾਣਕ ਨੂੰ 30 ਮਾਰਚ 2011 ਦੀ ਭਿਆਨਕ ਰਾਤ ਨੂੰ ਬੈ੍ਨ ਹੇਮਰ ਦਾ ਅਜਿਹਾ ਅਟੈਕ ਆਇਆ ਜਿਸਨੇ ਉਸਦੀ ਯਾਦਦਾਸ਼ਤ ਨੂੰ ਦੁੱਖਾਂ ਦੀ ਕੈਦ ਵਿਚ ਕਰ ਲਿਆ। ਹਿੱਕ ਦੇ ਜ਼ੋਰ ਨਾਲ ਗਾਇਕੀ ਵਿੱਚ ਰਾਜ ਕਰਨ ਵਾਲੇ ਇਸ ਮਹਾਰਾਜੇ ਦੀ ਜ਼ਿੰਦਗੀ ਦੀ ਰਿਆਸਤ ਵਿੱਚ ਦੁੱਖਾਂ ਦੇ ਜਲਜਲੇ ਨੇ ਅਜਿਹਾ ਭਿਆਨਕ ਘਮਸਾਣ ਕੀਤਾ ਕਿ ਉਹ ਮੁੜ ਆਪਣੇ ਹੌਂਸਲੇ ਦੀ ਫੌਜ ਨੂੰ ਇਕੱਠਾ ਕਰਨ ਤੋਂ ਅਸਮਰਥ ਹੋ ਗਿਆ। ਭਾਵੇਂ ਕਲਾਕਾਰ ਭਰਾਵਾਂ,ਕਲਾ ਪ੍ਰੇਮੀਆਂ, ਪ੍ਰਸ਼ੰਸਕਾਂ ਅਤੇ ਉਸ ਸਮੇਂ ਦੀ ਮੌਜੂਦਾ ਪੰਜਾਬ ਸਰਕਾਰ ਵੱਲੋਂ ਉਸਦੇ ਖੁਸ਼ੀਆਂ ਦੇ ਮਹਿਲ ਨੂੰ ਮੁੜ ਉਸਾਰਨ ਦੀ ਕੋਸ਼ਿਸ਼ ਕੀਤੀ ਗਈ ਪਰ ਦੁੱਖਾਂ ਦੇ ਇਸ ਭੁਚਾਲ ਨੇ ਉਸ ਜੀਵਨ ਰੂਪੀ ਚੁਬਾਰਿਆਂ ਨੂੰ ਅਜਿਹਾ ਹਿਲਾਇਆ ਕਿ ਉਹ ਦਿਨੋਂ ਦਿਨ ਆਪ ਮੁਹਾਰੇ ਡਿਗਣੇ ਸ਼ੁਰੂ ਹੋ ਗਏ ਅਤੇ ਖੰਡਰ ਦਾ ਰੂਪ ਧਾਰਨ ਕਰ ਗਏ। ਮਾਂ-ਬੋਲੀ ਦਾ ਉਹ ਲਾਡਲਾ ਗਾਇਕ ਜੋ ਆਪਣੀ ਮਾਂ-ਬੋਲੀ ਦਾ ਸਰਵਣ ਪੁੱਤ ਬਣ ਕੇ ਸਾਰੀ ਉਮਰ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਦਾ ਰਿਹਾ ਪਰ ਉਹ ਆਪ ਅੰਤਿਮ ਸਮੇਂ ਵਿੱਚ ਦੁੱਖਾਂ ਦੇ ਜੰਗਲੀ ਭਟਕਦਾ ਹੋਇਆ ਸੁੱਖ ਦੀ ਛਾਂ ਲੱਭਦਾ ਰਿਹਾ। ਉਹ ਬਾਦਸ਼ਾਹ ਕਲਾਕਾਰ ਜਿਸਨੇ ਆਪਣੀ ਬੁਲੰਦ ਆਵਾਜ਼ ਦੇ ਨਾਲ ਲੋਕਾਂ ਦੇ ਦਿਲ ਅਤੇ ਦਿਮਾਗ ਉੱਤੇ ਅਜਿਹਾ ਨਾਮ ਲਿਖਿਆ ਜਿਸ ਦੀਆਂ ਬਾਤਾਂ ਸਦੀਆਂ ਤੱਕ ਪੈਂਦੀਆਂ ਰਹਿਣਗੀਆਂ ਤੇ ਕਹਿੰਦੇ ਰਹਿਣਗੇ:
ਪੁੱਤ ਜੰਮਦੇ ਰਹਿਣਾ ਜਹਾਨ ਵਿੱਚ ਮਾਵਾਂ ਨੇ,
ਲੱਧਾ ਨਾਮ ਨਾ ਕਿਸੇ ਨੀਂ ਧਰ ਜਾਣਾ,
ਸਰੂਪ ਸਿੰਘਾਂ ਗੀਤ ਗਾਉਂਦੀ ਰਹੂ ਇਹ ਕੁੱਲ ਦੁਨੀਆਂ,
ਪਰ ਮਾਣਕ ਨਈ ਕਿਸੇ ਨੇ ਬਣ ਜਾਣਾ।
ਪੰਜਾਬੀ ਸੰਗੀਤ ਦੀ ਦੁਨੀਆਂ ਵਿੱਚ ਲੋਕ ਗਾਥਾਵਾਂ ਦੇ ਬਾਦਸ਼ਾਹ ਦੇ ਖਿਤਾਬ ਹਾਸਲ ਕਰਨ ਵਾਲੇ ਕੁਲਦੀਪ ਮਾਣਕ ਨੂੰ ਪੰਜਾਬੀ ਗਾਇਕੀ ਦੇ ਬੋਹੜ ਦਾ ਸਿਖਰਲਾ ਟਾਹਣ ਮੰਨਿਆ ਜਾਂਦਾ ਸੀ / ਜਾਵੇਗਾ। ਇਸ ਟਾਹਣ ਨੂੰ ਦੁੱਖਾਂ ਦਾ ਅਜਿਹਾ ਘੁਣ ਲੱਗਾ ਜੋ ਇਸਨੂੰ ਅੰਦਰੋ-ਅੰਦਰੀ ਖੋਖਲਾ ਕਰਦਾ ਗਿਆ। ਆਖਰ ਕਾਰ ਇਹ 30 ਨਵੰਬਰ 2011 ਦਿਨ ਬੁੱਧਵਾਰ ਨੂੰ ਸਿਖਰ ਦੁਪਹਿਰੇ 12:30 ਵਜੇ ਆਪਣੇ ਰੁੱਖ ਦੇ ਵਜੂਦ ਨਾਲੋਂ ਟੁੱਟ ਕੇ ਧਰਤੀ ਤੇ ਆਣ ਡਿੱਗਾ। ਇਸ ਟਾਹਣ ਦੇ ਟੁੱਟਣ ਨਾਲ ਇਹ ਰੁੱਖ ਇਕ ਦਮ ਕੁਮਲਾ ਗਿਆ, ਇਸਦੇ ਪੱਤੇ ਖੜਖੜਾਹਟ ਫ਼ਲ ਰਸ ਰਹਿਤ ਹੋ ਗਏ।ਇਤਿਹਾਸ ਹਮੇਸ਼ਾ ਗਵਾਹ ਰਹੇਗਾ ਕਿ ਕੁਲਦੀਪ ਮਾਣਕ ਜਿਸ ਬੰਦਾ ਸਿੰਘ ਬਹਾਦਰਦੀ ਵਾਰ ਨਾਲ ਆਪਣੇ ਪ੍ਰੋਗਰਾਮ ਦਾ ਆਗਾਜ਼ ਕਰਿਆ ਕਰਦਾ ਸੀ, ਉਸਨੂੰ ਆਪਣੇ ਜਾਣਮਗਰੋਂ ਵੀ ਦੁਨੀਆਂ ਵਿੱਚ ਸਦਾ ਲਈ ਉਜਾਗਰ ਕਰ ਗਿਆ। ਕਹਿਣ ਤੋਂ ਭਾਵ ਹੈ ਕਿਮਾਣਕ ਸਾਹਿਬ ਨੇ ਜਿਸ ਸਮੇਂ ਇਸ ਦੁਨੀਆਂ ਤੇ ਆਖਰੀ ਸਾਹ ਲਿਆ, ਠੀਕ ਉਸੇ ਵਕਤਚੱਪੜਚਿੜੀ ਵਿਖੇ ਉਸਾਰੀ ਗਈ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਦਾ ਉਦਘਾਟਨ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ, ਜੋ ਦੁਨੀਆਂ ਵਿੱਚ ਇੱਕ ਬਹਾਦਰੀ ਦੀ ਮਿਸਾਲਹੈ। ਲੋਕਾਈ ਇਸ ਬਹਾਦਰੀ ਦੀ ਮਿਸਾਲ ਨੂੰ ਦੇਖ ਕੇ ਇਕ ਵਾਰੀ ਜਰੂਰ ਮਾਣਕ ਸਾਹਿਬ ਨੂੰ ਚੇਤੇ ਕਰਿਆ ਕਰੇਗੀ। ਪੰਜਾਬ ਦੀ ਮਿੱਟੀ ਵਿੱਚ ਜੰਮਿਆ ਪਲਿਆ ਅਤੇ ਮਿੱਟੀ ਨੂੰ ਮੋਹ ਕਰਨ ਵਾਲਾ ਇਹ ਮਹਾਨ ਫ਼ਨਕਾਰ ਆਪਣੀ 61 ਸਾਲ ਅਤੇ 15 ਦਿਨਾਂ ਦੀ ਉਮਰ ਭੋਗ 2 ਦਸੰਬਰ 2011 ਨੂੰ ਆਪਣੀ ਜਨਮ ਭੂਮੀ ਪਿੰਡ ਜਲਾਲ ਵਿਖੇ ਉਸੇ ਮਿੱਟੀ ਵਿੱਚ ਚੁੱਪ ਦਾ ਕਫ਼ਨ ਓੜ ਕੇ ਸਦਾ ਦੀ ਨੀਂਦ ਸੋ ਗਿਆ ਅਤੇ ਆਪਣੇ ਪਿੱਛੇ ਛੱਡ ਗਿਆ ਆਪਣੇ ਆਪਣੇ ਪਰਿਵਾਰ ਸਮੇਤ ਕਰੋੜਾ ਸ਼ਰਧਾਲੂਆਂ ਲਈ ਆਪਣੇ ਕਹੇ ਬੋਲਾਂ ਦਾ ਸੱਚ:
ਤੂੰ ਤੇ ਤੁਰ ਗਇਓਂ ਚੰਨਾ ਜਿੰਦੜੀ ਨੂੰ ਰੋਲ਼ ਕੇ,
ਕਿਸਨੂੰ ਸੁਣਾਵਾਂ ਦੁੱਖ ਦਿਲ ਵਾਲੇ ਫੋਲ ਕੇ।
ਤੂੰ ਤੇ ਤੁਰ ਗਇਓਂ ਚੰਨਾ।
ਸਰੂਪ ਸਿੰਘ ਚੌਧਰੀ ਮਾਜਰਾ(ਨਾਭਾ)
99886-27880

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਗੁਰਦੁਆਰਾ ਮਟਨ ਸਾਹਿਬ (ਅਨੰਤਨਾਗ) ਵਿਖੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ੩੫੦ਵੀਂ ਸ਼ਹੀਦੀ ਨੂੰ ਸਮਰਪਿਤ ਪੰਜਾਬੀ ਕਵੀ ਦਰਬਾਰ ਦਾ ਆਯੋਜਨ ਸਮੇਂ ਦੀ ਮੰਗ-ਪੋਪਿੰਦਰ ਸਿੰਘ ਪਾਰਸ
Next articleਦਿੱਲੀ ਧਮਾਕਾ ਮਾਮਲੇ ਵਿੱਚ ਏਟੀਐਸ ਨੇ ਕਾਰਵਾਈ ਕੀਤੀ, ਕਾਨਪੁਰ ਦੇ ਇੱਕ ਹੋਰ ਡਾਕਟਰ ਨੂੰ ਹਿਰਾਸਤ ਵਿੱਚ ਲਿਆ; ਇਸ ਅੱਤਵਾਦੀ ਨਾਲ ਸਬੰਧ