
(ਸਮਾਜ ਵੀਕਲੀ) ਸ੍ਰਿਸ਼ਟੀ ਦਾ ਭਰਮਣ ਕਰਨ ਤੋਂ ਪਹਿਲਾਂ ਮਨੁੱਖਤਾ ਦੇ ਰਹਿਬਰ ਸਤਿਗੁਰੁ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਵਿਸਮਾਦ ਅਵਸਥਾ ਵਿੱਚ ਸ਼ਾਂਤ ਚਿੱਤ ਸ੍ਰਿਸ਼ਟੀ ਨੂੰ ਨਿਹਾਰ ਰਹੇ ਸਨ। ਤਾਂ ਉਸ ਵਕਤ ਸ੍ਰਿਸ਼ਟੀ ਤੇ ਪਾਪ ਦਾ ਬੋਲਬਾਲਾ ਸੀ, ਹਰ ਪਾਸੇ ਤੱਕੜੇ ਦਾ ਸਤੀ ਵੀ ਸੋ ਹੋ ਰਿਹਾ ਸੀ। ਔਰਤਾਂ ਦੀ ਸਮਾਜ ਵਿਚ ਬਹੁਤ ਭਿਆਨਕ ਦੁਰਦਸ਼ਾ ਹੋ ਰਹੀ ਸੀ,ਸਮਾਜ ਵਿਚ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਜਾਂ ਸਿਰਫ ਭੋਗ ਬਿਲਾਸ ਦੀ ਵਸਤੂ ਤੇ ਮਨੋਰੰਜਨ ਦਾ ਸਾਧਨ। ਪਾਪ ਚਰਮ ਸੀਮਾ ਤੇ ਸੀ ਮਨੁੱਖ- ਮਨੁੱਖ ਦਾ ਹੱਕ ਖਾ ਕੇ ਹੰਕਾਰੀ , ਵਿਭਚਾਰੀ, ਸ਼ਿਕਾਰੀ ਬਿਰਤੀ ਦਾ ਬਣ ਚੁੱਕਾ ਸੀ। ਅਜਿਹੇ ਸਮੇਂ ਧਰਮ ਧੰਦਾ ਬਣ ਗਿਆ ਸੀ। ਮਨੁੱਖ ਦਾ ਖਾਣਾ ਅਤੇ ਬੁੱਧੀ ਦੋਨੋ ਭ੍ਰਿਸ਼ਟ ਹੋ ਚੁੱਕੇ ਸਨ। ਹਰ ਪਾਸੇ ਭ੍ਰਿਸ਼ਟਾਚਾਰ ਨਜ਼ਰ ਆ ਰਿਹਾ ਸੀ । ਸ੍ਰਿਸ਼ਟਾਚਾਰ ਦਾ ਜਨਾਜ਼ਾ ਨਿਕਲ ਚੁੱਕਿਆ ਸੀ। ਲੋਕਾਂ ਵਿਚ ਆਪਣੀ ਉੱਚ ਜਾਤ ਕੁਲ ਧਰਮ ਦਾ ਹੰਕਾਰ ਭਾਰੀ ਸੀ। ਮਿਹਨਤਕਸ਼ ਗਰੀਬ ਮਜ਼ਦੂਰ ਨੂੰ ਕੰਮ ਕਰਨ ਦੇ ਬਾਵਜੂਦ ਮਿਹਨਤ ਦੇਣ ਦੀ ਬਜਾਏ ਜ਼ਲੀਲ ਕੀਤਾ ਜਾਂਦਾ ਸੀ। ਗਰੀਬ ਨੂੰ ਕੋਈ ਅਧਿਕਾਰ ਨਹੀਂ ਸੀ ਕਿ ਉਹ ਉਚ ਜਾਤੀ ਪਾਸ ਬੈਠ ਸਕੇ ਜਾਂ ਉਨ੍ਹਾਂ ਦੀ ਕੋਈ ਗੱਲ ਸੁਣ ਸਕੇ। ਉਚ ਜਾਤੀ ਦੇ ਹੰਕਾਰ ਨੇ ਗਰੀਬ ਦਾ ਘਰ ਬਾਹਰ ਕਬੀਲਾ ਅਲੱਗ ਕੀਤਾ ਹੋਇਆ ਸੀ। ਜੇਕਰ ਕੋਈ ਗਰੀਬ ਕੰਗਾਲ ਉਚ ਜਾਤੀ ਦੇ ਰਸਤੇ ਵਿਚ ਆ ਜਾਂਦਾ ਤਾਂ ਰਸਤਾ ਭਿੱਟਿਆ ਗਿਆ ਆਖ ਉਚ ਜਾਤੀ ਵੱਲੋਂ ਗਰੀਬ ਤੇ ਤਸ਼ੱਦਦ ਕੀਤਾ ਜਾਂਦਾ। ਅਤੇ ਉਚ ਜਾਤੀ ਵੱਲੋਂ ਭਿੱਟ ਦੂਰ ਕਰਨ ਲਈ ਗੰਗਾ ਇਸ਼ਨਾਨ ਦਾ ਢੋਂਗ ਰਚਿਆ ਜਾਂਦਾ।ਜੇਕਰ ਗਰੀਬ ਕਿਸੇ ਅਖੌਤੀ ਉਚ ਘਰਾਣੇ ਦੀ ਧਾਰਮਿਕ ਗੱਲਬਾਤ ਸੁਣ ਬੈਠਦਾ ਤਾਂ ਗਰੀਬ ਦੇ ਕੰਨਾਂ ਵਿਚ ਸਿੱਕੇ ਢਾਲ ਕੇ ਪਾ ਦਿੱਤੇ ਜਾਂਦੇ । ਜੇਕਰ ਸ਼ੂਦਰ ਕਿਸੇ ਅਖੌਤੀ ਧਾਰਮਿਕ ਆਗੂ ਪਿਛੇ ਲੱਗ ਅਖੌਤੀ ਦੇ ਬਣਾਏ ਭਗਵਾਨ ਦਾ ਨਾਮ ਲੈ ਬੈਠਦਾ ਤਾਂ ਉਸ ਦੀ ਜੀਭ ਕੱਟ ਦਿੱਤੀ ਜਾਂਦੀ। ਗਰੀਬ ਦੇ ਭਾਂਡੇ ਉਸ ਦਾ ਪਾਣੀ ਤੇ ਧਰਤੀ ਤੱਕ ਵੰਡ ਦਿੱਤੀ ਗਈ ਸੀ। ਗਰੀਬ ਨੂੰ ਕੋਈ ਅਧਿਕਾਰ ਨਹੀਂ ਸੀ ਕਿ ਉਹ ਪੈਰੀਂ ਜੁੱਤੀ ਪਾ ਸਕੇ। ਘੋੜੀ ਦੀ ਸਵਾਰੀ ਕਰ ਸਕੇ। ਸਿਰ ਤੇ ਪਗੜੀ ਸਜਾ ਸਕੇ। ਕੋਈ ਹਥਿਆਰ ਰੱਖ ਸਕੇ।ਇਥੋਂ ਤੱਕ ਕਿ ਬਹੁਤਾਤ ਗਰੀਬ ਔਰਤਾਂ ਦੀ ਜ਼ਿੰਦਗੀ ਦਾਸੀ ਪ੍ਰਥਾ, ਵਿਧਵਾ ,ਸਤੀ ਪ੍ਰਥਾ, ਦੀ ਭੇਂਟ ਚੜ੍ਹ ਰਹੀ ਸੀ। ਧਰਮ ਦੀ ਤ੍ਰਾਸਦੀ ਇਥੋਂ ਤੱਕ ਨਿਗਰ ਚੁੱਕੀ ਸੀ ਕਿ ਵਰਣ ਵੰਡ ਨੇ ਮਨੁੱਖ ਨੂੰ ਹੀ ਨਹੀਂ ਧਰਮ ਪਹਿਚਾਣ ਦੀਆਂ ਨਿਸ਼ਾਨੀਆਂ ਨੂੰ ਵੀ ਬ੍ਰਾਹਮਣ, ਖੱਤਰੀ, ਵੈਸ਼,ਸ਼ੂਦਰ, ਆਖ ਵੰਡਿਆ ਹੋਇਆ ਸੀ। ਅਜਿਹੇ ਸਮੇਂ ਵਿਚ ਨਨਕਾਣਾ ਸਹਿਬ ਦੀ ਧਰਤੀ ਤੇ ਪਿਤਾ ਕਾਲੂ ਜੀ ਦੇ ਘਰ ਮਾਤਾ ਤ੍ਰਿਪਤਾ ਦੀ ਕੁੱਖੋਂ ਜਨਮੇ ਇਕ ਕ੍ਰਾਂਤੀਕਾਰੀ ਮਰਦ ਅਗੰਮੜੇ ਨੇ ਅਜਿਹੀਆਂ ਬੁਰਾਈਆਂ ਕੁਰੀਤੀਆਂ ਖ਼ਿਲਾਫ਼ ਜੰਗ ਦਾ ਬਿਗੁਲ ਵਜਾਉਦੇ ਹੋਏ ਚਾਰ ਉਦਾਸੀਆਂ ਕੀ ਕੀਤੀਆਂ ਕਿ ਪੂਰੇ ਸੰਸਾਰ ਵਿੱਚ ਕੁਰੀਤੀਆਂ ਦਾ ਤੁਖਮ ਉਡਾ ਕੇ ਰੱਖ ਦਿੱਤਾ। ਸਤਿਗੁਰ ਨਾਨਕ ਦੇਵ ਜੀ ਨੇ ਨਾਲ ਭਾਈ ਮਰਦਾਨਾਂ ਜੀ ਨੂੰ ਦੇਖ ਕੇ ਸਮਾਜ ਦਾ ਮੂੰਹ ਅੱਡਿਆ ਰਹਿ ਗਿਆ। ਸੰਸਾਰ ਦੀ ਇਸ ਅਨੋਖੀ ਤਰਕਵਾਦੀ ਜੋੜੀ ਨੂੰ ਦੇਖ ਅਖੌਤੀ ਧਰਮ ਦੇ ਠੇਕੇਦਾਰਾਂ ਨੂੰ ਦੰਦਲਾਂ ਪੈਣ ਲੱਗੀਆਂ। ਸਤਿਗੁਰ ਧੁਰ ਕੀ ਬਾਣੀ ਦਾ ਅਲਾਪ ਕਰਦੇ ਤਾਂ ਭਾਈ ਮਰਦਾਨਾ ਜੀ ਇਸ ਅਲਾਪ ਨੂੰ ਰਾਗਾਂ ਦੀ ਬੰਦਸ਼ ਵਿਚ ਬੰਨ੍ਹ ਦਿੰਦੇ। ਆਪ ਜੀ ਨੇ ਜਿਥੇ ਭਾਈ ਲਾਲੋ ਦੇ ਘਰ ਦਾ ਮਿੱਸਾ ਪ੍ਰਸ਼ਾਦਾ ਛਕ ਕੇ ਜਾਤੀ ਹੰਕਾਰ ਦੀਆਂ ਧੱਜੀਆਂ ਉਡਾ ਦਿੱਤੀਆਂ। ਉਥੇ ਮਲਕ ਭਾਗੋ ਦੇ ਛੱਤੀ ਪ੍ਰਕਾਰ ਦੇ ਬ੍ਰਹਮ ਭੋਜ ਨੂੰ ਗਰੀਬਾਂ ਦਾ ਨਿਚੋੜਿਆ ਖੂਨ ਦੱਸਿਆ। ਆਪ ਜੀ ਨੇ ਸੱਜਣ ਠੱਗ ਦੀ ਕਾਇਆ ਕਲਪ ਕਰ ਦਿੱਤੀ। ਕੋਡੇ ਰਾਖ਼ਸ਼ ਨੂੰ ਸੰਤ ਬਣਾ ਦਿੱਤਾ। ਵਲੀ ਕੰਧਾਰੀ ਦਾ ਹੰਕਾਰ ਤੋੜਿਆ, ਦੁਨਿਆਵੀ ਵਿਦਿਆ ਦੇ ਅਧਿਆਪਕਾਂ ਨੂੰ ਰੂਹਾਨੀਅਤ ਵਿਦਿਆ ਦਾ ਗਿਆਨ ਬਖਸ਼ਿਆ, ਪਾਂਡੇ ਨੂੰ ਅਸਲੀ ਜਨੇਊ ਦੀ ਪ੍ਰਭਾਸ਼ਾ ਦੱਸੀ ਹਰ ਦਿਸ਼ਾ ਵਿਚ ਲੋਕਾਂ ਦੀ ਦਸ਼ਾ ਨੂੰ ਸੁਧਾਰਦਿਆਂ ਰਾਜਨੀਤਕ, ਧਰਮ, ਅਤੇ ਸਮਾਜਿਕ ਕੁਰੀਤੀਆਂ ਤੇ ਕਰਾਰੀ ਚੋਟ ਕੀਤੀ ਅਤੇ ਅਖੌਤੀ ਠੇਕੇਦਾਰਾਂ ਨੂੰ ਸ਼ਰਮਿੰਦਗੀ ਮਹਿਸੂਸ ਕਰਵਾ ਕੇ। ਜੀਵਨ ਦੇ ਅਸਲ ਮਾਰਗ ਵੱਲ ਰਵਾਨਾ ਕੀਤਾ। ਸਤਿਗੁਰ ਨਾਨਕ ਦੇਵ ਜੀ ਨੇ ਗ੍ਰਹਿਸਤ ਜੀਵਨ ਨੂੰ ਤਰਜੀਹ ਦਿੱਤੀ। ਉਨਾਂ ਨੇ ਕਰਤਾਰ ਪੁਰ ਦੀ ਧਰਤੀ ਤੇ ਕਿਰਤ ਦੀ ਕਮਾਈ ਦਾ ਹੋਕਾ ਦਿੰਦਿਆਂ ਹੱਲ ਦੀ ਹੱਥੀ ਤੇ ਹੱਥ ਧਰ ਕੇ ਖੇਤੀਬਾੜੀ ਕੀਤੀ ਅਤੇ ਖੁਦ ਫਸਲ ਚੋਂ ਨਦੀਨ ਦੂਰ ਕਰਨ ਦੇ ਨਾਲ ਨਾਲ ਸਮਾਜ ਚੋਂ ਕੁਰੀਤੀਆਂ ਦੂਰ ਕਰਨ ਦਾ ਸੰਕਲਪ ਪੂਰਾ ਕੀਤਾ।ਇਸ ਮੌਕੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਪਿਆਰਿਆਂ ਨੂੰ ਊਚ ਨੀਚ ਜਾਤਿ ਪਾਤ ਦਾ ਖਾਤਮਾ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਸਭ ਮਨੁੱਖ ਇੱਕ ਬਰਾਬਰ ਹਨ ਕੋਈ ਵੱਡਾ ਜਾਂ ਛੋਟਾ ਨਹੀਂ ਹੈ। ਉਨ੍ਹਾਂ ਨੇ ਦਸਾ ਨੋਹਾਂ ਦੀ ਕਿਰਤ ਕਰਨ ਦੇ ਨਾਲ ਨਾਲ ਨਾਮ ਜਪਣ ਅਤੇ ਵੰਡ ਕੇ ਛਕਣ ਦਾ ਸੰਦੇਸ਼ ਦਿੰਦਿਆਂ ਇੱਕ ਸੰਗਤ ਇੱਕ ਪੰਗਤ ਦੇ ਲੰਗਰ ਦੀ ਪ੍ਰਥਾ ਚਲਾਈ। ਅੱਜ ਜਿਥੇ ਪੂਰੇ ਸੰਸਾਰ ਦੇ ਅੰਦਰ ਹਿੰਦੂ, ਸਿੱਖ, ਮੁਸਲਮਾਨ, ਈਸਾਈ ਭਾਈਚਾਰੇ ਵੱਲੋਂ ਮਨੁੱਖਤਾ ਦੇ ਰਹਿਬਰ ਸਤਿਗੁਰੂ ਨਾਨਕ ਦੇਵ ਜੀ ਦਾ ਪਾਵਨ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਉਥੇ ਉਨ੍ਹਾਂ ਦੇ ਪਾਵਨ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਪਾਵਨ ਬਾਣੀ ਦੇ ਰੂਪ ਵਿੱਚ ਸੰਗਤਾਂ ਸਰਵਨ ਕਰਕੇ ਆਪਣਾ ਜੀਵਨ ਸਫਲਿਆ ਕਰ ਰਹੀਆਂ ਹਨ। ਪਰਮਾਤਮਾ ਸਰਬੱਤ ਦਾ ਭਲਾ ਕਰੇ ਆਉ ਸਾਰੇ ਰਲਕੇ ਆਖੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।
https://play.google.com/store/apps/details?id=in.yourhost.samajweekly