ਵੱਧਦੀ ਅਬਾਦੀ ਤੇ ਮੰਥਨ ਕਰਨ ਦੀ ਲੋੜ”

ਇੰਜ. ਕੁਲਦੀਪ ਸਿੰਘ ਰਾਮਨਗਰ

(ਸਮਾਜ ਵੀਕਲੀ)

ਕੁੱਝ ਦਿਨ ਪਹਿਲਾਂ ਸੰਯੁਕਤ ਰਾਸ਼ਟਰ ਦੇ ਸਰਵੇ ਦੇ ਅੰਕੜਿਆਂ ਮੁਤਾਬਕ ਭਾਰਤ ਅਬਾਦੀ ਪੱਖੋਂ ਚੀਨ ਦੇਸ਼ ਨੂੰ ਪਛਾੜ ਕੇ ਦੁਨੀਆਂ ਦੇ ਪਹਿਲੇ ਨੰਬਰ ਤੇ ਆ ਗਿਆ ਹੈ ਜੋ ਕਿ ਦੇਸ਼ ਲਈ ਬਹੁਤ ਹੀ ਚਿੰਤਾਜਨਕ ਹੈ। ਅਜ਼ਾਦੀ ਤੋਂ ਬਾਅਦ ਦੇਸ਼ ਦੀਆਂ ਸਰਕਾਰਾਂ ਆਬਾਦੀ ਦੀ ਦਰ ਘਟਾਉਣ ਵਿੱਚ ਨਾ ਕਾਮਯਾਬ ਰਹੀਆਂ ਹਨ। ਕਿਸੇ ਵੀ ਸਰਕਾਰ ਨੇ ਅਬਾਦੀ ਨੂੰ ਕੰਟਰੋਲ ਕਰਨ ਲਈ ਕੋਈ ਵੀ ਕਨੂੰਨ ਬਣਾਉਣ ਦੀ ਹਿੰਮਤ ਨਹੀਂ ਕੀਤੀ ਜਿਸਦਾ ਨਤੀਜਾ ਇਹ ਹੋਇਆ ਕਿ ਅਬਾਦੀ ਦੇ ਨਾਲ ਨਾਲ ਦੇਸ਼ ਵਿੱਚ ਬੇਰੁਜ਼ਗਾਰੀ, ਮਹਿਗਾਈ, ਗਰੀਬੀ, ਭੁਖਮਰੀ ਅਤੇ ਭ੍ਰਿਸ਼ਟਾਚਾਰ ਵਰਗੀਆਂ ਅਲਾਮਤਾਂ ਵੀ ਵਧਦੀਆਂ ਗਈਆਂ ਦੂਜੇ ਪਾਸੇ ਚੀਨ ਦੇਸ਼ ਜੋ ਕਿ ਅਬਾਦੀ ਪੱਖੋਂ ਭਾਰਤ ਨਾਲੋਂ ਕਾਫ਼ੀ ਅੱਗੇ ਸੀ ਆਪਣੀ ਸੂਝ ਬੂਝ ਨਾਲ ਅਤੇ ਸਖ਼ਤ ਕਾਨੂੰਨ ਬਣਾਉਣ ਕਰਕੇ ਅਬਾਦੀ ਤੇ ਕਾਫੀ ਹੱਦ ਤੱਕ ਕੰਟਰੋਲ ਕਰਨ ਵਿੱਚ ਕਾਮਯਾਬ ਹੋ ਗਿਆ ਹੈ ਪਿੱਛੇ ਜਿਹੇ ਸੰਯੁਕਤ ਰਾਸ਼ਟਰ ਦੇ ਸਰਵੇ ਦੇ ਅੰਕੜਿਆਂ ਮੁਤਾਬਕ ਭਾਰਤ 142.86 ਕਰੋੜ ਲੋਕਾਂ ਨਾਲ ਆਬਾਦੀ ਪੱਖੋੋਂ ਚੀਨ ਨੂੰ ਪਛਾੜ ਕੇ ਨੰਬਰ ਇਕ ਮੁਲਕ ਬਣ ਗਿਆ ਹੈ।

ਗੁਆਂਢੀ ਮੁਲਕ ਚੀਨ ਇਸ ਵੇਲੇ 142.57 ਕਰੋੜ ਦੂਜੇ ਪਾਸੇ ਅਸੀਂ ਅਬਾਦੀ ਨੂੰ ਕੰਟਰੋਲ ਕਰਨ ਵਿੱਚ ਕਾਮਯਾਬ ਨਹੀਂ ਹੋ ਰਹੇ ਇਸ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ ਜਿਵੇਂ ਕਿ ਸਰਕਾਰਾਂ ਵੱਲੋਂ ਕੋਈ ਸਖਤ ਕਾਨੂੰਨ ਨਾ ਬਣਾਉਣਾ, ਲੋਕਾਂ ਵਿੱਚ ਜਾਗਰੂਕਤਾ ਦੀ ਘਾਟ, ਅਨਪੜ੍ਹਤਾ, ਅੰਧਵਿਸ਼ਵਾਸ, ਆਦਿ ਹਨ। ਭਾਰਤ ਵਿਚ ਵੱਧ ਰਹੀ ਅਬਾਦੀ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਕਹਿਣਾ ਕੋਈ ਗਲਤ ਨਹੀਂ ਹੋਵੇਗਾ। ਬੇਰੁਜ਼ਗਾਰੀ, ਮਹਿਗਾਈ, ਗਰੀਬੀ ਆਦਿ ਸਮੱਸਿਆਵਾਂ ਦਾ ਕਾਰਨ ਵੀ ਸ਼ਾਇਦ ਇਹੋ ਹੀ ਹੈ। ਅਗਰ ਅਸੀਂ ਆਪਣੇ ਗੁਆਂਢੀ ਦੇਸ਼ ਚੀਨ ਦੀ ਗੱਲ ਕਰੀਏ ਤਾਂ ਇਸ ਦੇਸ਼ ਨੇ ਆਪਣੀ ਸਮਝ ਨਾਲ ਅਬਾਦੀ ਤੇ ਕਾਫੀ ਹੱਦ ਤੱਕ ਕੰਟਰੋਲ ਕਰ ਲਿਆ ਹੈ ਚੀਨ ਨੇ 1979 ਵਿੱਚ ਇੱਕ ਬੱਚਾ ਪੈਦਾ ਕਰਨ ਅਤੇ ਦੂਜਾ ਬੱਚਾ ਪੈਦਾ ਕਰਨ ਤੇ ਨੌਕਰੀ ਨਾਂ ਦੇਣ ਲਈ ਲਈ ਕਨੂੰਨ ਬਣਾਇਆ ਸੀ ਜਿਸ ਦੇ ਚੱਲਦੇ ਚੀਨ ਅਬਾਦੀ ਘੱਟ ਕਰਨ ਵਿੱਚ ਕਾਫੀ ਸਫਲ ਰਿਹਾ। ਭਾਰਤ ਦੇਸ਼ ਨੂੰ ਵੀ ਇਹੋ ਜਿਹੇ ਸਖ਼ਤ ਕਾਨੂੰਨ ਬਣਾਉਣ ਦੀ ਲੋੜ ਹੈ।

ਸਮਾਜ ਵਿਚ ਅੱਜ ਵੀ ਮੁੰਡੇ ਦੀ ਇੱਛਾ ਰੱਖਣ ਵਾਲੇ ਆਦਮੀ, ਪਰਿਵਾਰ ਨਿਯੋਜਨ ਅਪਣਾਉਣ ਨੂੰ ਤਿਆਰ ਨਹੀਂ ਹੁੰਦੇ ਅਤੇ ਕਈ ਵਾਰ ਤਾਂ ਮੁੰਡਾ ਪੈਦਾ ਕਰਨ ਦੇ ਚੱਕਰ ਵਿੱਚ ਪ੍ਰੀਵਾਰ ਜ਼ਿਆਦਾ ਵਧਾ ਲਿਆ ਜਾਂਦਾ ਹੈ। ਜਨਸੰਖਿਆ ਵਧਣ ਦੇ ਕਈ ਕਾਰਨਾਂ ‘ਚ ਗਰੀਬੀ ਅਤੇ ਅਨਪੜ੍ਹਤਾ ਵੀ ਹੈ। ਅਨਪੜ੍ਹਤਾ ਕਾਰਨ ਲੋਕ ਪਰਿਵਾਰ ਨਿਯੁਜਨ ਦੇ ਮਹੱਤਵ ਨੂੰ ਨਹੀਂ ਸਮਝਦੇ ਅਤੇ ਹੋਰਨਾਂ ਖ਼ਤਰਿਆਂ ਨੂੰ ਜਨਮ ਦਿੰਦੇ ਹਨ ਜੋ ਕਿ ਅਸੀਂ ਆਏ ਦਿਨ ਦੇਖਦੇ ਰਹਿੰਦੇ ਹਾਂ । ਦੇਸ਼ ਦੀ ਹਾਲਤ ਇਹ ਹੋ ਗਈ ਹੈ ਕਿ ਆਏ ਦਿਨ ਭਾਰਤ ਵਿੱਚ ਗਰੀਬੀ, ਬੇਰੁਜ਼ਗਾਰੀ ਤੇ ਧਾਰਮਿਕ ਮੁੱਦੇ ਜ਼ੋਰ ਫੜਦੇ ਜਾ ਰਹੇ ਹਨ ਬੇਰੁਜ਼ਗਾਰੀ ਲਈ ਧਰਨੇ ਲੱਗਦੇ ਹਨ। ਰਾਜਨੀਤਿਕ ਪਾਰਟੀਆਂ ਖੁੱਲ੍ਹੀਆਂ ਨੌਕਰੀਆਂ ਦਾ ਸੱਦਾ ਦੇ ਕੇ ਅਤੇ ਝੂਠੇ ਵਾਅਦਿਆਂ ਦੇ ਸਹਾਰੇ ਚੋਣਾਂ ਜਿੱਤ ਜਾਂਦੀਆਂ ਹਨ ਪਰ 75 ਸਾਲਾਂ ਤੋਂ ਪਰਨਾਲਾ ਉੱਥੇ ਦਾ ਉੱਥੇ ਹੀ ਹੈ।

ਤਿੰਨ ਦਹਾਕੇ ਤੋਂ ਗਰੀਬੀ, ਮਹਿੰਗਾਈ ਅਤੇ ਬੇਰੁਜ਼ਗਾਰੀ ਦਾ ਮੁੱਦਾ ਜ਼ੋਰ ਫ਼ੜਦਾ ਜਾ ਰਿਹਾ ਹੈ। ਭਾਰਤ ‘ਚ ਹਰ ਕੋਈ ਰਾਜਨੀਤਿਕ ਪਾਰਟੀ ਮੁੱਦੇ ਤਾਂ ਲੱਭਦੀ ਹੈ ਪਰ ਉਸ ਦਾ ਕਾਰਨ ਕੀ ਹੈ, ਕਦੇ ਵੀ ਨਹੀ ਵਿਚਾਰਿਆ ਜਾਂਦਾ ਕਿਉਂਕਿ ਜੇ ਠੋਸ ਹੱਲ ਲੱਭ ਲਿਆ ਤਾਂ ਰਾਜਨੀਤਿਕ ਪਾਰਟੀਆਂ ਲਈ ਮੁੱਦੇ ਖ਼ਤਮ ਹੋ ਜਾਣਗੇ। 1975 ‘ਚ ਐਮਰਜੈਂਸੀ ਲੱਗੀ ਤਾਂ ਪ੍ਰਧਾਨ ਮੰਤਰੀ ਦੇ ਬੇਟੇ ਸੰਜੇ ਗਾਂਧੀ ਨੇ ਆਬਾਦੀ ਨੂੰ ਕਾਬੂ ਕਰਨ ਲਈ ਮੁੱਖ ਮੁੱਦਾ ਬਣਾ ਲਿਆ। ਸਹੀ ਸਮੇਂ ‘ਤੇ ਸਹੀ ਤਰੀਕਾ ਅਪਣਾਉਣਾ ਚੰਗੀ ਗੱਲ ਸੀ। ਪਰਿਵਾਰ ਸੀਮਤ ਲਈ ਸਰਕਾਰ ਵੱਲੋਂ ਐਮਰਜੈਂਸੀ ਵਾਲਾ ਕਾਨੂੰਨ ਵੀ ਲਾਗੂ ਕਰ ਦਿੱਤਾ ਗਿਆ ਪਰ ਇਸ ‘ਤੇ ਪ੍ਰਸ਼ਾਸਨ ਵਲੋਂ ਜ਼ਿਆਦਾ ਧਿਆਨ ਨਹੀਂ ਦਿੱਤਾ ਗਿਆ । ਸਿੱਖਿਆ ਦੀ ਘਾਟ ਕਰਕੇ ਆਮ ਜਨਤਾ ਨੇ ਵੀ ਇਸ ਪਾਸੇ ਬਹੁਤਾ ਧਿਆਨ ਨਾ ਦਿੱਤਾ। ਸਰਕਾਰ ਬਦਲ ਗਈ, ਕੰਮ ਬੰਦ ਹੋਣੇ ਹੀ ਸਨ। 47 ਸਾਲ ਗੁਜ਼ਰ ਗਏ ਪਰ ਆਬਾਦੀ ਵਧਦੀ ਉਸੇ ਤਰ੍ਹਾਂ ਵੱਧਦੀ ਰਹੀ ਹੈ।

ਬੇਰੁਜ਼ਗਾਰੀ ਅਤੇ ਮਹਿੰਗਾਈ ਨੇ ਵਧਣਾ ਹੀ ਹੈ, ਜਿਸ ਕਰਕੇ ਲੋਕਾਂ ਨੂੰ ਕੰਮ ਨਹੀਂ ਮਿਲ ਰਿਹਾ ਜੋ ਸਭ ਦੇ ਸਾਹਮਣੇ ਹੈ। ਜਦੋਂ ਵੀ ਲੋਕ ਸਭਾ ਜਾਂ ਵਿਧਾਨਸਭਾਵਾਂ ਦੀਆਂ ਚੋਣਾਂ ਆਉਂਦੀਆਂ ਹਨ, ਹਰੇਕ ਰਾਜਨੀਤਿਕ ਪਾਰਟੀ ਦਾ ਨਾਅਰਾ ਹੁੰਦਾ ਹੈ, ਅਸੀਂ ਰੋਜ਼ਗਾਰ ਦੇਵਾਂਗੇ, ਮਹਿੰਗਾਈ ਘੱਟ ਕਰਾਂਗੇ, ਪਰ ਅਬਾਦੀ ਨੂੰ ਕੰਟਰੋਲ ਕਰਨ ਦਾ ਅੱਜ ਤੱਕ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਮੁੱਦਾ ਨਹੀਂ ਬਣਿਆ ਫਿਰ ਹੱਲ ਕਿਵੇਂ ਹੋ ਸਕਦਾ ਹੈ। ਜੇ ਆਬਾਦੀ ਕਾਬੂ ਕੀਤੀ ਜਾਵੇ ਭਾਰਤ ‘ਚ ਉੱਭਰਦੇ ਮਸਲੇ ਆਪਣੇ ਆਪ ਹੱਲ ਹੋ ਜਾਣਗੇ, ਫਿਰ ਕਿਸੇ ਰਾਜਨੀਤਿਕ ਪਾਰਟੀ ਦਾ ਕੋਈ ਚੋਣ ਮੁੱਦਾ ਹੋਵੇਗਾ ਹੀ ਨਹੀਂ ਪਰ ਰਾਜਨੀਤਕ ਪਾਰਟੀਆਂ ਇਹ ਚਹੁੰਦੀਆਂ ਨਹੀਂ ਕਿ ਮੁੱਦੇ ਖਤਮ ਹੋਣ । ਸਾਡੀਆਂ ਸਰਕਾਰਾਂ ਤੇ ਰਾਜਨੀਤਿਕ ਪਾਰਟੀਆਂ ਬੋਲੀਆਂ ਤੇ ਅੰਨ੍ਹੀਆਂ ਦੋਵੇਂ ਹੀ ਹਨ।

ਜਿਸ ਦਿਨ ਸਾਡੀਆਂ ਰਾਜਨੀਤਕ ਪਾਰਟੀਆਂ ਤੇ ਬੁੱਧਜੀਵੀਆਂ ਦੀ ਸੋਚ ਇਸ ਪਾਸੇ ਵੱਲ ਆਈ ਤਾਂ ਅਸੀਂ ਵੀ ਚੀਨ ਦੇਸ਼ ਵਾਂਗ ਅਬਾਦੀ ਤੇ ਕੰਟਰੋਲ ਕਰਕੇ ਦੇਸ਼ ਨੂੰ ਸੁਪਰ ਬਣਾ ਸਕਦੇ ਹਾਂ । ਲੋਕਾਂ ਨੂੰ ਪਰਿਵਾਰ ਨਿਯੋਜਨ ਬਾਰੇ ਰੇਡੀਓ, ਟੈਲੀਵਿਜ਼ਨ, ਅਖਬਾਰਾਂ ਅਤੇ ਰਸਾਲਿਆਂ ਦੀ ਮਦਦ ਲੈ ਕੇ ਵੀ ਸਮਝਾਇਆ ਜਾ ਸਕਦਾ ਹੈ ਜਿਸ ਨਾਲ ਆਬਾਦੀ ਦਾ ਵੱਧਣਾ ਅਤੇ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਰੋਕਿਆ ਜਾ ਸਕਦਾ ਹੈ। ਸਿੱਖਿਆ ਦਾ ਪੱਧਰ ਵਧਣ ਅਤੇ ਲੋਕਾਂ ਵਿਚ ਜਾਗਰੂਕਤਾ ਮੁਹਿੰਮ ਦੇ ਪ੍ਰਚਾਰ ਅਤੇ ਪ੍ਰਸਾਰ ਨਾਲ ਆਬਾਦੀ ਦੇ ਵਾਧੇ ਨੂੰ ਰੋਕਿਆ ਜਾ ਸਕਦਾ ਹੈ। ਇਸ ਵਿੱਚ ਲੋਕਾਂ ਅਤੇ ਸਰਕਾਰ ਦੇ ਸਹਿਯੋਗ ਦੀ ਬਹੁਤ ਲੋੜ ਹੈ

ਇੰਜੀ.ਕੁਲਦੀਪ ਸਿੰਘ ਰਾਮਨਗਰ.
ਮੋਬਾਈਲ:- 94179-9004

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੰਦਰ ਤੇਰੇ ਬੋਲ ਰਿਹਾ
Next articleਅੰਤਿਮ ਦਰਸ਼ਨ ਲਈ ਪਾਰਟੀ ਦਫ਼ਤਰ ’ਚ ਰੱਖੀ ਪ੍ਰਕਾਸ਼ ਸਿੰਘ ਬਾਦਲ ਦੀ ਦੇਹ