ਇੰਡੋ ਕੈਨੇਡੀਅਨ ਸੀਨੀਅਰ ਸੋਸਾਇਟੀ ਸਰੀ ਡੈਲਟਾ ਵਿਖੇ ਸੀਨੀਅਰ ਸਿਟੀਜਨ ਨੂੰ ਮਿਲਣ ਲਈ ਪਹੁੰਚੇ ਬਾਵਾ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) “ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗ੍ਰੰਥ ਸਾਹਿਬ” ਪੁਸਤਕ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ (ਕੈਨੇਡਾ) ਵਿਖੇ ਰਿਲੀਜ਼ ਕਰਨ ਦੀ ਰਸਮ ਗੁਰਦੁਆਰਾ ਕਮੇਟੀ ਦੇ ਅਹੁਦੇਦਾਰਾਂ ਨੂੰ ਪੁਸਤਕ ਭੇਂਟ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਬਾਬਾ ਬੰਦਾ ਸਿੰਘ ਬਹਾਦਰ ਚੈਰੀਟੇਬਲ ਟਰਸਟ ਦੇ ਟਰਸਟੀ ਹਰਬੰਤ ਸਿੰਘ ਦਿਓਲ (ਹੈਪੀ), ਬਿੰਦਰ ਗਰੇਵਾਲ (ਬੀਹਲਾ), ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਜਨਰਲ ਸਕੱਤਰ ਪ੍ਰੀਤਮ ਸਿੰਘ ਗਰੇਵਾਲ, ਸਮਾਜਸੇਵੀ ਗੁਰਮੇਲ ਸਿੰਘ ਢੁੱਡੀਕੇ, ਸ਼ਿੰਦੀ ਹਸਨਪੁਰ ਅਤੇ ਸੰਦੀਪ ਸਿੰਘ ਡੋਡ ਨੇ ਨਿਭਾਈ। ਇਸ ਸਮੇਂ ਸ਼੍ਰੀ ਬਾਵਾ ਨੇ ਦੱਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਐੱਸ.ਪੀ.ਸਿੰਘ. ਉਬਰਾਏ ਵੱਲੋਂ “ਸ਼ਬਦ ਪ੍ਰਕਾਸ਼ ਅਜਾਇਬ ਘਰ” ਲਈ ਤਿਆਰ ਕਰਵਾਈ ਬਿਲਡਿੰਗ ਜਿਸ ਵਿੱਚ 6 ਗੁਰੂ ਸਾਹਿਬਾਨ, 15 ਭਗਤ, 11 ਭੱਟ ਅਤੇ 4 ਗੁਰਸਿੱਖਾਂ ਦੇ ਚਿੱਤਰ ਗੁਰਬਾਣੀ ਸਮੇਤ ਸੁਸ਼ੋਭਿਤ ਹਨ। ਉਸ ‘ਤੇ ਆਧਾਰਿਤ ਹੀ ਉਪਰੋਕਤ ਪੁਸਤਕ “ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗ੍ਰੰਥ ਸਾਹਿਬ” ਤਿਆਰ ਕੀਤੀ ਗਈ ਹੈ ਜੋ ਪਹਿਲਾਂ 2024 ਵਿੱਚ ਅਮਰੀਕਾ ਦੇ 11 ਗੁਰਦੁਆਰਾ ਸਾਹਿਬ ਵਿਖੇ ਰਿਲੀਜ਼ ਕੀਤੀ ਗਈ ਜੋ ਹਿੰਦੀ, ਪੰਜਾਬੀ, ਅੰਗਰੇਜ਼ੀ ਵਿੱਚ ਸੀ ਅਤੇ ਅੱਜ ਨਵੀਂ ਤਿਆਰ ਕੀਤੀ ਪੁਸਤਕ ਪੰਜਾਬੀ ਵਿੱਚ ਰਿਲੀਜ਼ ਕੀਤੀ ਗਈ ਜਿਸ ਦੇ ਲੇਖਕ ਉੱਘੇ ਸਿੱਖ ਵਿਦਵਾਨ ਅਨੁਰਾਗ ਸਿੰਘ ਹਨ ਜਦਕਿ ਫੋਟੋ ਚਿੱਤਰਕਾਰੀ ਪ੍ਰਸਿੱਧ ਆਰਟਿਸਟ ਆਰ.ਐਮ.ਸਿੰਘ ਨੇ ਕੀਤੀ ਹੈ। ਇਸ ਤੋਂ ਬਾਅਦ ਬਾਵਾ ਇੰਡੋ-ਕੈਨੇਡੀਅਨ ਸੀਨੀਅਰ ਸੋਸਾਇਟੀ ਸਰੀ ਡੈਲਟਾ ਪਹੁੰਚੇ ਜਿੱਥੇ ਸੀਨੀਅਰ ਸਿਟੀਜਨ ਨਾਲ ਵਿਚਾਰਾਂ ਕੀਤੀਆਂ ਤੇ ਉਪਰੋਕਤ ਪੁਸਤਕ ਭੇਂਟ ਕੀਤੀ। ਇਸ ਸਮੇਂ ਬਾਵਾ ਨੇ ਕਿਹਾ ਕਿ ਸੀਨੀਅਰ ਸਿਟੀਜਨ ਸਮਾਜ ਦਾ ਸਨਮਾਨਯੋਗ ਅੰਗ ਹਨ। ਉਹਨਾਂ ਦੀ ਜ਼ਿੰਦਗੀ ਦੇ ਤਜਰਬੇ ਦਾ ਫਾਇਦੇ ਸਮਾਜ ਅਤੇ ਪਰਿਵਾਰਾਂ ਨੂੰ ਉਠਾਉਣੇ ਚਾਹੀਦੇ ਹਨ ਕਿਉਂਕਿ ਹਰ ਮਾਂ ਬਾਪ ਆਪਣੀ ਜ਼ਿੰਦਗੀ ਦਾ ਹਰ ਪਲ ਆਪਣੀ ਔਲਾਦ ਦੀ ਬੇਹਤਰੀ ਤਰੱਕੀ (ਚੜ੍ਹਦੀ ਕਲਾ) ਲਈ ਲਗਾਉਂਦਾ ਹੈ। ਇਸ ਸਮੇਂ ਮਾਸਟਰ ਗੁਰਦਿਆਲ ਸਿੰਘ ਮੰਡਿਆਣੀ ਨੇ ਵੀ ਵਿਚਾਰ ਪੇਸ਼ ਕੀਤੇ।



