ਨਿਰਮਲ ਕੌਰ ਕੋਟਲਾ
(ਸਮਾਜ ਵੀਕਲੀ) ਪੁਰਾਣੇ ਸਮਿਆਂ ਦਾ ਰਹਿਣ ਸਹਿਣ ਬਹੁਤ ਹੀ ਸਾਦੇ ਢੰਗ ਦਾ ਸੀ। ਉਦੋਂ ਦੇ ਸਮਿਆਂ ਵਿੱਚ ਜਿੱਥੇ ਵਾਹੀ ਜੋਤੀ ਦਾ ਕੰਮ ਹੱਥੀ ਕਰਿਆ ਕਰਦੇ ਸਨ ਉਥੇ ਸੁਆਣੀਆਂ ਵੀ ਬਹੁਤ ਮਿਹਨਤ ਕਰਦੀਆਂ ਸਨ। ਘਰਾਂ ਵਿੱਚ ਸੁਆਣੀਆਂ ਦਰੀਆਂ ਬੁਣਨਾ,ਖੇਸ ਬੁਣਨਾ, ਕੋਟੀਆਂ ਸਵੈਟਰ,ਸਲਾਈ ਕਢਾਈ,ਦਾ ਕੰਮ ਖੁਦ ਕਰਦੀਆਂ ਸਨ। ਕੱਚੇ ਘਰਾਂ ਨੂੰ ਲਿੱਪਣਾ,ਚੁੱਲਾ ਚੌਂਕਾ ਸਵਾਰ ਕੇ ਰੱਖਣਾ ਸਭ ਤੋਂ ਵੱਡਾ ਗੁਣ ਸਮਝਿਆ ਜਾਂਦਾ ਸੀ। ਅਜੋਕੇ ਦੌਰ ਵਾਂਗ ਨਹੀਂ ਸੀ ਕਿ ਡਬਲ ਬੈਡ ਗੱਦੇ ਰੈਡੀਮੇਡ ਚਾਦਰਾਂ ਨਾਲ ਹੀ ਸਰਾਣੇ ਨਹੀਂ ਸੀ ਹੁੰਦੇ। ਉਦੋਂ ਸੁਆਣੀਆਂ ਮੰਜੀਆਂ ਉਣਦੀਆਂ, ਪੀੜੀਆਂ ਉਣਦੀਆਂ ਸਨ। ਕੱਲੇ ਕੱਲੇ ਮੰਜੇ ਤੇ ਵੇਲ ਬੂਟੀਆਂ ਵਾਲੀਆਂ ਦਰੀਆਂ ਚਾਦਰਾਂ ਵਿਛਾਈਆਂ ਜਾਂਦੀਆਂ ਸਨ।ਚਿੱਟੇ ਟੈਰੀਕਾਟ ਦੇ ਸਰਾਣਿਆਂ ਦੇ ਕਵਰ ਜਿਹਦੇ ਤੇ ਸਿੰਧੀ ਤੋਪੇ ਜਾਂ ਦਸੂਤੀ ਦੀਆਂ ਵੇਲ ਬੂਟੀਆਂ ਜਾਂ ਕਰੋਛੀਏ ਨਾਲ ਬਿਡਿੰਗ ਕੀਤੀਆਂ ਜਾਂਦੀਆਂ ਸਨ। ਰਜਾਈਆਂ ਤਲਾਈਆਂ ਨੂੰ ਘਰ ਦੇ ਰੂੰ ਨੂੰ ਪਿੰਜਾਅ ਕੇ ਅਮਰਿਆਂ ਵਿੱਚ ਭਰ ਕੇ ਫੇਰ ਨਗੰਦਿਆ ਜਾਂਦਾ ਸੀ। ਉਵੇਂ ਹੀ ਤਲਾਈਆਂ ਵਿੱਚ ਵੀ ਰੂੰ ਵਿੱਚ ਭਰਿਆ ਜਾਂਦਾ ਸੀ। ਗੈਸੀ ਚੁੱਲੇ ਨਹੀਂ ਸੀ ਹੁੰਦੇ।ਬੜੀ ਗੱਲ ਹੋਣੀ ਤਾਂ ਕਿਸੇ ਦੇ ਘਰ ਬੱਤੀਆਂ ਵਾਲਾ ਸਟੋਵ ਹੁੰਦਾ ਸੀ ਜਾਂ ਬੂਰੇ ਵਾਲੀ ਅੰਗੀਠੀ ਵਿੱਚ ਅੱਗ ਬਾਲੀ ਜਾਂਦੀ ਸੀ।ਜਦੋਂ ਕਿਤੇ ਬਰਸਾਤਾਂ ਹੋ ਜਾਣੀਆਂ ਤਾਂ ਬੜਾ ਔਖਾ ਲੱਗਦਾ ਹੁੰਦਾ ਸੀ ਗਿੱਲੇ ਗੋਹਿਆਂ ਨੂੰ ਬਾਲਣਾ। ਸਰਫ ਡਿਟਰਜ਼ਨ ਵੀ ਘੱਟ ਹੀ ਹੁੰਦੇ ਸੀ। ਅਸੀਂ ਆਪਣੀਆਂ ਮਾਵਾਂ ਨੂੰ ਕਲਰ ਨਾਲ ਕੱਪੜੇ ਧੋਂਦਿਆਂ ਵੀ ਵੇਖਿਆ ਹੈ। ਚੂਰਾ ਸਾਬਣ ਵੀ ਉਸ ਸਮੇਂ ਮਿਲਦਾ ਹੁੰਦਾ ਸੀ ਮਾਂ ਨੇ ਉਸਨੂੰ ਡੰਡੇ ਕੂੰਡੇ ਕੁੱਟ ਕੇ ਉਸ ਦੀਆਂ ਪੇਸੀਆਂ (ਢੇਰੀਆਂ) ਬਣਾ ਲੈਣੀਆਂ। ਸਾਬਣ ਦਾ ਚੂਰਾ ਰੰਗ ਬਰੰਗਾ ਹੁੰਦਾ ਸੀ ਵੇਖਣ ਨੂੰ ਬੜਾ ਚੰਗਾ ਲੱਗਦਾ ਸੀ।ਉਸ ਸਮੇਂ ਅਜੋਕੇ ਦੌਰ ਵਾਂਗ ਬਹੁਤੀਆਂ ਬਿਮਾਰੀਆਂ ਦਾ ਵੀ ਪਤਾ ਨਹੀਂ ਸੀ ਹੁੰਦਾ। ਕਿਤੇ ਕਦੇ ਢਿੱਡ ਪੀੜ ਹੋਣੀ ਤਾਂ ਮਾਂ ਨੇ ਗਰਮ ਪਾਣੀ ਨਾਲ ਜਵੈਣ ਦਾ ਫੱਕਾ ਮਰਵਾ ਦੇਣਾ ਜੇ ਕਿਸੇ ਨਿਆਣੇ ਜਾਂ ਸਿਆਣੇ ਨੂੰ ਟੱਟੀਆਂ ਲੱਗ ਜਾਣੀਆਂ ਤਾਂ ਸੌਂਫ ਭੁੰਨ ਕੇ ਪੀਸ ਕੇ ਚਟਾ ਦੇਣੀ ਤੇ ਮਗਰੋਂ ਆਰਾਮ ਆ ਜਾਣਾ।ਜੇ ਖੰਘ ਆਉਣੀ ਤਾਂ ਕੋਸੇ ਪਾਣੀ ਨਾਲ ਨਸ਼ਾਦਰ ਛੋਲਿਆਂ ਦੇ ਦਾਣੇ ਜਿੰਨਾ ਦੇ ਦੇਣਾ। ਪੁਰਾਣੇ ਸਮੇਂ ਬੜੇ ਚੰਗੇ ਹੁੰਦੇ ਸੀ ਲੋਕ ਕਦੇ ਕਦੇ ਵਾਂਢੇ ਜਾਇਆ ਕਰਦੇ ਸਨ ਅੰਤਾਂ ਦਾ ਮੋਹ ਪਿਆਰ ਹੁੰਦਾ ਸੀ ।ਜਾਂ ਸੁੱਖ ਸਾਂਦ ਲਈ ਚਿੱਠੀ ਪੱਤਰ ਭੇਜਿਆ ਜਾਂਦਾ ਸੀ। ਦੁੱਖ ਸੁੱਖ ਦੇ ਵੇਲੇ ਲੋਕ ਆਪਸ ਵਿੱਚ ਮਿਲ ਜੁਲ ਕੇ ਰਹਿੰਦੇ ਸਨ। ਵਿਆਹਾਵਾਂ ਸ਼ਾਦੀਆਂ ਦੇ ਵਿੱਚ ਵੀ ਅਲੱਗ ਕਿਸਮ ਦਾ ਭਾਈਚਾਰਕ ਸਾਂਝ ਹੁੰਦੀ ਸੀ।ਅਜੋਕੇ ਦੌਰ ਵਿੱਚ ਅਸੀਂ ਸਰੀਰਕ ਅਤੇ ਮਾਨਸਿਕ ਤੌਰ ਤੇ ਜਿਆਦਾ ਬਿਮਾਰ ਰਹਿਣ ਲੱਗ ਪਏ ਹਾਂ। ਰਿਸ਼ਤਿਆਂ ਵਿੱਚ ਕੁੜੱਤਣ ਵੱਧ ਗਈ ਹੈ ਪਦਾਰਥਵਾਦੀ ਯੁੱਗ ਵਿੱਚ। ਅਸੀਂ ਵਸਤੂਆਂ ਨੂੰ ਪਿਆਰ ਕਰਨ ਲੱਗ ਪਏ ਹਾਂ ਅਤੇ ਰਿਸ਼ਤਿਆਂ ਤੋਂ ਦੂਰ ਹੁੰਦੇ ਜਾ ਰਹੇ ਹਾਂ। ਦਿਲਾਂ ਵਿੱਚ ਗੁਬਾਰ ਭਰੇ ਪਏ ਹਨ ਅਸੀਂ ਆਪਣੀਆਂ ਮਾਵਾਂ ਨੂੰ ਹੱਥੀ ਕੰਮ ਕਰਦਿਆਂ ਵੇਖਿਆ ਹੈ। ਉਹਨਾਂ ਦਾ ਰਹਿਣ ਸਹਿਣ ਬਹੁਤ ਹੀ ਸਾਦੇ ਢੰਗ ਦਾ ਸੀ ਉਹ ਨਿੰਦਿਆ ਚੁਗਲੀ ਤੋਂ ਦੂਰ,ਹਮੇਸ਼ਾ ਬਾਣੀ ਨਾਲ ਜੁੜੀ ਰਹਿਣ ਵਾਲੀਆਂ ਬੀਬੀਆਂ ਸ਼ਖਸ਼ੀਅਤਾਂ ਸਨ। ਉਹਨਾਂ ਨੂੰ ਸੁੱਥਣ ਨੂੰ ਟਾਕੀ ਲਾ ਕੇ ਗੁਜ਼ਾਰਾ ਕਰਦਿਆਂ ਵੀ ਵੇਖਿਆ ਹੈ। ਪੁਰਾਣੇ ਝੱਗੇ ਦੀ ਸਮੀਜ (ਬਨੈਣ) ਬਣਾ ਲੈਣਾ ਜਦੋਂ ਆਪਣੇ ਕੱਪੜੇ ਪੁਰਾਣੇ ਹੋ ਜਾਣੇ ਤਾਂ ਉਹਨਾਂ ਨੂੰ ਬੱਚਿਆਂ ਦੀ ਛੋਟੇ ਕਰ ਦੇਣਾ ਆਮ ਹੀ ਸੁਆਣੀਆਂ ਕਰਿਆ ਕਰਦੀਆਂ ਸਨ। ਅੰਤ ਵਿੱਚ ਮੈਂ ਇਹੀ ਕਹਿਣਾ ਚਾਹਾਂਗੀ ਕਿ ਰਿਸ਼ਤਿਆਂ ਚ ਪਾਕੀਜ਼ਗੀ ਘਟਦੀ ਜਾ ਰਹੀ ਹੈ ਤੇ ਘਰ ਪੱਕੇ ਕੀਤੇ ਜਾ ਰਹੇ ਹਨ।ਪੁਰਾਣੇ ਸਮਿਆਂ ਦੇ ਵਿੱਚ ਘਰ ਕੱਚੇ ਸਨ ਤੇ ਲੋਕ ਸੱਚੇ ਸਨ ਸੋ ਆਓ ਅਸੀਂ ਆਪਣੀਆਂ ਪੁਰਾਣੀਆਂ ਰਵਾਇਤਾਂ ਆਪਣਾ ਸੱਭਿਆਚਾਰ ਰਹਿਣ ਸਹਿਣ ਪਹਿਲੇ ਢੰਗ ਨਾਲ ਹੀ ਸ਼ੁਰੂ ਕਰੀਏ ਤਾਂ ਜੋ ਸਾਡੀਆਂ ਆਉਣ ਵਾਲੀਆਂ ਨਸਲਾਂ ਆਪਣੇ ਰਹਿਣ ਸਹਿਣ ਸੱਭਿਆਚਾਰ ਦੇ ਨਾਲ ਜੁੜੀਆਂ ਰਹਿਣ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly