(ਸਮਾਜ ਵੀਕਲੀ) ਅਕਬਰ ਬਾਦਸ਼ਾਹ ਇੱਕ ਰਾਜਾ ਹੋਇਆ ਹੈ ।ਇਨ੍ਹਾਂ ਨੇ ਸਲਾਹ ਮਸ਼ਵਰੇ ਲਈ ਆਪਣੇ ਅਹਿਲਕਾਰ ਰੱਖੇ ਹੋਏ ਸਨ। ਜਿਨ੍ਹਾਂ ਨੂੰ ਨੌਂ ਰਤਨ ਕਿਹਾ ਜਾਂਦਾ ਹੈ । ਅੱਜ ਮੈਂ ਇਨ੍ਹਾਂ ਨੌਂ ਰਤਨਾਂ ਬਾਰੇ ਤੁਹਾਨੂੰ ਸੰਖੇਪ ਵਿੱਚ ਜਾਣਕਾਰੀ ਦੇ ਰਿਹਾ ਹਾਂ। ਉਮੀਦ ਹੈ ਪਸੰਦ ਆਊਗੀ ।
(1) ਅਬਦੁਲ ਫਜ਼ਲ ——-ਅਕਬਰ ਦੇ ਨੌਂ ਰਤਨਾਂ ਵਿੱਚੋਂ ਪਹਿਲਾਂ ਰਤਨ ਅਬਦੁਲ ਫਜ਼ਲ ਸੀ। ਉਰਦੂ ਅਤੇ ਫਾਰਸੀ ਦਾ ਉੱਚ ਕੋਟੀ ਦਾ ਕਵੀ ਸੀ ।ਇਹ ਸ਼ੇਖ ਮੁਬਾਰਕ ਦੇ ਪੁੱਤਰ ਸਨ ।ਅਬਦੁਲ ਫਜ਼ਲ ਨੇ ਆਪਣੀ ਸਿਆਣਪ ਨਾਲ ਬਾਦਸ਼ਾਹ ਅਕਬਰ ਨੂੰ ਏਨਾ ਖ਼ੁਸ਼ ਕਰ ਲਿਆ, ਕਿ ਇਹ ਅਕਬਰ ਦਾ ਸਭ ਤੋਂ ਵੱਡਾ ਮੰਤਰੀ ਬਣ ਗਿਆ । ਉਸ ਨੇ ਬਾਦਸ਼ਾਹ ਅਕਬਰ ਦੀ ਜੀਵਨੀ ਆਈਨ -ਏ -ਅਕਬਰੀ ਤੇ ਅਕਬਰਨਾਮਾ ਲਿਖੀ ।ਅਕਬਰ ਦਾ ਸਹਿਜ਼ਾਦਾ ਸਲੀਮ ਇਸ ਨੂੰ ਪਸੰਦ ਨਹੀਂ ਕਰਦਾ ਸੀ। ਇਸੇ ਕਰਕੇ ਸਲੀਮ ਨੇ ਉਸ ਨੂੰ 1602 ਵਿੱਚ ਕਤਲ ਕਰਵਾ ਦਿੱਤਾ।
(2 ) ਅਬਦਲ ਫੈਜ਼ੀ—— ਅਕਬਰ ਦਾ ਦੂਜਾ ਰਤਨ ਅਬਦਲ ਫੈਜ਼ੀ ਸੀ। ਇਹ ਪਹਿਲੇ ਰਤਨ ਅਬਦੁਲ ਫਜ਼ਲ ਦਾ ਭਰਾ ਸੀ।ਇਹ ਆਪਣੇ ਵੱਡੇ ਭਰਾ ਵਾਂਗੂੰ ਫ਼ਾਰਸੀ, ਸੰਸਕ੍ਰਿਤ , ਅਰਬੀ ਦਾ ਵਿਦਵਾਨ ਸੀ ।ਅਤੇ ਇੱਕ ਚੰਗਾ ਕਵੀ ਸੀ॥ ਇਸ ਨੇ ਬਹੁਤ ਮਿਹਨਤ ਨਾਲ ਅਤੇ ਸ਼ਰਧਾ ਨਾਲ ਗੀਤਾ, ਮਹਾਂਭਾਰਤ, ਰਮਾਇਣ, ਦਾ ਸੰਸਕ੍ਰਿਤ ਤੋ ਫਾਰਸੀ ਵਿੱਚ ਅਨੁਵਾਦ ਕੀਤਾ ਸੀ । ਅਬਦਲ ਫੈਜ਼ੀ ਜੋ ਵੀ ਕੁਝ ਪੜ੍ਹ ਲੈਂਦਾ ਸੀ ਉਸ ਨੂੰ ਜ਼ੁਬਾਨੀ ਯਾਦ ਹੋ ਜਾਂਦਾ ਸੀ।
(3) ਰਾਜਾ ਟੋਡਰ ਮਲ ——–ਤੀਜਾ ਰਤਨ ਟੋਡਰ ਮੱਲ ਸੀ । ਜੋ ਜ਼ਾਤ ਦਾ ਖੱਤਰੀ ਸੀ । ਅਕਬਰ ਦਾ ਇਹ ਮਾਲ ਮੰਤਰੀ ਸੀ । ਪਹਿਲਾਂ ਰਾਜਾ ਟੋਡਰ ਮੱਲ ਸ਼ੇਰਸ਼ਾਹ ਸੂਰੀ ਕੋਲ ਨੌਕਰੀ ਕਰਦਾ ਹੁੰਦਾ ਸੀ । ਉਸ ਨੂੰ ਜ਼ਮੀਨਾਂ ਜਾਇਦਾਦਾਂ ਬਾਰੇ ਬਹੁਤ ਜਾਣਕਾਰੀ ਸੀ ।ਟੋਡਰ ਮੱਲ ਨੇ ਸਾਰੀ ਜ਼ਮੀਨ ਨੂੰ ਮਿਣਿਆ , ਮਾਲੀਆ ਨਿਯੁਕਤ ਕੀਤਾ। ਕਈ ਤਰ੍ਹਾਂ ਦੇ ਆਰਥਿਕ ਸੁਧਾਰ ਕੀਤੇ।ਉਹ ਇੱਕ ਚੰਗਾ ਯੋਧਾ ਵੀ ਸੀ ਉਸ ਦੀ ਮੌਤ 1589 ਵਿੱਚ ਹੋਈ।
(4)ਬੀਰਬਲ —— ਅਕਬਰ ਬੀਰਬਲ ਦੇ ਕਿੱਸੇ ਬਹੁਤ ਮਸ਼ਹੂਰ ਹਨ । ਬੀਰਬਲ ਆਪਣੀ ਹਾਜ਼ਰ ਜਵਾਬੀ ਲਈ ਅਤੇ ਲਤੀਫ਼ਿਆਂ ਲਈ ਜਾਣਿਆ ਜਾਂਦਾ ਸੀ। ਇਹ ਵੀ ਅਕਬਰ ਦੇ ਨੌਂ ਰਤਨਾਂ ਵਿੱਚੋਂ ਇੱਕ ਸੀ। ਇਹ ਜਾਤ ਦਾ ਭੱਟ ਸੀ ਅਤੇ ਅੰਬਾਲੇ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਕਈ ਇਤਿਹਾਸਕਾਰ ਇਸ ਦਾ ਨਾ ਨਰੇਸ਼ ਦਾਸ ਵੀ ਦੱਸਦੇ ਹਨ।ਇਸ ਨੂੰ ਬਾਦਸ਼ਾਹ ਅਕਬਰ ਨੇ ਪਠਾਣਾਂ ਵਿਰੁੱਧ ਲੜਾਈ ਲੜਨ ਲਈ ਕਾਬਲ ਭੇਜਿਆ। ਉਥੇ ਹੀ 1586ਵਿੱਚ ਮਰ ਗਿਆ।
(5) ਰਾਜਾ ਮਾਨ ਸਿੰਘ ——— ਇਹ ਅਕਬਰ ਦੇ ਨੇੜੇ ਦਾ ਬਹੁਤ ਵਧੀਆ ਰਤਨ ਸੀ। ਸਭ ਧਰਮਾਂ ਨੂੰ ਮੰਨਣ ਵਾਲਾ ਸੀ । ਇਸ ਨੇ ਸਭ ਜਾਤਾਂ ਨੂੰ ਅੰਤਰਜਾਤੀ ਵਿਆਹ ਲਈ ਪ੍ਰੇਰਿਤ ਕੀਤਾ। ਅਕਬਰ ਨੇ ਇਸ ਨੂੰ ਰਾਣਾ ਪ੍ਰਤਾਪ ਦੇ ਵਿਰੁੱਧ ਲੜਨ ਲਈ ਭੇਜਿਆ। ਅੰਤ ਵਿੱਚ 1576 ਵਿੱਚ ਰਾਣਾ ਪ੍ਰਤਾਪ ਹਲਦੀ ਘਾਟੀ ਦੇ ਯੁੱਧ ਵਿੱਚ ਹਾਰ ਗਿਆ। ਰਾਜਾ ਮਾਨ ਸਿੰਘ ਕਾਬਲ ਤੇ ਬੰਗਾਲ ਦਾ ਸੂਬੇਦਾਰ ਰਿਹਾ ।
(6 ) ਤਾਨਸੈਨ ———–ਤਾਨਸੈਨ ਦਾ ਅਸਲੀ ਨਾਂ ਮਿਰਜ਼ਾ ਤਾਨਸੇਨ ਸੀ।ਇਹ ਸੰਗੀਤ ਦਾ ਬਹੁਤ ਮਾਹਿਰ ਸੀ । ਦੰਦ ਕਥਾ ਮੁਤਾਬਕ ਕਹਿੰਦੇ ਹਨ ਤਾਨਸੇਨ ਦੀਪਕ ਰਾਗ ਨਾਲ ਅੱਗ ਬਾਲ ਦਿੰਦਾ ਸੀ, ਤੇ ਮਲਾਰ ਰਾਗ ਨਾਲ ਮੀਂਹ ਮੀਂਹ ਪੁਆ ਦਿੰਦਾ ਸੀ। ਪਹਿਲਾਂ ਉਹ ਜਾਤ ਦਾ ਬ੍ਰਾਹਮਣ ਸੀ ਪਰ ਪਿੱਛੋਂ ਉਹ ਮੁਸਲਮਾਨ ਬਣ ਗਿਆ। ਇਹ ਵੀ ਅਕਬਰ ਬਾਦਸ਼ਾਹ ਦੇ ਨੌਂ ਰਤਨਾਂ ਚੋਂ ਇਕ ਸੀ
(7)ਮੁੱਲਾ ਦੋ ਪਿਆਜ਼ਾ ———ਬੀਰਬਲ ਦੀ ਤਰ੍ਹਾਂ ਇਹ ਵੀ ਹਾਸੇ ਠੱਠੇ ਦਾ ਸ਼ੌਕੀਨ ਸੀ । ਅਕਬਰ ਨੂੰ ਹਸਾਉਣਦਾ ਸੀ ਅਤੇ ਗੱਲਾਂ ਨਾਲ ਖੁਸ਼ ਕਰਦਾ ਸੀ ।ਇਹ ਸ਼ਾਹੀ ਖਾਨਸਾਮਾ ਵੀ ਸੀ ।
(8) ਅਬਦੁਲ ਰਹੀਮ ਖ਼ਾਨ- ਏ- ਖ਼ਾਨਾ ——- ਇਹ ਅਕਬਰ ਦੇ ਉਸਤਾਦ ਬੈਰਮ ਖਾਂ ਦਾ ਪੁੱਤਰ ਅਬਦੁਲ ਰਹੀਮ ਖ਼ਾਨ-ਏ- ਖਾਨਾ ਉੱਚ ਕੋਟੀ ਦਾ ਵਿਦਵਾਨ ਤੇ ਕਵੀ ਸੀ। ਇਸ ਨੇ ਤੁਜ਼ਕੇ ਬਾਬਰੀ ਦਾ ਤੁਰਕੀ ਤੇ ਫਾਰਸੀ ਵਿੱਚ ਅਨੁਵਾਦ ਕੀਤਾ । ਇਸ ਨੇ ਹਿੰਦੀ ਕਵਿਤਾ ਵੀ ਲਿਖੀ ।ਜਿਸ ਵਿੱਚ ਆਪ ਦਾ ਨਾਂ ਰਹੀਮ ਵਰਤਿਆ।ਉਸ ਦਾ ਰੁਤਬਾ ਸ਼ਾਹੀ ਫੌਜਾਂ ਦੇ ਮੁੱਖ ਕਮਾਂਡਰ (ਖ਼ਾਨੇ-ਏ -ਖ਼ਾਨਾ)ਵਾਲਾ ਸੀ ।
(9) ਹਕੀਮ ਅੱਲ੍ਹਾ ਫਤਹਿ —–ਇਹ ਅਕਬਰ ਦੇ ਨੌਂ ਰਤਨਾਂ ਵਿੱਚੋਂ ਇੱਕ ਸੀ, ਅਤੇ ਯੂਨਾਨੀ ਪ੍ਰਣਾਲੀ ਨਾਲ ਇਲਾਜ ਕਰਦਾ ਸੀ ।ਉਸਦਾ ਰੁਤਬਾ ਹਕੀਮ ਹੁੱਕਾਮ( ਸ਼ਾਹੀ ਹਕੀਮ )ਦਾ ਸੀ
ਡਾ ਨਰਿੰਦਰ ਭੱਪਰ ਝਬੇਲਵਾਲੀ।
ਪਿੰਡ ਤੇ ਡਾਕਖਾਨਾ ਝਬੇਲਵਾਲੀ ।
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ।
6284145349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj