ਮੈਂ ਰਾਹਾਂ ‘ਤੇ ਨਹੀਂ ਤੁਰਦਾ.. ਮੈਂ ਤੁਰਦਾ ਹਾਂ ਤਾਂ ਰਾਹ ਬਣਦੇ
ਭਲੂਰ (ਸਮਾਜ ਵੀਕਲੀ) ਬੇਅੰਤ ਗਿੱਲ :- ‘ਇੱਥੇ ਲਿਖਦੇ ਨੇ ਲੋਕ ਹੱਥਾਂ ਬਾਹਾਂ ਤੋਂ ਬਗੈਰ’, ਪਹੁੰਚ ਚੰਨ ਤੱਕ ਜਾਂਦੇ ਲੋਕੀਂ ਰਾਹਾਂ ਤੋਂ ਬਗੈਰ” ।
ਸ਼ੀਤਲ ਦੇਵੀ ਦੇ ਲੇਖ ਲਿਖਣ ਵਾਲੇ ਨੇ ਉਸਨੂੰ ਬਾਹਾਂ ਤੋਂ ਵਾਂਝੀ ਰੱਖਿਆ, ਪਰ ਜਦੋਂ ਉਸ ਨੇ ਆਪਣੇ ਲੇਖ ਖੁਦ ਲਿਖਣ ਲਈ ਕਲਮ ਚੁੱਕੀ ਤਾਂ ਉਹ ਅੱਧ ਅਧੂਰੀ ਹੋ ਕੇ ਵੀ ਪੂਰ ਹੋ ਨਿੱਬੜੀ। ਆਪਣੇ ਹੱਥੀਂ ਲਿਖੀ ਕਿਸਮਤ ਨੇ ਉਸਨੂੰ ਉੱਡਣ ਪਰੀ ਬਣ ਦਿੱਤਾ। ਉਸਨੇ ਬਾਹਾਂ ਤੋਂ ਬਗੈਰ’ ਉਹ ਕੁਝ ਕਰ ਵਿਖਾਇਆ, ਜਿਸ ਨੂੰ ਲੈ ਕੇ ਪੂਰੇ ਸਰੀਰਾਂ ਵਾਲੇ ਵੀ ਹਾਰ ਮੰਨ ਬਹਿੰਦੇ ਹਨ। ਜੰਮੂ ਕਸ਼ਮੀਰ ਦੀ ਮਿੱਟੀ ਦੀ ਜੰਮੀ ਜਾਈ ਸ਼ੀਤਲ ਦੇਵੀ ਨੂੰ ਵਿਸ਼ਵ ਤੀਰਅੰਦਾਜ਼ੀ ਸੰਸਥਾ ਨੇ 2025 ਲਈ ‘ਸਾਲ ਦੀ ਸਰਬੋਤਮ ਪੈਰਾ ਤੀਰ-ਅੰਦਾਜ਼ ਐਲਾਨਿਆ ਹੈ। ਉਸ ਲਈ ਇਹ ਸਨਮਾਨ ਵੱਡੀ ਪ੍ਰਾਪਤੀ ਹੈ। ਇਸ ਵਿਚ ਇਕ ਇਤਿਹਾਸਕ ਵਿਸ਼ਵ ਚੈਂਪੀਅਨਸ਼ਿਪ ਦਾ ਖ਼ਿਤਾਬ ਵੀ ਸ਼ਾਮਿਲ ਹੈ। 19 ਵਰ੍ਹਿਆਂ ਦੀ ਸ਼ੀਤਲ ਦੇਵੀ ਵਿਸ਼ਵ ਚੈਂਪੀਅਨਸ਼ਿਪ ਵਿਚ ਸੋਨ ਤਗਮਾ ਜਿੱਤਣ ਵਾਲੀ (ਬਾਹਾਂ ਤੋਂ ਬਗੈਰ) ਪਹਿਲੀ ਮਹਿਲਾ ਤੀਰਅੰਦਾਜੀ ਬਣੀ ਹੈ। ਉਸਨੇ ਪਿਛਲੇ ਸਾਲ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਈ ਅੰਤਰਰਾਸ਼ਟਰੀ ਪ੍ਰਾਪਤੀਆਂ ‘ਤੇ ਆਪਣਾ ਨਾਂਅ ਲਿਖਵਾਇਆ ਹੈ। ਪਿਛਲੇ ਸਾਲ ਦੱਖਣੀ ਕੋਰੀਆ ਦੇ ਗਵਾਂਗਜੂ ਵਿਚ ਕਰਵਾਏ ਗਏ ਸਮਾਗਮ ਵਿੱਚ ਮਹਿਲਾ ਵਿਅਕਤੀਗਤ ਕੰਪਾਊਂਡ ਸ਼੍ਰੇਣੀ ਵਿੱਚ ਖ਼ਿਤਾਬ ਜਿੱਤ ਕੇ ਆਪਣੀ ਧਰਤੀ ਦੀ ਮਾਣਮੱਤੀ ਧੀ ਹੋਣ ਦਾ ਮਾਣ ਹਾਸਲ ਕੀਤਾ ਹੈ। ਉਸ ਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਮਹਿਲਾ ਟੀਮ ਈਵੈਂਟ ਵਿੱਚ ਚਾਂਦੀ ਅਤੇ ਮਿਕਸਡ ਟੀਮ ਈਵੈਂਟ ਵਿੱਚ ਕਾਂਸੀ ਦਾ ਤਗਮਾ ਵੀ ਜਿੱਤਿਆ ਹੈ। ਹੱਥਾਂ ਬਾਂਹਾਂ ਤੋਂ ਬਗੈਰ, ਆਪਣੇ ਪੈਰਾਂ ਸਹਾਰੇ ਨਿਸ਼ਾਨੇਬਾਜ਼ੀ ਕਰਨ ਵਾਲੀ ਸ਼ੀਤਲ ਦੇਵੀ ਦਾ ਜੀਵਨ ਹੰਭੇ ਹਾਰੇ ਲੋਕਾਂ ਨੂੰ ਨਵਾਂ ਜੋਸ਼- ਜਜ਼ਬਾ ਦਿੰਦਾ ਹੈ। ਉਸਦੀਆਂ ਸੋਚਾਂ ਨੂੰ ਉਕਾਬਾਂ ਦੇ ਖੰਭ ਲੱਗੇ ਹੋਏ ਹਨ। ਜਦੋਂ ਸੋਚਾਂ ਦਾ ਸਰੀਰ ਤੰਦਰੁਸਤ ਹੋਵੇ ਤਾਂ ਇਨਸਾਨ ਕੁਝ ਵੀ ਕਰ ਸਕਦਾ ਹੈ। ਇਸ ਤਰ੍ਹਾਂ ‘ਬਿਨ ਪਰੋਂ ਪਰਵਾਜ਼’ ਭਰਨ ਵਾਲੀ ‘ਸ਼ੀਤਲ ਦੇਵੀ’ ਨੇ ਹਰ ਪਾਸੇ ਹੌਂਸਲਿਆਂ ਦੇ ਰੰਗ ਬਿਖੇਰੇ ਹਨ। ਲੋਕਾਈ ਨੂੰ ਨਵੀਂ ਸ਼ਕਤੀ ਦੇਣ ਦਾ ਕੰਮ ਕੀਤਾ ਹੈ। ਉਸਦਾ ਕੰਮ ਬੇ-ਹਿੰਮਤਿਆਂ ਨੂੰ ਹਿੰਮਤ ਦਿੰਦਾ ਹੈ। ਸੋ ਵਾਹਿਗੁਰੂ ਮਿਹਰ ਕਰਦੇ ਰਹਿਣ ਕਿ ਉਸਦੇ ਹਿੱਸੇ ਦਾ ਅੰਬਰ ਉਸਨੂੰ ਬਾਹਾਂ ਖੋਲ੍ਹ ਕੇ ਮਿਲਦਾ ਰਹੇ। ਉਸਦੀ ਖੇਡ ਦੁਨੀਆਂ ਮਿੱਟੀ ਵਾਂਗੂੰ ਮਹਿਕਦੀ ਰਹੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



