ਮਨ

ਸੁਕਰ ਦੀਨ ਕਾਮੀਂ ਖੁਰਦ

(ਸਮਾਜ ਵੀਕਲੀ)

ਜਿਹੜਾ ਬੰਦਾ ਇੱਕ ਵਾਰ ਦਿਲੋਂ ਲਹਿ ਜਾਵੇ,
ਉਹਦੇ ਨਾਲ ਫਿਰ ਨਾ ਪਿਆਰ ਕਰੀਏ।
ਟੁੱਟ ਗਿਆ ਮਨ ਨਹੀਂ ਦੁਬਾਰਾ ਮਿਲਦਾ
ਭਾਵੇਂ ਮੁੜ ਕੋਸ਼ਿਸ਼ਾਂ ਹਜ਼ਾਰ ਕਰੀਏ।

ਲੰਘ ਗਿਆ ਡੂੰਘੇ ਸਾਗਰ ਦੇ ਵਿੱਚੋਂ ਜੋ,
ਪੱਤਣਾਂ ਦਾ ਪਾਣੀ ਨਹੀਂਓਂ ਪਿੱਛੇ ਮੁੜਦਾ।
ਇੱਕ ਵਾਰੀ ਟੁੱਟਕੇ ਅਲੱਗ ਹੋ ਜਾਵੇ,
ਫੇਰ ਔਖਾ ਮੋਤੀ ਲੜੀ ਨਾਲ ਜੁੜਦਾ।
ਪੱਟ ਕੇ ਦਾੜੀ ਨੂੰ ਪੈਰਾਂ ਵਿੱਚ ਡਿੱਗਜੇ,
ਮੰਨਦਾ ਨਹੀਂ ਲੱੱਖ ਸਤਿਕਾਰ ਕਰੀਏ।
ਟੁਟ ਗਿਆ ਮਨ ਨਹੀਂ ਦੁਬਾਰਾ ਮਿਲਦਾ,
ਮੁੜ ਭਾਵੇਂ ਕੋਸ਼ਿਸ਼ ਹਜ਼ਾਰ ਕਰੀਏ।

ਬੋਲਦੀ ਦਾ ਕਿਤੇ ਪੈਰ ਜੇ ਫ਼ਿਸਲ ਜਾਏ ,
ਮੁੜਕੇ ਨਾ ਵਿਹੜੇ ਉਹ ਜ਼ੁਬਾਨ ਵੜਦੀ।
ਬੱਦਲਾਂ ਦੇ ਵਿਚੋਂ ਜੋ ਰਵਾਨਾ ਹੋ ਜਾਵੇ,
ਕਦੋਂ ਉਹ ਬੁੰਦ ਅਸਮਾਨ ਚੜ੍ਹਦੀ।
ਸ਼ੀਸ਼ੇ ਦੀ ਤਰੇੜ ਨਾ ਕਦੇ ਵੀ ਮਿਲਦੀ,
ਬੈਠ ਜਿਨ੍ਹਾਂ ਮਰਜ਼ੀ ਸਿੰਗਾਰ ਕਰੀਏ।
ਟੁੱਟ ਗਿਆ ਮਨ ਨਹੀਂ ਦੁਬਾਰਾ ਮਿਲਦਾ,
ਭਾਵੇਂ ਮੁੜ ਕੋਸ਼ਿਸ਼ ਹਜ਼ਾਰ ਕਰੀਏ।

ਜੜ ਹੈ ਉਮੀਦ ਕਿਹੜੀ ਲਾਕੇ ਉੱਗੇ ਗਾ,
ਰੁੱਖ ਜੋ ਹਨੇਰੀ ਨਾਲ ਗਿਆ ਪੱਟਿਆ।
ਕੌੜਾ ਕਦੇ ਉਹਨੂੰ ਨਹੀਂ ਪਸੰਦ ਆਂਵਦਾ,
ਜਿਹਨੇ ਸਦਾ ਜ਼ਿੰਦਗੀ ਚ ਮਿੱਠਾ ਚੱਖਿਆ।
ਜਿੱਦੀ ਬੱਚੇ ਉੱਤੇ ਨੀ ਅਸਰ ਹੋਂਵਦਾ,
ਮੂਹਰੇ ਸਾਰਾ ਲਿਆਣਕੇ ਬਾਜਾਰ ਧਰੀਏ।
ਟੁੱਟ ਗਿਆ ਮਨ ਨਹੀਂ ਦੁਬਾਰਾ ਮਿਲਦਾ,
ਭਾਵੇਂ ਮੁੜ ਯਤਨ ਹਜ਼ਾਰ ਕਰੀਏ।

“ਖਾਨ” ਦੀ ਕਲ਼ਮ ਗੱਲ ਸੱਚ ਲਿਖ ਗਈ,
ਗੱਠ ਪੈ ਜਏ ਜਿੱਥੇ ਰਸ ਮੁੱਕ ਜਾਵਦਾ।
ਸਫ਼ਰ ਅਲੱਗ ਜਦੋਂ ਹੋਜੇ ਯਾਰ ਦਾ,
ਤੁਰਨ ਦਾ ਨਾਲ ਨਹੀਂ ਸਵਾਦ ਆਂਵਦਾ।
ਅੱਖਰਾਂ ਦੀ ਦਾਤ ਬਖਸ਼ੀ ਜੇ ਰੱਬ ਨੇ,
“ਕਾਮੀ ਵਾਲਿਆ” ਭੋਰਾ ਨਾ ਹੰਕਾਰ ਕਰੀਏ।
ਟੁੱਟ ਗਿਆ ਮਨ ਨਹੀਂ ਦੁਬਾਰਾ ਮਿਲਦਾ,
ਭਾਵੇਂ ਮੁੜ ਯਤਨ ਹਜ਼ਾਰ ਕਰੀਏ।

ਸੁਕਰ ਦੀਨ
ਪਿੰਡ: ਕਾਮੀ ਖੁਰਦ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪ੍ਰਦੂਸ਼ਣ
Next articleਪਰਾਈ ਧਰਤੀ ਪਰਾਏ ਲੋਕ