(ਸਮਾਜ ਵੀਕਲੀ)
ਸੰਸਾਰ ਭਰ ਦੇ ਸਾਰੇ ਮੁਲਕ ਤੇਜ਼ੀ ਨਾਲ ਸਮਾਜਿਕ ਅਤੇ ਆਰਥਿਕ ਤੌਰ ਤੇ ਤਰੱਕੀ ਕਰ ਰਹੇ ਹਨ। ਇਸ ਵਿੱਚ ਵੀ ਕੋਈ ਦੋ ਰਾਇ ਨਹੀਂ ਕਿ ਇਸ ਤਰੱਕੀ ਵਿੱਚ ਆਵਾਜਾਈ ਦੇ ਸਾਧਨਾਂ ਨੇ ਬੜਾ ਵੱਡਾ ਯੋਗਦਾਨ ਪਾਇਆ ਹੈ। ਪਰ ਇਸਦੇ ਨਾਲ ਹੀ ਆਵਾਜਾਈ ਦੇ ਸਾਧਨਾਂ ਦੀ ਗਿਣਤੀ ਵਧ ਜਾਣ ਨਾਲ ਆਵਾਜਾਈ ਨਾਲ ਸਬੰਧਤ ਵੱਡੀਆਂ ਸਮੱਸਿਆਵਾਂ ਜਨਮ ਲੈ ਰਹੀਆਂ ਹਨ। ਆਵਾਜਾਈ ਦੇ ਸਾਧਨ ਵੱਧਣ ਕਰਕੇ ਨਿਤ ਦਿਨ ਸੜਕ ਦੁਰਘਟਨਾਵਾਂ ਵਧ ਰਹੀਆਂ ਹਨ। ਰੋਜ਼ ਹੀ ਅਖ਼ਬਾਰਾਂ, ਨਿਊਜ਼ ਚੈਨਲਾਂ ਅਤੇ ਸੋਸ਼ਲ ਮੀਡੀਆ ਸਮੇਤ ਹੋਰ ਸੰਚਾਰ ਸਾਧਨਾਂ ਰਾਹੀਂ ਭਿਆਨਕ ਸੜਕ ਹਾਦਸਿਆਂ ਦੀਆਂ ਖਬਰਾਂ, ਤਸਵੀਰਾਂ ਅਤੇ ਵੀਡੀਓ ਦੇਖਣ ਨੂੰ ਮਿਲਦੀਆਂ ਹਨ ਜਿਨ੍ਹਾਂ ਨੂੰ ਪੜ੍ਹ-ਸੁਣ-ਦੇਖ ਕੇ ਮਨ ਬੜਾ ਦੁੱਖੀ ਹੁੰਦਾ ਹੈ। ਇਸ ਤਰ੍ਹਾਂ ਦੇ ਸੜਕ ਹਾਦਸੇ ਹਰ ਸਾਲ ਕਿੰਨੇ ਹੀ ਲੋਕਾਂ ਦੀ ਮੌਤ ਦਾ ਕਾਰਨ ਬਣਦੇ ਹਨ। ਇਨਾਂ ਸੜਕ ਹਾਦਸਿਆਂ ਵਿੱਚ ਅਸੀਂ ਅਨੇਕਾਂ ਹੀ ਨਾਮੀ ਸ਼ਖ਼ਸੀਅਤਾਂ, ਨੇਤਾ , ਫਿਲਮ ਹਸਤੀਆਂ, ਮਸ਼ਹੂਰ ਕਲਾਕਾਰ ਗੁਆ ਚੁੱਕੇ ਹਾਂ।
ਬਹੁਤ ਸਾਰੇ ਹਾਦਸਿਆਂ ਵਿੱਚ ਤਾਂ ਪੂਰੇ ਦੇ ਪੂਰੇ ਪਰਿਵਾਰ ਖ਼ਤਮ ਹੋ ਜਾਂਦੇ ਹਨ। ਹਰ ਕੋਈ ਹੀ ਆਪਣੇ ਪਰਿਵਾਰ ਲਈ ਅਣਮੋਲ ਹੁੰਦਾ ਹੈ ਜੇਕਰ ਪਰਿਵਾਰ ਦਾ ਇੱਕ ਜੀਅ ਦੀ ਬੇਵਕਤ ਮੌਤ ਹੋ ਜਾਂਦੀ ਹੈ ਤਾਂ ਬਾਕੀ ਪਰਿਵਾਰ ਨੂੰ ਸਾਰੀ ਉਮਰ ਮਾਨਸਿਕ ਤੇ ਆਰਥਿਕ ਸੰਤਾਪ ਹੰਢਾਉਂਣਾ ਪੈਂਦਾ ਹੈ। ਮੌਤ ਹੋਣ ਤੋਂ ਇਲਾਵਾ ਬਹੁਤ ਸਾਰੇ ਹਾਦਸਿਆਂ ਵਿੱਚ ਲੋਕ ਭਿਆਨਕ ਰੂਪ ਵਿੱਚ ਜ਼ਖ਼ਮੀ ਹੋ ਜਾਂਦੇ ਹਨ ਅਤੇ ਕਈ ਵਾਰ ਤਾਂ ਸਰੀਰਕ ਤੌਰ ਤੇ ਅਪਾਹਜ ਹੋ ਜਾਂਦੇ ਹਨ ਅਤੇ ਸਾਰੀ ਉਮਰ ਲਈ ਆਪਣੇ ਪਰਿਵਾਰ ਉਪਰ ਬੋਝ ਬਣ ਜਾਂਦੇ ਹਨ। ਜੇਕਰ ਘਰ ਦੇ ਇੱਕੋ-ਇੱਕ ਕਮਾਊ ਮੈਂਬਰ ਨਾਲ ਇਸ ਤਰ੍ਹਾਂ ਦੀ ਦੁਰਘਟਨਾ ਵਾਪਰ ਜਾਵੇ ਤਾਂ ਉਸ ‘ਤੇ ਨਿਰਭਰ ਬਾਕੀ ਜੀਆਂ ਦੀ ਜ਼ਿੰਦਗੀ ਤਬਾਹੀ ਦੇ ਕੰਢੇ ਤੇ ਆ ਜਾਂਦੀ ਹੈ।
ਅਕਸਰ ਹੀ ਇਸ ਤਰ੍ਹਾਂ ਦੀਆਂ ਦੁਰਘਟਨਾਵਾਂ ਨੂੰ ਕੁਦਰਤ ਦੀ ਕਰੋਪੀ ਜਾਂ ਰੱਬ ਦਾ ਭਾਣਾ ਕਹਿ ਦਿੱਤਾ ਜਾਂਦਾ ਹੈ। ਪਰ ਇਨ੍ਹਾਂ ਦੁਰਘਟਨਾਵਾਂ ਦਾ ਕਾਰਨ ਹਰ ਵਾਰ ਮਨੁੱਖੀ ਗਲਤੀਆਂ ਹੀ ਹੁੰਦੀਆਂ ਹਨ। ਬੇਲੋੜੀ ਤੇ ਤੇਜ਼ ਰਫ਼ਤਾਰ, ਟਰੈਫਿਕ ਨਿਯਮਾਂ ਦੀ ਉਲੰਘਣਾ, ਸ਼ਰਾਬ ਪੀ ਕੇ ਗੱਡੀ ਚਲਾਉਣਾ, ਸੀਟ ਬੈਲਟ ਨਾ ਲਾਉਣਾ, ਹੈਲਮਟ ਨਾ ਪਹਿਨਣਾ, ਆਵਾਰਾ ਪਸ਼ੂਆਂ ਨਾਲ ਟੱਕਰ ਆਦਿ ਕਾਰਨ ਆਮ ਤੌਰ ਤੇ ਇਨ੍ਹਾਂ ਹਾਦਸਿਆਂ ਦੀ ਵਜ੍ਹਾ ਬਣਦੇ ਹਨ। ਸਾਡੇ ਦੇਸ਼ ਵਿੱਚ ਟਰੈਫਿਕ ਨਿਯਮਾਂ ਦੀ ਸਖਤੀ ਨਾ ਹੋਣਾ, ਡਰਾਇਵਿੰਗ ਲਾਇਸੈਂਸ ਬਣਾਉਣ ਤੋਂ ਪਹਿਲਾਂ ਪੂਰੀ ਟ੍ਰੇਨਿੰਗ ਨਾ ਲੈਣਾ, ਡਰਾਇਵਿੰਗ ਟੈਸਟਿੰਗ ਵਿੱਚ ਰਿਸ਼ਵਤਖੋਰੀ ਅਤੇ ਸਿਫਾਰਸ਼ਬਾਜੀ ਵੀ ਇਸ ਲਈ ਜਿੰਮੇਵਾਰ ਹਨ। ਰੋਕ ਟੋਕ ਨਾ ਹੋਣ ਕਾਰਨ ਛੋਟੀ ਉਮਰ ਦੇ ਬੱਚੇ ਜਿਨ੍ਹਾਂ ਕੋਲ ਡਰਾਇਵਿੰਗ ਲਾਇਸੈਂਸ ਵੀ ਨਹੀਂ ਹੁੰਦਾ, ਸੜਕਾਂ ਅਤੇ ਬਾਜ਼ਾਰਾਂ ਵਿੱਚ ਸਕੂਟਰੀਆਂ ਅਤੇ ਇਥੋਂ ਤੱਕ ਕਿ ਕਾਰਾਂ ਚਲਾਉਂਦੇ ਆਮ ਦਿਖਾਈ ਦਿੰਦੇ ਹਨ। ਇਸ ਤਰ੍ਹਾਂ ਦੇ ਅਸਿਖਿਅਤ ਬੱਚੇ ਇਨ੍ਹਾਂ ਵਾਹਨਾਂ ਨੂੰ ਬਹੁਤ ਤੇਜ਼ ਰਫ਼ਤਾਰ ਤੇ ਚਲਾਉਂਦੇ ਹਨ ਅਤੇ ਅਕਸਰ ਹਾਦਸਾਗ੍ਰਸਤ ਹੋ ਜਾਂਦੇ ਹਨ।
ਨਿਯਮਾਂ ਸਬੰਧੀ ਸਖ਼ਤੀ ਨਾ ਹੋਣ ਦੇ ਨਾਲ ਨਾਲ ਸਾਡੇ ਦੇਸ਼ ਵਿੱਚ ਡਰਾਇਵਿੰਗ ਲਾਇਸੈਂਸ ਬਣਾਉਣ ਦੀ ਪ੍ਰਕਿਰਿਆ ਵੀ ਬਹੁਤ ਸਾਰੀਆਂ ਖਾਮੀਆਂ ਹਨ ਅਕਸਰ ਹੀ ਦੇਖਣ ਨੂੰ ਮਿਲਦਾ ਹੈ ਕਿ ਰਿਸ਼ਵਤ ਜਾਂ ਸਿਫਾਰਸ਼ ਨਾਲ ਬਿਨਾਂ ਡਰਾਇਵਿੰਗ ਟੈਸਟ ਲਏ ਡਰਾਇਵਿੰਗ ਲਾਇਸੈਂਸ ਜਾਰੀ ਕਰ ਦਿੱਤਾ ਜਾਂਦਾ ਹੈ। ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਲਈ ਵੀ ਵਿਸ਼ੇਸ਼ ਉਪਰਾਲੇ ਨਹੀਂ ਕੀਤਾ ਜਾਂਦੈ। ਅਸੀਂ ਬਿਨਾਂ ਡਰਾਇਵਿੰਗ ਲਾਇਸੈਂਸ ਅਤੇ ਹੋਰ ਦਸਤਾਵੇਜ਼ਾਂ ਦੇ ਗੱਡੀਆਂ ਚਲਾ ਰਹੇ ਲੋਕਾਂ ਨੂੰ ਆਮ ਵੇਖਦੇ ਹਾਂ। ਲੋਕਾਂ ਵੱਲੋਂ ਐਕਸੀਡੈਂਟਲ ਬੀਮਾ ਬਹੁਤ ਘੱਟ ਕਰਵਾਇਆ ਜਾਂਦਾ ਹੈ। ਬਿਨਾਂ ਕਿਸੇ ਐਮਰਜੈਂਸੀ ਦੇ ਲੋਕ ਇਕ ਦੂਜੇ ਤੋਂ ਕਾਹਲੀ ਕਰਦੇ ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਂਦੇ ਹਨ ਅਤੇ ਗਲਤ ਓਵਰਟੇਕ ਕਰਦੇ ਹਨ। ਆਪਣੀ ਸੁਰੱਖਿਆ ਲਈ ਨਹੀਂ ਸਗੋਂ ਮਾਤਰ ਚਲਾਨ ਤੋਂ ਬਚਾਅ ਲਈ ਕੁਝ ਖਾਸ ਥਾਵਾਂ ਤੇ ਹੀ ਹੈਲਮਟ ਅਤੇ ਸੀਟ ਬੈਲਟ ਦਾ ਇਸਤੇਮਾਲ ਕੀਤਾ ਜਾਂਦਾ ਹੈ।
ਇਨਾਂ ਸੜਕ ਹਾਦਸਿਆਂ ਨੂੰ ਰੋਕਣ ਲਈ ਸਰਕਾਰ ਨੂੰ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਲੋਕਾਂ ਨੂੰ ਟਰੈਫਿਕ ਨਿਯਮਾਂ ਦੀ ਸਹੀ ਪਾਲਣਾ ਕਰਨ ਲਈ ਵੱਡੀ ਪੱਧਰ ਤੇ ਜਾਗਰੂਕ ਕਰਨ ਦੀ ਜ਼ਰੂਰਤ ਹੈ। ਡਰਾਇਵਿੰਗ ਲਾਇਸੈਂਸ ਬਣਾਉਣ ਸਮੇਂ ਚਲ ਰਹੀ ਰਿਸ਼ਵਤਖੋਰੀ ਨੂੰ ਬੰਦ ਕਰਨਾ ਚਾਹੀਦਾ ਹੈ ਅਤੇ ਸਹੀ ਤਰੀਕੇ ਨਾਲ ਟ੍ਰੇਨਿੰਗ ਅਤੇ ਡਰਾਇਵਿੰਗ ਟੈਸਟ ਹੋਣਾ ਸੁਨਿਸ਼ਚਿਤ ਕਰਨਾ ਚਾਹੀਦਾ ਹੈ। ਦੁਰਘਟਨਾ ਬੀਮਾ ਸਕੀਮਾਂ ਨੂੰ ਵੀ ਸੁਖਾਲਾ ਅਤੇ ਸਸਤਾ ਕਰਨਾ ਚਾਹੀਦਾ ਹੈ। ਸੜਕਾਂ ਤੇ ਹਾਦਸਿਆਂ ਦਾ ਕਾਰਨ ਬਣਦੇ ਆਵਾਰਾ ਪਸ਼ੂਆਂ ਦਾ ਹੱਲ ਵੀ ਕਰਨਾ ਚਾਹੀਦਾ ਹੈ। ਕੇਵਲ ਸਰਕਾਰ ਹੀ ਨਹੀਂ ਇਥੇ ਆਮ ਨਾਗਰਿਕਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਨ੍ਹਾਂ ਦੁਰਘਟਨਾਵਾਂ ਦੇ ਵਾਪਰ ਜਾਣ ਤੋਂ ਪਿੱਛੋਂ ਪਛਤਾਉਂਣ ਦੀ ਥਾਂ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ।
ਮਾਪੇ ਨਾਬਾਲਗ ਬੱਚਿਆਂ ਨੂੰ ਬਿਨਾਂ ਕਿਸੇ ਸਿਖਲਾਈ ਤੋਂ ਸਿੱਧਾ ਸੜਕ ਤੇ ਵਾਹਨ ਚਲਾਉਣ ਦੀ ਆਗਿਆ ਨਾ ਦੇਣ, ਸਕੂਲ ਪ੍ਰਬੰਧਕ ਤੇ ਟ੍ਰੈਫਿਕ ਪੁਲਿਸ ਟ੍ਰੈਫਿਕ ਨਿਯਮਾਂ ਦੀ ਪਾਲਣਾ ਲਈ ਜਾਗਰੂਕਤਾ ਕੈਂਪ ਲਾਉਣ। ਸੜਕ ਹਾਦਸਿਆਂ ਨੂੰ ਰੋਕਣ ਲਈ ਵਿਸ਼ੇਸ਼ ਉਪਰਾਲੇ ਕਰਨ ਦੀ ਬਹੁਤ ਲੋੜ ਹੈ। ਜੇਕਰ ਸਰਕਾਰਾਂ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਉਣ ਅਤੇ ਆਮ ਨਾਗਰਿਕ ਟਰੈਫਿਕ ਨਿਯਮਾਂ ਦੀ ਪੂਰਨ ਪਾਲਣਾ ਕਰਨ ਤਾਂ ਇਨ੍ਹਾਂ ਹਾਦਸਿਆਂ ਨੂੰ ਘਟਾਇਆ ਜਾ ਸਕਦਾ ਹੈ ਅਤੇ ਹਜ਼ਾਰਾਂ ਕੀਮਤੀ ਜਾਨਾਂ ਨੂੰ ਬਚਾ ਕੇ ਸੈਂਕੜੇ ਪਰਿਵਾਰਾਂ ਨੂੰ ਤਬਾਹ ਹੋਣ ਤੋਂ ਬਚਾਇਆ ਜਾ ਸਕਦਾ ਹੈ।
ਪ੍ਰਦੀਪ ਕੌਰ ਮਾਨਸਾ
ਸੰਪਰਕ: 8360900917