ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਵੱਲੋਂ ਰੰਗ -ਕਰਮੀ ਬਾਲ ਮੁਕੰਦ ਸ਼ਰਮਾ ਦਾ ਸਨਮਾਨ
ਰਾਏਕੋਟ ਗੁਰਭਿੰਦਰ ਗੁਰੀ (ਸਮਾਜ ਵੀਕਲੀ): ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ (ਰਜਿਃ) ਲੁਧਿਆਣਾ ਵੱਲੋਂ ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਰੰਗ ਮੰਚ ਅਭਿਨੇਤਾ ਅਤੇ ਲੋਕ ਪੱਖੀ ਸਭਿਆਚਾਰ ਲਹਿਰ ਦੇ ਸੁਚੇਤ ਪਹਿਰੇਦਾਰ ਬਾਲ ਮੁਕੰਦ ਸ਼ਰਮਾ ਨੂੰ ਲੁਧਿਆਣਾ ਚ ਸਨਮਾਨਿਤ ਕੀਤਾ ਗਿਆ। ਫਾਉਂਡੇਸ਼ਨ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਜਸਵਿੰਦਰ ਭੱਲਾ ਤੇ ਬਾਲ ਮੁਕੰਦ ਸ਼ਰਮਾ ਜੋੜੀ ਨੇ ਸਵਰਗੀ ਸਃ ਜਗਦੇਵ ਸਿੰਘ ਜੱਸੋਵਾਲ ਤੇ ਪ੍ਰੋਃ ਗੁਰਭਜਨ ਗਿੱਲ ਜੀ ਦੀ ਪ੍ਰੇਰਨਾ ਨਾਲ ਡਾਃ ਕੇਸ਼ੋ ਰਾਮ ਸ਼ਰਮਾ ਦੀ ਸਿਖਲਾਈ ਉਪਰੰਤ ਪਿਛਲੇ ਚਾਰ ਦਹਾਕਿਆਂ ਤੋਂ ਸਟੇਜ ਨਾਟਕਾਂ, ਫਿਲਮਾਂ ਤੇ ਆਡਿਉ ਕੈਸਿਟ ਛਣਕਾਟਾ ਤੇ ਸਮਾਜਿਕ ਕੁਰੀਤੀਆਂ ਖ਼ਿਲਾਫ਼ ਲਘੂ ਫ਼ਿਲਮਾਂ ਰਾਹੀਂ ਨਹਿਤਵ ਪੂਰਨ ਹਿੱਸਾ ਪਾਇਆ ਹੈ। ਉਨ੍ਹਾਂ ਕਿਹਾ ਕਿ ਮੈਨੂੰ ਮਾਣ ਹੈ ਕਿ ਡਾਃ ਜਸਵਿੰਦਰ ਭੱਲਾ ਦੀ ਜਨਮ ਭੂਮੀ ਵੀ ਮੇਰਾ ਪਿੰਡ ਰਕਬਾ(ਲੁਧਿਆਣਾ) ਹੀ ਹੈ। ਨੇੜ ਭਵਿੱਖ ਵਿੱਚ ਜਸਵਿੰਦਰ ਭੱਲਾ ਨੂੰ ਰਕਬਾ ਵਿਖੇ ਵਿਸ਼ੇਸ਼ ਸਨਮਾਨ ਦਿੱਤਾ ਜਾਵੇਗਾ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਤੇ ਫਾਉਂਡੇਸ਼ਨ ਦੇ ਸਰਪ੍ਰਸਤ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਬਾਲ ਮੁਕੰਦ ਸ਼ਰਮਾ 1983 ਤੋਂ ਮੇਰੇ ਸੰਪਰਕ ਵਿੱਚ ਹੋਣ ਕਰਕੇ ਮੈ ਕਹਿ ਸਕਦਾ ਹਾਂ ਕਿ ਉਹ ਸਿਰ ਤੋਂ ਪੈਰਾਂ ਤੀਕ ਲੋਕ ਪੱਖੀ ਸੱਭਿਆਚਾਰ ਦਾ ਪਹਿਰੇਦਾਰ ਹੈ। ਬਾਲ ਮੁਕੰਦ ਤੇ ਜਸਵਿੰਦਰ ਭੱਲਾ ਨੇ 1994 ਵਿੱਚ ਹੀ ਭਰੂਣ ਹੱਤਿਆ ਦੇ ਖ਼ਿਲਾਫ਼ ਲਘੂ ਫ਼ਿਲਮ “ਮਾਸੀ ਨੂੰ ਤਰਸਣਗੇ” ਬਣਾ ਕੇ ਸਾਬਤ ਕਰ ਦਿੱਤਾ ਸੀ ਕਿ ਕਲਾ ਨੂੰ ਲੋਕ ਮਸਲਿਆਂ ਪ੍ਰਤੀ ਚੇਤਨਾ ਹਥਿਆਰ ਵਜੋਂ ਕਿਵੇਂ ਵਰਤਣਾ ਹੈ। ਪ੍ਰੋਃ ਗਿੱਲ ਨੇ ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਵਿਸ਼ਵ ਰੰਗ ਮੰਚ ਦਿਵਸ ਤੇ ਬਾਲ ਮੁਕੰਦ ਸ਼ਰਮਾ ਵਰਗੇ ਕਲਾਕਾਰ ਨੂੰ ਸਨਮਾਨਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬੀ ਰੰਗ ਮੰਚ ਦੀ ਸੌਵੀਂ ਵਰ੍ਹੇਗੰਢ ਤੇ ਉਨ੍ਹਾਂ ਨੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦਾ ਪ੍ਰਧਾਨ ਹੁੰਦਿਆਂ ਪਹਿਲੀ ਨਾਟਕ ਨਿਰਦੇਸ਼ਕ ਆਇਰਿਸ਼ ਲੇਡੀ ਸ਼੍ਰੀਮਤੀ ਨੋਰਾ ਰਿਚਰਡਜ਼ ਦੀ ਜੀਵਨੀ ਸਃ ਹਰਬੀਰ ਸਿੰਘ ਭੰਵਰ ਜੀ ਤੋਂ ਲਿਖਵਾ ਕੇ ਅਕਾਡਮੀ ਵੱਲੋਂ ਪ੍ਰਕਾਸ਼ਿਤ ਕੀਤੀ। ਸ਼੍ਰੀ ਮਤੀ ਨੋਰਾ ਰਿਚਰਡਜ਼ ਨੇ ਗੌਰਮਿੰਟ ਕਾਲਿਜ ਲਾਹੌਰ ਵਿੱਚ ਪੜ੍ਹਦੇ ਵਿਦਿਆਰਥੀਆਂ ਤੋਂ ਪ੍ਰੋਃ ਆਈ ਸੀ ਨੰਦਾ ਜੀ ਦਾ ਨਾਟਕ ਦੁਲਹਨ ਖਿਡਵਾਇਆ ਸੀ।
ਧੰਨਵਾਦ ਕਰਦਿਆਂ ਸ਼੍ਰੀ ਬਾਲ ਮੁਕੰਦ ਸ਼ਰਮਾ ਨੇ ਕਿਹਾ ਕਿ ਆਪਣੀ ਜਨਮ ਭੂਮੀ ਲੋਹੀਆਂ ਖ਼ਾਸ(ਜਲੰਧਰ) ਦੇ ਨਾਟਕ ਕਲਾ ਕੇਂਦਰ ਵਿੱਚ ਬਾਲ ਕਲਾਕਾਰ ਵਜੋਂ ਕੰਮ ਕਰਨਾ ਮੇਰੀ ਪ੍ਰਾਪਤੀ ਸੀ ਕਿਉਂਕਿ ਇਸ ਮੰਚ ਨੂੰ ਸਃ ਗੁਰਸ਼ਰਨ ਸਿੰਘ ਭਾ ਜੀ ਜੀ ਸਰਪ੍ਰਸਤੀ ਹਾਸਲ ਸੀ। ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਵਿੱਚ ਡਾਃ ਕੇਸ਼ੋ ਰਾਮ ਸ਼ਰਮਾ ਜੀ ਦੀ ਨਿਰਦੇਸ਼ਨਾ ਤੇ ਗੁਰਭਜਨ ਗਿੱਲ ਜੀ ਦੀ ਸੁਹਬਤ ਸਦਕਾ ਹੀ ਸਃ ਜਗਦੇਵ ਸਿੰਘ ਜੱਸੋਵਾਲ ਜੀ ਨਾਲ ਮੇਰਾ ਤੇ ਜਸਵਿੰਦਰ ਦਾ ਸੰਪਰਕ ਹੋਇਆ ਜਿੰਨ੍ਹਾਂ ਨੇ ਸਾਡੇ ਸੁਪਨਿਆਂ ਨੂੰ ਵਿਸ਼ਾਲ ਅੰਬਰਾਂ ਵਿੱਚ ਉੱਡਣ ਜੋਗੇ ਕੀਤਾ। ਰੰਗਮੰਚ ਸਾਡੀ ਸ਼ਕਤੀ ਹੈ ਅਤੇ ਇਹ ਸ਼ਕਤੀ ਭਵਿੱਖ ਵਿੱਚ ਵੀ ਲੋਕ ਹਿੱਤ ਵਿੱਚ ਵਰਤਣਾ ਮੇਰਾ ਮਿਸ਼ਨ ਹੈ।
ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਮੀਤ ਪ੍ਰਧਾਨ ਤੇ ਉੱਘੇ ਪੰਜਾਬੀ ਕਵੀ ਤ੍ਰੈਲੋਚਨ ਲੋਚੀ ਨੇ ਕਿਹਾ ਕਿ ਭਾ ਜੀ ਬਾਲ ਮੁਕੰਦ ਸ਼ਰਮਾ ਮੇਰੇ ਪ੍ਰੇਰਨਾ ਸਰੋਤ ਹਨ। ਇਨ੍ਹਾਂ ਨੇ ਪੰਜਾਬ ਸਰਕਾਰ ਵਿੱਚ ਉੱਚ ਅਧਿਕਾਰੀ ਹੋਣ ਦੇ ਬਾਵਜੂਦ ਕਲਾ ਤੇ ਸੱਭਿਆਚਾਰ ਦਾ ਮਿਸ਼ਨ ਕਦੇ ਨਹੀਂ ਤਿਆਗਿਆ। ਅੱਜ ਵਿਸ਼ਵ ਰੰਗ ਦਿਵਸ ਨੂੰ ਸਮਰਪਿਤ ਮਿਲਣੀ ਵਿੱਚ ਉਨ੍ਹਾਂ ਦੀਆਂ ਗੱਲਾਂ ਸਿਣ ਕੇ ਮਨ ਨੂੰ ਸਕੂਨ ਮਿਲਿਆ ਹੈ ਕਿ ਸਃ ਗੁਰਸ਼ਰਨ ਸਿੰਘ ਭਾ ਜੀ ਨੇ ਸਿਰਫ਼ ਮੇਰੇ ਵਰਗਿਆਂ ਨੂੰ ਹੀ ਉਤਸ਼ਾਹਿਤ ਨਹੀਂ ਕੀਤਾ ਸਗੋਂ ਸਾਥੋਂ ਪਹਿਲੀ ਪੀੜ੍ਹੀ ਦਾ ਵੀ ਮਾਰਗ ਦਰਸ਼ਨ ਕੀਤਾ ਹੈ। ਬਾਲ ਮੁਕੰਦ ਸ਼ਰਮਾ ਨੂੰ ਇਸ ਮੌਕੇ ਦੋਸ਼ਾਲਾ ਤੇ ਸਨਮਾਨ ਨਿਸ਼ਾਨੀ ਦੇ ਕੇ ਮਾਣ ਦਿੱਤਾ ਗਿਆ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly