(ਸਮਾਜ ਵੀਕਲੀ) –ਵਿਚੋਲਾ ਪੰਜਾਬੀ ਭਾਸ਼ਾ ਦਾ ਇੱਕ ਆਮ ਸ਼ਬਦ ਹੈ ਪਰ ਜੇ ਇਸ ਦੇ ਕਾਰਜ ਦੀ ਗੱਲ ਕਰੀਏ ਤਾਂ ਇਹ ਬਹੁਤ ਖਾਸ ਹੋ ਜਾਂਦਾ ਹੈ। ਇਸੇ ਤਰ੍ਹਾਂ ਜੇ ਵਿਚੋਲੇ ਦੇ ਕੰਮਾਂ ਕਾਰਾਂ ਨੂੰ ਪਰਿਭਾਸ਼ਿਤ ਕਰੀਏ ਤਾਂ ਬਹੁਤ ਲੰਮੇਰੀ ਗੱਲਬਾਤ ਹੋ ਜਾਵੇਗੀ। ਕਿਸੇ ਵੀ ਕੰਮ ਨੂੰ ਨੇਪਰੇ ਚਾੜ੍ਹਨ ਵਿੱਚ ਦੋ ਧਿਰਾਂ ਨੂੰ ਜੋੜਨ ਦਾ ਕੰਮ ਕਰਨ ਵਾਲੇ ਨੂੰ ਵਿਚੋਲਾ ਕਹਿੰਦੇ ਹਨ। ਫਿਰ ਉਹ ਕੰਮ ਚਾਹੇ ਮੁੰਡੇ ਕੁੜੀ ਦਾ ਰਿਸਤਾ ਕਰਾਉਣ ਦਾ ਹੋਵੇ, ਜਮੀਨ ਖਰੀਦਣ ਵੇਚਣ ਦਾ, ਲੜਾਈ ਝਗੜਾ ਨਿਪਟਾਉਣ ਦਾ ਜਾਂ ਦੁਨੀਆਂਦਾਰੀ ਦਾ ਕੋਈ ਵੀ ਹੋਰ ਕੰਮ।
ਪਰ ਅੱਜ ਇਸ ਲੇਖ ਵਿੱਚ ਮੈਂ ਸਿਰਫ਼ ਰਿਸਤਾ ਕਰਾਉਣ ਵਾਲੇ ਵਿਚੋਲੇ ਦੀ ਬਾਬਤ ਹੀ ਗੱਲ ਕਰਾਂਗਾ। ਮੇਰੇ ਵਿਚਾਰ ਅਨੁਸਾਰ ਦੋ ਪਰਿਵਾਰਾਂ ਨੂੰ ਜੋੜਨ ਅਤੇ ਦੋ ਰੂਹਾਂ ਦਾ ਮੇਲ ਕਰਾਉਣ ਵਾਲਾ ਇਹ ਕੰਮ ਬਹੁਤ ਪੁੰਨ ਅਤੇ ਨੇਕੀ ਖੱਟਣ ਵਾਲਾ ਹੈ ਬਸ਼ਰਤੇ ਕਿ ਉਸ ਵਿੱਚ ਕੋਈ ਲਾਲਚ ਦੀ ਭਾਵਨਾ ਨਾ ਹੋਵੇ।
ਉਂਝ ਸਾਡੇ ਸਮਾਜ ਵਿੱਚ ਵਿਚੋਲਿਆਂ ਪ੍ਤੀ ਨਾਕਾਰਾਤਮਕ ਵਿਚਾਰ ਵੀ ਦੇਖਣ ਨੂੰ ਮਿਲਦੇ ਹਨ। ਇਸ ਲਈ ਕਿਹਾ ਜਾਂਦਾ ਹੈ ਕਿ ਵਿਚੋਲਾ ਦੋ ਸਬਦਾਂ ਵਿੱਚ ਅਤੇ ਓਹਲਾ ਤੋਂ ਮਿਲਕੇ ਬਣਿਆ ਹੈ। ਭਾਵ ਰਿਸਤਾ ਨੇਪਰੇ ਚਾੜ੍ਹਨ ਲਈ ਉਸਨੂੰ ਕੋਈ ਨਾ ਕੋਈ ਓਹਲਾ ਜਰੂਰ ਰੱਖਣਾ ਪੈਂਦਾ ਹੈ। ਸਾਇਦ ਇਸੇ ਕਰਕੇ ਸਾਡੇ ਸੱਭਿਆਚਾਰ ਵਿੱਚ ਵੀ ਵਿਚੋਲੇ ਬਾਰੇ ਸਾਕਾਰਾਤਮਕ ਅਤੇ ਨਾਕਾਰਾਤਮਕ ਲੋਕ ਬੋਲੀਆਂ ਲਿਖੀਆਂ ਗਈਆਂ ਹਨ ਜਿਵੇਂ:-
ਤੇਰੀ ਮੇਰੀ ਜੋੜੀ ਜਿਵੇਂ ਦੁੱਧ ਤੇ ਮਲਾਈ ਆ।
ਜੀਵੇ ਉਹ ਵਿਚੋਲਾ ਜੀਹਨੇ ਦੱਸ ਤੇਰੀ ਪਾਈ ਆ।
ਕੀੜੇ ਪੈਣ ਵੇ ਵਿਚੋਲਿਆ ਤੇਰੇ।
ਹਾਣ ਦਾ ਨਾ ਵਰ ਟੋਲਿਆ।।
ਪੁਰਾਣੇ ਟਾਈਮ ਵਿੱਚ ਜਿਆਦਾਤਰ ਰਾਜੇ (ਨਾਈ) ਹੀ ਰਿਸਤਾ ਕਰਾਉਣ ਦਾ ਕੰਮ ਕਰਿਆ ਕਰਦੇ ਸਨ। ਫ਼ਿਰ ਹੌਲੀ ਹੌਲੀ ਸਮਾਜ ਤਰੱਕੀ ਵੱਲ ਵਧਿਆ ਤਾਂ ਰਿਸਤੇ ਵੇਲੇ ਵਿਚੋਲੇ ਦੋਹਾਂ ਪਰਿਵਾਰਾਂ ਨੂੰ ਗੱਲਬਾਤ ਦਾ ਮੌਕਾ ਦੇਣ ਲੱਗੇ ਅਤੇ ਫਿਰ ਮੁੰਡੇ ਕੁੜੀ ਨੂੰ ਵੀ ਰਿਸ਼ਤੇ ਤੋਂ ਪਹਿਲਾਂ ਦੇਖਣ ਦਿਖਾਉਣ ਦਾ ਕੰਮ ਸ਼ੁਰੂ ਹੋ ਗਿਆ। ਅਜੋਕੇ ਸਮੇਂ ਵਿੱਚ ਵਿਚੋਲੇ ਦਾ ਰੋਲ ਤੁਹਾਡਾ ਕੋਈ ਮਿੱਤਰ ਜਾਂ ਰਿਸ਼ਤੇਦਾਰ ਵੀ ਨਿਭਾ ਸਕਦਾ ਹੈ। ਅੱਜਕੱਲ ਭਾਵੇਂ ਰਿਸਤੇ ਕਰਾਉਣ ਦੇ ਨਵੇਂ ਢੰਗ ਤਰੀਕੇ ਵੀ ਸੁਰੂ ਹੋ ਗਏ ਹਨ । ਇਸ ਨੂੰ ਵਿਚੋਲਪਣੇ ਦੇ ਕੰਮਾਂ ਵਿੱਚ ਨਵੀਨਤਾ ਕਹਿ ਲਓ, ਤਰੱਕੀ ਕਹਿ ਲਓ ਜਾਂ ਹੋਰ ਸੰਸਥਾਵਾਂ ਦੀ ਦਖਲ ਅੰਦਾਜ਼ੀ ਜਿਵੇਂ ਮੈਰਿਜ ਬਿਓਰੋ, ਰਿਸ਼ਤੇ ਹੀ ਰਿਸ਼ਤੇ, ਜੀਵਨ ਸਾਥੀ ਡਾਟ ਕਾਮ ਵਰਗੀਆਂ ਸੋ਼ਸਲ ਸਾਈਟਾਂ ਆਦਿ। ਇਸ ਤੋਂ ਇਲਾਵਾ ਲਵ ਮੈਰਿਜਾਂ ਦੇ ਰਿਵਾਜ਼ ਨੇ ਵੀ ਵਿਚੋਲੇ ਦੀ ਅਹਿਮੀਅਤ ਨੂੰ ਢਾਹ ਲਾਈ ਹੈ। ਵਿਚੋਲਿਆਂ ਵਿੱਚ ਵਧਦਾ ਲਾਲਚ ਵੀ ਇਸ ਪਰਉਪਕਾਰੀ ਕੰਮ ਨੂੰ ਕਲੰਕਤ ਕਰ ਰਿਹਾ ਹੈ। ਅੱਜਕੱਲ ਲੋਕਾਂ ਨੇ ਗਰੁੱਪ ਬਣਾ ਕੇ ਵਿਚੋਲਪੁਣੇ ਨੂੰ ਵੀ ਕਾਰੋਬਾਰ ਬਣਾ ਲਿਆ ਹੈ।
ਪਰ ਕੁਝ ਲੋਕ ਵਿਚੋਲਪੁਣੇ ਦਾ ਕੰਮ ਪੁੰਨ ਸਮਝ ਕੇ ਵੀ ਕਰਦੇ ਹਨ। ਮੇਰੇ ਪਿੰਡ ਦਾ ਰਾਜੂ ਪਰਜਾਪਤ ਜਦੋਂ ਕੋਈ ਸਾਕ ਕਰਾਉਂਦਾ ਹੈ ਤਾਂ ਜਿਹੜੀ ਵਿਚੋਲਪੁਣੇ ਦੀ ਅੰਗੂਠੀ ਉਸਨੂੰ ਪੈਂਦੀ ਹੈ ਉਹ ਉਸੇ ਟਾਇਮ ਵਿਆਹ ਵਾਲੀ ਕੁੜੀ ਦੀ ਹੀ ਝੋਲੀ ਵਿੱਚ ਪਾ ਦਿੰਦਾ ਹੈ। ਮੈਨੂੰ ਯਾਦ ਹੈ ਕਿ ਮੇਰੇ ਆਪਣੇ ਵਿਚੋਲੇ ਨੇ ਮੇਰੇ ਸਾਕ ਤੋਂ ਪਹਿਲਾਂ ਪੂਰੇ ਇੱਕ ਸੌ ਰਿਸਤੇ ਕਰਾਏ ਸੀ ਪਰ ਉਸਦਾ ਇਹ ਇੱਕ ਸੌ ਇੱਕਵਾਂ ਰਿਸ਼ਤਾ ਕਈ ਕਾਰਨਾਂ ਕਰ ਕੇ ਅੜ ਗਿਆ ਸੀ ਪਰ ਉਸਨੇ ਹਿੰਮਤ ਨਹੀਂ ਹਾਰੀ । ਕਈ ਵਾਰ ਦੀਆਂ ਕੋਸ਼ਿਸ਼ਾਂ ਅਤੇ ਲਗਭਗ ਇੱਕ ਸਾਲ ਦਾ ਸਮਾਂ ਲਗਾ ਕੇ ਉਸਨੇ ਸਾਡੇ ਰਿਸ਼ਤੇ ਨੂੰ ਪਰਵਾਨ ਚੜਾ ਹੀ ਦਿੱਤਾ ਸੀ। ਇਹ ਵੀ ਨਹੀਂ ਸੀ ਕਿ ਉਸਨੂੰ ਕੋਈ ਵੱਡਾ ਲਾਲਚ ਸੀ ਬੱਸ ਜੋ ਕੁਝ ਸਗਨ ਵਜੋਂ ਦੇ ਦਿੱਤਾ ਜਾਂਦਾ ਸੀ, ਉਹ ਮਨਜੂਰ ਕਰ ਲੈਂਦਾ ਸੀ। ਅਸੀਂ ਉਸਦੇ ਇਸ ਜਜਬੇ ਨੂੰ ਯਾਦ ਕਰ ਕੇ ਅੱਜ ਵੀ ਸਿਰ ਝੁਕਾਉਂਦੇ ਹਾਂ।
ਇਸ ਲੇਖ ਵਿੱਚ ਮੈਂ ਇਹ ਵੀ ਜਿਕਰ ਕਰਨਾ ਜਰੂਰੀ ਸਮਝਾਂਗਾ ਕਿ ਪੁਰਾਣੇ ਜ਼ਮਾਨੇ ਵਿੱਚ ਜਦ ਕੋਈ ਕਿਸੇ ਦੇ ਰਿਸਤਾ ਕਰਾਉਂਦਾ ਸੀ ਤਾਂ ਉਹ ਕਈ ਪੀੜੀਆਂ ਤੱਕ ਉਸਦੇ ਅਹਿਸਾਨਮੰਦ ਰਹਿੰਦੇ ਸਨ। ਉਹਨਾਂ ਦੋਹਾਂ ਟੱਬਰਾਂ ਦਾ ਰਿਸਤੇਦਾਰਾਂ ਤੋਂ ਵੀ ਵੱਧ ਕੇ ਸਹਿਚਾਰਾ ਹੋ ਜਾਂਦਾ ਸੀ। ਵਿਆਹੁਤਾ ਜੋੜੀ ਵੀ ਵਿਚੋਲੇ ਦੀ ਹਰ ਗੱਲ ਮੰਨਦੀ ਅਤੇ ਦਿਲੋਂ ਕਦਰ ਕਰਦੀ ਸੀ। ਪਰ ਮੌਜੂਦਾ ਸਮੇਂ ਵਿੱਚ ਵਿਚੋਲੇ ਦੀ ਉਹ ਕਦਰ ਨਹੀਂ ਰਹੀ। ਲੜਕੇ ਲੜਕੀ ਦੇ ਮਾਂ ਬਾਪ ਤਾਂ ਫ਼ਿਰ ਵੀ ਕੁਝ ਸਮੇਂ ਤੱਕ ਮੇਲ ਜੋਲ ਰਖਦੇ ਹਨ ਪਰ ਸੁਭਾਗੀ ਜੋੜੀ ਤਾਂ ਵਿਚੋਲੇ ਦੇ ਰੋਲ ਨੂੰ ਜਲਦੀ ਹੀ ਅੱਖੋਂ ਪਰੋਖੇ ਕਰ ਦਿੰਦੀ ਹੈ ਅਤੇ ਵਿਆਹ ਪਿੱਛੋਂ ਸਮਝਦੇ ਹਨ ਕਿ ਜਿਵੇਂ ਉਹਨਾਂ ਨੇ ਆਪ ਹੀ ਸਭ ਕੁਝ ਕਰ ਲਿਆ ਹੋਵੇ। ਵਿਆਹ ਦੀ ਗੱਲ ਸੁਰੂ ਕਰਨ ਵਾਲਾ ਵਿਆਹ ਹੋਣ ਤੋਂ ਬਾਅਦ ਬਹੁਤ ਪਿੱਛੇ ਕਰ ਦਿੱਤਾ ਜਾਂਦਾ ਹੈ। ਪਹਿਲਾਂ ਕਹਿੰਦੇ ਸੀ ਵਿਚੋਲੇ ਦਾ ਰੋਲ ਸਿਰਫ਼ ਵਿਆਹ ਤੱਕ ਹੁੰਦਾ ਹੈ ਪਰ ਅੱਜਕੱਲ ਤਾਂ ਮੰਗਣੀ ਤੱਕ ਹੀ ਸੀਮਿਤ ਹੋਕੇ ਰਹਿ ਗਿਆ ਹੈ। ਅੱਜਕੱਲ ਮੰਗਣੀ ਤੋਂ ਬਾਦ ਮੁੰਡੇ ਕੁੜੀ ਦੀ ਫੋਨ ਤੇ ਗੱਲਬਾਤ ਸ਼ੁਰੂ ਹੋ ਜਾਂਦੀ ਹੈ। ਬੱਸ ਫ਼ੇਰ ਸਭ ਕੁਝ ਉਹ ਸਿੱਧੇ ਹੀ ਤੈਅ ਕਰਨ ਲੱਗ ਜਾਂਦੇ ਹਨ ਅਤੇ ਵਿਚੋਲੇ ਦੇ ਰੋਲ ਤੇ ਕਾਟਾ ਲੱਗਣਾ ਸੁਰੂ ਹੋ ਜਾਂਦਾ ਹੈ। ਅਜੋਕੇ ਸਮਾਜ ਵਿੱਚ ਵਿਚੋਲੇ ਦੀ ਕਦਰ ਘਟਣ ਦੇ ਕਾਰਨਾਂ ਵਿੱਚ ਉਹਨਾਂ ਦਾ ਆਪਣਾ ਲਾਲਚ, ਝੂਠ ਅਤੇ ਦੋਹਾਂ ਪਰਿਵਾਰਾਂ ਵਿੱਚ ਬੇਲੋੜੀ ਦਖਲ ਅੰਦਾਜ਼ੀ ਵੀ ਸ਼ਾਮਿਲ ਹੈ। ਇਕ ਹੋਰ ਗੱਲ ਵੀ ਮੈਂ ਇਥੇ ਕਰਨੀ ਚਾਹਾਂਗਾ ਕਿ ਅੱਜਕੱਲ ਟੁੱਟ ਰਹੇ ਰਿਸ਼ਤੇ ਅਤੇ ਵਧ ਰਹੇ ਤਲਾਕਾਂ ਦੇ ਰੁਝਾਨ ਪਿੱਛੇ ਇੱਕ ਕਾਰਨ ਵਿਚੋਲੇ ਨੂੰ ਨਜ਼ਰ ਅੰਦਾਜ਼ ਕਰਨਾ ਵੀ ਸ਼ਾਮਿਲ ਹੈ।
ਕਹਿੰਦੇ ਹਨ ਕਿ ਜੇ ਰੱਬ ਜੋੜੀਆਂ ਉਪਰੋਂ ਬਣਾ ਕੇ ਭੇਜਦਾ ਹੈ ਤੇ ਉਹਨਾਂ ਜੋੜੀਆਂ ਨੂੰ ਧਰਤੀ ਤੇ ਮਿਲਾਉਣ ਲਈ ਇੱਕ ਵਿਚੋਲਾ ਵੀ ਭੇਜਿਆ ਜਾਂਦਾ ਹੈ। ਬਿਨਾਂ ਕਿਸੇ ਲਾਲਚ ਨੂੰ ਮੁੱਖ ਰੱਖ ਕੇ ਹਰ ਪੱਖੋਂ ਸੁਭਾਗੇ ਮੇਲ ਕਰਾਉਣ ਦਾ ਇਹ ਪਰਉਪਕਾਰੀ ਕਾਰਜ ਜਰੂਰ ਕਾਬਲੇ ਤਰੀਫ ਹੈ। ਜਿੱਥੇ ਇੱਕ ਚੰਗਾ ਮੇਲ ਦੋ ਪਰਿਵਾਰਾਂ ਅਤੇ ਦੋ ਰੂਹਾਂ ਨੂੰ ਖੁਸੀਆਂ ਪ੍ਦਾਨ ਕਰਦਾ ਹੈ ਉਥੇ ਝੂਠ ਅਤੇ ਨਾ ਸਮਝੀ ਨਾਲ ਕਰਾਏ ਰਿਸ਼ਤੇ ਕਈ ਦੁੱਖਾਂ ਅਤੇ ਕਲੇਸ਼ਾਂ ਦੇ ਕਾਰਨ ਵੀ ਬਣਦੇ ਹਨ।
ਸ਼ਾਲਾ! ਸਾਡੇ ਪੰਜਾਬੀ ਸਮਾਜ ਦਾ ਇਹ ਮਹੱਤਵਪੂਰਣ ਪਾਤਰ ਵਿਚੋਲਾ ਹਮੇਸ਼ਾ ਜਿਉਂਦਾ ਅਤੇ ਚੜਦੀਕਲਾ ਵਿੱਚ ਰਹੇ।
ਕੁਲਦੀਪ ਸਿੰਘ ਬਾਦਸ਼ਾਹਪੁਰੀ
ਮੋਬ. 9501948910
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly