ਕਿਤਾਬ: ਮਜਦੂਰ ਤੋਂ ਅਰਬਪਤੀ ਬਣਨ ਦਾ ਸਫ਼ਰ
ਲੇਖਕ: ਡਾਕਟਰ ਰਾਜਾ ਰਾਮ ਹੰਡਿਆਇਆ
ਸਮੀਖਿਆਕਾਰ : ਅਸ਼ਲੇਸ਼ ਗੜ੍ਹੀ

ਅਵਤਾਰ ਸਿੰਘ ਹੁਣਾ ਦੀ ਕਹਾਣੀ ਇੱਕ ਪ੍ਰਵਾਸੀ ਦੇ ਸੰਘਰਸ਼ ਅਤੇ ਉਸਦੇ ਹੌਸਲੇ ਦੀ ਕਹਾਣੀ ਹੈ, ਜਿਸ ਵਿੱਚ ਉਹ ਨਿਊਜ਼ੀਲੈਂਡ ਵਿੱਚ ਆਪਣੇ ਜੀਵਨ ਨੂੰ ਨਵਾਂ ਰੂਪ ਦੇਣ ਲਈ ਬਹੁਤ ਜ਼ਿਆਦਾ ਮਿਹਨਤ ਅਤੇ ਸੰਘਰਸ਼ ਕਰਦਾ ਹੈ। ਕਿਤਾਬ ਬਹੁਤ ਰੌਚਕ ਹੈ ਅਤੇ ਇੱਕ 90 ਦੇ ਦਹਾਕੇ ਦੀ ਫਿਲਮ ਦੀ ਤਰਾਂ ਚੱਲਦੀ ਹੈ। ਜਿਸ ਵਿੱਚ ਅੱਲਗ ਅਲੱਗ ਦ੍ਰਿਸ਼, ਜਿੰਦਗੀ ਦੇ ਅੱਲਗ ਅਲੱਗ ਰੰਗਾਂ ਨਾਲ ਲਬਰੇਜ਼ ਪਾਠਕ ਆਪਣੀਆਂ ਅੱਖਾਂ ਅੱਗੋਂ ਦੀ ਨਿਕਲਦੇ ਮਹਿਸੂਸ ਕਰੇਗਾ। 90 ਦਾ ਦਹਾਕਾ ਮੈਂ ਇਸ ਲਈ ਕਿਹਾ ਕਿਉਂ ਕਿ ਉਸ ਸਮੇਂ ਬਣੀਆਂ ਜਿਆਦਾਤਰ ਫਿਲਮਾਂ ਦੇ ਮੁੱਖ ਕਿਰਦਾਰ ਕਿਸੇ ਆਮ ਘਰ ਦੇ, ਪਿੰਡ ਦੇ, ਫੈਕਟਰੀ ਦੇ ਮਜ਼ਦੂਰ ਹੁੰਦੇ ਸਨ, ਜੋ ਆਪਣੀ ਸਖ਼ਤ ਮਿਹਨਤ ਨਾਲ ਸਿਸਟਮ ਨਾਲ ਲੜ ਕੇ ਖੁਦ ਦਾ ਭਵਿੱਖ ਤੇ ਆਪਣੇ ਪਰਿਵਾਰ ਦਾ ਭਵਿੱਖ ਬਣਾਉਂਦੇ ਸਨ। ਭਾਰਤ ਛੱਡ ਵਿਦੇਸ਼ਾਂ ਵੱਲ ਤੁਰੇ ਬਹੁਤ ਸਾਰੇ ਨੌਜਵਾਨ ਜਿਹਨਾ ਵਿਚੋਂ ਇੱਕ ਅਵਤਾਰ ਵੀ ਸੀ, ਘਰ ਸੀ ਗਰੀਬੀ ਖਤਮ ਕਰਨ ਲਈ ਨਿਕਲੇ ਸਨ। ਪਰ ਬੇਗਾਨੀ ਧਰਤੀ ਤੇ ਜਾਕੇ, ਬਿਗਾਨੀ ਭਾਸ਼ਾ, ਬਿਗਾਨਾ ਸੱਭਿਆਚਾਰ ਅਤੇ ਤੌਰ ਤਰੀਕੇ ਸਿੱਖ ਕੇ ਉਹਨੂੰ ਆਪਣੀ ਆਰਥਿਕਤਾ ਮਜ਼ਬੂਤ ਕਰਨ ਲਈ ਇਸਤੇਮਾਲ ਕਰਨਾ ਤੇ ਆਪਣੇ ਨਾਲ ਆਏ ਤੇ ਬਾਅਦ ਵਿੱਚ ਆਏ ਹਜਾਰਾਂ ਨੌਜਵਾਨਾਂ ਲਈ ਉਦਾਹਰਨ ਤੇ ਪ੍ਰੇਰਣਾ ਬਣ ਜਾਣਾ ਅਵਤਾਰ ਤਰਕਸ਼ੀਲ ਦੇ ਹਿੱਸੇ ਨਹੀਂ ਆਇਆ ਸਗੋਂ ਉਸਨੇ ਸਖ਼ਤ ਮਿਹਨਤ ਨਾਲ ਹਾਸਿਲ ਕੀਤਾ ਹੈ।
“ਮਜ਼ਦੂਰ ਤੋਂ ਅਰਬਪਤੀ ਬਣਨ ਤੱਕ ਦਾ ਸਫ਼ਰ” ਕਿਤਾਬ ਪੜ੍ਹਦੇ ਪੜ੍ਹਦੇ ਪਾਠਕ ਜਿੱਥੇ ਆਪਣੇ ਭੂਤਕਾਲ ਨੂੰ ਦੁਬਾਰਾ ਘੋਖੇਗਾ, ਰਹਿ ਗਈਆਂ ਕਮੀਆਂ ਲੱਭੇਗਾ, ਉਥੇ ਹੀ ਉਸ ਵਿੱਚ ਅਵਤਾਰ ਦੀ ਕਹਾਣੀ ਤੋਂ ਪ੍ਰੇਰਿਤ ਹੋ ਕੇ ਚੰਗੇ ਭਵਿੱਖ ਨੂੰ ਸਿਰਜਣ ਦੀ ਚਿਣਗ ਜਾਗੇਗੀ, ਹੌਂਸਲਾ ਆਏਗਾ। ਪਾਠਕ ਖੁਦ ਨੂੰ ਅਵਤਾਰ ਤਰਕਸ਼ੀਲ ਦੀ ਜੀਵਨ ਕਹਾਣੀ ਵਿੱਚ ਸ਼ਾਮਿਲ ਮਹਿਸੂਸ ਕਰੇਗਾ। ਗਰੀਬੀ ਦੀਆਂ ਜੰਜੀਰਾਂ ਜਿਸਨੂੰ ਤੋੜਨ ਲਈ ਕਰੋੜਾਂ ਲੋਕ ਤਤਪਰ ਹਨ, ਉਹਨਾ ਨੂੰ ਤੋੜਨ ਦਾ ਅਵਤਾਰ ਰਾਹ ਦਸੇਰਾ ਬਣੇਗਾ।
ਹਾਈ ਸਕੂਲ ਦੀ ਪੜ੍ਹਾਈ ਤੋਂ ਬਾਅਦ ਜਦੋਂ ਉਹ ਨੌਕਰੀ ਸ਼ੁਰੂ ਕਰਦਾ ਹੈ ਤਾਂ ਉਹਦੀ ਉਜਰਤ ਮਾਰੀ ਜਾਂਦੀ ਹੈ, ਕੰਮ ਵਿੱਚ ਅੜਿੱਕੇ ਖੜੇ ਕੀਤੇ ਜਾਂਦੇ ਹਨ। ਪਰ ਅਵਤਾਰ ਹਰ ਮੁਸ਼ਕਿਲ ਦਾ ਹੱਲ ਲੱਭਣ ਦਾ ਯਤਨ ਕਰਦਾ ਹੈ, ਹਿੰਮਤ ਨਹੀਂ ਹਰਦਾ ਹੈ। ਅਵਤਾਰ ਘੱਟ ਪੜ੍ਹਾਈ, ਘੱਟ ਉਮਰ ਅਤੇ ਪੈਸੇ ਦੀ ਥੁੜ ਦੇ ਬਾਵਜੂਦ ਭਾਰਤ ਵਿੱਚ ਵੀ ਆਪਣੀ ਤੀਖਣ ਬੁੱਧੀ ਤੇ ਮੁਸ਼ਕਿਲਾਂ ਦੇ ਹੱਲ ਲੱਭਣ ਦੀ ਪ੍ਰਵਿਰਤੀ ਕਰਕੇ ਖੁਦ ਦੀ ਪ੍ਰਿੰਟਿੰਗ ਪ੍ਰੈਸ ਦਾ ਕਾਰੋਬਾਰ ਸ਼ੁਰੂ ਕਰਨ ਵਿੱਚ ਕਾਮਯਾਬ ਹੁੰਦਾ ਹੈ। ਹੋਰ ਚੰਗੇ ਭਵਿੱਖ਼ ਦੀ ਭਾਲ਼ ਵਿੱਚ ਵਿਦੇਸ਼ ਨਿਊਜੀਲੈਂਡ ਦੀ ਧਰਤੀ ਤੇ ਵੀ ਅਵਤਾਰ ਇੱਕ 10 ਪੜ੍ਹੇ ਦਿਹਾੜੀਦਾਰ ਦੇ ਤੌਰ ਤੇ ਪਹੁੰਚਦਾ ਹੈ। ਉਹਦਾ ਨਿਸ਼ਾਨਾ ਪੈਸੇ ਕਮਾਉਣਾ ਸੀ ਤਾਂ ਕਿ ਭਾਰਤ ਵਿਚ ਰਹਿੰਦੇ ਪਰਿਵਾਰ ਦਾ ਜੀਵਨ ਅੱਛਾ ਕਰ ਸਕੇ। ਅਵਤਾਰ ਸਮੇਂ ਦਾ ਹਾਣੀ ਬਣਨ ਲਈ ਜਿੱਥੇ ਆਪਣੇ ਕੰਮ ਨੂੰ ਜਨੂਨ ਨਾਲ ਕਰਦਾ ਹੈ ਉਥੇ ਹੀ ਖੁਦ ਨੂੰ ਬਿਹਤਰ ਕਰਨ ਲਈ ਅੰਗਰੇਜੀ ਸਿੱਖਦਾ ਹੈ, ਨਵੇਂ ਦੇਸ਼ ਦੇ ਨਵੇਂ ਸਿਸਟਮ ਨੂੰ ਸਿੱਖਦਾ ਹੈ। ਉਹ ਖੁਦ ਵੱਡੇ ਅਹੁਦਿਆਂ ਤੇ ਪੁੱਜਦਾ ਹੈ, ਆਰਥਿਕ ਤੌਰ ਤੇ ਮਜ਼ਬੂਤ ਹੁੰਦਾ ਹੈ ਅਤੇ ਜਿਹੜੀ ਕੰਪਨੀ ਵਿੱਚ ਕੰਮ ਕਰਦਾ ਹੈ ਉਸ ਨੂੰ ਸ਼ਹਿਰ ਦੀ ਸਭ ਤੋਂ ਸਫ਼ਲ ਕੰਪਨੀ ਬਣਾਉਂਦਾ ਹੈ।
ਅਵਤਾਰ ਨੂੰ ਇਮੀਗ੍ਰੇਸ਼ਨ ਦੁਆਰਾ ਫੜ੍ਹੇ ਜਾਣ ਤੋਂ ਬੱਚਣ ਲਈ ਕਰੀਬ ਇੱਕ ਦਹਾਕੇ ਤੋਂ ਜਿਆਦਾ ਚੂਹੇ ਬਿੱਲੀ ਦਾ ਖੇਲ ਖੇਡਣਾ ਪੈਂਦਾ ਹੈ। ਕਈ ਵਾਰ ਉਹ ਖੇਤਾਂ ਵਿੱਚ ਛੁਪ ਜਾਂਦਾ ਹੈ, ਕਈ ਵਾਰ ਟੈਂਟਾਂ ਵਿੱਚ ਰਹਿੰਦਾ ਹੈ, ਪਰ ਹਰ ਪਲ ਉਹ ਖੁਦ ਨੂੰ ਸੰਘਰਸ਼ ਕਰਕੇ ਮਜ਼ਬੂਤ ਬਣਾਉਂਦਾ ਹੈ। ਅਵਤਾਰ ਦੀ ਇਹ ਕਹਾਣੀ ਉਸਦੇ ਵਿਸ਼ਵਾਸ ਅਤੇ ਸੱਚਾਈ ਨੂੰ ਦਰਸਾਉਂਦੀ ਹੈ, ਜਿਵੇਂ ਉਹ ਆਪਣੀ ਜੀਵਨ ਯਾਤਰਾ ਵਿੱਚ ਨਵੀਆਂ ਨੌਕਰੀਆਂ, ਅੰਗਰੇਜ਼ੀ ਸਿੱਖਣ ਅਤੇ ਆਪਣੀ ਮੌਜੂਦਗੀ ਨੂੰ ਸਥਾਪਿਤ ਕਰਨ ਦੇ ਲਈ ਦਿਨ-ਰਾਤ ਖੁਦ ਨੂੰ ਬਿਹਤਰ ਬਣਾਉਣ ਲਈ ਯਤਨ ਕਰਦਾ ਹੈ
ਕਿਤਾਬ ਵਿੱਚ ਅਵਤਾਰ ਦੀਆਂ ਮੁਸ਼ਕਿਲਾਂ ਅਤੇ ਉਸ ਦੇ ਦੋਸਤਾਂ ਵਲੋਂ ਮਿਲੇ ਧੋਖੇ ਨੂੰ ਵੀ ਦਰਸਾਇਆ ਗਿਆ ਹੈ। ਮਨੁੱਖੀ ਸੁਭਾਅ ਬਦਲਦੇ ਸਮਾਂ ਨਹੀਂ ਲੱਗਦਾ, ਤੁਹਾਡੇ ਆਪਣੇ ਖਾਸ ਦੋਸਤ ਰਿਸ਼ਤੇਦਾਰ ਤੁਹਾਡਾ ਨਜਾਇਜ ਫਾਇਦਾ ਲੈਣ ਦੀ ਕੋਸ਼ਿਸ਼ ਕਰਦੇ ਹਨ। ਇਸ ਸਮੇਂ ਦੌਰਾਨ ਅਵਤਾਰ ਇੱਕ ਸਾਲ ਲਗਾਤਾਰ ਤੰਬੂਆਂ ਤੇ ਸੜਕਾਂ ਕੰਢੇ ਗੱਡੀਆਂ ਵਿੱਚ ਸੌਣ ਤੋਂ ਬਾਅਦ ਜਦੋਂ ਪਹਿਲੀ ਵਾਰ ਮੋਟਲ ਵਿੱਚ ਅੱਛੇ ਬੈਡ ਤੇ ਸੌਂਦਾ ਹੈ, ਉਸਦੇ ਵੱਖਰੇ ਹੀ ਮਿਲੇ ਆਨੰਦ ਵਾਰੇ ਵੀ ਗੱਲ ਕਰਦਾ ਹੈ।ਫਿਰ ਵੀ ਇਹਨਾ ਹਾਲਾਤਾਂ ਵਿਚੋਂ ਗੁਜ਼ਰਦੇ ਓਹ ਨਿਰਾਸ਼ ਨਹੀਂ ਸਗੋਂ ਆਪਣੇ ਨਿਸ਼ਾਨੇ ਮਿੱਥਦਾ ਹੈ, ਉਹ ਮੁਸ਼ਕਿਲਾਂ ਵਿੱਚ ਗੁਆਚਦਾ ਨਹੀਂ ਸਗੋਂ ਉਹਨਾਂ ਦੇ ਹੱਲ ਤੇ ਧਿਆਨ ਕੇਂਦਰਿਤ ਕਰਦਾ ਹੈ।
ਲੇਖਕ ਲਿਖਦਾ ਹੈ ਕਿ ਅਵਤਾਰ ਦੇ ਦੱਸਣ ਮੁਤਾਬਿਕ 1989 ਤੋਂ 1999 ਤੱਕ ਉਸਨੂੰ ਕੋਈ ਨਹੀਂ ਜਾਣਦਾ ਸੀ ਜਾਂ ਜਾਨਣਾ ਨਹੀਂ ਚਾਹੁੰਦਾ ਸੀ। ਕਿਸੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਕਿਸੇ ਨੇ ਕਦੇ ਕੋਈ ਸੱਦਾ ਨਹੀਂ ਦਿੱਤਾ ਸੀ ਕਿ ਅਵਤਾਰ ਕੋਈ ਮਦਦ ਹੀ ਨਾ ਮੰਗ ਲਵੇ। ਅਵਤਾਰ ਨੇ ਕਦੇ ਮਦਦ ਲਈ ਹੱਥ ਨਹੀਂ ਅੱਡਿਆ ਬਲਕਿ ਬਹੁਤਿਆਂ ਲਈ ਨਿਸੁਆਰਥ ਮਦਦ ਬਣਿਆ। ਹੁਣ ਉਹਨੂੰ ਲਗਾਤਾਰ ਸੱਦੇ ਪੱਤਰ ਆਉਣ ਲੱਗੇ। ਜਿਵੇਂ ਕਿਹਾ ਜਾਂਦਾ ਕਿ ਪੈਸੇ ਤੇ ਅਹੁਦੇ ਆਉਣ ਨਾਲ ਕਦਰ ਵੱਧ ਜਾਂਦੀ ਹੈ, ਅਖੇ
ਮਾਇਆ ਤੇਰੇ ਤੀਨ ਨਾਮ ਪਰਸੂ, ਪਰਸਾ, ਪਰਸ ਰਾਮ।।
ਪ੍ਰਵਾਸ ਵਿੱਚ ਕੱਚੇ ਤੌਰ ਤੇ ਰਹਿੰਦੇ ਪ੍ਰਵਾਸੀਆਂ ਨੂੰ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਦੇ ਜਾਣ ਦਾ ਅਸਿਹ ਦੁੱਖ ਵੀ ਇੱਕਲੇ ਹੀ ਸਹਿਣਾ ਪੈਂਦਾ ਹੈ, ਕਿਉਂ ਕਿ ਵਾਪਸ ਘਰ ਜਾ ਕੇ ਮੁੜ ਆਉਣਾ ਮੁਮਕਿਨ ਨਹੀਂ ਹੁੰਦਾ।ਅਵਤਾਰ ਵੀ ਆਪਣੇ ਨਜ਼ਦੀਕੀ ਪਰਵਾਰਿਕ ਮੈਂਬਰ ਗੁਆਉਂਦਾ ਹੈ ਜਿਸ ਵਾਰੇ ਪੜ੍ਹਕੇ ਪਾਠਕ ਦਾ ਵੀ ਮਨ ਭਰ ਆਏਗਾ। ਇਕ ਸਮੇਂ ਤਾਂ ਅਵਤਾਰ ਆਪਣੀ ਪਤਨੀ ਅਤੇ ਬੱਚੇ ਤੋਂ ਵੀ ਵਿੱਛੜ ਜਾਂਦਾ ਹੈ। ਸਮੇਂ ਦੇ ਨਾਲ ਅਵਤਾਰ ਦੀਆਂ ਕਠਿਨਾਈਆਂ ਵਿੱਚੋਂ ਪ੍ਰਗਟ ਹੋਈ ਖੁਸ਼ੀ ਅਤੇ ਸਫਲਤਾ ਦੀ ਕਹਾਣੀ ਮਨੋਹਰ ਹੈ। ਉਹ ਜ਼ਿੰਦਗੀ ਵਿੱਚ ਵਧਦਾ ਗਿਆ ਅਤੇ ਉਸਨੇ ਆਪਣੀ ਕੋਸ਼ਿਸ਼ਾਂ ਨਾਲ ਆਪਣੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਿਆ।
ਇਹ ਕਿਤਾਬ ਨਾ ਸਿਰਫ਼ ਇੱਕ ਪ੍ਰਵਾਸੀ ਦੀ ਕਹਾਣੀ ਹੈ, ਸਗੋਂ ਇੱਕ ਪ੍ਰੇਰਣਾ ਹੈ, ਜਿਸ ਤੋਂ ਹਰ ਇੱਕ ਪੜ੍ਹਨ ਵਾਲਾ ਇਹ ਸਿੱਖ ਸਕਦਾ ਹੈ ਕਿ ਕਿਵੇਂ ਸੰਘਰਸ਼ ਅਤੇ ਹੌਸਲੇ ਨਾਲ ਹਰੇਕ ਬਦਲਾਅ ਅਤੇ ਤਬਦੀਲੀ ਨੂੰ ਜਿੱਤਿਆ ਜਾ ਸਕਦਾ ਹੈ। “ਮਜ਼ਦੂਰ ਤੋਂ ਅਰਬਪਤੀ ਬਣਨ ਦਾ ਸਫ਼ਰ ” ਵਿਸ਼ਵਾਸ, ਸਚਾਈ ਅਤੇ ਕਠਿਨਾਈ ਨੂੰ ਸਵੀਕਾਰ ਕਰਕੇ ਆਪਣੇ ਸੁਪਨੇ ਪੂਰੇ ਕਰਨ ਦੀ ਜ਼ਿੰਦਗੀ ਦੀ ਪ੍ਰੇਰਣਾਦਾਇਕ ਕਹਾਣੀ ਹੈ। ਡਾਕਟਰ ਰਾਜਾ ਰਾਮ ਹੰਡਆਇਆ ਜੀ ਨੇ ਇਸ ਕਿਤਾਬ ਨੂੰ ਬਹੁਤ ਥੋੜੇ ਸਮੇਂ ਵਿੱਚ ਲਿੱਖ ਕੇ ਪਾਠਕਾਂ ਦੀ ਝੋਲੀ ਵਿੱਚ ਪਾਇਆ ਹੈ। ਮੈਨੂੰ ਉਹਨਾਂ ਨਾਲ ਉਹਨਾਂ ਦੀ ਨਿਉਜੀਲੈਂਡ ਫੇਰੀ ਸਮੇਂ ਮਿਲਣ ਦਾ ਮੌਕਾ ਮਿਲਿਆ ਜੋ ਕਿ ਇੱਕ ਯਾਦਗਾਰ ਹੋ ਨਿੱਬੜੀ। ਅਵਤਾਰ ਜੀ ਹੁਣਾ ਦੀ ਰਿਹਾਇਸ਼ ਤੇ ਇੱਕ ਯਾਦਗਾਰ ਫ਼ੋਟੋ ਵਿੱਚ ਸੱਜੇ ਹੱਥ ਅਵਤਾਰ ਤਰਕਸ਼ੀਲ ਜੀ ਵਿਚਾਲੇ ਰਾਜਾ ਰਾਮ ਜੀ ਅਤੇ ਖੱਬੇ ਹੱਥ ਮੈਂ ਬੈਠਾ ਹਾਂ।