- ਲੋਕ ਸਭਾ ਤੇ ਰਾਜ ਸਭਾ ਦਿਨ ਭਰ ਲਈ ਮੁਲਤਵੀ
- ਵਿਰੋਧੀ ਧਿਰ ਦੇ ਰਵੱਈਏ ’ਤੇ ਨਾਇਡੂ ਨੇ ਜਤਾਈ ਨਾਰਾਜ਼ਗੀ
ਨਵੀਂ ਦਿੱਲੀ (ਸਮਾਜ ਵੀਕਲੀ) : ਪੈਗਾਸਸ ਜਾਸੂਸੀ ਵਿਵਾਦ, ਤਿੰਨੋਂ ਨਵੇਂ ਕੇਂਦਰੀ ਖੇਤੀ ਕਾਨੂੰਨਾਂ ਸਮੇਤ ਵੱਖ ਵੱਖ ਮੁੱਦਿਆਂ ’ਤੇ ਵਿਰੋਧੀ ਧਿਰ ਵੱਲੋਂ ਕੀਤੇ ਗਏ ਹੰਗਾਮੇ ਕਾਰਨ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਅੱਜ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ। ਇਸ ਤੋਂ ਪਹਿਲਾਂ ਲੋਕ ਸਭਾ ਦੀ ਕਾਰਵਾਈ ਨੌਂ ਵਾਰ ਤੇ ਰਾਜ ਸਭਾ ਦੀ ਕਾਰਵਾਈ ਚਾਰ ਵਾਰ ਮੁਲਤਵੀ ਕੀਤੀ ਗਈ ਸੀ।
ਦਿਨ ਸਮੇਂ ਲੋਕ ਸਭਾ ਦੀ ਕਾਰਵਾਈ ਨੌਂ ਵਾਰ ਰੋਕੇ ਜਾਣ ਮਗਰੋਂ ਸੰਸਦ ਮੈਂਬਰ ਮੁੜ ਇਕੱਠੇ ਹੋਏ ਚੇਅਰਮੈਨ ਰਾਜੇਂਦਰ ਅਗਰਵਾਲ ਨੇ ਇੱਕ ਮੁੱਦਾ ਵਿਚਾਰ ਚਰਚਾ ਲਈ ਚੁੱਕਿਆ। ਇਸੇ ਦੌਰਾਨ ਵਿਰੋਧੀ ਧਿਰ ਦੇ ਮੈਂਬਰ ਹੰਗਾਮਾ ਕਰਦੇ ਹੋਏ ਚੇਅਰਮੈਨ ਦੀ ਕੁਰਸੀ ਦੇ ਸਾਹਮਣੇ ਇਕੱਠੇ ਹੋ ਕੇ ਨਾਅਰੇਬਾਜ਼ੀ ਕਰਨ ਲੱਗੇ। ਉਨ੍ਹਾਂ ਹੱਥਾਂ ’ਚ ਫੜੀਆਂ ਤਖਤੀਆਂ ਵੀ ਲਹਿਰਾਉਣੀਆਂ ਸ਼ੁਰੂ ਕਰ ਦਿੱਤੀਆਂ। ਕਾਂਗਰਸ, ਸੀਪੀਆਈ, ਸੀਪੀਆਈ (ਐੱਮ) ਤੇ ਟੀਐੱਮਸੀ ਦੇ ਮੈਂਬਰ ਪੈਗਾਸਸ ਜਾਸੂਸੀ ਮਾਮਲੇ ਖ਼ਿਲਾਫ਼ ਰੋਸ ਜ਼ਾਹਿਰ ਕਰ ਰਹੇ ਸਨ ਜਦਕਿ ਬਸਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਤਿੰਨੋਂ ਖੇਤੀ ਕਾਨੂੰਨਾਂ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਸਨ।
ਸਭਾ ਦੇ ਚੇਅਰਮੈਨ ਨੇ ਸਾਰੇ ਮੈਂਬਰਾਂ ਨੂੰ ਆਪਣੀਆਂ ਸੀਟਾਂ ’ਤੇ ਵਾਪਸ ਜਾਣ ਲਈ ਕਿਹਾ। ਉਨ੍ਹਾਂ ਕਿਹਾ, ‘ਅਸੀਂ ਤੁਹਾਨੂੰ ਸਹਿਯੋਗ ਕਰਨ ਤੇ ਕਾਰਵਾਈ ’ਚ ਹਿੱਸਾ ਲੈਣ ਦੀ ਅਪੀਲ ਕਰਦੇ ਹਾਂ।’ ਵਿਰੋਧੀ ਧਿਰ ਦੇ ਮੈਂਬਰਾਂ ਨੇ ਹੰਗਾਮਾ ਕਰਨਾ ਬੰਦ ਨਾ ਕੀਤਾ ਤਾਂ ਸ੍ਰੀ ਅਗਰਵਾਲ ਨੇ ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ। ਇਸ ਤੋਂ ਪਹਿਲਾਂ ਦਿਨ ਵੇਲੇ ਲੋਕ ਸਭਾ ਸਪੀਕਰ ਓਮ ਬਿਰਲਾ ਦੀ ਅਗਵਾਈ ਹੇਠ ਸਦਨ ਦੇ ਮੈਂਬਰਾਂ ਨੇ ਮਾਰੀਸ਼ਸ ਦੇ ਸਾਬਕਾ ਰਾਸ਼ਟਰਪਤੀ ਅਨਿਰੁੱਧ ਜਗਨਨਾਥ ਅਤੇ ਜ਼ਾਂਬੀਆ ਦੇ ਪਹਿਲੇ ਰਾਸ਼ਟਰਪਤੀ ਕੈਨੇਥ ਡੇਵਿਡ ਬੁਚਿਜ਼ਯਾ ਕੌਂਡਾ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮਗਰੋਂ ਵਿਰੋਧੀ ਧਿਰ ਨੇ ਹੰਗਾਮਾ ਸ਼ੁਰੂ ਕਰ ਦਿੱਤਾ ਜਿਸ ਕਾਰਨ ਲੋਕ ਸਭਾ ਦੀ ਕਾਰਵਾਈ ਨੌਂ ਵਾਰ ਮੁਲਤਵੀ ਕਰਨੀ ਪਈ।
ਦੂਜੇ ਪਾਸੇ ਰਾਜ ਸਭਾ ਦੀ ਕਾਰਵਾਈ ਵੀ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਦਿਨ ਭਰ ਲਈ ਮੁਲਤਵੀ ਕਰਨੀ ਪਈ। ਰਾਜ ਸਭਾ ’ਚ ਵਿਰੋਧੀ ਧਿਰ ਨੇ ਪੈਗਾਸਸ ਜਾਸੂਸੀ ਮਾਮਲੇ ਤੇ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਹੰਗਾਮਾ ਕੀਤਾ ਜਿਸ ਕਾਰਨ ਸਦਨ ਦੀ ਕਾਰਵਾਈ ਪਹਿਲਾਂ ਚਾਰ ਵਾਰ ਮੁਲਤਵੀ ਕੀਤੀ ਗਈ। ਰਾਜ ਸਭਾ ਦੇ ਚੇਅਰਮੈਨ ਐੱਮ ਵੈਂਕਈਆ ਨਾਇਡੂ ਦੀ ਅਗਵਾਈ ਹੇਠ ਪਹਿਲਾਂ ਸਦਨ ਦੇ ਮੈਂਬਰਾਂ ਨੇ ਮਾਰੀਸ਼ਸ ਦੇ ਸਾਬਕਾ ਰਾਸ਼ਟਰਪਤੀ ਅਨਿਰੁੱਧ ਜਗਨਨਾਥ ਅਤੇ ਜ਼ਾਂਬੀਆ ਦੇ ਪਹਿਲੇ ਰਾਸ਼ਟਰਪਤੀ ਕੈਨੇਥ ਡੇਵਿਡ ਬੁਚਿਜ਼ਯਾ ਕੌਂਡਾ ਨੂੰ ਸ਼ਰਧਾਂਜਲੀ ਭੇਟ ਕੀਤੀ।
ਇਸ ਮਗਰੋਂ ਰਾਜ ਸਭਾ ਦੀ ਕਾਰਵਾਈ ਜਦੋਂ ਸ਼ੁਰੂ ਹੋਈ ਤਾਂ ਵਿਰੋਧੀ ਧਿਰ ਦੇ ਮੈਂਬਰਾਂ ਨੇ ਚੇਅਰਮੈਨ ਦੀ ਸੀਟ ਨੇੜੇ ਜਾ ਕੇ ਹੰਗਾਮਾ ਸ਼ੁਰੂ ਕਰ ਦਿੱਤਾ। ਸਭਾ ਦੇ ਚੇਅਰਮੈਨ ਨੇ ਸਦਨ ਦੇ ਮੈਂਬਰਾਂ ਨੂੰ ਆਪਣੀਆਂ ਸੀਟਾਂ ’ਤੇ ਜਾਣ ਲਈ ਕਿਹਾ। ਉਹ ਨਾ ਮੰਨੇ ਤਾਂ ਉਨ੍ਹਾਂ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ। ਇਸ ਤੋਂ ਬਾਅਦ ਵੀ ਸ਼ਾਮ ਚਾਰ ਵਜੇ ਤੱਕ ਵਿਰੋਧੀ ਧਿਰ ਦੇ ਮੈਂਬਰ ਹੰਗਾਮਾ ਕਰਦੇ ਰਹੇ ਤਾਂ ਚੇਅਰਮੈਨ ਨੇ ਰਾਜ ਸਭਾ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ। ਵਿਰੋਧੀ ਧਿਰ ਦੇ ਹੰਗਾਮੇ ਕਾਰਨ ਸਿਫਰ ਕਾਲ ਤੇ ਪ੍ਰਸ਼ਨ ਕਾਲ ਵੀ ਪ੍ਰਭਾਵਿਤ ਹੋਇਆ।
ਵਿਰੋਧੀ ਧਿਰ ਪ੍ਰਤੀ ਨਾਰਾਜ਼ਗੀ ਜ਼ਾਹਿਰ ਕਰਦਿਆਂ ਰਾਜ ਸਭਾ ਦੇ ਚੇਅਰਮੈਨ ਐੱਮ ਵੈਂਕਈਆ ਨਾਇਡੂ ਨੇ ਕਿਹਾ ਕਿ ਹੰਗਾਮਾ ਕਰਨ ਵਾਲੇ ਮੈਂਬਰ ਦੇਸ਼, ਸੰਸਦ ਮੈਂਬਰਾਂ ਤੇ ਸੰਸਦ ਦੇ ਹਿੱਤਾਂ ਦਾ ਨੁਕਸਾਨ ਕਰ ਰਹੇ ਹਨ। ਉਨ੍ਹਾਂ ਕਿਹਾ, ‘ਮੈਂ ਉਨ੍ਹਾਂ ਮੀਡੀਆ ਰਿਪੋਰਟਾਂ ਨੂੰ ਲੈ ਕੇ ਫਿਕਰਮੰਦ ਹਾਂ ਜਿਨ੍ਹਾਂ ਅਨੁਸਾਰ ਸਦਨ ਦੇ ਮੈਂਬਰਾਂ ਨੇ ਫ਼ੈਸਲਾ ਕੀਤਾ ਹੈ ਕਿ ਉਹ ਸਦਨ ਦੀ ਕਾਰਵਾਈ ਨਹੀਂ ਚੱਲਣ ਦੇਣਗੇ।’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly