(ਸਮਾਜ ਵੀਕਲੀ)
ਇੱਕ ਤੋਰ ਇਹ ਵੀ (ਜੇਲ੍ਹ ਜੀਵਨ ‘ਚੋਂ)
ਕਾਂਡ – ਚੌਥਾ
ਹੁਣ ਸਾਡੇ ਲਈ ਜੇਲ੍ਹ ਦਾ ਵਾਤਾਵਰਨ ਆਮ ਵਰਗਾ ਹੋ ਗਿਆ ਸੀ। ਸ਼ਾਮ ਨੂੰ ਸਾਡੇ ਵਾਲੀ ਬੈਰਕ ਦੇ ਬਾਹਰ, 5 ਤੋਂ 7 ਵਜੇ ਤੱਕ ਸਟੇਜ ਲੱਗਣੀ ਸ਼ੁਰੂ ਹੋ ਗਈ ਸੀ। ਰੋਜ਼ਾਨਾ ਇੱਕ ਨਵਾਂ ਜਥਾ ਗਰਿਫ਼ਤਾਰੀ ਦੇ ਕੇ ਆਉਂਦਾ,ਅਸੀਂ ਉਸ ਦੇ ਸੁਆਗਤ ਲਈ ਗੇਟ ਤੱਕ ਪਹੁੰਚਦੇ। ਜੇਲ੍ਹ ਸੁਪਰਡੈਂਟ ਦੀ ਹਦਾਇਤ ‘ਤੇ ਪ੍ਰੈਸ ਕਰਨ ਵਾਲਾ ਤੇ ਅਖ਼ਬਾਰ ਵਾਲਾ ਸਵੇਰੇ ਹੀ ਬੈਰਕਾਂ ‘ਚ ਆ ਜਾਂਦੇ। ਰੌਣਕ ਕਾਫ਼ੀ ਵਧ ਰਹੀ ਸੀ। ਫ਼ਤਹਿਗੜ੍ਹ ਸਾਹਿਬ ਤੇ ਸੰਗਰੂਰ ਜਿਲ੍ਹੇ ਦੇ ਜਥੇ ਵੀ ਆ ਗਏ ਸਨ।
ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਵਾਲੇ ਅਧਿਆਪਕਾਂ ਨੂੰ ਸਾਡੇ ਨਾਲ ਵਾਲੀ ਬੈਰਕ ਦੇ ਵਿਚ ਠਹਿਰਾ ਦਿੱਤਾ ਗਿਆ ਸੀ ਤੇ ਉਹਨਾਂ ਦੀ ਮੈੱਸ ਵੀ ਸਾਡੇ ਨਾਲ ਸਾਂਝੀ ਕਰ ਦਿੱਤੀ ਗਈ ਸੀ। ਪਰ ਸੰਗਰੂਰ, ਪਟਿਆਲਾ, ਮੋਗਾ, ਫਰੀਦਕੋਟ, ਮੁਕਤਸਰ ਸਾਹਿਬ ਸਾਡੇ ਸਾਹਮਣੇ ਵਾਲੀਆਂ ਬੈਰਕਾਂ ‘ਚ ਸਨ। ਪਹਿਲੀ ਰਾਤ ਉਨ੍ਹਾਂ ਦਾ ਖਾਣਾ ਜੇਲ੍ਹ ਮੈੱਸ ਨੇ ਦਿੱਤਾ। ਪ੍ਰਧਾਨ ਸਰਦਾਰ ਤੇਜਾ ਸਿੰਘ ਜੀ ਪੰਜ ਛੇ ਸਾਥੀਆਂ ਨੂੰ ਨਾਲ ਲੈ ਕੇ, ਉਹਨਾਂ ਨੂੰ ਜਦੋਂ ਮਿਲਣ ਗਏ ਚਾਰੇ ਪਾਸੇ,ਅਧਿਆਪਕਾਂ ‘ਚ ਜੋਸ਼ ਦਾ ਹੜ੍ਹ ਠਾਠਾਂ ਮਾਰ ਰਿਹਾ ਸੀ।
ਸਾਰਿਆਂ ਦੇ ਖਾਣਾ ਖਾਧਾ ਤੇ ਸਟੇਜ ਵੱਲ ਆ ਗਏ। ਸਟੇਜ ਲੱਗ ਚੁੱਕੀ ਸੀ। ਮੈਂ ਸਟੇਜ ਸੰਭਾਲ ਲਈ ਸੀ। ਕਿਉਂਕਿ ਮੇਰਾ ਪਿਛੋਕੜ ਸੰਗਰੂਰ ਜ਼ਿਲ੍ਹੇ ਦੇ ਪਿੰਡ ਡਸਕਾ ਨਾਲ ਸੀ ਇਹ ਜਾਣ ਕੇ ਸੰਗਰੂਰ ਵਾਲੇ ਸਾਥੀ ਬਹੁਤ ਖੁਸ਼ ਹੋਏ। ਭਾਵੇਂ ਮੇਰਾ ਜਨਮ ਮਾਨਸਾ ਜ਼ਿਲੇ ਦੀ ਮੰਡੀ ਬੁਢਲਾਡਾ ਵਿਖੇ ਹੋਇਆ ਪਰ ਆਪਣੇ ਪਿੱਤਰਾਂ ਦੇ ਪਿੰਡ ਨੂੰ ਮੈਂ ਸਟੇਜ ‘ਤੇ ਪਹਿਲ ਦਿੱਤੀ। ਸਾਰੇ ਸਾਥੀਆਂ ਨੂੰ ਪ੍ਰਧਾਨ ਜੀ ਨੇ ਜੀਓ ਆਇਆ ਨੂੰ ਕਿਹਾ ਤੇ ਰੋਜ਼ਾਨਾ ਪੰਜ ਤੋਂ ਸੱਤ ਸ਼ਾਮ ਨੂੰ ਸੱਭਿਆਚਾਰਕ ਪ੍ਰੋਗਰਾਮ ਦੀ ਸਟੇਜ ਬਾਰੇ ਦੱਸ ਕੇ, ਉਥੋਂ ਸਾਨੂੰ ਨਾਲ ਲੈ ਦੂਜੀਆਂ ਬੈਰਕਾਂ ਵਿਚ ਗੇੜਾ ਮਾਰਨ ਚਲੇ ਗਏ। ਸਭ ਦਾ ਦੁੱਖ ਸੁੱਖ ਪੁੱਛਿਆ, ਜਦੋਂ ਅਸੀਂ ਵਾਪਸ ਆਪਣੀ ਬੈਰਕ ਦੇ ‘ਚ ਪਹੁੰਚੇ, ਉਦੋਂ ਰਾਤ ਦੇ ਗਿਆਰਾਂ ਵੱਜ ਚੁੱਕੇ ਸੀ। ਬਹੁਤੇ ਜੇਲ੍ਹੀ ਸਾਥੀ ਸੌਂ ਚੁੱਕੇ ਸਨ।
ਕੁਝ ਕੁ ਤਾਸ਼ ਖੇਡ ਰਹੇ ਸਨ ਤੇ ਕੁਝ ਸੌਣ ਦੀ ਤਿਆਰੀ ਕਰ ਰਹੇ ਸਨ। ਪ੍ਰਧਾਨ ਜੀ ਨੇ ਆਪਣੀ ਪੱਗ ਲਾਹੀ, ਸੌਣ ਵਾਲੇ ਕਪੜੇ ਪਉਣੇ ਸ਼ੁਰੂ ਕੀਤੇ ਤੇ ਮੈਂ ਉਹਨਾਂ ਤੋਂ ਇਜਾਜ਼ਤ ਲੈ ਕੇ, ਜਦੋਂ ਆਪਣੇ ਬਿਸਤਰ ‘ਤੇ ਪਹੁੰਚਿਆਂ, ਪਰਮਜੀਤ ਜਾਗ ਰਿਹਾ ਸੀ। ਉਸ ਦੇ ਚਿਹਰੇ ਤੋਂ ਤਕਲੀਫ਼ ਸਾਫ਼ ਝਲਕ ਰਹੀ ਸੀ। ਸੱਚਮੁੱਚ ਹੀ ਉਹ ਕਾਫ਼ੀ ਬਿਮਾਰ ਸੀ। ਅੱਜ ਰੋਟੀ ਵੀ ਉਸ ਨੇ, ਨਾ ਸਰਦੇ ਨੂੰ ਇੱਕ,ਅੱਧੀ ਹੀ ਖਾਧੀ ਸੀ। ਮੈਂ ਉਸ ਨੂੰ ਪੁੱਛਿਆ,” ਕੀ ਗੱਲ ਪਰਮਜੀਤ! ਨੀਂਦ ਨਹੀਂ ਆ ਰਹੀ ?” ਤਾਂ ਉਸ ਨੇ ਕਿਹਾ,” ਥੋੜ੍ਹੀ ਤਕਲੀਫ਼ ਵੀ ਸੀ ਤੇ ਘੁਰਾੜਿਆਂ ਵਿਚ ਮੈਨੂੰ ਨੀਂਦ ਵੀ ਘੱਟ ਆਉਂਦੀ ਹੈ। ਮੇਰੀ ਨਿਗਾਹ ਇੱਕ ਦਮ ਕੁਝ ਸੁੱਤੇ ਪਏ ਅਧਿਆਪਕਾਂ/ਕਰਮਚਾਰੀਆਂ ਵੱਲ ਗਈ। ਉਨ੍ਹਾਂ ‘ਚੋਂ ਪੰਜ,ਸੱਤ ਅਧਿਆਪਕਾਂ ਦੇ ਘੁਰਾੜੇ ਸੱਚ-ਮੁੱਚ ਹੀ ਐਨੀ ਆਵਾਜ਼ ਪੈਦਾ ਕਰ ਰਹੇ ਸਨ ਕਿ ਸੰਵੇਦਨਸ਼ੀਲ ਬੰਦਾ ਤਾਂ ਸੌਣ ਬਾਰੇ ਸੋਚ ਵੀ ਨਹੀਂ ਸੀ ਸਕਦਾ। ਸਭ ਤੋਂ ਉੱਚੇ ਉੱਚੇ ਘੁਰਾੜੇ, ਅੰਮ੍ਰਿਤਸਰ ਵਾਲੇ ਇੱਕ ਬਜ਼ੁਰਗ ਅਧਿਆਪਕਾਂ ਦੇ, ਤੇ ਦੂਜੇ ਸਾਡੇ ਸਕੂਲ ਦੇ ਸੇਵਾਦਾਰ ਦੇਸ ਰਾਜ ਦੇ ਸਨ।
ਬੜੀ ਮੁਸੀਬਤ ਹੋਈ , ਭਾਵੇਂ ਉਹ ਸੁੱਤੇ ਸਾਡੇ ਤੋਂ ਹਟ ਕੇ ਚੌਥੀ ਲਾਈਨ ਵਿਚ ਸਨ ਪਰ ਉਹਨਾਂ ਦੇ ਘੁਰਾੜਿਆਂ ਦਾ ਡਰਾਉਣਾ ਸੰਗੀਤ, ਸਾਡੇ ਤੱਕ ਅੱਪੜ ਰਿਹਾ ਸੀ। ਮੈਂ ਸੋਚਿਆ,”ਜੇ ਐਨੀ ਦੂਰ ਪਿਆ ਪਰਮਜੀਤ ਡਿਸਟਰਬ ਹੋ ਸਕਦਾ ਹੈ ਤਾਂ ਉਨ੍ਹਾਂ ਦੇ ਬਿਲਕੁਲ ਨਾਲ ਪਏ ਅਧਿਆਪਕਾਂ ਦਾ ਕੀ ਹਾਲ ਹੋਵੇਗਾ।” ਮੇਰੀ ਨਿਗਾਹ ਇੱਕ ਦਮ ਸਾਡੇ ਸਕੂਲ ਦੇ ਅਧਿਆਪਕ ਸਾਥੀ ਦਰਸ਼ਨ ‘ਤੇ ਪਈ, ਜਿਹੜਾ ਘਰੋਂ ਆਇਆ ਹੀ ਬਿਮਾਰ ਸੀ, ਤੇ ਪਿਆ ਵੀ ਬਿਲਕੁਲ ਉਹਨਾਂ ਦੇ ਵਿਚਕਾਰ ਸੀ। ਮੈਂ ਗੇੜਾ ਮਾਰਨ ਦੇ ਬਹਾਨੇ ਉੱਥੇ ਗਿਆ, ਮੇਰੀ ਪੈੜ ਚਾਲ ਸੁਣ ਕੇ ਦਰਸ਼ਨ ਬੈਠਾ ਹੋ ਗਿਆ। ਮੈਂ ਪੁੱਛਿਆ,” ਕੀ ਗੱਲ ਦਰਸ਼ਨ, ਨੀਂਦ ਨਹੀ ਆ ਰਹੀ ? ” ਉਸ ਨੇ ਕਿਹਾ” ਨੀਦ ਦਾ ਕੀ ਕਸੂਰ ਹੈ, ਜੇ ਪਰਮਾਨੈਂਟ ਹੀ ਹੌਰਨ ਕੰਨ ਦੇ ਨਾਲ ਵਜਦਾ ਹੋਵੇ।”
ਦਰਸ਼ਨ ਦੀ ਗੱਲ ਸੁਣ ਕੇ ਉਸ ਦੇ ਨੇੜੇ ਅੱਖਾਂ ਬੰਦ ਕਰੀ,ਪਏ ਪੰਜ, ਛੇ ਅਧਿਆਪਕ ਹੋਰ, ਉੱਠ ਕੇ ਬੈਠ ਗਏ । ਉਨ੍ਹਾਂ ਚੋਂ ਇੱਕ ਨੇ ਕਿਹਾ,” ” ਜੱਸੀ ਭਾਅ ! ਇਹਨਾਂ ਦੇ ਸਾਈਲੈਂਸਰ ਲਗਾਉਣਾ ਪੈਣਾ ਈ।” ਮੈਂ ਉਨ੍ਹਾਂ ਸਾਰਿਆਂ ਦੀ ਮਜ਼ਬੂਰੀ ਨੂੰ ਸਮਝਦਾ ਸੀ। ਭਾਵੇਂ ਹੋਰ ਵੀ ਦੁਖੀ ਹੋਣਗੇ ਪਰ ਇਹ ਬਿਮਾਰ ਸਾਥੀ ਸੀ। ਮੈਂ ਪਰਮਜੀਤ ਤੇ ਦਰਸ਼ਨ ਨੂੰ ਕਿਹਾ,”ਜੇ ਨੀਂਦ ਨਹੀਂ ਆਉਂਦੀ ਤਾਂ ਚਲੋ ਬਾਹਰ ਲਾਅਨ ਵਿਚ ਘੁੰਮਦੇ ਹਾਂ।” ਕਿਉਂਕਿ ਗਰਿਫ਼ਤਾਰੀਆਂ ਜ਼ਿਆਦਾ ਹੋਣ ਕਰ ਕੇ ਬੈਰਕਾਂ ਦੇ ਦਰਵਾਜ਼ੇ ਖੁੱਲ੍ਹੇ ਕਰ ਦਿੱਤੇ ਸਨ। ਅਸੀਂ ਸਾਰੇ ਜਦੋਂ ਬਾਹਰ ਆ ਰਹੇ ਸਾਂ ਤਾਂ ਸਾਡੇ ਸਕੂਲ ਦਾ ਅਧਿਆਪਕ ਕੇਸਰ ਸਿੰਘ ਵੀ ਨਾਲ ਹੀ ਤੁਰ ਪਿਆ। ਦਰਸ਼ਨ ਜੋ ਕਦੇ ਬੀੜੀ ਸਿਗਰਟ ਘੱਟ ਹੀ ਪੀਂਦਾ ਸੀ,ਕੇਸਰ ਨੂੰ ਕਹਿੰਦਾ,” ਲਿਆ ਬੀੜੀ, ਸਿਗਰਟ ਪਿਆ। “ਸਾਰਿਆਂ ਨੇ ਇੱਕ ਇੱਕ ਸਿਗਰਟ ਸੁਲਗਾਈ ਤੇ ਬਾਹਰ ਖੁੱਲ੍ਹੇ ਮੈਦਾਨ ਵਿਚ ਗੇੜੇ ਲਾਉਣੇ ਸ਼ੁਰੂ ਕਰ ਦਿੱਤੇ।
ਚੰਨ ਚਾਨਣੀ ਰਾਤ ਵਿਚ ਸਾਡੀ ਬੈਰਕ ਦੇ ਪਿੱਛੇ ਇੱਕ ਉੱਚੇ ਟਿੱਲੇ ‘ਤੇ ਮੇਰੀ ਨਿਗ੍ਹਾ ਗਈ, ਜਿਸ ਨੂੰ ਮੈਂ ਪਾਣੀ ਦੀ ਟੈਂਕੀ ਸਮਝਦਾ ਸੀ। ਅਸਲ ਵਿਚ ਉਹ ਜੇਲ੍ਹ ਦੀ ਨਿਗਰਾਨੀ ਲਈ ਪੋਸਟ ਸੀ,ਜਿਸ ‘ਤੇ ਇੱਕ ਸੰਤਰੀ ਡਿਊਟੀ ਦੇ ਰਿਹਾ ਸੀ। ਉਸ ਦੀਆਂ ਚੰਗਿਆੜਿਆਂ ਵਰਗੀਆਂ ਅੱਖਾਂ ਸਾਰੀ ਜੇਲ੍ਹ ਦੀ,ਹਰੇਕ ਗਤੀਵਿਧੀ ਨੂੰ ਨੋਟ ਕਰ ਰਹੀਆਂ ਸਨ। ਦੋ-ਤਿੰਨ ਹੋਰ ਦੂਜੇ ਜ਼ਿਲ੍ਹਿਆਂ ਦੇ ਅਧਿਆਪਕ ਸਾਥੀ ਵੀ ਸਾਡੇ ਵਾਂਗ ਸਤਾਏ ਹੋਏ ਬੈਰਕਾਂ ਦੇ ਬਾਹਰ ਗੇੜੇ ਮਾਰ ਰਹੇ ਸਨ। ਉਨ੍ਹਾਂ ਚੋਂ ਇੱਕ ਅਧਿਆਪਕ ਨੇ ਮੈਨੂੰ ਪਹਿਚਾਣ ਲਿਆ ਤੇ ਕਿਹਾ,” ਜੱਸੀ ਭਾਅ ਜੀ, ਤੁਹਾਡਾ ਅੱਜ ਦਾ ਸਟੇਜ ਪ੍ਰੋਗਰਾਮ ਬੜਾ ਸੁਹਣਾ ਸੀ, ਕਿਹੜੇ ਸਕੂਲ ‘ਚ ਪੜ੍ਹਾਉਂਦੇ ਹੋ ?”
ਮੈ ਰਸਮੀ ਜਿਹੀ ਆਪਣੀ ਜਾਣ ਪਹਿਚਾਣ ਕਰਵਾਈ ਤੇ ਉਹਨਾਂ ਤੋਂ ਵਿਦਾ ਲਈ। ਇੱਕ ਵਜੇ ਸਾਡੀਆਂ ਅੱਖਾਂ ‘ਚ ਨੀਂਦ ਭਾਰੂ ਹੋ ਗਈ ਸੀ। ਅਸੀਂ ਬੈਰਕ ਦੇ ਵਿਚ ਆ ਕੇ ਆਪਣੇ ਆਪਣੇ ਬਿਸਤਰਿਆਂ ‘ਤੇ ਲੇਟ ਗਏ। ਜਦੋਂ ਸਵੇਰੇ ਅੱਖ਼ ਖੁੱਲ੍ਹੀ ਪਰਮਜੀਤ ਉਦੋਂ ਤੱਕ ਨਹਾ ਵੀ ਚੁੱਕਿਆ ਸੀ ।ਉਸ ਨੇ ਦੱਸਿਆ ਕਿ ਮੈਨੂੰ ਸਾਰੀ ਰਾਤ ਨੀਂਦ ਹੀ ਨਹੀਂ ਆਈ-ਦੁਪਹਿਰ ਦਾ ਖਾਣਾ ਖਾ ਕੇ ਸੌਵਾਂਗਾ।
(ਜਸਪਾਲ ਜੱਸੀ)
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly