ਲੋਕ ਵਿਰਸੇ ਨੂੰ ਲਿਖਤਾਂ ਵਿੱਚ ਲਿਆਉਣ ਦੀ ਲੋੜ: ਡਾ. ਅਰਵਿੰਦਰ ਕੌਰ ਕਾਕੜਾ

ਸੰਗਰੂਰ (ਸਮਾਜ ਵੀਕਲੀ) (ਰਮੇਸ਼ਵਰ ਸਿੰਘ)- “ਆਪਣੇ ਗੌਰਵਮਈ ਇਤਿਹਾਸ ਤੋਂ ਬੇਮੁੱਖ ਹੋਈਆਂ ਕਲਮਾਂ ਕਦੇ ਵੀ ਕਲਿਆਣਕਾਰੀ ਸਾਬਤ ਨਹੀਂ ਹੋ ਸਕਦੀਆਂ, ਇਸ ਲਈ ਲੋਕ ਵਿਰਸੇ ਨੂੰ ਲਿਖਤਾਂ ਵਿੱਚ ਲਿਆਉਣਾ ਸਮੇਂ ਦੀ ਅਹਿਮ ਲੋੜ ਹੈ।” ਇਹ ਸ਼ਬਦ ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਵੱਲੋਂ ਹੋਟਲ ਈਟਿੰਗ ਮਾਲ, ਸੰਗਰੂਰ ਵਿਖੇ ਕਰਵਾਏ ਗਏ ਆਪਣੇ ਤਿਮਾਹੀ ਸਾਹਿਤਕ ਸਮਾਗਮ ਵਿੱਚ ਬੋਲਦਿਆਂ ਸਿਰਮੌਰ ਪੰਜਾਬੀ ਲੇਖਿਕਾ ਅਤੇ ਆਲੋਚਿਕਾ ਡਾ. ਅਰਵਿੰਦਰ ਕੌਰ ਕਾਕੜਾ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਹੇ। ਇਸ ਮੌਕੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੀ ਪ੍ਰਫ਼ੁੱਲਤਾ ਵਿੱਚ ਵਡਮੁੱਲਾ ਯੋਗਦਾਨ ਪਾਉਣ ਲਈ ਉੱਘੇ ਇਨਕਲਾਬੀ ਕਵੀ ਜਗਰਾਜ ਧੌਲਾ ਨੂੰ ਲੋਕ ਕਵੀ ਸੰਤ ਰਾਮ ਉਦਾਸੀ ਕਵਿਤਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਆਪਣੇ ਜੀਵਨ ਅਤੇ ਲਿਖਣ ਪ੍ਰਕਿਰਿਆ ਸਬੰਧੀ ਯਾਦਾਂ ਸਾਂਝੀਆਂ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਜ਼ਿੰਦਗੀ ਦੇ ਹਰ ਖੇਤਰ ਵਿੱਚ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਲੋਕਾਂ ਦੀ ਆਵਾਜ਼ ਬਣਨਾ ਹੀ ਉਨ੍ਹਾਂ ਦੀ ਲੇਖਣੀ ਦਾ ਇੱਕੋ ਇੱਕ ਉਦੇਸ਼ ਹੈ।

ਉਨ੍ਹਾਂ ਨੇ ਤਰੰਨਮ ਵਿੱਚ ਗਾਏ ਆਪਣੇ ਕੁੱਝ ਇਨਕਲਾਬੀ ਗੀਤਾਂ ਨਾਲ ਸਮਾਗਮ ਵਿੱਚ ਹਾਜ਼ਰ ਸਰੋਤਿਆਂ ਨੂੰ ਮੰਤਰ-ਮੁਗਧ ਕਰ ਦਿੱਤਾ ਅਤੇ ਸਾਹਿਤਕਾਰਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਬੜੇ ਤਸੱਲੀਬਖ਼ਸ਼ ਢੰਗ ਨਾਲ ਦਿੱਤੇ। ਜਗਰਾਜ ਧੌਲਾ ਨੂੰ ਦਿੱਤਾ ਜਾਣ ਵਾਲਾ ਸਨਮਾਨ ਪੱਤਰ ਖੁਸ਼ਪ੍ਰੀਤ ਕੌਰ ਘਨੌਰੀ ਕਲਾਂ ਨੇ ਪੜ੍ਹਿਆ। ਪ੍ਰੋ. ਦਵਿੰਦਰ ਖੁਸ਼ ਧਾਲੀਵਾਲ ਨੇ ‘ਮੌਜੂਦਾ ਦੌਰ ਵਿੱਚ ਲੋਕ ਕਵੀ ਸੰਤ ਰਾਮ ਉਦਾਸੀ ਦੀ ਕਵਿਤਾ ਦੀ ਪ੍ਰਸੰਗਿਕਤਾ’ ਵਿਸ਼ੇ ’ਤੇ ਪੜ੍ਹੇ ਆਪਣੇ ਭਾਵਪੂਰਨ ਪਰਚੇ ਵਿੱਚ ਕਿਹਾ ਕਿ ਲੋਕ ਲਹਿਰਾਂ ਦੀ ਉਸਾਰੀ ਵਿੱਚ ਸੰਤ ਰਾਮ ਉਦਾਸੀ ਦੀ ਕਵਿਤਾ ਅੱਜ ਵੀ ਹਰ ਪੱਖੋਂ ਸਮਰੱਥ ਹੈ। ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਡਾ. ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਜਗਰਾਜ ਧੌਲਾ ਲੋਕ ਕਵੀ ਸੰਤ ਰਾਮ ਉਦਾਸੀ ਦੀ ਵਿਰਾਸਤ ਦਾ ਸੱਚਾ ਵਾਰਿਸ ਹੈ। ਡਾ. ਇਕਬਾਲ ਸਿੰਘ ਸਕਰੌਦੀ ਨੇ ਕਿਹਾ ਕਿ ਜਗਰਾਜ ਧੌਲਾ ਨੇ ਲੋਕ ਕਵੀ ਸੰਤ ਰਾਮ ਉਦਾਸੀ ਦੀ ਪਾਈ ਇਨਕਲਾਬੀ ਪਿਰਤ ਨੂੰ ਅੱਗੇ ਵਧਾਉਣ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ। ਡਾ. ਦਵਿੰਦਰ ਕੌਰ ਐਡਵੋਕੇਟ ਨੇ ਕਿਹਾ ਕਿ ਲੋਕਾਂ ਲਈ ਲਿਖਣ ਵਾਲੇ ਕਵੀ ਹੀ ਅਸਲ ਵਿੱਚ ਲੋਕ-ਕਵੀ ਹੋਣ ਦੇ ਹੱਕਦਾਰ ਹਨ। ਡਾ. ਮੀਤ ਖਟੜਾ ਨੇ ਕਿਹਾ ਕਿ ਜਗਰਾਜ ਧੌਲਾ ਲੋਕਾਂ ਲਈ ਕੇਵਲ ਲਿਖਦੇ ਹੀ ਨਹੀਂ ਬਲਕਿ ਆਪਣੀਆਂ ਲਿਖਤਾਂ ਨੂੰ ਜਿਊਂਦੇ ਵੀ ਹਨ।

ਉਪਰੰਤ ਪਾਠਕ ਭਰਾਵਾਂ ਪ੍ਰੋ. ਮਿੱਠੂ ਪਾਠਕ, ਕਵੀਸ਼ਰ ਪ੍ਰੀਤ ਪਾਠਕ, ਮਾਸਟਰ ਸਤਨਾਮ ਪਾਠਕ ਦੇ ਕਵੀਸ਼ਰੀ ਜਥੇ ਵੱਲੋਂ ਪੇਸ਼ ਕੀਤੀ ਜਗਰਾਜ ਧੌਲਾ ਨੂੰ ਸਮਰਪਿਤ ਬੇਹੱਦ ਖ਼ੂਬਸੂਰਤ ਕਵੀਸ਼ਰੀ ਨਾਲ ਸ਼ੁਰੂ ਹੋਏ ਵਿਸ਼ਾਲ ਕਵੀ ਦਰਬਾਰ ਵਿੱਚ ਕੁਲਦੀਪ ਸਿੰਘ ਰਾਜਪੁਰਾ, ਜਸਵੀਰ ਸ਼ਰਮਾ ਦੱਦਾਹੂਰ, ਸਤਪਾਲ ਸਿੰਘ ਲੌਂਗੋਵਾਲ, ਜਸਪਾਲ ਸਿੰਘ ਸੰਧੂ, ਸਰਬਜੀਤ ਸਿੰਘ ਨਮੋਲ, ਕਰਮ ਸਿੰਘ ਜ਼ਖ਼ਮੀ, ਸੁਖਵਿੰਦਰ ਸਿੰਘ ਲੋਟੇ, ਜਗਜੀਤ ਸਿੰਘ ਲੱਡਾ, ਦਲਬਾਰ ਸਿੰਘ ਚੱਠੇ ਸੇਖਵਾਂ, ਪੰਮੀ ਫੱਗੂਵਾਲੀਆ, ਧਰਮਵੀਰ ਸਿੰਘ, ਜਸਵੰਤ ਸਿੰਘ ਅਸਮਾਨੀ, ਗੁਰਜੰਟ ਸਿੰਘ ਮੀਮਸਾ, ਮੀਤ ਸਕਰੌਦੀ, ਮੂਲ ਚੰਦ ਸ਼ਰਮਾ, ਡਾ. ਅਮਨਦੀਪ ਸਿੰਘ ਟੱਲੇਵਾਲੀਆ, ਹਾਕਮ ਸਿੰਘ ਰੂੜੇਕੇ, ਰੂਪ ਸਿੰਘ ਧੌਲਾ, ਖੁਸ਼ਪ੍ਰੀਤ ਕੌਰ, ਬਲਵੰਤ ਕੌਰ ਘਨੌਰੀ ਕਲਾਂ, ਦਿਲਮਨ ਕੌਰ, ਸੁਰਜੀਤ ਸਿੰਘ ਮੌਜੀ, ਧਰਮੀ ਤੁੰਗਾਂ, ਬੀ. ਐੱਸ. ਡੀਮਾਣਾ, ਡਾ. ਪਰਮਜੀਤ ਸਿੰਘ ਦਰਦੀ, ਰਣਜੀਤ, ਗੁਰਮੀਤ ਸਿੰਘ ਸੋਹੀ, ਗੋਬਿੰਦ ਸਿੰਘ ਤੂਰਬਨਜਾਰਾ, ਗੁਰਪ੍ਰੀਤ ਸਿੰਘ ਸੰਗਰੂਰ, ਰਣਜੀਤ ਆਜ਼ਾਦ ਕਾਂਝਲਾ, ਕਲਵੰਤ ਕਸਕ, ਪਵਨ ਜੋਸ਼ੀ, ਪੇਂਟਰ ਸੁਖਦੇਵ ਸਿੰਘ ਧੂਰੀ, ਮੱਖਣ ਸੇਖੂਵਾਸ, ਮਹਿੰਦਰਜੀਤ ਸਿੰਘ, ਜੰਗੀਰ ਸਿੰਘ ਰਤਨ ਅਤੇ ਜਗਜੀਤ ਸਿੰਘ ਸੰਗਰੂਰ ਆਦਿ ਕਵੀਆਂ ਨੇ ਹਿੱਸਾ ਲਿਆ। ਸਮਾਗਮ ਵਿੱਚ ਮਾਣਯੋਗ ਹਰਬੰਸ ਲਾਲ ਗਰਗ ਵੱਲੋਂ ਲਗਾਈ ਗਈ ਲੱਗਭੱਗ ਸਦੀ ਤੋਂ ਵੱਧ ਪੁਰਾਣੇ ਅਖ਼ਬਾਰਾਂ ਦੀ ਪ੍ਰਦਰਸ਼ਨੀ ਨੇ ਵੀ ਸਾਹਿਤਕਾਰਾਂ ਨੂੰ ਬੇਹੱਦ ਪ੍ਰਭਾਵਿਤ ਕੀਤਾ। ਅੰਤ ਵਿੱਚ ਕਰਮ ਸਿੰਘ ਜ਼ਖ਼ਮੀ ਨੇ ਸਾਰੇ ਆਏ ਸਾਹਿਤਕਾਰਾਂ ਲਈ ਧੰਨਵਾਦੀ ਸ਼ਬਦ ਕਹੇ ਅਤੇ ਮੰਚ ਸੰਚਾਲਨ ਦੀ ਭੂਮਿਕਾ ਸੁਖਵਿੰਦਰ ਲੋਟੇ ਨੇ ਬਾਖ਼ੂਬੀ ਨਿਭਾਈ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਪ੍ਰਧਾਨ ਜੀ ਵੀ ਜੇਲ੍ਹ ਵਿਚ ਰਿਟਾਇਰਮੈਂਟ ਪਾਰਟੀ।”
Next articleਐੱਸ.ਐੱਚ.ਓ. ਗੱਬਰ ਸਿੰਘ ਦੁਆਰਾ ਕੁੜੀਆਂ ਦੇ ਪਹਿਲੇ ਕਬੱਡੀ ਕੱਪ ਦਾ ਪੋਸਟਰ ਰਿਲੀਜ਼