ਬਾਸਕਟਬਾਲ ਦਾ ਮਹਾਂ ਕੁੰਭ ਲੁਧਿਆਣਾ ਵਿਖੇ ਖੱਟੀਆਂ  ਮਿੱਠੀਆਂ ਯਾਦਾ ਛੱਡਦਾ ਹੋਇਆ ਵਿਖਰਿਆ ।

ਮੁੰਡਿਆਂ ਵਿੱਚ ਤਾਮਿਲਨਾਡੂ, ਕੁੜੀਆਂ ਵਿੱਚ ਇੰਡੀਅਨ ਰੇਲਵੇ ਬਣੇ ਚੈਂਪੀਅਨ
ਲੁਧਿਆਣਾ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) –ਗੁਰੂ ਨਾਨਕ ਸਟੇਡੀਅਮ ਲੁਧਿਆਣਾ ਭਾਰਤ ਦੀ ਬਾਸਕਟਬਾਲ ਦਾ ਇੱਕ ਮੱਕਾ ਬਣ ਗਿਆ ਹੈ ਕਿਉਂਕਿ ਇਹ ਸਟੇਡੀਅਮ ਵਿੱਚ ਜਿੱਥੇ ਬਾਸਕਟਬਾਲ ਦਾ ਆਧਨਿਕ ਸਹੂਲਤਾਂ ਵਾਲਾ ਅੰਤਰਰਾਸ਼ਟਰੀ ਪੱਧਰ ਦਾ ਇਨਡੋਰ ਸਟੇਡੀਅਮ ਹੈ ਜਿਸ ਵਿੱਚ ਹਰ ਸਾਲ ਕੋਈ ਨਾ ਕੋਈ ਕੌਮੀ ਪੱਧਰ ਦੇ ਚੈਂਪੀਅਨਸ਼ਿਪ ਜਾਂ ਵੱਡੇ ਟੂਰਨਾਮੈਂਟ ਹੁੰਦੇ ਹਨ । ਖੁਸ਼ੀ ਦੀ ਗੱਲ ਇਹ ਵੀ ਹੈ ਕਿ ਹੁਣ ਇਸੇ ਸਟੇਡੀਅਮ ਵਿੱਚ 2 ਹੋਰ ਇੰਡੋਰ ਬਾਸਕਟਬਾਲ ਕੋਰਟ ਖਿਡਾਰੀਆਂ ਲਈ ਤਿਆਰ ਹੋ ਰਹੇ ਹਨ । ਇਸ ਦਾ ਮਤਲਬ ਕਿ ਭਵਿੱਖ ਵਿੱਚ ਲੁਧਿਆਣਾ ਬਾਸਕਟਬਾਲ ਦਾ ਇੱਕ ਵੱਡਾ ਮੱਕਾ ਮਦੀਨਾ ਬਣੇਗਾ । ਇਥੋਂ ਦੇ ਟ੍ਰੇਨੀ ਖਿਡਾਰੀ ਭਾਰਤੀ ਟੀਮ ਵਿੱਚ ਅਤੇ ਐਨ ਬੀ ਏ ਲੀਗ ਵਿੱਚ ਅਤੇ ਕਈ ਹੋਰ ਪ੍ਰਮੁੱਖ ਟੂਰਨਾਮੈਂਟਾਂ ਵਿੱਚ ਆਪਣੇ ਖੇਡ ਹੁਨਰ ਦਾ ਲੋਹਾ ਮਨਾਉਣਗੇ ।
       73ਵੀਂ ਸੀਨੀਅਰ ਕੌਮੀ ਬਾਸਕਟਬਾਲ ਚੈਂਪੀਅਨਸ਼ਿਪ ਅੱਜ ਰਾਤ ਗੁਰੂ ਨਾਨਕ ਸਟੇਡੀਅਮ ਵਿਖੇ ਧੂਮ ਧੜੱਕੇ ਨਾਲ ਸਮਾਪਤ ਹੋਈ । ਇਸ ਕੌਮੀ ਚੈਂਪੀਅਨਸ਼ਿਪ ਵਿੱਚ ਮੁਲਕ ਭਰ ਵਿੱਚੋਂ ਵੱਖ ਵੱਖ ਰਾਜਾਂ ਦੀਆਂ 60 ਤੋਂ ਵੱਧ ਟੀਮਾਂ ਨੇ ਹਿੱਸਾ ਲਿਆ। ਮੁੰਡਿਆਂ ਦੇ ਵਰਗ ਦਾ ਫਾਈਨਲ ਮੁਕਾਬਲਾ ਇੰਡੀਅਨ ਰੇਲਵੇ ਅਤੇ ਤਾਮਿਲਨਾਡੂ ਦੇ ਵਿਚਕਾਰ ਖੇਡਿਆ ਗਿਆ।  ਜਿਸ ਵਿਚ ਤਾਮਿਲਨਾਡੂ ਨੇ ਇੰਡੀਅਨ ਰੇਲਵੇ ਨੂੰ 72-67  ਅੰਕਾ ਨਾਲ ਹਰਾ ਕੇ ਖਤਾਬੀ ਜਿੱਤ ਹਾਸਿਲ ਕੀਤੀ । ਤਮਿਲਨਾਡੂ ਦਾ ਬਾਲਾ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਬਣਿਆ। ਕੁੜੀਆਂ ਦੇ ਵਰਗ ਵਿੱਚ ਸਰਬੋਤਮ ਖਿਡਾਰਣ ਦਾ ਖਿਤਾਬ ਰੇਲਵੇ ਦੀ ਪੂਨਮ ਨੂੰ ਮਿਲਿਆ।  ਪਿਛਲੇ ਪੰਜ ਸਾਲਾਂ ਵਿੱਚ ਮੁੰਡਿਆ ਦੇ ਵਰਗ ਵਿੱਚ ਸਰਵੋਤਮ ਖਿਡਾਰੀ ਬਣਨ ਦਾ ਦਬਦਬਾ ਪੰਜਾਬ ਅਤੇ ਤਾਮਿਲਨਾਡੂ ਦੇ ਖਿਡਾਰੀਆਂ ਦਾ ਹੀ ਰਿਹਾ ਹੁਣ ਤੱਕ 3 ਵਾਰੀ ਪੰਜਾਬ ਅਤੇ 2 ਵਾਰ ਤਾਮਿਲਨਾਡੂ ਦੇ ਖਿਡਾਰੀਆਂ ਨੇ ਇਹ ਸਰਵੋਤਮ ਖਿਡਾਰੀ ਦਾ ਖਿਤਾਬ ਜਿੱਤਿਆ।2018 ਵਿੱਚ ਅੰਮ੍ਰਿਤਪਾਲ ਸਿੰਘ ਪੰਜਾਬ ਨੇ, 2019 ਵਿੱਚ ਅਰਸ਼ਪ੍ਰੀਤ ਸਿੰਘ ਭੁੱਲਰ, 2021 ਵਿੱਚ ਅਰਵਿੰਦ ਕੁਮਾਰ ਤਾਮਿਲਨਾਡੂ ਅਤੇ 2022 ਵਿੱਚ ਅਮਿਜੋਤਿ ਸਿੰਘ ਪੰਜਾਬ ਨੇ  ਸਰਵੋਤਮ ਖਿਡਾਰੀ ਦੀ ਸਰਦਾਰੀ ਵਾਲਾ ਖਿਤਾਬ ਜਿੱਤਿਆ।
ਜਦਕਿ  ਇਸਤੋਂ ਪਹਿਲਾ ਕੁੜੀਆਂ ਦੇ ਵਰਗ ਦਾ ਫਾਈਨਲ ਮੁਕਾਬਲਾ ਇੰਡੀਅਨ ਰੇਲਵੇ ਜੋ ਲਗਾਤਾਰ  ਕੌਮੀ ਪੱਧਰ ਤੇ ਕੁੜੀਆ ਦੇ ਵਰਗ ਵਿੱਚ  ਡੋਮੀਨੇਟ ਕਰਦੀ ਆ ਰਹੀ ਹੈ । ਕੁੜੀਆਂ ਦਾ ਫਾਈਨਲ ਮੁਕਾਬਲਾ ਇੰਡੀਅਨ ਰੇਲਵੇ ਅਤੇ ਕੇਰਲਾ ਦੇ ਵਿਚਕਾਰ ਹੋਇਆ ਅਤੇ ਭਾਰਤੀ ਰੇਲਵੇ ਦੀਆਂ ਕੁੜੀਆਂ ਨੇ ਸ਼ਾਨਦਾਰ ਜਿੱਤ ਹਾਸਲ ਕਰਦੇ ਹੋਏ ਲਗਾਤਾਰ ਜੇਤੂ ਟਰਾਫੀ ਤੇ ਕਬਜ਼ਾ ਬਰਕਰਾਰ ਰੱਖਿਆ। ਮੁੰਡਿਆਂ ਦੇ ਵਰਗ ਵਿੱਚ ਪੰਜਾਬ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਕੌਮੀ ਖੇਡਾਂ ਦੀ ਚੈਂਪੀਅਨ ਪੰਜਾਬ ਟੀਮ ਕੌਮੀ ਬਾਸਕਟਬਾਲ ਚੈਂਪੀਅਨਸ਼ਿਪ ਵਿੱਚ ਇੰਡੀਅਨ ਰੇਲਵੇ ਹੱਥੋਂ ਹਾਰ ਗਈ । ਇਸ ਤੋਂ ਪਹਿਲਾਂ  ਕੁਆਰਟਰ ਫਾਈਨਲ ਵਿੱਚ ਵੀ ਪੰਜਾਬ ਨੇ ਬੜੀ ਮੁਸ਼ਕਿਲ ਨਾਲ ਸਰਵਿਸਸ ਦੀ ਟੀਮ ਨੂੰ 81-80 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ ਸੀ , ਪਰ ਪੰਜਾਬ ਨੇ ਤੀਸਰੇ ਸਥਾਨ ਲਈ ਹੋਏ ਮੈਚ ਵਿੱਚ ਦਿੱਲੀ ਨੂੰ ਹਰਾ ਕੇ ਕਾਂਸੀ ਦਾ ਤਗਮਾ ਜਰੂਰ ਜਿੱਤਿਆ । ਕੁੱਲ ਮਿਲਾ ਕੇ ਬਾਸਕਟਬਾਲ ਦਾ ਮਹਾ ਕੁੰਭ ਇੱਕ ਹਫਤੇ ਤੋਂ ਵੱਧ ਖੇਡ ਦਾ  ਰੋਮਾਂਚ ਪੈਦਾ ਕਰਦਾ ਹੋਇਆ ਆਪਣੀਆਂ ਖੱਟੀਆਂ ਮਿੱਠੀਆਂ ਯਾਦਾਂ ਛੱਡਦਾ ਸਮਾਪਤ ਹੋਇਆ।  ਇਸ ਕੌਮੀ ਬਾਸਕਟਬਾਲ ਚੈਂਪੀਅਨਸ਼ਿਪ ਦਾ ਉਦਘਾਟਨ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕੀਤਾ ਜਦਕਿ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਵੱਡੇ ਪੁਲਿਸ ਅਧਿਕਾਰੀ  ਡੀ ਜੀ ਪੀ ਲਾਅ ਐਂਡ ਆਰਡਰ ਸ੍ਰੀ ਅਰਪਿਤ ਸ਼ੁਕਲਾ ਨੇ ਕੀਤੀ । ਇਸ ਤੋਂ ਇਲਾਵਾ ਬਾਕੀ ਦਿਨਾਂ ਵਿੱਚ ਵੀ ਖੇਡ ਜਗਤ ਦੀਆਂ ਨਾਮੀ ਸ਼ਖਸੀਅਤਾਂ ਤੋਂ ਇਲਾਵਾ ਰਾਜਨੀਤਿਕ, ਸਮਾਜਿਕ ਅਤੇ ਪ੍ਰਸ਼ਾਸਨ ਨਾਲ ਸੰਬੰਧਿਤ ਉਚ ਅਧਿਕਾਰੀ ਵੱਖ ਵੱਖ ਮੈਚਾਂ ਤੇ ਮੁੱਖ ਮਹਿਮਾਨ ਵਜੋਂ ਪੁੱਜਦੇ ਰਹੇ । ਇਸ ਟੂਰਨਾਮੈਂਟ ਦੀ ਕਾਮਯਾਬੀ ਦਾ ਸਿਹਰਾ ਅਤੇ ਪੰਜਾਬ ਦੀ ਬਾਸਕਟਬਾਲ ਦੀ ਤਰੱਕੀ ਦੇ ਉਪਰਾਲੇ ਨੂੰ ਸਭ ਤੋਂ ਵੱਧ ਸਿਜਦਾ ਕਰਨ ਵਾਲੇ ਪੰਜਾਬ ਪੁਲਿਸ ਦੇ ਸਾਬਕਾ ਮੁਖੀ ਅਤੇ ਪੰਜਾਬ ਬਾਸਕਟਬਾਲ ਸੰਘ ਦੇ ਪ੍ਰਧਾਨ ਰਾਜਦੀਪ ਸਿੰਘ ਗਿੱਲ ਨੂੰ ਜਾਂਦਾ ਹੈ ਜਿਨਾਂ ਨੇ ਪਿਛਲੇ ਚਾਰ ਦਹਾਕਿਆਂ ਤੋਂ ਪੰਜਾਬ ਬਾਸਕਟਬਾਲ ਨੂੰ ਉੱਚ ਬੁਲੰਦੀਆਂ ਤੇ ਲਿਆਂਦਾ ਹੈ ,ਇਸ ਤੋਂ ਇਲਾਵਾ ਉਹਨਾਂ ਦੀ ਟੀਮ ਦੇ ਮੈਂਬਰ ਜਿਹਨਾਂ ਵਿੱਚ ਸਰਦਾਰ ਤੇਜਾ ਸਿੰਘ ਧਾਲੀਵਾਲ, ਯੁਰਿੰਦਰ ਸਿੰਘ ਹੇਅਰ,ਮੁੱਖਵਿੰਦਰ ਸਿੰਘ ਭੁੱਲਰ ਐਸ ਐਸ ਪੀ ਜਲੰਧਰ ਦਿਹਾਤੀ, ਜੇਪੀ ਸਿੰਘ ਸਾਬਕਾ ਏਡੀਸੀ , ਗੁਰਪ੍ਰੀਤ ਸਿੰਘ ਤੂਰ,  ਸ੍ਰੀ ਬ੍ਰਿਜ ਗੋਇਲ, ਵਿਜੈ ਚੋਪੜਾ ਪ੍ਰੋ ਰਾਜਿੰਦਰ ਸਿੰਘ ਖ਼ਾਲਸਾ ਕਾਲਜ ਵਾਲੇ ਅਤੇ ਹੋਰ ਪ੍ਰਬੰਧਕ, ਕੋਚ, ਪੁਰਾਣੇ ਖਿਡਾਰੀ ਜਿੰਨਾ ਨੇ ਆਪਣਾ ਤਨ ਮਨ ਧਨ ਬਾਸਕਟਬਾਲ ਖੇਡ ਨੂੰ ਸਮਰਪਿਤ ਕੀਤਾ ਹੈ , ਉਹ ਸਾਰੇ ਵਧਾਈ ਦੇ ਪਾਤਰ ਹਨ ਕਿ ਉਨ੍ਹਾਂ ਦੀ ਸਮਰਪਿਤ ਭਾਵਨਾ ਨਾਲ ਪੰਜਾਬ ਵਿੱਚ ਬਾਸਕਟਬਾਲ ਅਤੇ ਖੇਡ ਸਭਿਆਚਾਰ ਪ੍ਰਫੁੱਲਤ ਹੋ ਰਿਹਾ ਹੈ। ਮੇਰੀ ਤਾਂ ਇਹੋ ਦੁਆ ਹੈ ਕਿ ਪੰਜਾਬ ਬਾਸਕਟਬਾਲ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ। ਰੱਬ ਰਾਖਾ।ਜਗਰੂਪ ਸਿੰਘ ਜਰਖੜ ਖੇਡ ਲੇਖਕ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ਾਨਦਾਰ ਰਹੀਆਂ ਡੀ.ਪੀ.ਐੱਸ. ਸਕੂਲ ਰੋਪੜ ਦੀਆਂ ਸਲਾਨਾ ਖੇਡਾਂ 
Next articleਸੱਚੇ ਮਿੱਤਰ ਕਿਸੇ ਖਜਾਨੇ ਨਾਲੋ ਘੱਟ ਨਹੀਂ ਹੁੰਦੇ।