* ਸਭ ਤੋਂ ਨਿਵੇਕਲਾ ਅੰਦੋਲਨ – ਕਿਸਾਨ – ਮਜ਼ਦੂਰ ਏਕਤਾ ਅੰਦੋਲਨ *

ਰਮੇਸ਼ਵਰ ਸਿੰਘ

(ਸਮਾਜ ਵੀਕਲੀ)

ਭਾਰਤ ਦੀ ਕੇਂਦਰੀ ਕੈਬਨਿਟ ਨੇ 5 ਜੂਨ, 2020 ਨੂੰ ਖੇਤੀ ਸਬੰਧੀ ਤਿੰਨ ਆਰਡੀਨੈਂਸ ਲਿਆਂਦੇ। ਫਾਰਮਰ (ਇੰਪਵਾਰਮੈਂਟ ਐਂਡ ਪ੍ਰੋਟੈਕਸ਼ਨ) ਅਗਰੀਮੈਂਟ ਆਨ ਪਰਾਈਸ ਅਸ਼ਿਓਰੈਂਸ ਐਂਡ ਫਾਰਮ ਸਰਵਿਸਜ਼ ਬਿੱਲ 14 ਸਤੰਬਰ, 2020 ਨੂੰ ਲੋਕ ਸਭਾ ਵਿੱਚ ਪੇਸ਼ ਕੀਤਾ ਗਿਆ ਅਤੇ 17 ਸਤੰਬਰ, 2020 ਨੂੰ ਲੋਕ ਸਭਾ ਵਿੱਚ ਪਾਸ ਹੋ ਗਿਆ। ਇਹ ਬਿੱਲ 20 ਸਤੰਬਰ, 2020 ਨੂੰ ਰਾਜ ਸਭਾ ਵਿੱਚ ਪਾਸ ਹੋਇਆ।

ਫਾਰਮਰਜ਼ ਪ੍ਰਡਿਊਸ ਟਰੇਡ ਐਂਡ ਕਮਰਸ (ਪ੍ਰਮੋਸ਼ਨ ਐਂਡ ਫੈਸਿਲੀਟਿਏਸ਼ਨ) ਬਿੱਲ 14 ਸਤੰਬਰ, 2020 ਨੂੰ ਲੋਕ ਸਭਾ ਵਿੱਚ ਪੇਸ਼ ਕੀਤਾ ਗਿਆ ਅਤੇ 17 ਸਤੰਬਰ, 2020 ਨੂੰ ਲੋਕ ਸਭਾ ਵਿੱਚ ਪਾਸ ਹੋ ਗਿਆ। ਇਹ ਬਿੱਲ 20 ਸਤੰਬਰ, 2020 ਨੂੰ ਰਾਜ ਸਭਾ ਵਿੱਚ ਪਾਸ ਹੋਇਆ। ਅਸੈਂਸ਼ੀਅਲ ਕਮੋਡਿਟੀ (ਅਮੈਂਡਮੈਂਟ) ਬਿੱਲ 14 ਸਤੰਬਰ,2020 ਨੂੰ ਲੋਕ ਸਭਾ ਵਿੱਚ ਪੇਸ਼ ਕੀਤਾ ਗਿਆ ਅਤੇ 15 ਸਤੰਬਰ, 2020 ਨੂੰ ਲੋਕ ਸਭਾ ਵਿੱਚ ਪਾਸ ਹੋ ਗਿਆ। ਇਹ ਬਿੱਲ 22 ਸਤੰਬਰ, 2020 ਨੂੰ ਰਾਜ ਸਭਾ ਵਿੱਚ ਪਾਸ ਹੋਇਆ। 27 ਸਤੰਬਰ, 2020 ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਸਹਿਮਤੀ ਤੋਂ ਬਾਅਦ ਇਹ ਤਿੰਨੋਂ ਕਾਨੂੰਨ ਬਣ ਗਏ। ਹਾਲਾਂਕਿ ਸੰਸਦ ਵਿੱਚ ਪਾਸ ਹੋਣ ਬਾਅਦ ਇਨ੍ਹਾਂ ਐਕਟਾਂ ਦਾ ਵਿਰੋਧ ਕਰਨ ਵਾਲਿਆਂ ਨੇ ਰਾਸ਼ਟਰਪਤੀ ਨੂੰ ਦਸਤਖਤ ਨਾ ਕਰਨ ਦੀ ਅਪੀਲ ਕੀਤੀ ਸੀ।

ਇਹਨਾਂ ਬਿੱਲਾਂ ਦੇ ਲਾਗੂ ਹੁੰਦੇ ਹੀ ਦੇਸ਼ ਭਰ ਦੇ ਕਿਸਾਨਾਂ ਵਿੱਚ ਹਾਹਾਕਾਰ ਮੱਚ ਗਈ .. ਉਸ ਦਿਨ ਤੋਂ ਹੀ ਕਿਸਾਨਾਂ ਨੇ ਧਰਨਾ ਪ੍ਰਦਰਸ਼ਨ ਸੁਰੂ ਕੀਤਾ । ਸਭ ਤੋਂ ਪਹਿਲਾਂ ਤਾਂ ਲੋਕਲ ਪੱਧਰ ਤੇ ਧਰਨੇ ਦਿੱਤੇ ਗਏ । ਸਰਮਾਏਦਾਰੀ ਨੂੰ ਨੱਥ ਪਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਦੇ ਚੱਲਦੇ ਰੇਲਾਂ ,ਪੈਟਰੋਲ ਪੰਪਾਂ ਤੇ ਕਾਰਪੋਰਟ ਘਰਾਣਿਆ ਦੇ ਨਿੱਜੀ ਸਟੋਰਾਂ ਦੀ ਘੇਰਾਬੰਦੀ ਕੀਤੀ ਗਈ । ਪਰ ਸਰਕਾਰ ਟੱਸ ਤੋਂ ਮੱਸ ਨਾ ਹੋਈ ਜਿਸਦੇ ਚੱਲਦਿਆਂ ਕਿਸਾਨਾਂ ਵੱਲੋਂ 26 ਨਵੰਬਰ 2020 ਨੂੰ ਕਿਸਾਨਾਂ ਨੇ ਦਿੱਲੀ ਦੀ ਘੇਰਾਬੰਦੀ ਲਈ ਦਿੱਲੀ ਵੱਲ ਕੂਚ ਕੀਤੀ । ਇਸ ਸਮੇਂ ਸਰਕਾਰਾਂ ਨੇ ਕਿਸਾਨਾਂ ਨੂੰ ਰੋਕਣ ਲਈ ਬਹੁਤ ਹੀ ਕੋਸ਼ਿਸਾਂ ਕੀਤੀਆਂ ।

ਪਰ ਕਿਸਾਨਾਂ ਨੇ ਹਰ ਮੁਸਕਿਲ ਨੂੰ ਪਾਰ ਕਰਦੇ ਹੋਏ ਦਿੱਲੀ ਵੱਲ ਵੱਧਣਾ ਜਾਰੀ ਰੱਖਿਆ ਤੇ ਉਹ ਕਾਮਯਾਬ ਵੀ ਹੋਏ । ਕਿਸਾਨਾਂ ਦਾ ਇਸ ਅੰਦੋਲਨ ਦੇਖਦੇ ਹੀ ਦੇਖਦੇ ਵਿਸ਼ਵ – ਪੱਧਰੀ ਰੂਪ ਧਾਰਨ ਕਰ ਗਿਆ । ਦੇਸ਼ਾਂ – ਵਿਦੇਸ਼ ਵਿੱਚ ਬੈਠੇ ਲੋਕਾਂ ਨੇ ਇਸ ਅੰਦੋਲਨ ਦਾ ਸਮਰਥਨ ਕੀਤਾ । ਹੌਲੀ – ਹੋਲੀ ਇਸ ਅੰਦੋਲਨ ਦਾ ਅਸਰ ਹਰ ਵਰਗ ਤੇ ਪੈਣਾ ਸੁਰੂ ਹੋਇਆ ਤੇ ਹਰ ਇੱਕ ਨੂੰ ਸਮਝ ਲੱਗਣ ਲੱਗ ਗਈ ਕਿ ਇਹ ਕਾਨੂੰਨ ਹਰ ਇੱਕ ਵਰਗ ਲਈ ਘਾਤਕ ਹਨ । ਹੌਲੀ – ਹੋਲੀ ਮਜ਼ਦੂਰਾਂ ਨੂੰ ਪਤਾ ਲੱਗਿਆ ਕਿ ਕਿਰਸਾਨੀ ਤੋ ਬਿੰਨਾਂ ਉਹਨਾਂ ਦਾ ਵੀ ਕੋਈ ਵਜੂਦ ਨਹੀਂ ਹੈ । ਸਾਲ 2011 ਦੀ ਜਨਗਣਨਾ ਅਨੁਸਾਰ 14 ਕਰੋੜ ਮਜ਼ਦੂਰ ਕਿਰਸਾਨੀ ਮਜਦੂਰੀ ਨਾਲ ਜੁੜਿਆ ਹੋਇਆਂ ਹੈ । ਕਿਉੰਕਿ ਖੇਤ ਵਿੱਚ ਬਿਜਾਈ ਤੂੰ ਸੁਰੂ ਹੋ ਕੇ ਮੰਡੀਕਰਨ ਤੱਕ ਮਜ਼ਦੂਰਾਂ ਦੀ ਜਰੂਰਤ ਪੈਂਦੀ ਹੈ । ਮਜ਼ਦੂਰ ਵੀ ਕਿਸਾਨੀ ਦੇ ਸਹਾਰੇ ਪਲ਼ਦੇ ਹਨ ।

ਕਿਸਾਨ ਹੀ ਦੁੱਖ ਵਿੱਚ ਉਹਨਾਂ ਦਾ ਸਹਾਰਾ ਬਣਦੇ ਹਨ । ਇਸ ਲਈ ਮਜ਼ਦੂਰਾਂ ਨੇ ਵੀ ਕਿਸਾਨੀ ਨਲ ਰਲ ਕੇ ਅੰਦੋਲਨ ਦਾ ਵਿਗਲ ਵਜਾ ਦਿੱਤਾ ਜਿਸ ਕਰਕੇ ਇਹ ਅੰਦੋਲਨ ਕਿਸਾਨ – ਮਜ਼ਦੂਰ ਏਕਤਾ ਦਾ ਪ੍ਰਤੀਕ ਬਣ ਗਿਆ । ਇਸ ਨਾਲ ਹੀ ਵਪਾਰੀ ਵਰਗ ਵੀ ਪਿੱਛੇ ਨਹੀਂ ਹਟਿਆ ਕਿਉੰਕਿ ਵਪਾਰੀ ਵਰਗ ਵੀ ਕਿਸਾਨਾਂ ਕਰਕੇ ਹੀ ਵਪਾਰ ਕਰ ਸਕਦਾ ਹੈ । ਇਸ ਅੰਦੋਲਨ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਰਹੀ ਹੈ ਕਿ ਇਹ ਪਹਿਲਾ ਅਜਿਹਾ ਅੰਦੋਲਨ ਹੈ ਜਿਸ ਵਿੱਚ ਬੱਚਿਆਂ ਤੇ ਔਰਤਾਂ ਨੇ ਵੱਧ – ਚੜ ਕੇ ਸਮੂਲੀਅਤ ਕੀਤੀ ਹੈ । 8 ਮਾਰਚ ਨੂੰ ਦਿੱਲੀ ਵਿੱਚ ਮਹਿਲਾ ਦਿਵਸ ਮਨਾਇਆ ਗਿਆ ਜਿਸ ਵਿੱਚ ਹਰਿਆਣਾ , ਪੰਜਾਬ ਤੇ ਰਾਜਸਥਾਨ ਦੀਆਂ ਔਰਤਾਂ ਨੇ ਵੱਧ – ਚੜ ਕੇ ਹਿੱਸਾ ਲਿਆ । ਔਰਤਾਂ ਨੇ ਆਪਣੇ ਤਰੀਕਿਆਂ ਨਾਲ ਸਰਕਾਰ ਨੂੰ ਵੰਗਾਰਿਆ ਹੈ । ਔਰਤਾਂ ਨਿੱਤ ਮਰਦਾਂ ਦੇ ਬਰਾਬਰ ਦਿੱਲੀ ਵਿੱਚ ਇਸ ਅੰਦੋਲਨ ਵਿੱਚ ਪਹੁੰਚੀਆਂ ਹਨ ।

26 ਜੁਲਾਈ ਨੂੰ ਅੰਦੋਲਨ ਦੇ 8 ਮਹੀਨੇ ਪੂਰੇ ਹੋਣ ਤੇ ਔਰਤਾਂ ਸੜਕ ਤੇ ਉੱਤਰੀਆਂ ਤੇ ਇਸ ਅੰਦੋਲਨ ਲਈ ਅਵਾਜ ਬੁਲੰਦ ਕੀਤੀ । ਉਹਨਾਂ ਨੇ ਸੰਸਦ ਲਗਾਉਣੀ ਸੁਰੂ ਕੀਤੀ। 200 ਔਰਤਾਂ ਦਾ ਜੱਥਾ ਜੰਤਰ – ਮੰਤਰ ਤੇ ਪਹੁੰਚਦਾ ਹੈ ਤੇ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਦਾ ਹੈ । ਇਹ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਔਰਤਾਂ ਇਸ ਤਰ੍ਹਾਂ ਸੜਕ ਤੇ ਸੰਸਦ ਲਗਾਉਣ। ਔਰਤਾਂ ਨੇ ਸੰਸਦ ਵਿੱਚ 33 % ਰਾਖਵੇਂਕਰਨ ਦੀ ਮੰਗ ਕੀਤੀ ਹੈ । ਬੱਚੇ ਵੀ ਇਸ ਅੰਦੋਲਨ ਦਾ ਹਿੱਸਾ ਬਣੇ ਹਨ । ਉਹਨਾਂ ਵਿੱਚ ਵੀ ਪੂਰਾ ਜੋਸ਼ ਭਰ ਗਿਆ ਹੈ । ਉਹ ਮੌਤ ਤੋ ਵੀ ਨਹੀਂ ਡਰਦੇ । ਉਹ ਪੁਲਿਸ ਦੇ ਹੱਥੋਂ ਗਿਰਫ਼ਤਾਰ ਹੋਣ ਤੇ ਡੋਲਦੇ ਨਹੀਂ ਸਗੋਂ ਅਵਾਜ ਬੁਲੰਦ ਕਰਦੇ ਹਨ । ਇਸ ਅੰਦੋਲਨ ਵਿੱਚ ਹਰ ਧਰਮ ਦੇ ਲੋਕ ਸਾਮਿਲ ਹਨ ।

ਹਰ ਪਾਸੇ ਆਪਸੀ ਪਿਆਰ ਹੀ ਵਿਖਰ ਰਿਹਾ ਹੈ । ਜਾਤ – ਪਾਤ, ਧਰਮ ਆਦਿ ਸਾਰੇ ਇਸ ਅੰਦੋਲਨ ਤੋਂ ਕੋਹਾਂ ਦੂਰ ਹਨ । ਇਸ ਅੰਦੋਲਨ ਨੇ ਲੋਕਾਂ ਨੂੰ ਬਹੁਤ ਜਾਗਰੂਕ ਕੀਤਾ ਹੈ । ਲੋਕ ਸਮਝ ਚੁੱਕੇ ਹਨ ਕਿ ਸਰਕਾਰਾਂ ਤਾਨਾਸ਼ਾਹ ਹਨ ਜਿਸਦੀ ਤਾਜ਼ਾ ਉਦਾਹਰਨ 15 ਅਗਸਤ ਦਾ ਸੁਤੰਤਰਤਾ ਦਿਵਸ ਹੈ । ਇਸ ਵਾਰ ਲੋਕਾਂ ਨੇ ਪਹਿਲਾ ਦੀ ਤਰ੍ਹਾਂ ਅਜ਼ਾਦੀ ਦਾ ਜਸ਼ਨ ਨਹੀਂ ਮਨਾਇਆ ਤੇ ਨਾਂ ਹੀ ਕਿਸੇ ਨੂੰ ਵਧਾਈ ਦੇ ਸੁਨੇਹੇ ਭੇਜੇ ਸਗੋ ਆਪਣੇ ਆਪ ਨੂੰ ਅਜੇ ਵੀ ਗੁਲਾਮ ਹੀ ਸਮਝਿਆਂ । ਸੋ ਅਖੀਰ ਇਹ ਅੰਦੋਲਨ ਹੁਣ ਤੱਕ ਦੇ ਹੋਏ ਅੰਦੋਲਨਾਂ ਨਾਲੋ ਸਭ ਤੋਂ ਨਿਵੇਕਲਾ ਹੈ ਜਿਸ ਵਿੱਚ ਹਰ ਵਰਗ ਦੀ ਸਮੂਲੀਅਤ ਹੋਈ ਹੈ ਤੇ ਜਿਸ ਨਾਲ ਸਭ ਤੋਂ ਵੱਧ ਲੋਕ ਜਾਗਰੂਕ ਹੋਏ ਹਨ ਤੇ ਇਤਹਾਸ ਦੇ ਵਿੱਚ ਇਸ ਅੰਦੋਲਨ ਦਾ ਜਿਕਰ ਹਮੇਸ਼ਾ ਸੁਨਹਿਰੀ ਅੱਖਰਾਂ ਵਿੱਚ ਉੱਕਰਿਆ ਜਾਵੇਗਾ ।

ਰਮੇਸ਼ਵਰ ਸਿੰਘ ਪਟਿਆਲਾ

ਸੰਪਰਕ ਨੰਬਰ-9914880392

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੁਰਬਾਨੀ
Next articleਚਮੜੀ ਦੇ ਰੋਗ ਅਤੇ ਲੱਛਣ ਅਤੇ ਘਰੇਲੂ ਇਲਾਜ-