(ਸਮਾਜ ਵੀਕਲੀ)
ਸਿੰਮੀ ਬਹੁਤ ਸਮੇਂ ਬਾਅਦ ਸ਼ਹਿਰੋ ਪੜ੍ਹ ਕੇ ਆਪਣੇ ਘਰ ਆਉਂਦੀ ਹੈ। ਜਦੋਂ ਉਹ ਘਰ ਦੇ ਦਰਵਾਜ਼ੇ ਕੋਲ ਪਹੁੰਚਦੀ ਹੈ ਤਾਂ ਗਲੀ ਵਿੱਚ ਆ ਰਹੀ ਇੱਕ ਔਰਤ ਉਸ ਦੇ ਸਿਰ ਤੇ ਹੱਥ ਰੱਖ ਬੋਲਦੀ ਹੈ। ਪ੍ਰਮਾਤਮਾ ਤੈਨੂੰ ਹਮੇਸ਼ਾ ਖੁਸ਼ ਰੱਖੇ, ਪਰ ਤੂੰ ਕਿਸੇ ਨੂੰ ਪਿਆਰ ਨਾ ਕਰੀ। ਸਿੰਮੀ ਨੂੰ ਇਹ ਗੱਲ ਬੜੀ ਅਜੀਬ ਲੱਗੀ ।
ਫਿਰ ਸਿੰਮੀ ਦੀ ਦਾਦੀ ਆ ਜਾਦੀ ਹੈ। ਉਹ ਔਰਤ ਅੱਗੇ ਚਲੀ ਜਾਦੀ ਹੈ। ਸਿੰਮੀ ਆਪਣੀ ਦਾਦੀ ਨੂੰ ਉਸ ਔਰਤ ਪੁੱਛਦੀ ਹੈ ਕਿ ਇਹ ਕੌਣ ਹੈ। ਪਰ ਬੰਤੋ ਕਹਿੰਦੀ ਕੋਈ ਨਹੀਂ ਤੂੰ ਚਾਹ ਪਾਣੀ ਪੀ ।ਸਿੰਮੀ ਸਾਰੇ ਪਰਿਵਾਰ ਨੂੰ ਮਿਲਦੀ ਹੈ ਗੱਲਾਂ ਬਾਤਾਂ ਕਰਦੀ ਹੈ ਕਾਫੀ ਰਾਤ ਤੱਕ। ਫਿਰ ਬੰਤੋ ਕਹਿੰਦੀ ਹੈ ਸੋ ਜਾ ਪੁੱਤ ਥੱਕੀ ਹੋਣੀ ਐ, ਆਰਾਮ ਕਰ।
ਅਗਲੇ ਦਿਨ ਸਿੰਮੀ ਆਪਣੀ ਦਾਦੀ ਨੂੰ ਕਹਿੰਦੀ ਹੈ, ਬੇਬੇ ਮੈਨੂੰ ਉਸ ਔਰਤ ਦੇ ਬੋਲਾਂ ਨੇ ਬੇਚੈਨ ਕੀਤਾ ਹੋਇਆ। ਮੇਰੇ ਸੁੱਤੀ ਦੇ ਵੀ ਕੰਨਾਂ ‘ਚ ਗੂੰਜ ਦੇ ਰਹੇ ਤੇ ਹੁਣ ਵੀ ਪ੍ਰੇਸ਼ਾਨ ਕਰ ਰਹੇ ਨੇ ਜਿਵੇਂ ਉਸਨੇ ਦਿਲ ਦੀ ਗਹਿਰਾਈ ‘ਚੋ ਬੋਲੇ ਹੋਣ। ਐਨੇ ਗਹਿਰੇ ਬੋਲ ਮੈਂ ਪਹਿਲੀ ਵਾਰ ਸੁਣੇ ਨੇ।
ਸਿੰਮੀ ਫਿਰ ਕਹਿੰਦੀ ਹੈ ਦੱਸ ਬੇਬੇ ਇਹ ਔਰਤ ਕੌਣ ਸੀ। ਬੰਤੋ ਲੰਬਾ ਸਾਹ ਲੈ ਕਹਿੰਦੀ ਹੈ ਹਾ ਪੁੱਤ ਇਸ ਸ਼ਬਦ ਤਾਂ ਇਸ ਨੇ ਦਿਲ ਦੀ ਗਹਿਰਾਈ ‘ਚੋ ਹੀ ਕਹੇ ਨੇ।
ਸਿੰਮੀ ਦੀ ਉਤਸੁਕਤਾ ਹੋਰ ਵੱਧ ਗਈ ਦੱਸ ਬੇਬੇ ਕੌਣ ਸੀ ਉਸ ਔਰਤ। ਬੰਤੋ ਕਹਿੰਦੀ ਹੈ ਕਿ ਇਸ ਦਾ ਨਾ ਪੰਮੀ ਹੈ। ਇਸ ਦੇ ਘਰ ਵਾਲੇ ਦਾ ਨਾਂ ਬਚਨਾ। ਇਹਨਾਂ ਦਾ ਘਰ ਨੰਬਰਦਾਰਾਂ ਦੇ ਘਰ ਕੋਲ ਸੀ ਪਹਿਲਾਂ। ਹੁਣ ਬਚਨਾ ਤਾ ਸ਼ਹਿਰ ਰਹਿੰਦੈ ਤੇ ਇਹ ਵਿਚਾਰੀ ਪਿੰਡੋ ਬਾਹਰ ਇੱਕ ਕੋਠੇ ‘ਚ।
ਸਿੰਮੀ ਫਿਰ ਬੋਲਦੀ ਹੈ ਕਿ ਇਹ ਸ਼ਹਿਰ ਕਿਉ ਨਹੀ ਰਹਿੰਦੀ ਆਪਣੇ ਘਰਵਾਲੇ ਕੋਲ। ਬੰਤੋ ਦੱਸਦੀ ਹੈ ਕਿ ਬਚਨੇ ਨੇ ਤੇ ਪੰਮੀ ਨੇ ਆਪੇ ਵਿਆਹ ਕਰਵਾਇਆ ਸੀ ਤੇ ਵਿੱਚ ਵਿਚੋਲਾ ਪਾ ਲਿਆ ਸੀ।ਸਿੰਮੀ ਬੋਲਦੀ ਹੈ ਅੱਛਾ ! ਬੇਬੇ love marriage ਹੋਈ ਸੀ। ਬੰਤੋ ਹੁੰਗਾਰਾ ਭਰਦੀ ਕਹਿੰਦੀ ਹੈ ਹਾਹੋ ਉਹੀ।
ਬਚਨਾਂ ਉਦੋਂ ਉਨ੍ਹਾਂ ਦੇ ਪਿੰਡ ਮਾਸਟਰ ਸੀ ਤੇ ਸਕੂਲ ਦੇ ਨਾਲ ਹੀ ਪੰਮੀ ਦਾ ਘਰ ਸੀ। ਪੰਮੀ ਤਾਂ ਘੱਟ ਹੀ ਪੜੀ ਸੀ। ਪਰ ਉਨ੍ਹਾਂ ਦੇ ਘਰ ਕਦੇ-ਕਦੇ ਜਾਦਾਂ ਸੀ। ਇਹਨਾਂ ਦੀ ਗੱਲਬਾਤ ਹੋ ਗਈ।
ਫਿਰ ਇਹਨਾਂ ਦਾ ਵਿਆਹ ਹੋ ਗਿਆ। ਪੰਮੀ ਸਾਰਾ ਕੰਮ ਕਰਦੀ। ਬਚਨੇ ਨੂੰ ਕੋਈ ਕੰਮ ਨਾ ਕਰਨ ਦਿੰਦੀ ਕੇ ਸਕੂਲੋ ਪੜ੍ਹਾ ਕੇ ਆਉਦਾ ਥੱਕ ਜਾਦੈ।
ਚਾਰ ਕੁ ਮਹੀਨੇ ਤਾਂ ਵਧੀਆ ਲੰਘੇ। ਫਿਰ ਬਚਨਾਂ ਪੰਮੀ ਨੂੰ ਕਹਿਣ ਲੱਗ ਪਿਆ ਕਿ ਤੂੰ ਮੇਰੇ ਮੇਚ ਦੀ ਨਹੀਂ। ਮੈ ਪੜ੍ਹਿਆ -ਲਿਖਿਆ ਨੌਕਰੀ ਕਰਦਾ ਹਾਂ ਤੇ ਤੂੰ ਘਰ ਜੋਗੀ।ਪੰਮੀ ਦੇ ਮਨ ਨੂੰ ਠੇਸ ਤਾਂ ਪਹੁੰਚਦੀ ਪਰ ਉਹ ਕਹਿ ਦਿੰਦੀ” ਕੋਈ ਨਹੀ ਜੀ, ਘਰ ਸੰਭਾਲਣ ਲਈ ਵੀ ਤਾਂ ਕੋਈ ਚਾਹੀਦਾ। ਪਿਆਰ ਚ ਊਣਤਾਈਆਂ ਨਹੀਂ ਦੇਖੀਆਂ ਤੁਸੀ ਮੇਰੀਆਂ, ਇਹ ਮੇਰੇ ਚੰਗੇ ਭਾਗ ਸੀ।”
ਫਿਰ ਬਚਨਾਂ ਕਹਿਣ ਲੱਗ ਪਿਆ ਕਿ ਮੈਂ ਤੈਨੂੰ ਪੈਸੇ ਕਮਾ-ਕਮਾ ਦੇਵਾਂ ਤੂੰ ਘਰ ਵਹਿਲੀ ਬੈਠੀ ਹੈ। ਪੰਮੀ ਫਿਰ ਹੱਸ ਕੇ ਕਹਿੰਦੀ ਤੁਸੀਂ ਮੇਰੇ ਲਈ ਪੈਸੇ ਕਮਾਉੰਦੇ ਹੋ, ਮੈਂ ਤੁਹਾਡੇ ਲਈ ਪਿਆਰ ਕਮਾਉਦੀ ਹਾਂ । ਤੁਸੀ ਘਰ ਚਲਾਓ ਤੇ ਮੈੰ ਆਪਣਾ ਰਿਸ਼ਤਾ। ਇੱਕ ਗੱਲ ਸੁਣੋ ਜਦੋਂ ਸਮਾਂ ਹੁੰਦੈ ਜਾਂ ਛੁੱਟੀ ਵਾਲੇ ਦਿਨ ਥੋੜ੍ਹਾ ਸਮਾਂ ਮੈਨੂੰ ਵੀ ਦੇ ਦਿਆਂ ਕਰੋ, ਕੋਈ ਪਿਆਰ ਦੀ ਬਾਤ ਪਾਇਆ ਕਰੋ।ਬਚਨਾਂ ਗੁੱਸੇ ਵਿੱਚ ਬੋਲਿਆ ਵਹਿਲਾਂ ਨਹੀ ਮੈੰ ਤੇਰੇ ਲਈ ਬਥੇਰੇ ਕੰਮ ਨੇ ਮੈਨੂੰ। ਪੰਮੀ ਸੁਣ ਕੇ ਚੁੱਪ ਕਰ ਗਈ।
ਕਦੇ -ਕਦੇ ਹੁਣ ਪੰਮੀ ਨੂੰ ਵੀ ਗੁੱਸਾ ਆ ਜਾਦਾਂ ਕਿ ਬਚਨਾਂ ਕਦੇ ਵੀ ਉਸ ਦੀ ਗੱਲ ਨਹੀਂ ਬਹਿ ਸੁਣਦਾ। ਉਨ੍ਹਾਂ ਵਿਚਕਾਰ ਝਗੜਾ ਹੋਣ ਲੱਗਿਆ । ਇੱਕ ਦਿਨ ਪੰਮੀ ਸੋਚਦੀ ਹੈ ਮੇਰੇ ਕੋਲ ਨਹੀ ਬੈਠਦਾ ਪਿਆਰ ਨਾਲ ਕੋਈ ਗੱਲ ਨਹੀਂ ਕਰਦਾ। ਮੈਂ ਪਾਗਲ ਹੀ ਹਾਂ ਉਸ ਦੇ ਪਿਆਰ ਲਈ ਉਸੇ ਨਾਲ ਹੀ ਲੜ ਰਹੀ ਹਾਂ। ਭਲਾ ਕਿਉ ਲੜਨਾ ਹੁਣ, ਹੈ ਤਾਂ ਮੇਰਾ ਹੀ ਚਲ ਕੋਈ ਨਾ ਕਦੇ ਤਾਂ ਕੋਈ ਬਾਤ ਪਾਊਗਾ।
ਸ਼ਾਮ ਨੂੰ ਜਦੋ ਬਚਨਾਂ ਘਰ ਆਉਂਦਾ ਹੈ ਤਾਂ ਪੰਮੀ ਉਸ ਨੂੰ ਕਹਿੰਦੀ ਹੈ ਮੈਨੂੰ ਮਾਫ ਕਰ ਦਿਉ ਜੀ, ਹੁਣ ਕਦੇ ਵੀ ਮੈੰ ਨਹੀਂ ਲੜਦੀ। ਗੱਲ ਨਹੀ ਕਰਦੇ ਤਾਂ ਕੋਈ ਨਹੀ ਜਦੋੰ ਸਮਾ ਹੋਊ ਉਦੋ ਕਰ ਲਵਾਗੇ ਤੁਸੀਂ ਆਪਣਾ ਕੰਮ ਤੇ ਧਿਆਨ ਕਰੋ। ਪ੍ਰੇਸ਼ਾਨ ਨਾ ਹੋਵੋ।
ਪੰਮੀ ਆਪਣੇ ਜ਼ਜਬਾਤਾਂ ਨੂੰ ਗੰਢਾਂ ਮਾਰ ਰੱਖ ਲੈਦੀਂ। ਜਦੋਂ ਕਦੇ ਜ਼ਜਬਾਤ ਉਛਲਦੇ ਤਾਂ ਰੁੱਖਾਂ ਜਾਂ ਪੰਛੀਆਂ ਨਾਲ ਸਾਝੇ ਕਰਦੀ। ਦਿਲ ਉੱਠੀਆਂ ਚਸਕਾਂ ਨੂੰ ਸਮੇਟ ਲੈਦੀਂ ।
ਕਦੇ-ਕਦੇ ਬਹੁਤ ਬੇਚੈਨ ਮਨ ਹੋ ਜਾਦਾਂ ਤਾਂ ਬਚਨੇ ਨੂੰ ਕਹਿੰਦੀ ਬਹੁਤ ਮਨ ਘਬਰਾ ਰਿਹਾ ਹੈ ਮੇਰਾ ਦਿਲ ਪਾਣੀ ‘ਚ ਡੁੱਬਿਆ ਪਿਆ ਥੋੜ੍ਹਾ ਸਮਾਂ ਬਹਿ ਜਾਓ ਮੇਰੇ ਕੋਲ ਤਾਂ ਬਚਨਾਂ ਗੁੱਸੇ ਵਿੱਚ ਬੋਲਦਾ ਕਿ ਅਨਪੜ੍ਹਾ ਵਾਂਗ ਮਾਰਦੀ ਰਹਿਨੀ ਐ ਡੁੱਬਿਆ ਪਿਆ ਪਾਣੀ ‘ਚ। ਪੰਮੀ ਫਿਰ ਚੁੱਪ ਕਰ ਜਾਦੀ।
ਪੰਮੀ ਜਦੋ ਕਿਤੇ ਬਚਨੇ ਨਾਲ ਜਾਦੀ ਤਾਂ ਉਹ ਕਿਸੇ ਵੀ ਕੁੜੀ ਨੂੰ ਵੇਖ ਕੇ ਕਹਿੰਦਾ ਵੇਖ ਸੋਹਣੀ ਪੜੀ-ਲਿਖੀ ਕੁੜੀ ਹੈ।ਕਾਸ਼!ਮੈਨੂੰ ਇਹ ਮਿਲ ਜਾਦੀ।ਪੰਮੀ ਦਾ ਮਨ ਇਹ ਸੁਣ ਕੇ ਵਲੂੰਧਰਿਆ ਜਾਦਾਂ ਪਰ ਉਹ ਆਪਣੀ ਮਾਸੂਮ ਮੁਹੱਬਤ ਨੂੰ ਕਹਿੰਦੀ ਕਿ ਮਜ਼ਾਕ ਕਰ ਰਿਹਾ ਹੈ।ਫਿਰ ਉਹ ਚੁੱਪ ਕਰ ਜਾਂਦੀ।
ਪਰ ਪੰਮੀ ਨੂੰ ਪਤਾ ਸੀ ਕਿ ਬਚਨੇ ਦੇ ਦਿਲ ਦੇ ਦਰਵਾਜ਼ੇ ਉਸ ਨੂੰ ਛੱਡ ਕੇ ਹਰ ਕੁੜੀ ਲਈ ਖੁੱਲੇ ਨੇ। ਪਰ ਉਸ ਦਾ ਬਚਨੇ ਲਈ ਪਿਆਰ ਫਿਰ ਉਸ ਨੂੰ ਕਹਿੰਦਾ ਕਿ ਤੂੰ ਗਲਤ ਸੋਚ ਦੀ ਹੈ।
ਪਰ ਔਰਤ ਤਾਂ ਘਰ ਵੜਦੇ ਬੰਦੇ ਦੇ ਕਦਮ ਤੋਂ ਪਹਿਚਾਣ ਲੈਂਦੀ ਹੈ ਮੇਰਾ ਹੀ ਮੁੜ ਆਇਆ ਜਾਂ ਕਿਸੇ ਦਾ ਹੋ ਕੇ ਆ ਗਿਆ । ਇਸ ਤਰਾਂ ਪੰਮੀ ਆਪਣੇ ਲਈ ਪਿਆਰ ਤੋੰ ਸੱਖਣੀਆਂ ਉਸ ਦੀਆਂ ਰੋਜ਼ ਅੱਖਾਂ ਪੜ੍ਹਦੀ। ਇਹ ਬੰਤੋੰ , ਸਿੰਮੀ ਨੂੰ ਔਰਤ ਦੀ ਸੁਚੇਤਤਾ ਬਾਰੇ ਦੱਸਦੀ ਹੈ।
ਪੰਮੀ ਤਾਂ ਬਚਨੇ ਨੂੰ ਆਪਣੀ ਰੂਹ ਸਮਝਦੀ ਸੀ, ਕਿਉ ਨਾ ਪਤਾ ਲਗਦਾ।
ਹੁਣ ਪੰਮੀ ਬਚਨੇੰ ਦੇ ਕੋਲ ਰਹਿੰਦਿਆਂ ਵੀ ਕੋਹਾਂ ਦੂਰ ਸੀ।ਇਹ ਗੱਲ ਪੰਮੀ ਦੇ ਦਿਲ ਨੂੰ ਹਰ ਵੇਲੇ ਨੋਚ-ਨੋਚ ਖਾਂਦੀ ਰਹਿੰਦੀ ।ਉਹ ਅੰਦਰੋਂ-ਅੰਦਰੀੰ ਰੋਜ਼ ਮਰਦੀ ।ਆਪਣੇ ਜਜਬਾਤਾਂ ਦੀਆਂ ਝੜੀਆਂ ਹੂੰਝ ਦੀ , ਉਸ ਤੋਂ ਸਮੇਟੀਆਂ ਨਾ ਜਾਦੀਆਂ । ਫਿਰ ਵੀ ਉਸ ਨੇ ਬਚਨੇ ਨੂੰ ਕਦੇ ਕੋਈ ਸਵਾਲ ਨਾ ਕੀਤਾ ਕਿ ਮੇਰਾ ਪਿਆਰ ਕਦੇ ਤਾਂ ਸਮਝੇਗਾ ਕਦੇ ਤਾਂ ਮੁੜ ਕੇ ਆਊ।
ਆਜਿਹੇ ਝੂਠੇ ਦਿਲਾਸਿਆ ਨਾਲ ਉਸ ਆਪਣੇ ਸਰੀਰ ਦਾ ਬੋਝ ਢੋਹਦੀਂ ਰਹਿੰਦੀ ।
ਇੱਕ ਦਿਨ ਬਚਨਾਂ ਕਿਸੇ ਕੰਮ ਗਿਆ ਸੀ। ਪੰਮੀ ਘਰ ਇਕੱਲੀ ਸੀ। ਰਾਤ ਨੂੰ ਅੱਠ ਵਜੇ ਫੋਨ ਆਇਆ ਜੋ ਕੀ ਰੋਜ਼ ਬਚਨਾਂ ਸੁਣ ਦਾ ਸੀ ਪਰ ਅੱਜ ਪੰਮੀ ਨੇ ਚੱਕਿਆ। ਪੰਮੀ ਦੇ ਬੋਲਣ ਤੋਂ ਪਹਿਲਾ ਆਵਾਜ਼ ਆਉਦੀ ਹੈ ਕਿ ਬਚਨਿਆ ਕਿੰਨੇ ਦਿਨ ਹੋ ਗਏ ਮੈਨੂੰ ਇੰਤਜ਼ਾਰ ਕਰਦਿਆਂ ਕਦੋਂ ਮਿਲ ਆਵੇਗਾ। ਤੇਰੇ ਬਿਨਾਂ ਹੁਣ ਮੇਰੇ ਤੋਂ ਰਹਿ ਨਹੀਂ ਹੁੰਦਾ। ਇਹ ਆਵਾਜ਼ ਇੱਕ ਔਰਤ ਦੀ ਸੀ। ਇਹ ਸੁਣ ਕੇ ਪੰਮੀ ਤੋਂ ਕੁਝ ਬੋਲ ਨਾ ਹੋਇਆ ।
ਬੰਤੋ, ਸਿੰਮੀ ਨੂੰ ਦੱਸ ਹੀ ਰਹੀ ਸੀ ਗਲੀ ਵਿੱਚ ਫਿਰ ਸ਼ੋਰ ਪੈ ਗਿਆ। ਸਿੰਮੀ ਦੇਖ ਕੇ ਪੁੱਛਦੀ ਹੈ ਬੇਬੇ ਇਹ ਤਾ ਉਹੀ ਔਰਤ ਹੈ। ਇਹ ਰੋੜੇ ਕਿਉ ਮਾਰ ਰਹੀ ਹੈ, ਬੰਤੋ ਕਹਿੰਦੀ ਹਾਂ । ਹਾਂ ਜਦੋ ਕੁੜੀਆਂ ਨੂੰ ਮਿਲਦੀ ਹੈ ਤਾਂ ਕਹਿੰਦੀ ਹੈ ਸੁਖੀ ਵਸੋਂ ਪਰ ਪਿਆਰ ਨਾ ਕਿਸੇ ਨੂੰ ਕਰਿਓ। ਜਦੋ ਇਹ ਕਿਸੇ ਮਰਦ ਨੂੰ ਦੇਖ ਦੀ ਹੈ ਤਾਂ ਦੇਖ ਕੇ ਰੋੜੇ ਮਾਰਦੀ ਹੈ ਤੇ ਕਹਿੰਦੀ ਹੈ “ਇਹ ਮਾਸੂਮ ਮੁਹੱਬਤ ਦੇ ਕਾਤਲ ਨੇ, ਇਹ ਮਾਸੂਮ ਮੁਹੱਬਤ ਦੇ ਕਾਤਲ ਨੇ।” ਇਹ ਉਹ ਫੋਨ ਸੁਣਦਿਆ ਹੀ ਪਾਗਲ ਹੋ ਗਈ ਸੀ। ਪਰ ਬਚਨਾ ਉਸ ਦਿਨ ਦਾ ਗਿਆ ਘਰ ਨਹੀ ਆਇਆ।
ਇਸਨੂੰ ਪਿਆਰ ਦੀ ਮਾਰ ਵੱਜੀ ਤੇ ਅਜਿਹੀ ਹਾਲਤ ਹੋ ਗਈ ਇਸਦੀ।