ਜੰਮੂ (ਸਮਾਜ ਵੀਕਲੀ): ਕੌਮੀ ਜਾਂਚ ਏਜੰਸੀ ਨੇ ਧਮਾਕਾਖੇਜ਼ ਸਮੱਗਰੀ (ਆਈਈਡੀ) ਦੀ ਬਰਾਮਦਗੀ ਤੇ ਦਹਿਸ਼ਤੀ ਜਥੇਬੰਦੀ ਲਸ਼ਕਰ-ਏ-ਤੋਇਬਾ ਵਿੱਚ ਨੌਜਵਾਨਾਂ ਦੀ ਭਰਤੀ ਨਾਲ ਸਬੰਧਤ ਦੋ ਕੇਸਾਂ ਨੂੰ ਲੈ ਕੇ ਅੱਜ ਜੰਮੂ ਤੇ ਕਸ਼ਮੀਰ ਵਿੱਚ ਦਰਜਨ ਟਿਕਾਣਿਆਂ ’ਤੇ ਛਾਪੇ ਮਾਰੇ। ਐੱਨਆਈਏ ਤਰਜਮਾਨ ਨੇ ਕਿਹਾ ਕਿ ਜੰਮੂ-ਕਸ਼ਮੀਰ ਪੁਲੀਸ ਤੇ ਸੀਆਰਪੀਐੱਫ ਦੇ ਤਾਲਮੇਲ ਨਾਲ ਮਾਰੇ ਛਾਪਿਆਂ ਦੌਰਾਨ ਭੜਕਾਊ ਸਮੱਗਰੀ ਤੋਂ ਇਲਾਵਾ ਦੋਵਾਂ ਕੇਸਾਂ ਨਾਲ ਸਬੰਧਤ ਮਸ਼ਕੂਕਾਂ ਦੇ ਟਿਕਾਣਿਆਂ ਤੋਂ ਡਿਜੀਟਲ ਯੰਤਰ ਵੀ ਮਿਲੇ ਹਨ। ਤਰਜਮਾਨ ਨੇ ਕਿਹਾ ਕਿ ਪਿਛਲੇ ਸਾਲ 27 ਜੂਨ ਨੂੰ ਜੰਮੂ ਦੇ ਬਠਿੰਡੀ ਖੇਤਰ ਵਿੱਚੋਂ ਆਈਈਡੀ ਬਰਾਮਦਗੀ ਕੇਸ ਵਿੱਚ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਇਨ੍ਹਾਂ ਵਿਚੋਂ ਤਿੰਨ ਖਿਲਾਫ਼ 22 ਦਸੰਬਰ ਨੂੰ ਦੋਸ਼ ਪੱਤਰ ਦਾਖ਼ਲ ਕੀਤਾ ਜਾ ਚੁੱਕਾ ਹੈ। ਲਸ਼ਕਰ-ਏ-ਤੋਇਬਾ ਵਿੱਚ ਭਰਤੀ ਲਈ ਨੌਜਵਾਨਾਂ ਨੂੰ ਵਰਗਲਾਉਣ ਦੇ ਦੋਸ਼ ਵਿੱਚ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਐੱਨਆਈਏ ਨੇ ਕਿਹਾ ਕਿ ਧਮਾਕਾਖੇਜ਼ ਸਮੱਗਰੀ ਬਰਾਮਦਗੀ ਮਾਮਲੇ ਵਿੱਚ ਨੌਂ ਥਾਵਾਂ- ਸ੍ਰੀਨਗਰ ਤੇ ਕੁਪਵਾੜਾ ਜ਼ਿਲ੍ਹਿਆਂ ’ਚ ਦੋ-ਦੋ, ਅਨੰਤਨਾਗ, ਪੁਲਵਾਮਾ, ਬਾਂਦੀਪੋਰਾ, ਕੁਲਗਾਮ ਤੇ ਬਾਰਾਮੁੱਲਾ ਜ਼ਿਲ੍ਹਿਆਂ ਵਿੱਚ ਇਕ ਇਕ ਥਾਂ ’ਤੇ ਛਾਪੇ ਮਾਰੇ ਗਏ। ਨੌਜਵਾਨਾਂ ਨੂੰ ਵਰਗਲਾਉਣ ਦੇ ਮਾਮਲੇ ਵਿੱਚ ਏਜੰਸੀ ਨੇ ਤਿੰਨ ਥਾਵਾਂ ’ਤੇ ਛਾਪੇਮਾਰੀ ਕੀਤੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly