ਸੇਵਾਪੰਥੀ ਸੰਪਰਦਾਇ ਦਾ ਅਨਮੋਲ ਖ਼ਜ਼ਾਨਾ ਸਾਂਭਣ ਵਾਲੇ : ਡਾ: ਗੁਰਮੁਖ ਸਿੰਘ

ਡਾ: ਗੁਰਮੁਖ ਸਿੰਘ
4 ਅਪੈ੍ਲ ਨੂੰਬਰਸੀ ’ਤੇ ਵਿਸ਼ੇਸ਼
ਸੇਵਾਪੰਥੀ ਸੰਪਰਦਾਇ ‘ਤੇ ਪਹਿਲੇ ਪੀ.ਐਚ.ਡੀ. ਕਰਨ ਵਾਲੇ  :  ਡਾ: ਗੁਰਮੁਖ ਸਿੰਘ 

        (ਸਮਾਜ ਵੀਕਲੀ)  ਡਾ: ਗੁਰਮੁਖ ਸਿੰਘ ਦਾ ਜਨਮ 10 ਅਕਤੂਬਰ 1944 ਈ: ਨੂੰ ਪਿਤਾ ਸ੍ਰ: ਪ੍ਰੀਤਮ ਸਿੰਘ ਦੇ ਘਰ ਮਾਤਾ ਗਿਆਨ ਕੌਰ ਦੀ ਕੁੱਖੋਂ ਪਿੰਡ ਸੰਸਾਰਪੁਰ ਜ਼ਿਲ੍ਹਾ ਜਲੰਧਰ ਵਿਖੇ ਹੋਇਆ। ਉਹਨਾਂ ਪ੍ਰਾਇਮਰੀ ਤੱਕ ਵਿੱਦਿਆ ਪਿੰਡ ਸੰਸਾਰਪੁਰ ਜ਼ਿਲ੍ਹਾ ਜਲੰਧਰ ਤੋਂ ਕੀਤੀ। 1961 ਵਿੱਚ ਗੌਰਮਿੰਟ ਹਾਈ ਸਕੂਲ ਜਲੰਧਰ ਛਾਉਣੀ ਤੋਂ ਦਸਵੀਂ, 1962 ਵਿੱਚ ਆਰ.ਐਸ.ਡੀ. ਕਾਲਜ ਫ਼ਿਰੋਜ਼ਪੁਰ ਤੋਂ ਪ੍ਰੈਪ ਕੀਤੀ। 1964 ਵਿੱਚ ਆਈ.ਟੀ.ਆਈ ਵਿੱਚ ਸਰਵੇਅਰ ਦਾ ਡਿਪਲੋਮਾ ਕੀਤਾ। ਇਸੇ ਦੌਰਾਨ ਪੜ੍ਹਾਈ ਦੇ ਨਾਲ-ਨਾਲ ਨੌਕਰੀ ਕਰਨ ਲੱਗ ਪਏ।  1964 ਵਿੱਚ ਗਿਆਨੀ ਪ੍ਰਾਈਵੇਟ ਕੀਤੀ। ਇਸੇ ਸਾਲ ਹੀ ਸਤੰਬਰ ਮਹੀਨੇ ਵਿੱਚ ਐਫ.ਏ.ਪਾਸ ਕੀਤੀ। 1966 ਵਿੱਚ ਬੀ.ਏ, 1969 ਵਿੱਚ ਐੱਮ.ਏ ਪੰਜਾਬੀ, 1973 ਵਿੱਚ ਐੱਮ.ਏ. ਅੰਗਰੇਜ਼ੀ, 1976 ਵਿੱਚ ਐੱਮ.ਏ. ਹਿੰਦੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ। 1970 ਵਿੱਚ ਬੀ.ਐਂਡ.ਆਰ ਯੂ.ਡੀ.ਸੀ. ਬਿਜਲੀ ਬੋਰਡ ਵਿੱਚ ਲੱਗੇ। 1974 ਵਿੱਚ ਭਾਸ਼ਾ ਵਿਭਾਗ ਪੰਜਾਬ ਪਟਿਆਲਾ ਵਿੱਚ ਨੌਕਰੀ ਤੇ ਲੱਗੇ। 1976 ਵਿੱਚ ਪੱਕੇ ਹੋਏ। 1981 ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਡਾ: ਰਘਬੀਰ ਸਿੰਘ ਦੀ ਰਹਿਨੁਮਾਈ ਹੇਠ ‘ਸੇਵਾਪੰਥੀਆਂ ਦੀ ਪੰਜਾਬੀ ਸਾਹਿਤ ਨੂੰ ਦੇਣ’ ਵਿਸ਼ੇ ਤੇ ਪੀ.ਐੱਚ.ਡੀ. ਦੀ ਡਿਗਰੀ ਪ੍ਰਾਪਤ ਕੀਤੀ।
ਡਾ: ਸਾਹਿਬ ਬੜੇ ਪਿਆਰ ਨਾਲ ਬੋਲਣ ਵਾਲੇ, ਮਿੱਠਬੋਲੜੇ ਤੇ ਸਹਿਜ ਸੁਭਾਅ ਦੇ ਮਾਲਕ ਸਨ। ਡਾ: ਗੁਰਮੁਖ ਸਿੰਘ ਪਹਿਲੇ ਵਿਅਕਤੀ ਸਨ ਜਿਨ੍ਹਾਂ ਨੇ ‘ਸੇਵਾਪੰਥੀਆਂ’ ਦੀ ਪੰਜਾਬੀ ਸਾਹਿਤ ਨੂੰ ਦੇਣ’ ਵਿਸ਼ੇ ਤੇ ਪੀ.ਐਚ.ਡੀ. ਦੀ ਡਿਗਰੀ ਪ੍ਰਾਪਤ ਕੀਤੀ। ਡਾ: ਗੁਰਮੁਖ ਸਿੰਘ ਨੇ ਸੇਵਾਪੰਥੀ ਸੰਪਰਦਾਇ ਬਾਰੇ ਪੁਸਤਕਾਂ ਪਾਰਸ ਭਾਗ ਕ੍ਰਿਤ ਭਾਈ ਗਾੜੂ ਜੀ ਸੇਵਾਪੰਥੀ (1983), ਪਰਚੀਆਂ ਫ਼ਕੀਰਾਂ ਦੀਆਂ ਕ੍ਰਿਤ ਭਾਈ ਸਹਿਜ ਰਾਮ ਜੀ (2002), ਇਤਿਹਾਸ ਸੇਵਾਪੰਥੀਆਂ (2002), ਪੋਥੀ ਆਸਾਵਰੀਆਂ ਕ੍ਰਿਤ ਭਾਈ ਸਹਿਜ ਰਾਮ ਜੀ (2003), ਪਰਚੀ ਭਾਈ ਕਨਈਆ ਜੀ ਕ੍ਰਿਤ ਭਾਈ ਸਹਿਜ ਰਾਮ ਜੀ (2003), ਪਰਚੀ ਭਾਈ ਸੇਵਾ ਰਾਮ ਜੀ ਕ੍ਰਿਤ ਭਾਈ ਸਹਿਜ ਰਾਮ ਜੀ (2004) ਸੰਪਾਦਕ ਕੀਤੀਆਂ ਹਨ।
ਡਾ: ਗੁਰਮੁਖ ਸਿੰਘ ਨੇ ਕਰੜੀ ਸਾਧਨਾ ਕਰਕੇ ਵਿਦਵਤਾ ਭਰੇ ਬਹੁਪੱਖੀ ਗਿਆਨ ਦੇ ਬਲਬੂਤੇ ਧਰਮ ਚਿੰਤਨ ਦੇ ਖੇਤਰ ਵਿੱਚ ਆਪਣੀ ਨਿਵੇਕਲੀ ਪਛਾਣ ਕਾਇਮ ਕਰਕੇ ਸਲਾਹੁਣਯੋਗ ਪ੍ਰਾਪਤੀਆਂ ਕੀਤੀਆਂ। ਉਹਨਾਂ ਦੇ ਜੀਵਨ ਦਾ ਵਿਸ਼ੇਸ਼ ਹਿੱਸਾ ਸਿੱਖ ਧਰਮ ਸਾਹਿਤ, ਸੇਵਾਪੰਥੀ ਸਾਹਿਤ ਤੇ ਇਤਿਹਾਸ ਦੀ ਖੋਜ-ਭਾਲ ਅਤੇ ਵਿਆਖਿਆ, ਵਿਖਿਆਨ ਲਈ ਅਰਪਣ ਰਿਹਾ। ਡਾ: ਗੁਰਮੁਖ ਸਿੰਘ ਨੇ ਪੰਜਾਬੀ ਸਾਹਿਤ ਲਈ ਅਲੋਚਨਾ, ਟੀਕੇ, ਖੋਜ, ਹਵਾਲਾ ਗ੍ਰੰਥ, ਸੰਪਾਦਨ ਅਤੇ ਅਨੁਵਾਦ ਦੇ ਮਹੱਤਵਪੂਰਨ ਕਾਰਜ ਕੀਤੇ। ਉਹਨਾਂ ਦੇ ਅੰਗਰੇਜ਼ੀ ਤੋਂ ਪੰਜਾਬੀ, ਪੰਜਾਬੀ ਤੋਂ ਹਿੰਦੀ, ਹਿੰਦੀ ਤੋਂ ਪੰਜਾਬੀ ਅਨੁਵਾਦ ਕਾਰਜ ਉਹਨਾਂ ਦੀ ਵਿਲੱਖਣ ਮਿਹਨਤ ਦਾ ਸਬੂਤ ਸਨ। ਉਹਨਾਂ ਨੇ ਪੰਜਾਬੀ ਦੇ ਅਜਿਹੇ ਲੇਖਕਾਂ ਦੀਆਂ ਲਿਖਤਾਂ ਨੂੰ ਲੱਭ ਕੇ ਪ੍ਰਕਾਸ਼ਿਤ ਕੀਤਾ, ਜੋ ਅੱਜ ਤੱਕ ਕਿਸੇ ਪੁਸਤਕ ਵਿੱਚ ਪ੍ਰਕਾਸ਼ਿਤ ਨਹੀਂ ਹੋਈਆਂ।
ਡਾ: ਗੁਰਮੁਖ ਸਿੰਘ ਨੇ ਦੋ ਦਰਜਨ ਤੋਂ ਵੱਧ ਪੁਸਤਕਾਂ ਦਾ ਸੰਪਾਦਨ ਕੀਤਾ। ਉਹਨਾਂ ਅਨੇਕਾਂ ਪੁਸਤਕਾਂ ਦਾ ਅਨੁਵਾਦ ਕੀਤਾ। ਜਿਨ੍ਹਾਂ ਵਿੱਚ ਗਾਂਧੀ ਅਤੇ ਸਿੱਖ, ਜੀਵਨ ਗੁਰੂ ਤੇਗ਼ ਬਹਾਦਰ, ਰਾਜਾ ਸਰ ਦਲਜੀਤ ਸਿੰਘ ਦੀ ਅੰਗਰੇਜ਼ੀ ਪੁਸਤਕ, ਹੰਝੂ ਤੇ ਮੁਸਕਾਨ, ਰੇਤ ਤੇ ਝੱਗ, ਖਲੀਲ ਜਿਬਰਾਨ ਦੀ ਅੰਗਰੇਜ਼ੀ ਪੁਸਤਕ, ਘਾਟੀ ਦੀਆਂ ਪਰੀਆਂ ਤੇ ਅਵਾਰਾ ਆਦਿ ਸ਼ਾਮਲ ਹਨ। ਉਹਨਾਂ ਦੀਆਂ ਪ੍ਰਸਿੱਧ ਪੁਸਤਕਾਂ ਝੱਖੜ ਝੰਬਿਆ ਰੁੱਖ, ਸੁਕਰਾਤ ਦੀ ਮੌਤ, ਬੇਨਾਮ ਰਿਸ਼ਤਾ, ਕੌਣ ਦਿਲਾਂ ਦੀਆਂ ਜਾਣੇ, ਚਿੰਤਨ ਦੇ ਪਲ, ਸੁਖਮਨੀ ਚਿੰਤਨ ਤੇ ਕਲਾ, ਗੁਰਬਿਲਾਸ ਬਾਬਾ ਸਾਹਿਬ ਸਿੰਘ ਬੇਦੀ, ਪਾਰਸ ਭਾਗ, ਭਾਈ ਸਹਿਜ ਰਾਮ ਜੀਵਨ ਤੇ ਰਚਨਾ, ਅਕਾਲ ਉਸਤਤ ਵਿਸ਼ਲੇਸ਼ਣ ਤੇ ਵਿਆਖਿਆ, ਭਾਈ ਜੈਤਾ ਜੀ ਜੀਵਨ ਤੇ ਰਚਨਾ, ਪ੍ਰਸਿੱਧ ਵਿਦਵਾਨਾਂ ਦੇ ਰੇਖਾ ਚਿੱਤਰ ਆਦਿ।
ਡਾ: ਗੁਰਮੁਖ ਸਿੰਘ ਨੇ ਆਲੋਚਨਾਤਮਿਕ ਪੱਖੋਂ ਵੀ ਦੋ ਦਰਜਨ ਦੇ ਕਰੀਬ ਪੁਸਤਕਾਂ ਲਿਖੀਆਂ। ਜਿਨ੍ਹਾਂ ’ਚ ਸੇਵਾਪੰਥੀਆਂ ਦੀ ਪੰਜਾਬੀ ਸਾਹਿਤ ਨੂੰ ਦੇਣ, ਅਲਾਹੁਣੀਆਂ, ਸਿਧ ਗੋਸਟਿ ਸਟੀਕ ਤੇ ਅਧਿਐਨ, ਅਨੰਦ ਸਾਹਿਬ ਸਾਹਿਤਿਕ ਅਧਿਐਨ, ਗੁਰੂ ਤੇਗ਼ ਬਹਾਦਰ ਜੀਵਨ ਦਰਸ਼ਨ ਤੇ ਕਲਾ, ਭਗਤ ਰਵਿਦਾਸ ਤੇ ਉਹਨਾਂ ਦੀ ਬਾਣੀ, ਗੁਰਬਾਣੀ ਬਾਰਾਂਮਾਹ ਵਿਸ਼ਲੇਸ਼ਣ ਤੇ ਵਿਆਖਿਆ ਆਦਿ। ਉਹਨਾਂ ਦੇ ਬਹੁਤ ਸਾਰੇ ਖੋਜ-ਪੱਤਰ ਪੰਜਾਬੀ ਦੇ ਪ੍ਰਸਿੱਧ ਮੈਗਜ਼ੀਨਾਂ ਜਿਵੇਂ ਕਿ ਪੰਜਾਬੀ ਦੁਨੀਆਂ, ਅਲੋਚਨਾ, ਖੋਜ ਪਤ੍ਰਿਕਾ, ਗੁਰੂ ਨਾਨਕ ਪ੍ਰਕਾਸ਼, ਪਰਖ, ਗੁਰਮਤਿ ਪ੍ਰਕਾਸ਼, ਖ਼ਾਲਸਾ ਸਮਾਚਾਰ, ਵਿਕੇਂਦਰਿਤ, ਸਤ ਸੰਤੋਖ ਗਿਆਨ, ਭਾਈ ਕਨੱਈਆ ਸੇਵਾ ਜੋਤੀ, ਸੱਚਖੰਡ ਪਤ੍ਰਿਕਾ, ਪੰਜਾਬੀ ਟ੍ਰਿਬਿਊਨ, ਅਜੀਤ ਅਖ਼ਬਾਰ ਵਿੱਚ ਪ੍ਰਕਾਸ਼ਿਤ ਹੋਏ।
ਉਹਨਾਂ ਨੇ ਪੰਜਾਬੀ ਲੋਕ ਸਾਹਿਤ, ਸੂਫੀਵਾਦ, ਹਾਸ਼ਮ ਮੌਲਾ, ਬਖ਼ਸ਼ ਕੁਸ਼ਤਾ, ਮਿਰਜ਼ਾ ਮੁਹੰਮਦ, ਅਬਦੁਲ ਗਨੀ ਆਦਿ ਸੂਫ਼ੀ ਸ਼ਾਇਰਾਂ ਅਤੇ ਕਿੱਸਾਕਾਰਾਂ ਬਾਰੇ ਵੀ ਖੋਜ ਕਰਕੇ ਪੰਜਾਬੀ ਸਾਹਿਤ ਦੀ ਝੋਲੀ ਪਾਇਆ। ਡਾ: ਸਾਹਿਬ ਦੀ ਅਖੀਰਲੀ ਪੁਸਤਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪਹਿਲੇ ਵਾਈਸ-ਚਾਂਸਲਰ ਭਾਈ ਜੋਧ ਸਿੰਘ ਰਚਿਤ ਪੁਸਤਕ ‘ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਤੇ ਹੋਰ ਲੇਖ’ ਦੀ ਸੰਪਾਦਨਾ ਸੀ ਪਰ ਇਸ ਪੁਸਤਕ ਨੂੰ ਲੋਕ ਅਰਪਣ ਹੁੰਦਿਆਂ ਦੇਖ ਨਾ ਸਕੇ।
ਡਾ: ਗੁਰਮੁਖ ਸਿੰਘ ਨੇ ਗੁਰਮਤਿ ਸਾਹਿਤ, ਕਹਾਣੀ, ਨਿਬੰਧ, ਨਾਵਲਿਟ, ਅਲੋਚਨਾ, ਵਾਰਤਕ ਸਮੇਤ ਸਾਹਿਤ ਦੀਆਂ ਹੋਰ ਵੰਨਗੀਆਂ ਵਿੱਚ ਇੱਕ ਸੌ ਦੇ ਕਰੀਬ ਪੁਸਤਕਾਂ ਲਿਖੀਆਂ। ਡਾ: ਗੁਰਮੁਖ ਸਿੰਘ ਭਾਸ਼ਾ ਵਿਭਾਗ ਪੰਜਾਬ ਵਿੱਚ ਤਕਰੀਬਨ 28 ਸਾਲ ਸੇਵਾਵਾਂ ਨਿਭਾਉਣ ਤੋਂ ਬਾਅਦ 31 ਅਕਤੂਬਰ 2002 ਈ: ਨੂੰ ਜ਼ਿਲ੍ਹਾ ਭਾਸ਼ਾ ਅਫ਼ਸਰ ਬਠਿੰਡਾ ਵਜੋਂ ਸੇਵਾ ਮੁਕਤ ਹੋਏ। ਉਹਨਾਂ ਨੇ ਸੇਵਾ ਮੁਕਤ ਹੋਣ ਉਪਰੰਤ ਆਪਣੇ ਆਪ ਨੂੰ ਪੰਜਾਬੀ ਸਾਹਿਤ ਲਈ ਸਮਰਪਿਤ ਕਰ ਦਿੱਤਾ ਸੀ। ਉਹਨਾਂ ਨੂੰ ਭਾਰਤ ਦਲਿਤ ਸਾਹਿਤ ਅਕਾਦਮੀ ਨਵੀਂ ਦਿੱਲੀ ਨੇ 1994 ਵਿੱਚ ਡਾ: ਅੰਬੇਦਕਰ ਫੈਲੋਸ਼ਿਪ ਦਿੱਤੀ। ਸੇਵਾਪੰਥੀ ਸੰਪਰਦਾਇ ਦਾ ਅਨਮੋਲ ਖ਼ਜ਼ਾਨਾ ਸਾਂਭਣ ਬਦਲੇ 17 ਅਕਤੂਬਰ 1999 ਈ: ਨੂੰ ਸੰਗਰਾਂਦ ਵਾਲੇ ਦਿਹਾੜੇ ਸ਼੍ਰੀਮਾਨ ਮਹੰਤ ਤੀਰਥ ਸਿੰਘ ‘ਸੇਵਾਪੰਥੀ’ ਗੋਨਿਆਣਾ ਭਾਈ ਜਗਤਾ (ਬਠਿੰਡਾ) ਨੇ 11000 ਰੁਪਏ, ਸ਼ਾਲ, ਸਿਰੋਪਾਓ ਤੇ ਲਿਟਰੇਚਰ ਨਾਲ ਸਨਮਾਨਿਤ ਕੀਤਾ। ਹੋਰ ਵੀ ਵੱਖ-ਵੱਖ ਸੰਸਥਾਵਾਂ ਵੱਲੋਂ ਕਈ ਮਾਣ-ਸਨਮਾਨ ਪ੍ਰਾਪਤ ਹੋਏ। ਡਾ: ਗੁਰਮੁਖ ਸਿੰਘ ਚੱਲਦੇ-ਫਿਰਦੇ ਇਨਸਾਈਕਲੋਪੀਡੀਆ ਸਨ। ਉਹਨਾਂ ਦਾ ਐਮ ਫਿਲ ਅਤੇ ਪੀ.ਐਚ.ਡੀ. ਕਰ ਰਹੇ ਵਿਦਿਆਰਥੀਆਂ ਨੂੰ ਸਹਿਯੋਗ ਦੇਣ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ। ਡਾ: ਗੁਰਮੁਖ ਸਿੰਘ 70 ਸਾਲ ਦੀ ਉਮਰ ਬਤੀਤ ਕਰਕੇ 4 ਅਪ੍ਰੈਲ ਸੰਨ 2014 ਈ: ਦਿਨ ਸ਼ੁੱਕਰਵਾਰ ਨੂੰ ਅਕਾਲ ਚਲਾਣਾ ਕਰ ਗਏ।

ਕਰਨੈਲ ਸਿੰਘ ਐੱਮ.ਏ.ਲੁਧਿਆਣਾ
# 1138/63-ਏ, ਗੁਰੂ ਤੇਗ਼ ਬਹਾਦਰ ਨਗਰ,
ਗਲੀ ਨੰਬਰ 1, ਚੰਡੀਗੜ੍ਹ ਰੋਡ,
ਜਮਾਲਪੁਰ, ਲੁਧਿਆਣਾ।
 Email :-karnailsinghma@gmail.com
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleआरएसएस मुख्यालय में मोदी: क्या यह संघम शरणं गच्छामि है?
Next articleਕੌਫ਼ੀ ਵਿਦ ਸਰਦਾਰ ਅਮਰਜੀਤ ਸਿੰਘ ਪੇਂਟਰ