(ਸਮਾਜ ਵੀਕਲੀ)
ਪਿੱਛਲੇ ਕੁੱਝ ਦਿਨਾਂ ਤੋਂ ਮਾਪਿਆਂ ਨਾਲ ਕੀਤੀ ਜਾ ਰਹੀ ਬਦਸਲੂਕੀ ਅਤੇ ਦੁਰਦਸ਼ਾ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵੇਖਣ ਨੂੰ ਮਿਲ ਰਹੀਆਂ ਹਨ।ਮੁਕਤਸਰ ਸਾਹਿਬ ਵਾਲੇ ਕੇਸ ਨੇ ਲੋਕਾਂ ਨੂੰ ਜਿਵੇਂ ਹਲੂਣਾ ਦਿੱਤਾ ਹੋਵੇ।ਵੂਮੈਨ ਕਮਿਸ਼ਨ ਪੰਜਾਬ ਵੱਲੋਂ ਸਖਤ ਕਦਮ ਚੁੱਕੇ ਜਾ ਰਹੇ ਹਨ, ਇਹ ਸ਼ਲਾਘਾਯੋਗ ਕਦਮ ਹੈ।ਜਿਹੜੇ ਨੂੰਹਾਂ ਪੁੱਤ ਅਜਿਹਾ ਕਰਦੇ ਹਨ ਦੋਹਾਂ ਨੂੰ ਹੀ ਇਸਦੇ ਗੁਨਾਹਗਾਰ ਮੰਨਣਾ ਚਾਹੀਦਾ ਹੈ।ਵੂਮੈਨ ਕਮਿਸ਼ਨ ਨੇ ਬਿਰਧ ਆਸ਼ਰਮ ਵਿੱਚ ਵਿੱਚ ਰਹਿ ਰਹੇ ਬਜ਼ੁਰਗਾਂ ਬਾਰੇ ਪੂਰੀ ਜਾਣਕਾਰੀ ਦੇਣ ਲਈ ਕਿਹਾ ਸੀ।ਸੋਸ਼ਲ ਮੀਡੀਆ ਤੇ ਲਾਈਵ ਹੋਕੇ ਚੇਅਰਪਰਸਨ ਨੇ ਦੱਸਿਆ ਕਿ ਇਕ ਜਿਲ੍ਹੇ ਤੋਂ ਆਈ ਜਾਣਕਾਰੀ ਬਾਰੇ ਦੱਸਿਆ ਕਿ ਉਥੇ ਰਹਿਣ ਵਾਲੇ ਬਜ਼ੁਰਗਾਂ ਦੀ ਜਾਇਦਾਦ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਉਥੇ ਰਹਿਣ ਲਈ ਮਜ਼ਬੂਰ ਕੀਤਾ ਹੋਇਆ ਹੈ। ਇਕ ਮਹਿਲਾ ਪਿੱਛਲੇ ਬੱਤੀ ਸਾਲਾਂ ਤੋਂ ਉਥੇ ਰਹਿ ਰਹੀ ਹੈ ਅਤੇ ਉਸਦੀ ਜ਼ਮੀਨ ਵੀ ਸੀ।ਚੇਅਰਪਰਸਨ ਨੇ ਸਾਫ ਕੀਤਾ ਕਿ ਉਨ੍ਹਾਂ ਬਜ਼ੁਰਗਾਂ ਦਾ ਹੱਕ ਉਨ੍ਹਾਂ ਨੂੰ ਦਵਾਇਆ ਜਾਵੇਗਾ ਅਤੇ ਪਰਿਵਾਰ ਤੇ ਸੀਨੀਅਰ ਸਿਟੀਜ਼ਨ ਐਕਟ ਅਧੀਨ ਕਾਰਵਾਈ ਵੀ ਕੀਤੀ ਜਾਵੇਗੀ।
ਉਨ੍ਹਾਂ ਬਜ਼ੁਰਗਾਂ ਨੂੰ ਜ਼ਬਰਦਸਤੀ ਘਰ ਨਹੀਂ ਭੇਜਿਆ ਜਾਵੇਗਾ।ਇਹ ਬਹੁਤ ਵਧੀਆ ਸੋਚ ਹੈ।ਨੂੰਹਾਂ ਪੁੱਤ ਸਾਰਾ ਕੁੱਝ ਆਪਣੇ ਨਾਮ ਕਰਵਾਉਣ ਲਈ ਰੋਜ਼ ਲੜਾਈ ਝਗੜਾ ਕਰਦੇ ਹਨ।ਤੰਗ ਆਕੇ ਮਾਪੇ ਦੇ ਦਿੰਦੇ ਹਨ,ਉਸਤੋਂ ਬਾਅਦ ਉਹ ਕਬਾੜ ਅਤੇ ਫਾਲਤੂ ਹੋ ਜਾਂਦੇ ਹਨ।ਨੂੰਹਾਂ ਪੁੱਤ ਬੜੀ ਮਾੜੀ ਭਾਸ਼ਾ ਦੀ ਵਰਤੋਂ ਕਰਦੇ ਹਨ।ਸਾਡੇ ਸਮਾਜ ਵਿੱਚ ਔਰਤਾਂ ਨੂੰ ਬਦਨਾਮ ਕਰਨਾ ਹੋਵੇ ਤਾਂ ਨਜਾਇਜ਼ ਸੰਬੰਧਾਂ ਦੀ ਗੱਲ ਆਮ ਹੀ ਹੈ।ਜਦੋਂ ਕਿ ਸਰਵ ਉੱਚ ਅਦਾਲਤ ਨੇ ਕਿਸੇ ਨਾਲ ਸੰਬੰਧ ਹੋਣੇ ਕਿਸੇ ਦਾ ਨਿਜਤਾ ਹੈ।ਹਰ ਕਿਸੇ ਨੂੰ ਹੱਕ ਹੈ ਉਹ ਕਿਸੇ ਨਾਲ ਵੀ ਆਪਣਾ ਰਿਸ਼ਤਾ ਰੱਖ ਸਕਦਾ ਹੈ।ਇਥੇ ਕਿਸੇ ਉਪਰ ਉਂਗਲ ਚੁੱਕਣ ਵਾਲੇ ਤੇ ਕਾਨੂੰਨੀ ਕਾਰਵਾਈ ਹੋਣੀ ਵੀ ਬਹੁਤ ਜ਼ਰੂਰੀ ਹੈ।ਉਹ ਉਸਦੀ ਨਿੱਜਤਾ ਹੈ ਤੁਸੀਂ ਇਸ ਘੇਰੇ ਅੰਦਰ ਜਾਣ ਦਾ ਕੋਈ ਹੱਕ ਨਹੀਂ ਰੱਖਦੇ।
ਇਸ ਤਰ੍ਹਾਂ ਦਾ ਭੱਦਾ ਇਲਜ਼ਮ ਕੁੱਝ ਸਾਲ ਪਹਿਲਾਂ ਹਰਿਆਣਾ ਦੇ ਰਿਟਾਇਰਡ ਅਫਸਰ ਦੀ ਨੂੰਹ ਨੇ ਵੀ ਉਸਤੇ ਲਗਾਇਆ ਸੀ।ਇਥੇ ਗੱਲ ਧਿਆਨ ਵਿੱਚ ਰੱਖਣੀ ਬਹੁਤ ਜ਼ਰੂਰੀ ਹੈ ਕਿ ਜਦੋਂ ਕਾਨੂੰਨ ਹਰ ਕਿਸੇ ਨੂੰ ਆਪਣੇ ਰਿਸ਼ਤੇ ਅਤੇ ਸੰਬੰਧ ਰੱਖਣ ਦੀ ਇਜਾਜ਼ਤ ਦਿੰਦਾ ਹੈ ਤਾਂ ਕਿਸੇ ਨੂੰ ਕੋਈ ਹੱਕ ਨਹੀਂ ਉਂਗਲਾਂ ਚੁਕੱਣ ਦਾ।ਮਾਪੇ ਚੁੱਪ ਰਹਿੰਦੇ ਹਨ।ਇਥੇ ਉਸਦੀ ਨਿੱਜਤਾ ਤੇ ਹਮਲਾ ਕੀਤਾ ਗਿਆ ਸੀ।ਮਸਲਾ ਇਹ ਸੀ ਕਿ ਉਨ੍ਹਾਂ ਦੀ ਜੋ ਵੀ ਜਾਇਦਾਦ ਹੈ ਉਹ ਨੂੰਹ ਨੂੰ ਜਲਦੀ ਤੋਂ ਜਲਦੀ ਮਿਲ ਜਾਵੇ।ਇਹ ਹੈ ਜਾਇਦਾਦ ਅਤੇ ਪੈਸੇ ਹੋਣ ਦਾ ਸੱਚ ਅਤੇ ਸਜ਼ਾ।ਇਸ ਵਕਤ ਹਾਲਾਤ ਇਹ ਹਨ ਕਿ ਜੇਕਰ ਕੁੱਝ ਪੱਲੇ ਹੈ ਤਾਂ ਵੀ ਸਿਰਦਰਦੀ ਹੈ ਅਤੇ ਜੇਕਰ ਨਹੀਂ ਤਾਂ ਵੀ ਮੁਸੀਬਤ ਹੈ।
ਮਾਪਿਆਂ ਦੇ ਪੈਸਿਆਂ ਤੇ ਸਾਰੇ ਆਪਣਾ ਹੱਕ ਸਮਝਦੇ ਹਨ।ਪਰ ਨੂੰਹਾਂ ਪੁੱਤ ਇਹ ਸੋਚਦੇ ਸਮਝਦੇ ਹੀ ਨਹੀਂ ਕਿ ਬਜ਼ੁਰਗਾਂ ਨੇ ਆਪਣੀ ਸਾਰੀ ਜ਼ਿੰਦਗੀ ਬੁਢਾਪਾ ਆਰਾਮ ਨਾਲ ਕੱਟਣ ਲਈ ਮਿਹਨਤ ਕੀਤੀ ਹੁੰਦੀ ਹੈ। ਸਾਡੇ ਸਮਾਜ ਵਿੱਚ ਪੁੱਤ ਨੂੰ ਵਧੇਰੇ ਕਰਕੇ ਬੁਢਾਪੇ ਦੀ ਡੰਗੋਰੀ ਮੰਨਿਆ ਜਾਂਦਾ ਹੈ। ਪਰ ਜਦੋਂ ਡੰਗੋਰੀ ਹੀ ਕਿਸੇ ਦੇ ਹੱਥ ਚਲੀ ਜਾਂਦੀ ਹੈ ਤਾਂ ਬੁੱਢੇ ਮਾਪਿਆਂ ਨੇ ਠੋਕਰਾਂ ਖਾਣੀਆਂ ਹੀ ਨੇ।ਧੀਆਂ ਬਹੁਤ ਚੰਗੀਆਂ ਨੇ ਆਪਣੇ ਮਾਪਿਆਂ ਦਾ ਖਿਆਲ ਰੱਖਦੀਆਂ ਹਨ ਪਰ ਮੁੰਡੇ ਦੇ ਮਾਪਿਆਂ ਨੂੰ ਮੁੰਡੇ ਨਾਲ ਗੱਲ ਕਰਨੀ ਵੀ ਔਖੀ ਕਰ ਦਿੰਦੀਆਂ ਹਨ।ਇਥੇ ਇਸ ਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਕਿ ਲੜਕਿਆਂ ਦਾ ਜਾਂ ਕਹਿ ਲਈਏ ਪੁੱਤਾਂ ਲਈ ਜਿਊਣਾ ਸੌਖਾ ਨਹੀਂ ਹੈ। ਪਤਨੀਆਂ ਦੀ ਨਹੀਂ ਸੁਣਦੇ ਤਾਂ ਲੜਾਈ ਝਗੜਿਆਂ ਵਿੱਚ ਫਸ ਜਾਂਦੇ ਹਨ।ਹਾਂ,ਮਾਪਿਆਂ ਵੱਲੋਂ ਪੁਲਿਸ ਸਟੇਸ਼ਨ ਅਤੇ ਅਦਾਲਤਾਂ ਵਿੱਚ ਵਧੇਰੇ ਕਰਕੇ ਪੁੱਤਾਂ ਨੂੰ ਘਸੀਟਿਆ ਨਹੀਂ ਜਾਂਦਾ।ਇਸ ਕਰਕੇ ਮਾਪਿਆਂ ਨੂੰ ਤੰਗ ਕਰਨਾ ਜਾਂ ਘਰੋਂ ਕੱਢਣ ਵਾਲਾ ਕੰਮ ਸੌਖਾ ਲੱਗਦਾ ਹੈ।
ਮੁਆਫ਼ ਕਰਨਾ ਲੜਕੀਆਂ/ਔਰਤਾਂ ਆਪਣੇ ਮਾਪਿਆਂ ਤੋਂ ਦਹੇਜ ਜਾਂ ਉਸਤੋਂ ਬਾਅਦ ਤੰਗ ਕੁੱਝ ਵੀ ਤੰਗ ਕਰਕੇ ਨਹੀਂ ਲੈਂਦੀਆਂ। ਪਰ ਦੂਸਰੇ ਪਾਸੇ ਲੜਕੇ ਤੇ ਦਬਾਅ ਪਾਉਣ ਵਿੱਚ ਲੜਕੀਆਂ ਦੇ ਪਰਿਵਾਰਾਂ ਵਂਲੋਂ ਕੋਈ ਕਸਰ ਨਹੀਂ ਛੱਡੀ ਜਾਂਦੀ। ਲੜਕੀਆਂ ਤੰਗ ਨਹੀਂ ਹੋਣੀਆਂ ਚਾਹੀਦੀਆਂ ਪਰ ਮੁੰਡਿਆਂ ਦੀ ਬਾਂਹ ਕੌਣ ਫੜੇਗਾ।ਮੈਂ ਬਿਰਧ ਆਸ਼ਰਮਾਂ ਦੇ ਹੋਣ ਨੂੰ ਠੀਕ ਨਹੀਂ ਸਮਝਦੀ ਸੀ ਅਤੇ ਹੁਣ ਵੀ ਮੈਂ ਇੰਨਾ ਨੂੰ ਬੜਾਵੇ ਨਹੀਂ ਦੇ ਰਹੀ।ਪਰ ਜਿਸ ਤਰ੍ਹਾਂ ਮੁਕਤਸਰ ਵਾਲੀ ਬਜ਼ੁਰਗ ਮਾਂ ਨੂੰ ਸੁੱਟਿਆ ਹੋਇਆ ਸੀ,ਉਸ ਵੇਲੇ ਮੈਨੂੰ ਬਿਰਧ ਆਸ਼ਰਮ ਠੀਕ ਲੱਗੇ। ਹਾਂ,ਜੇਕਰ ਮਾਪਿਆਂ ਨੂੰ ਘਰਾਂ ਤੋਂ ਬਾਹਰ ਦਾ ਰਸਤਾ ਵਿਖਾਉਣਾ ਹੈ ਜਾਂ ਉਨ੍ਹਾਂ ਦੀ ਜ਼ਿੰਦਗੀ ਨਰਕ ਬਣਾਉਣੀ ਹੈ ਤਾਂ ਉਨ੍ਹਾਂ ਦੀ ਜਾਇਦਾਦ ਉੱਤੇ ਉਹ ਕਿਵੇਂ ਆਪਣਾ ਅਧਿਕਾਰ ਸਮਝਦੇ ਹਨ।ਲੜਕੀਆਂ ਨੂੰ ਕੁੱਝ ਦਿਨ ਪਹਿਲਾਂ ਸਰਵ ਉੱਚ ਅਦਾਲਤ ਦਾ ਆਪਣੇ ਲਈ ਕੀਤਾ ਫੈਸਲਾ ਵੀ ਮੰਨਣਾ ਚਾਹੀਦਾ ਹੈ। ਉਸ ਫੈਸਲੇ ਵਿੱਚ ਲੜਕੀਆਂ ਆਪਣੇ ਪਿਤਾ ਦੀ ਜਾਇਦਾਦ ਵਿੱਚ ਬਰਾਬਰ ਦੀ ਹਿੱਸੇਦਾਰ ਹੈ।ਉਥੋਂ ਨਹੀਂ ਲੈਣਾ ਕਿਉਂਕਿ ਰਿਸ਼ਤੇ ਖਰਾਬ ਹੋਣ ਦੀ ਸੋਚ ਦਿਮਾਗ਼ ਵਿੱਚ ਭਰੀ ਹੋਈ ਹੈ।
ਜਿਵੇਂ ਉਨ੍ਹਾਂ ਮਾਪਿਆਂ ਲਈ ਹਮਦਰਦੀ ਅਤੇ ਪਿਆਰ ਹੈ ਉਵੇਂ ਹੀ ਸੱਸ ਸਹੁਰੇ ਲਈ ਰੱਖੋ। ਉਨ੍ਹਾਂ ਨੇ ਤਾਂ ਤੁਹਾਨੂੰ ਦੇਣੀ ਹੀ ਹੈ। ਜਿਵੇਂ ਦੇ ਸਮਾਜ ਵਿੱਚ ਚੱਲ ਰਿਹਾ ਹੈ ਮਾਪਿਆਂ ਨੂੰ ਆਪਣੇ ਨਿਰਵਾਹ ਲਈ ਕੁੱਝ ਤਾਂ ਰੱਖਣਾ ਹੀ ਹੈ।ਨੂੰਹਾਂ ਪੁੱਤ ਮਾਪਿਆਂ ਦੀ ਸਾਰੀ ਜਾਇਦਾਦ ਲੈਣ ਤੋਂ ਬਾਅਦ ਉਨ੍ਹਾਂ ਨੂੰ ਘਰੋਂ ਕੱਢ ਦਿੰਦੇ ਹਨ।ਜੇਕਰ ਘਰ ਵਿੱਚ ਰੱਖਦੇ ਹਨ ਤਾਂ ਰੋਜ਼ ਉਨ੍ਹਾਂ ਨੂੰ ਭੱਦੀ ਭਾਸ਼ਾ ਸੁਣਨੀ ਪੈਂਦੀ ਹੈ।ਹੌਲੀ ਹੌਲੀ ਉਹ ਭੱਦੀ ਭਾਸ਼ਾ ਅਤੇ ਬੋਲਣਾ ਆਦਤ ਬਣ ਜਾਂਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ, “ਦੁਨੀਆਂ ਨਾਲ ਰੁੱਖਾਂ ਬੋਲਣ ਨਾਲ ਸਾਡਾ ਆਪਣਾ ਮਨ ਵੀ ਰੁੱਖਾਂ ਰੁੱਖੇ ਮਹਿਸੂਸ ਕਰਨ ਲੱਗ ਜਾਂਦਾ ਹੈ। “।ਘਰ ਵਿੱਚ ਤਨਾਅ ਰਹਿਣ ਲੱਗਦਾ ਹੈ।ਕਈ ਵਾਰ ਮਾਪੇ ਇਸ ਘਰੇਲੂ ਹਿੰਸਾ ਤੋਂ ਤੰਗ ਆਏ ਪੁੱਤਾਂ ਦੇ ਨਾਮ ਜਾਇਦਾਦ ਕਰ ਦਿੰਦੇ ਹਨ।ਪਿੱਛਲੇ ਦਿਨੀਂ ਵੂਮੈਨ ਕਮਿਸ਼ਨ ਨੇ ਬਿਰਧ ਆਸ਼ਰਮਾਂ ਵਿੱਚ ਰਹਿੰਦੇ ਬਜ਼ੁਰਗਾਂ ਦੀਆਂ ਕੈਸਟਾਂ ਅਤੇ ਜਾਣਕਾਰੀ ਉਨ੍ਹਾਂ ਨੂੰ ਦੇਣ ਲਈ ਕਿਹਾ ਹੈ।
ਵੂਮੈਨ ਕਮਿਸ਼ਨ ਦੀ ਚੇਅਰਪਰਸਨ ਨੇ ਦੱਸਿਆ ਕਿ ਇਕ ਜਿਲ੍ਹੇ ਦੀ ਰਿਪੋਰਟ ਆਈ ਹੈ ਅਤੇ ਅੱਠ ਬਜ਼ੁਰਗਾਂ ਬਾਰੇ ਜਾਣਕਾਰੀ ਦਿੱਤੀ ਹੈ ਜਿਸ ਵਿੱਚ ਇਕ ਬਜ਼ੁਰਗ ਮਹਿਲਾ ਕੋਲ ਅਠਾਰਾਂ ਕਿੱਲੇ ਜ਼ਮੀਨ ਸੀ।ਇੰਨੀ ਜਾਇਦਾਦ ਦੀ ਮਾਲਕ ਨੂੰ ਘਰੋਂ ਕੱਢਣ ਵਾਲਿਆਂ ਨੂੰਹਾਂ ਪੁੱਤਾਂ ਤੇ ਕਾਰਵਾਈ ਜ਼ਰੂਰ ਕਰਨੀ ਚਾਹੀਦੀ ਹੈ।ਮਾਪੇ ਸਿਰਫ ਮਾਪੇ ਹਨ,ਮਾਂ ਸਿਰਫ ਮਾਂ ਹੈ।ਚੰਗੇ ਮਾੜੇ ਦੀ ਕੋਈ ਗੱਲ ਨਹੀਂ ਹੈ ਅਤੇ ਨਾ ਹੋਣੀ ਚਾਹੀਦੀ ਹੈ। ਕੀ ਪੁੱਤਾਂ ਨੇ ਕਦੇ ਗਲਤੀਆਂ ਨਹੀਂ ਕੀਤੀਆਂ, ਕੀ ਨੂੰਹਾਂ ਵਿੱਚ ਕੋਈ ਨੁਕਸ ਨਹੀਂ ਹੈ,ਕੀ ਕਦੇ ਪੁੱਤਾਂ ਨੇ ਜਿੱਦ ਨਹੀਂ ਕੀਤੀ,ਮਾਪਿਆਂ ਨੇ ਤਾਂ ਕਦੇ ਬੱਚਿਆਂ ਨੂੰ ਘਰੋਂ ਨਹੀਂ ਕੱਢਿਆ।ਹਕੀਕਤ ਇਹ ਹੈ ਕਿ ਜੇਕਰ ਅਜਿਹਾ ਹੁੰਦਾ ਤਾਂ ਸਾਰੇ ਬੱਚੇ ਯਤੀਮ ਖਾਨਿਆਂ ਵਿੱਚ ਹੁੰਦੇ ਜਾਂ ਸੜਕਾਂ ਤੇ ਧੱਕੇ ਖਾ ਰਹੇ ਹੁੰਦੇ।ਬਜ਼ੁਰਗਾਂ ਦੀ ਹੋ ਰਹੀ ਦੁਰਦਸ਼ਾ ਬਾਰੇ ਮੈਂ ਸ੍ਰੀ ਅਰੁਣ ਸ਼ਰਮਾ ਜੀ ਨਾਲ ਗੱਲ ਬਾਤ ਕੀਤੀ ਕਿਉਂਕਿ ਉਨ੍ਹਾਂ ਦਾ ਹਰ ਵਰਗ ਦੇ ਲੋਕਾਂ ਨਾਲ ਵਾਹ ਪੈਂਦਾ ਹੈ। ਉਨ੍ਹਾਂ ਨੇ ਆਪਣੇ ਵਿਚਾਰ ਦਿੰਦੇ ਹੋਏ ਕਿਹਾ ਕਿ ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ ਦੇਣ ਦਾ ਕਿਸੇ ਕੋਲ ਸਮਾਂ ਨਹੀਂ ਹੈ।ਬੱਚਿਆਂ ਵਿੱਚ ਸੰਸਕਾਰਾਂ ਦੀ ਘਾਟ ਹੈ।
ਬੱਚਿਆਂ ਵਿੱਚ ਸਹਿਣਸ਼ੀਲਤਾ ਨਹੀਂ ਹੈ।ਵਿਖਾਵੇ ਦੀ ਬਿਰਤੀ ਇੰਨੀ ਵੱਧ ਗਈ ਹੈ ਕਿ ਉਨ੍ਹਾਂ ਨੂੰ ਮਾਪਿਆਂ ਦਾ ਘਰ ਵਿੱਚ ਹੋਣਾ ਪ੍ਰੇਸ਼ਾਨ ਕਰਦਾ ਹੈ।ਬੱਚਿਆ ਨੂੰ ਪੈਸੇ ਕਮਾਉਣ ਦੀ ਮਸ਼ੀਨ ਬਣਾਇਆ ਜਾ ਰਿਹਾ ਹੈ। ਮੈਨੂੰ ਵੀ ਉਨ੍ਹਾਂ ਦੀਆਂ ਕਹੀਆਂ ਗੱਲਾਂ ਠੀਕ ਲੱਗੀਆਂ। ਬਜ਼ੁਰਗਾਂ ਕੋਲੋਂ ਉਮਰ ਦੇ ਹਿਸਾਬ ਨਾਲ ਬਹੁਤ ਕੁੱਝ ਨੂੰਹਾਂ ਪੁੱਤਾਂ ਮੁਤਾਬਿਕ ਨਹੀਂ ਕੀਤਾ ਜਾਂਦਾ। ਬੱਚਿਆਂ ਨੂੰ ਲੱਗਦਾ ਹੈ ਕਿ ਜਿਹੜੇ ਕਮਰੇ ਉਨ੍ਹਾਂ ਕੋਲ ਹਨ ਉਹ ਖਰਾਬ ਹੋ ਰਹੀ ਹੈ ਥਾਂ। ਪਰ ਬਹੁਤ ਥਾਵਾਂ ਤੇ ਉਹ ਘਰ ਮਾਪਿਆਂ ਨੇ ਬਣਾਏ ਹੁੰਦੇ ਹਨ। ਜਿਹੜਾ ਘਰ ਬੁਢਾਪੇ ਲਈ ਬਣਾਇਆ ਸੀ ਕਈ ਵਾਰ ਹੀ ਉਹ ਉਨ੍ਹਾਂ ਲਈ ਮੁਸੀਬਤ ਬਣ ਜਾਂਦਾ ਹੈ।ਇੱਕ ਪਰਿਵਾਰ ਨੇ ਘਰ ਖਰੀਦਿਆ ਤਾਂ ਨੂੰਹ ਦੀ ਮਾਂ ਨੇ ਆਪਣੇ ਜਵਾਈ ਦੀ ਮਾਂ ਨੂੰ ਪੁੱਛ ਹੀ ਲਿਆ ਕਿ ਤੁਸੀਂ ਵੀ ਇਥੇ ਆ ਜਾਉਗੇ।ਹੈਰਾਨੀ ਦੀ ਗੱਲ ਇਹ ਸੀ ਕਿ ਉਸ ਵਿੱਚ ਬਹੁਤ ਮੋਟੀ ਰਕਮ ਲੜਕੇ ਦੇ ਮਾਪਿਆਂ ਨੇ ਹੀ ਦਿੱਤੀ ਹੋਈ ਸੀ ਅਤੇ ਅਗਲੀ ਰਕਮ ਵੀ ਲੜਕੇ ਦਾ ਮਾਪਿਆਂ ਅਤੇ ਲੜਕੇ ਨੇ ਦੇਣੀ ਸੀ।
ਉਨ੍ਹਾਂ ਨੇ ਉਸ ਵਿੱਚ ਨਾ ਕੁੱਝ ਕੀਤਾ ਸੀ ਅਤੇ ਨਾ ਕਰਨਾ ਸੀ।ਹੁਣ ਅਜਿਹੇ ਲੋਕਾਂ ਤੋਂ ਕੁੱਝ ਚੰਗੇ ਕਰਨ ਦੀ ਅਤੇ ਸੰਸਕਾਰਾਂ ਦੀ ਉਮੀਦ ਕਿੰਨੀ ਅਤੇ ਕਿਵੇਂ ਕੀਤੀ ਜਾ ਸਕਦੀ ਹੈ,ਇਸਨੂੰ ਸਮਝਣਾ ਔਖਾ ਨਹੀਂ ਹੈ।ਇਕ ਕੌੜਾ ਸੱਚ ਹੈ ਕਿ ਵਧੇਰੇ ਕਰਕੇ ਮਾਪੇ ਆਪਣੀ ਬੇਟੀ ਨੂੰ ਸਹੁਰੇ ਪਰਿਵਾਰ ਤੋਂ ਅਲੱਗ ਰਹਿੰਦੇ ਵੇਖਣਾ ਚਾਹੁੰਦੇ ਹਨ ਅਤੇ ਆਪਣੇ ਬੇਟੇ ਨੂੰਹ ਨੂੰ ਆਪਣੇ ਨਾਲ।ਜੇਕਰ ਮਾਪੇ ਧੀਆਂ ਕੋਲੋਂ ਉਨ੍ਹਾਂ ਦੇ ਸਹੁਰੇ ਪਰਿਵਾਰਾਂ ਦੀਆਂ ਗੱਲਾਂ ਨਾ ਸੁਣਨ ਅਤੇ ਸਹੁਰੇ ਪਰਿਵਾਰ ਵਿੱਚ ਵਧੇਰੇ ਰਹਿਣ ਲਈ ਸਮਝਾਉਣ ਤਾਂ ਕੋਈ ਨੂੰਹ ਸੱਸ ਸਹੁਰੇ ਨੂੰ ਘਰੋਂ ਕੱਢਣ ਦੀ ਹਿੰਮਤ ਨਾ ਕਰੇ।ਬਹੁਤ ਵਾਰ ਪੁੱਤ ਚਾਹੁੰਦੇ ਹੋਏ ਵੀ ਮਾਪਿਆਂ ਨੂੰ ਨਾਲ ਨਹੀਂ ਰੱਖ ਸਕਦੇ।ਹਾਂ, ਜੋ ਵੀ ਸਥਿਤੀ ਹੋਵੇ ਅਤੇ ਜਿਵੇਂ ਦੇ ਵੀ ਹਾਲਾਤ ਹੋਣ ਮਾਪਿਆਂ ਦੀ ਬੇਇੱਜ਼ਤੀ ਕਰਨ ਦਾ ਕਿਸੇ ਨੂੰ ਕੋਈ ਹੱਕ ਨਹੀਂ। ਘਰੇਲੂ ਹਿੰਸਾ ਸ਼ਬਦਾਂ ਦੀ ਵੀ ਹੈ।ਮਾਪਿਆਂ ਤੇ ਲਗਾਏ ਜਾਂਦੇ ਇਲਜ਼ਮ ਅਤੇ ਤੋਹਮਤਾਂ ਵੀ ਘਰੇਲੂ ਹਿੰਸਾ ਹੀ ਹੈ।
ਕਦੇ ਨੂੰਹਾਂ ਪੁੱਤਾਂ ਨੇ ਇਹ ਸੋਚਿਆ ਕਿ ਅਗਰ ਉਹ ਆਪਣੀ ਕਮਾਈ ਨਾ ਖਰਚਦੇ ਤਾਂ ਅੱਜ ਲੜਕਾ ਮੋਟੀ ਤਨਖਾਹ ਲੈਣ ਦੇ ਕਾਬਿਲ ਨਾ ਹੁੰਦਾ। ਦੂਸਰਾ ਲੜਕੇ ਦਾ ਫਰਜ਼ ਵੀ ਹੈ ਅਤੇ ਜ਼ੁੰਮੇਵਾਰ ਵੀ ਹੈ ਕਿ ਉਹ ਆਪਣੇ ਮਾਪਿਆਂ ਨੂੰ ਆਪਣੀ ਕਮਾਈ ਵਿੱਚੋ ਦੇਵੇ।ਹਾਂ, ਨੂੰਹਾਂ ਨੂੰ ਕੋਈ ਹੱਕ ਨਹੀਂ ਕਿ ਉਹ ਲੜਕੇ ਨੂੰ ਅਜਿਹਾ ਕਰਨ ਤੋਂ ਰੋਕੇ।ਪਰ ਇਹ ਕੌੜਾ ਸੱਚ ਹੈ ਕਿ ਨੂੰਹਾਂ ਨੂੰ ਇਹ ਹਜ਼ਮ ਨਹੀਂ ਹੁੰਦਾ। ਲੜਕਾ ਅਤੇ ਲੜਕੇ ਦੇ ਮਾਪੇ ਬਹੁਤ ਵਾਰ ਚੁੱਪ ਹੋ ਜਾਂਦੇ ਹਨ ਪਰ ਕਈ ਵਾਰ ਮਾਪਿਆਂ ਨੂੰ ਪੈਸੇ ਦੇਣੇ ਜ਼ਰੂਰੀ ਹੁੰਦੇ ਹਨ।ਉਨ੍ਹਾਂ ਦੀ ਆਮਦਨ ਦਾ ਕੋਈ ਸਾਧਨ ਨਹੀਂ ਹੁੰਦਾ। ਪਰ ਜਿੱਥੇ ਮਾਪੇ ਆਪਣੀ ਕਮਾਈ ਨਾਲ ਜਾਂ ਪੈਨਸ਼ਨਾਂ ਨਾਲ ਮਦਦ ਵੀ ਕਰ ਰਹੇ ਹੁੰਦੇ ਹਨ ਉਥੇ ਵੀ ਮੁੰਡੇ ਦੇ ਮਾਪਿਆਂ ਦੀ ਹਾਲਤ ਵਧੀਆ ਨਹੀਂ ਹੈ ਅਤੇ ਉਹ ਵਧੇਰੇ ਕਰਕੇ ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੇ ਹਨ। ਇਥੇ ਸਾਰਾ ਕੁੱਝ ਉਨ੍ਹਾਂ ਨੂੰ ਜਲਦੀ ਮਿਲ ਜਾਵੇ ਦਾ ਲਾਲਚ ਹੁੰਦਾ ਹੈ। ਗੱਲ ਪੈਸੇ ਤੇ ਹੀ ਆਕੇ ਅਟਕ ਜਾਂਦੀ ਹੈ।ਵੈਸੇ ਇਹ ਵਧੇਰੇ ਕਰਕੇ ਸਮਸਿਆ ਮੱਧ ਵਰਗ ਅਤੇ ਪੈਸੇ ਵਾਲਿਆਂ ਵਿੱਚ ਹੈ।
ਵੂਮੈਨ ਕਮਿਸ਼ਨ ਵੱਲੋ ਚੁੱਕੇ ਗਏ ਕਦਮ ਤੋਂ ਸੀਨੀਅਰ ਸਿਟੀਜ਼ਨ ਨੂੰ ਕੁੱਝ ਆਸ ਬੱਝੀ ਹੈ ਕਿ ਉਨ੍ਹਾਂ ਨੂੰ ਦਰ ਦਰ ਦੀਆਂ ਠੋਕਰਾਂ ਨਹੀਂ ਖਾਣੀਆਂ ਪੈਣਗੀਆਂ।ਪ੍ਰਸ਼ਾਸ਼ਨ ਨੂੰ ਆਪਣੀ ਜ਼ੁੰਮੇਵਾਰ ਸਮਝਣੀ ਚਾਹੀਦੀ ਹੈ। ਸੀਨੀਅਰ ਸਿਟੀਜ਼ਨ ਐਕਟ ਨੂੰ ਸਖਤੀ ਨਾਲ ਲਾਗੂ ਕਰਨਾ ਅਤੇ ਕਰਵਾਉਣਾ ਚਾਹੀਦਾ ਹੈ।ਇਥੇ ਇਕ ਤਾਂ ਇਹ ਹੈ ਕਿ ਹਰ ਕਿਸੇ ਨੇ ਇਸ ਅਵਸਥਾ ਵਿੱਚ ਜਾਣਾ ਹੈ। ਦੂਸਰਾ ਵਧੇਰੇ ਮਹੱਤਵਪੂਰਨ ਇਹ ਹੈ ਕਿ ਬਜ਼ੁਰਗਾਂ ਨੇ ਪਰਿਵਾਰਾਂ ਅਤੇ ਸਮਾਜ ਨੂੰ ਬਹੁਤ ਕੁੱਝ ਦਿੱਤਾ ਹੈ।ਉਨ੍ਹਾਂ ਨੇ ਬਚਪਨ ਵਿੱਚ ਸਾਨੂੰ ਸਾਰਿਆਂ ਨੂੰ ਹਰ ਮੁਸੀਬਤ ਤੋਂ ਬਚਾਇਆ ਹੈ।ਹੁਣ ਉਨ੍ਹਾਂ ਨੂੰ ਬਚਾਉਣਾ ਅਤੇ ਮਦਦ ਕਰਨਾ ਸਭ ਦੀ ਡਿਊਟੀ ਹੈ।ਇਥੇ ਕੁੱਝ ਕਦਮ ਹੋਰ ਵੀ ਚੁੱਕੇ ਜਾ ਸਕਦੇ ਹਨ।ਜਿਵੇਂ ਕਿ ਵੋਟਰ ਲਿਸਟ ਵਿੱਚੋਂ ਸੀਨੀਅਰ ਸਿਟੀਜ਼ਨਾਂ ਦੀ ਪਹਿਚਾਣ ਕਰਕੇ ਉਨ੍ਹਾਂ ਦੇ ਕਾਰਡ ਬਣਾਏ ਜਾਣ।
ਉਨ੍ਹਾਂ ਨਾਲ ਘਰਾਂ ਵਿੱਚ ਕਿਵੇਂ ਦਾ ਸਲੂਕ ਹੁੰਦਾ ਹੈ ਇਸ ਬਾਰੇ ਜਾਣਕਾਰੀ ਜ਼ਰੂਰ ਪ੍ਰਸ਼ਾਸ਼ਨ,ਵੂਮੈਨ ਕਮਿਸ਼ਨ ਅਤੇ ਸਮਾਜ ਭਲਾਈ ਵਿਭਾਗ ਕੋਲ ਹੋਵੇ।ਫੋਨ ਤੇ ਵੀ ਉਨ੍ਹਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਬਾਰੇ ਜਾਣਕਾਰੀ ਲੈਂਦੇ ਰਹਿਣਾ ਚਾਹੀਦਾ ਹੈ। ਜਿਊਂਦੇ ਜੀਅ ਉਨ੍ਹਾਂ ਦੀ ਜਾਇਦਾਦ ਔਲਾਦ ਵਿੱਚ ਨਾ ਵੰਡੀ ਜਾਵੇ।ਆਏ ਦਿਨ ਸੋਸ਼ਲ ਮੀਡੀਆ ਤੇ ਮਾਪਿਆਂ ਦੀ ਦੁਰਦਸ਼ਾ ਵੇਖਣੀ ਸਮਾਜ,ਪ੍ਰਸ਼ਾਸ਼ਨ ਅਤੇ ਸਰਕਾਰ ਦੇ ਮੂੰਹ ਤੇ ਚਪੇੜ ਹੀ ਕਹੀ ਜਾ ਸਕਦੀ ਹੈ। ਪੈਸਾ ਬਹੁਤ ਕੁੱਝ ਹੈ ਪਰ ਸਭ ਕੁੱਝ ਨਹੀਂ। ਪੈਸੇ ਦੇ ਲਾਲਚ ਜਾਂ ਝੂਠੇ ਵਿਖਾਵਾ ਕਰਨ ਦੀ ਸੋਚ ਨਾਲ ਮਾਪਿਆਂ ਨੂੰ ਬੇਘਰ ਕਰਨ ਵਾਲੇ ਨੂੰਹਾਂ ਪੁੱਤਾਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ।ਸੱਚ ਹੈ,ਰਿਸ਼ਤਿਆਂ ਦਾ ਘਾਣ ਪੈਸੇ ਨੇ ਬਹੁਤ ਕੀਤਾ ਹੈ,ਇਸ ਵਿੱਚ ਮਾਪਿਆਂ ਨੂੰ ਵੀ ਬਖਸ਼ਿਆ ਨਹੀ ਗਿਆ।
ਪ੍ਰਭਜੋਤ ਕੌਰ ਢਿੱਲੋਂ ਮੁਹਾਲੀ
ਮੋਬਾਈਲ ਨੰਬਰ 9815030221