ਨੰਬਰਦਾਰ ਯੂਨੀਅਨ ਨੇ ਲੋਹੜੀ ਦੇ ਤਿਉਹਾਰ ਮੌਕੇ ਮੰਗਿਆ ਸਰਬੱਤ ਦਾ ਭਲਾ – ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ ” 

ਫੋਟੋ : ਨੰਨ੍ਹੀ ਪਰੀ ਗੁਰਛਾਇਆ ਸੋਖਲ ਲੋਹੜੀ ਦੀ ਧੂਣੀ ਨੂੰ ਅਗਨੀ ਦਿੰਦੀ ਹੋਈ। ਨਾਲ ਹਨ ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ, ਕਲੱਬ ਪ੍ਰਧਾਨ ਲਾਇਨ ਆਂਚਲ ਸੰਧੂ ਸੋਖਲ, ਸੀਨੀਅਰ ਮੀਤ ਪ੍ਰਧਾਨ ਪਰਗਟ ਸਿੰਘ ਅਤੇ ਹੋਰ ਸਿਪਾਸਿਲਾਰ।

26 ਜਨਵਰੀ ਮਨਾਉਣ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਰਤਨ ਟਾਟਾ ਨੂੰ ਦਿੱਤੀ ਸ਼ਰਧਾਂਜਲੀ ” 

ਨੂਰਮਹਿਲ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਹੈੱਡ ਆਫਿਸ ਤਹਿਸੀਲ ਕੰਪਲੈਕਸ ਨੂਰਮਹਿਲ ਵਿਖੇ ਯੂਨੀਅਨ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ। ਇਹ ਮੀਟਿੰਗ ਬੀਤੇ ਸਾਲ 2024 ਦੇ ਲੇਖਾ ਜੋਖਾ ਕਰਨ ਅਤੇ ਨਵੇਂ ਸਾਲ 2025 ਦੇ ਨਵੇਂ ਪ੍ਰੋਗਰਾਮ ਉਲੀਕਣ ਦੇ ਸੰਬੰਧ ਵਿੱਚ ਹੋਈ। ਇਸ ਮੀਟਿੰਗ ਵਿੱਚ ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਦੀ ਪ੍ਰਧਾਨ ਲਾਇਨ ਆਂਚਲ ਸੰਧੂ ਸੋਖਲ, ਕਲੱਬ ਦੇ ਅਫਸਰ ਲਾਇਨ ਬਬਿਤਾ ਸੰਧੂ, ਲਾਇਨ ਦਿਨਕਰ ਜਸਪ੍ਰੀਤ ਸੰਧੂ ਉਚੇਚੇ ਤੌਰ ‘ਤੇ ਸ਼ਾਮਿਲ ਹੋਏ। ਕਲੱਬ ਨੇ ਲੋਹੜੀ ਮਨਾਉਣ ਦੇ ਪ੍ਰਬੰਧ ਕੀਤੇ। ਜਥੇਬੰਦੀ ਅਤੇ ਕਲੱਬ ਨੇ ਸਭ ਤੋਂ ਪਹਿਲਾਂ ਹਰ ਸਾਲ ਦੀ ਤਰ੍ਹਾਂ ਲੋਹੜੀ ਦਾ ਪਵਿੱਤਰ ਤਿਓਹਾਰ ਬੜੇ ਸ਼ਰਧਾ ਭਾਵ ਨਾਲ ਮਨਾਉਂਦੇ ਹੋਏ ਪਰਮਾਤਮਾ ਪਾਸੋਂ ਸਰਬੱਤ ਦਾ ਭਲਾ ਮੰਗਿਆ। ਨੰਨ੍ਹੀ ਪਰੀ ਗੁਰਛਾਇਆ ਸੋਖਲ ਪਾਸੋਂ ਲੋਹੜੀ ਦੀ ਧੂਣੀ ਨੂੰ ਅਗਨੀ ਦੇਣ ਦੀ ਰਸਮ ਅਦਾ ਕਰਵਾ ਕੇ ਸਤਿਗੁਰੂ ਨਾਨਕ ਦੇਵ ਜੀ ਦੇ ਆਦੇਸ਼ਾਂ ਨੂੰ ਮੰਨਣ ਲਈ ਲੋਕਾਈ ਨੂੰ ਸੁਨੇਹਾ ਦਿੱਤਾ। ਨੰਬਰਦਾਰ ਸਾਹਿਬਾਨਾਂ ਨੇ ਨਵੇਂ ਸਾਲ 2025 ਦੀ ਖੁਸ਼ੀ ਵਿੱਚ ਇੱਕ ਦੂਜੇ ਵਧਾਈਆਂ ਦਿੰਦਿਆਂ ਪੂਰੇ ਪੰਜਾਬ ਵਿੱਚ ਨੰਬਰਦਾਰਾਂ ਦੇ ਹਿੱਤਾਂ ਲਈ ਕੰਮ ਕਰ ਰਹੀਆਂ ਜਥੇਬੰਦੀਆਂ ਦੀ ਚੜ੍ਹਦੀ ਕਲਾ ਮੰਗਦਿਆਂ ਇੱਕ ਜੁੱਟ ਹੋ ਕੇ ਚੱਲਣ ਦੀ ਅਰਦਾਸ ਕੀਤੀ ਤਾਂ ਕਿ ਨੰਬਰਦਾਰਾਂ ਦੀਆਂ ਮੰਗਾਂ ਸੌਖਿਆਂ ਹੀ ਮੰਨਵਾਈਆਂ ਜਾ ਸਕਣ। ਲੋਹੜੀ ਦਾ ਤਿਓਹਾਰ ਮਨਾਉਣ ਉਪਰੰਤ ਨੰਬਰਦਾਰ ਸਹਿਬਾਨਾਂ ਨੇ 26 ਜਨਵਰੀ ਦਾ ਰਾਸ਼ਟਰੀ ਤਿਉਹਾਰ ਗਣਤੰਤਰ ਦਿਵਸ ਮਨਾਉਣ ਦੀ ਰੂਪ ਰੇਖਾ ਤਿਆਰ ਕੀਤੀ। ਡਾ. ਭੀਮ ਰਾਓ ਅੰਬੇਡਕਰ ਜੀ ਦਾ ਗੁਣਗਾਨ ਗਾਉਂਦਿਆਂ ਫੈਸਲਾ ਕੀਤਾ ਕਿ 26 ਜਨਵਰੀ ਦਾ ਮਹੱਤਵਪੂਰਨ ਦਿਨ ਵੀ ਜਸ਼ਨਾਂ ਨਾਲ ਮਨਾਇਆ ਜਾਵੇਗਾ। 26 ਜਨਵਰੀ ਦੇ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਜਲੰਧਰ ਪਰਗਟ ਸਿੰਘ ਸਰਹਾਲੀ, ਪ੍ਰੈੱਸ ਸਕੱਤਰ ਤਰਸੇਮ ਲਾਲ ਉੱਪਲ ਖਾਲਸਾ, ਸਲਾਹਕਾਰ ਗੁਰਦੇਵ ਸਿੰਘ ਨਾਗਰਾ, ਪ੍ਰੇਮ ਚੰਦ ਮੁਆਈ, ਮਹਿੰਦਰ ਸਿੰਘ ਨਾਹਲ, ਲਹਿੰਬਰ ਸਿੰਘ ਚੀਮਾ ਖੁਰਦ, ਹਰਜਿੰਦਰ ਕੁਮਾਰ ਤੱਗੜ ਨੇ ਵਿੱਤੀ ਸਹਾਇਤਾ ਦਿੱਤੀ। ਦੇਸ਼ ਦੀਆਂ ਦੋ ਪ੍ਰਮੁੱਖ ਸ਼ਖਸ਼ੀਅਤਾਂ ਜੋ ਕੁੱਝ ਸਮਾਂ ਪਹਿਲਾਂ ਸਦੀਵੀਂ ਵਿਛੋੜਾ ਦੇ ਗਈਆਂ, ਡਾ. ਮਨਮੋਹਨ ਸਿੰਘ ਸਾਬਕਾ ਪ੍ਰਧਾਨ ਮੰਤਰੀ ਅਤੇ ਮਹਾਦਾਨੀ ਪ੍ਰਮੁੱਖ ਉਦਯੋਗਪਤੀ ਸ਼੍ਰੀ ਰਤਨ ਟਾਟਾ ਜੀ ਨੂੰ ਦੋ ਮਿੰਟ ਦਾ ਮੌਨ ਵਰਤ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ ਨੇ ਮੀਟਿੰਗ ਵਿੱਚ ਨੂਰਮਹਿਲ ਦੇ ਉੱਜੜ ਰਹੇ ਅਤੇ ਅਧੂਰੇ ਪਏ ਸਰਕਾਰੀ ਸਕੂਲ ਨੂੰ ਵਿੱਦਿਆ ਦਾ ਮੰਦਰ ਬਨਾਉਣ ਲਈ ਚਰਚਾ ਕਰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਦੇ ਨੁਮਾਇੰਦੇ ਜਾਨ ਬੁੱਝ ਕੇ ਗਰੀਬ ਵਰਗ ਦੇ ਬੱਚਿਆਂ ਨੂੰ ਤੜਪਾ ਰਹੇ ਹਨ। ਫੈਸਲਾ ਲਿਆ ਕਿ ਜਥੇਬੰਦੀ ਸਕੂਲ ਉਸਾਰੇ ਜਾਣ ਲਈ ਮੁੜ ਤੇਜ਼ੀ ਨਾਲ ਸੰਘਰਸ਼ ਕਰੇਗੀ। ਯੂਨੀਅਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨੰਬਰਦਾਰ ਸਾਹਿਬਾਨਾਂ ਦਾ ਮਾਣ ਭੱਤਾ 5000/- ਰੁਪਏ ਪ੍ਰਤਿ ਮਹੀਨਾ ਕੀਤਾ ਜਾਵੇ, ਜੱਦੀ ਪੁਸ਼ਤੀ ਮਾਮਲੇ ‘ਚ ਨੰਬਰਦਾਰ ਦੁਆਰਾ ਬਣਾਏ ਸਰਬਰਾਹ ਨੂੰ ਪੱਕਿਆਂ ਤੌਰ ‘ਤੇ ਨੰਬਰਦਾਰ ਨਿਯੁਕਤ ਕੀਤਾ ਜਾਵੇ। ਇਸ ਮੌਕੇ ਯੂਨੀਅਨ ਦੀ ਮਹਿਲਾ ਨੰਬਰਦਾਰ ਸ਼੍ਰੀਮਤੀ ਦਲਜੀਤ ਕੌਰ ਜੰਡਿਆਲਾ, ਗੁਰਾਇਆ ਸਰਕਲ ਇੰਚਾਰਜ ਅਨਿਲ ਸੂਦ, ਜਨਰਲ ਸਕੱਤਰ ਸੁਰਿੰਦਰ ਪਾਲ ਸਿੰਘ, ਪੀ.ਆਰ.ਓ ਜਗਨ ਨਾਥ ਚਾਹਲ, ਡਾਇਰੈਕਟਰ ਗੁਰਮੇਲ ਚੰਦ ਮੱਟੂ, ਅਜੀਤ ਰਾਮ ਤਲਵਣ, ਬਲਵਿੰਦਰ ਕੁਮਾਰ ਭੈਣੀ, ਹਰਭਜਨ ਸਿੰਘ ਭੰਡਾਲ ਬੂਟਾ, ਭਜਨ ਲਾਲ ਕਾਦੀਆਂ, ਲਹਿੰਬਰ ਸਿੰਘ ਚੀਮਾ ਖੁਰਦ, ਆਤਮਾ ਰਾਮ ਭੰਡਾਲ ਬੂਟਾ, ਕੁਲਵਿੰਦਰ ਰਾਮ ਸਾਗਰਪੁਰ, ਬਲਰਾਜ ਸਿੰਘ ਪੱਬਵਾ, ਸੁਖਵਿੰਦਰ ਸਿੰਘ ਉਮਰਪੁਰ ਕਲਾਂ, ਚਰਨਜੀਤ ਸਿੰਘ ਉੱਪਲ ਭੂਪਾ, ਸ਼ਰਧਾ ਰਾਮ ਲਖਨਪਾਲ, ਦਲਜੀਤ ਸਿੰਘ ਭੱਲੋਵਾਲ ਸਮੇਤ ਸਮੂਹ ਨੰਬਰਦਾਰ ਸਾਹਿਬਾਨਾਂ ਨੇ ਮਾਣ ਨਾਲ ਦੱਸਿਆ ਕਿ ਨੰਬਰਦਾਰ ਯੂਨੀਅਨ, ਲਾਇਨਜ਼ ਕਲੱਬਜ਼, ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ ਵੱਲੋਂ ਦੇਸ਼ ਦਾ 29ਵਾਂ ਰਾਸ਼ਟਰੀ ਤਿਉਹਾਰ ਚਾਵਾਂ ਸੱਧਰਾਂ ਨਾਲ ਮਨਾਇਆ ਜਾਵੇਗਾ। ਲਗਾਤਾਰ ਰਾਸ਼ਟਰੀ ਤਿਉਹਾਰ ਮਨਾਉਣ ਦਾ ਮਾਣ ਸਿਰਫ ਨੰਬਰਦਾਰ ਯੂਨੀਅਨ ਦੇ ਪਾਸ ਹੀ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਧੂਮਧਾਮ ਨਾਲ ਮਨਾਇਆ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਲੋਹੜੀ ਦਾ ਤਿਉਹਾਰ
Next articleਜਰਖੜ ਖੇਡਾਂ ਸਬੰਧੀ ਮੀਟਿੰਗ ਭਲਕੇ 15 ਜਨਵਰੀ ਨੂੰ ਸ਼ਾਮ 7 ਵਜੇ ਜਰਖੜ ਸਟੇਡੀਅਮ ਵਿਖੇ ।