ਅੰਧਵਿਸ਼ਵਾਸੀ ਦੀ ਭੇਂਟ ਚੜ੍ਹੇ ਇੱਕ ਰੁੱਖ ਦਾ ਦਰਦ

(ਸਮਾਜ ਵੀਕਲੀ)

ਦੱਸ ਕੀ ਕੀ ਪੀੜ ਬਿਆਨਾਂ ਮੁੱਖ ਤੇ ਛਾਈ ਉਦਾਸੀ ਦੀ
ਮੈਂ ਭੇਂਟ ਚੜ੍ਹ ਗਿਆ ਲੋਕੋ ਥੋਡੀ ਅੰਧਵਿਸ਼ਵਾਸੀ ਦੀ…

ਮੈਂ ਹਰਿਆ ਭਰਿਆ ਵਿੱਚ ਹਵਾ ਦੇ ਝੂਲਦਾ ਫਿਰਦਾ ਸੀ
ਪੰਛੀ ਆ ਬਹਿੰਦੇ ਖੁਸ਼ ਹੁੰਦਾ, ਮੇਰਾ ਹਾਸਾ ਕਿਰਦਾ ਸੀ
ਮੇਰੀ ਕਰਤੀ ਜੂਨ ਖਰਾਬ ਵਿੱਚੋਂ ਲੱਖ ਜੂਨ ਚੁਰਾਸੀ ਦੀ
ਮੈਂ ਭੇਂਟ ਚੜ੍ਹ ਗਿਆ ਲੋਕੋ ਥੋਡੀ ਅੰਧਵਿਸ਼ਵਾਸੀ ਦੀ…

ਮੈਂ ਥੌਨੂੰ ਹੀ ਸਾਹ ਵੰਡਦਾ ਸੀ, ਤੁਸੀਂ ਮੇਰਾ ਹੀ ਸਾਹ ਘੁੱਟਿਆ
ਮੇਰੇ ਗਲ਼ ਵਿਚ ਧਾਗੇ ਚੁੰਨੀਆਂ ਬੰਨ੍ਹ, ਗਲ਼ ਮੇਰਾ ਘੁੱਟ ਸੁੱੱਟਿਆ
ਮੈਂ ਤਪਸ਼ ਮਿਟਾਉਂਦਾ ਸੀ ਆਉਂਦੇ ਜਾਂਦੇ ਪਰਵਾਸੀ ਦੀ
ਮੈਂ ਭੇਂਟ ਚੜ੍ਹ ਗਿਆ ਲੋਕੋ ਥੋਡੀ ਅੰਧਵਿਸ਼ਵਾਸੀ ਦੀ…

ਮੈਂ ਰਿਹਾ ਤਰਸਦਾ ਪਾਣੀ ਨੂੰ, ਤੁਸੀਂ ਤੇਲ ਜੜ੍ਹੀਂ ਪਾਇਆ
ਮੈਂ ਸੁੱਕਦਾ ਸੁੱਕਦਾ ਸੁੱਕ ਗਿਆ ਥੋਨੂੰ ਦਰਦ ਨਹੀਂ ਆਇਆ
ਜਿੰਦ ਤੜਪ ਤੜਪ ਕੇ ਨਿੱਕਲੀ ਮੇਰੀ ਰੂਹ ਪਿਆਸੀ ਦੀ
ਮੈਂ ਭੇਂਟ ਚੜ੍ਹ ਗਿਆ ਲੋਕੋ ਥੋਡੀ ਅੰਧਵਿਸ਼ਵਾਸੀ ਦੀ…

ਮੈਨੂੰ ਧਾਗੇ ਚੁੰਨੀਆਂ ਬੰਨ੍ਹਣ ਨਾਲ ਨਹੀਂ ਬੇੜਾ ਪਾਰ ਹੋਣਾ
ਬਿਨ ਮਿਹਨਤ ਕੀਤਿਆਂ ਨਹੀਂਓਂ ਆਪਣਾ ਆਪ ਸੰਵਾਰ ਹੋਣਾ
ਇੱਕ ਜੋਤ ਜਗਾਓ ਮਨ ਵਿਚ ਆਪਣੇ ਤੇ ਵਿਸ਼ਵਾਸੀ ਦੀ
ਮੈਂ ਭੇਂਟ ਚੜ੍ਹ ਗਿਆ ਲੋਕੋ ਥੋਡੀ ਅੰਧਵਿਸ਼ਵਾਸੀ ਦੀ…

ਓਏ ! ਅੰਧਵਿਸ਼ਵਾਸੀ ਲੋਕੋ, ਕੁੱਝ ਤਾਂ ਸੋਚ ਵਿਚਾਰ ਕਰੋ
ਇਨ੍ਹਾਂ ਵਹਿਮਾਂ ਭਰਮਾਂ ਨੂੰ ਛੱਡ ਕੇ ਕੁਦਰਤ ਨੂੰ ਪਿਆਰ ਕਰੋ
ਕਹੇ “ਖੁਸ਼ੀ ਦੂਹੜਿਆਂ ਵਾਲਾ” ਹੈ ਗੱਲ ਨਹੀਂ ਇਹ ਹਾਸੀ ਦੀ
ਮੈਂ ਭੇਂਟ ਚੜ੍ਹ ਗਿਆ ਲੋਕੋ ਥੋਡੀ ਅੰਧਵਿਸ਼ਵਾਸੀ ਦੀ…

ਖੁਸ਼ੀ “ਦੂਹੜਿਆਂ ਵਾਲਾ”

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਫਿਤਰਤ
Next articleਸਰਕਾਰੀ ਕਾਲਜ ਸਿੱਖਿਆ ਬਚਾਓ .!