(ਸਮਾਜ ਵੀਕਲੀ ) ਲੰਮੀ ਹੇਕ ਨਾਲ ਜਾਣੀ ਜਾਂਦੀ ਗੁਰਮੀਤ ਬਾਵਾ ਉਨ੍ਹਾਂ ਪੁਰਾਤਨ ਸਮਿਆਂ ਦੀ ਪ੍ਰਸਿੱਧ ਤੇ ਨਾਮਵਰ ਗਾਇਕਾ ਹੈ ਜਦੋਂ ਸੰਗੀਤ ਦੀਆਂ ਮਿੱਠੀਆਂ-ਮਿੱਠੀਆਂ ਧੁਨਾਂ ਕੰਨਾਂ ਵਿੱਚ ਆਨੰਦਮਈ ਰਸ ਘੋਲਦੀਆਂ ਸਨ। ਗੁਰਮੀਤ ਬਾਵਾ ਆਪਣੇ ਸੁਰੀਲੇ ਗੌਣ ਨਾਲ ਸਿਰਫ ਮਨੁੱਖੀ ਹਿਰਦੇ ਹੀ ਨਹੀਂ ਬਲਕਿ ਅੰਬਰੀਂ ਉੱਡਦੇ ਪੰਛੀਆਂ ਨੂੰ ਵੀ ਮੁਧਰ ਮੁਕਤ ਕਰ ਛੱਡਦੀ ਤੇ ਵਗਦੀਆਂ ਹਵਾਵਾਂ ਦੇ ਰੁਖ਼ ਥੰਮਾਂ ਦਿੰਦੀ। ਅਲਗੋਜ਼ਿਆਂ ਅਤੇ ਚਿਮਟਿਆਂ ਦੀ ਤਾਲ ਤੇ ਜੁਗਨੀ ਗਾਉਣ ਵਾਲੀ ਗੁਰਮੀਤ ਬਾਵਾ ਦਾ ਸੰਗੀਤ ਵਿਚ ਕੋਈ ਵੀ ਸ਼ਾਨੀ ਨਹੀਂ। ਆਪਣੀ 45 ਸੈਕਿੰਡ ਦੀ ਲੰਮੀ ਹੇਕ ਦੀ ਵਿਲੱਖਣਤਾ ਹਾਸਿਲ ਕਰਨ ਵਾਲੀ ਆਵਾਜ਼-ਏ-ਮਾਲਕਾ ਗੁਰਮੀਤ ਬਾਵਾ ਦਾ ਜਨਮ ਪਿਤਾ ਸਰਦਾਰ ਉੱਤਮ ਸਿੰਘ ਤੇ ਮਾਤਾ ਰਾਮ ਕੌਰ ਦੇ ਘਰ 18 ਫ਼ਰਵਰੀ 1944 ਨੂੰ ਬ੍ਰਿਟਿਸ਼ ਪੰਜਾਬ ਦੇ ਪੱਕਾ ਪਿੰਡ ਕੋਠਾ ਪਿੰਡ (ਅਲੀਵਾਲ) ਹੁਣ ਗੁਰਦਾਸਪੁਰ ਜ਼ਿਲ੍ਹੇ ਵਿੱਚ ਹੋਇਆ ਸੀ। ਬਚਪਨ ਵਿਚ ਅਜੇ ਦੋ ਕੁ ਸਾਲਾਂ ਦੀ ਹੀ ਬਾਲੜੀ ਸੀ ਗੁਰਮੀਤ ਬਾਵਾ ਕਿ ਉਸਦੇ ਸਿਰੋਂ ਮਾਤਾ ਦਾ ਛਾਇਆ ਉੱਠ ਗਿਆ । ਦੂਜੇ ਪਰਿਵਾਰਿਕ ਮੈਂਬਰਾਂ ਦੇ ਮੋਹ ਪਿਆਰ ਚ ਪਲ ਕੇ ਜਵਾਨ ਹੋਈ ਗੁਰਮੀਤ ਬਾਵਾ ਨੇ ਆਪਣੇ ਬਜ਼ੁਰਗਾਂ ਦੀ ਬੰਦਿਸ਼ ਨੂੰ ਤੋੜਦਿਆਂ ਹੋਇਆ ਆਪਣੇ ਸੁਪਨਿਆਂ ਦੀ ਉਡਾਣ ਭਰਦਿਆਂ ਦਸਵੀਂ ਦੀ ਪੜ੍ਹਾਈ ਕਰਨ ਉਪਰੰਤ ਦੇ.ਬੀ.ਟੀ.ਦੀ ਪ੍ਰੀਖਿਆ ਪਾਸ ਕਰਕੇ ਆਪਣੇ ਨੇੜਲੇ ਪਿੰਡਾਂ ਵਿਚੋਂ ਪਹਿਲੀ ਔਰਤ ਵਜੋਂ ਅਧਿਆਪਕਾਂ ਦੀ ਪਦਵੀ ਤੇ ਨਿਯੁਕਤ ਹੋ ਕੇ ਆਪਣੇ ਇਲਾਕੇ ਦਾ ਮਾਣ ਵਧਾਇਆ। ਆਪਣੇ ਪਿਤਾ ਦੇ ਮਿਲੇ ਭਰਵੇਂ ਸਹਿਯੋਗ ਸਦਕੇ ਗੁਰਮੀਤ ਬਾਵਾ ਨੇ ਸਾਲ 1968 ਵਿਚ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਤੇ ਉਸਨੂੰ ਨਵੇਂ ਬਣੇ ਜਲੰਧਰ ਦੂਰਦਰਸ਼ਨ ਕੇਂਦਰ ਤੇ ਸਭ ਤੋਂ ਪਹਿਲਾਂ ਗਾਉਣ ਦਾ ਸੁਭਾਗ ਪ੍ਰਾਪਤ ਹੋਇਆ। ਸਭਿਆਚਾਰਕ ਲੋਕ ਰੰਗ ਪੇਸ਼ ਕਰਨ ਵਾਲੀ ਗੁਰਮੀਤ ਬਾਵਾ ਨੇ ਜੁਗਨੀ, ਸੁਹਾਗ, ਘੋੜੀਆਂ, ਸਿਠਣੀਆਂ ਅਤੇ ਲੋਕ ਗਥਾਵਾਂ ਆਦਿ ਨੂੰ ਅਲਗੋਜ਼ਾ, ਚਿਮਟਾ, ਢੋਲਕੀ ਅਤੇ ਤੁੰਬੀ ਸਮੇਤ ਕਈ ਪੰਜਾਬੀ ਲੋਕ ਸਾਜ਼ਾਂ ਨਾਲ ਬਾ-ਖੂਬ ਗਾਇਆ। ਆਪਣੇ ਸ਼ੁਰੂਆਤੀ ਦੇ ਦਿਨਾਂ ਵਿੱਚ ਪ੍ਰਦਰਸ਼ਨਾਂ ਵਿੱਚੋਂ ਇੱਕ ਵਿੱਚ ਪੰਜਾਬ ਐਸੋਸੀਏਸ਼ਨ ਵਲੋਂ ਮੁੰਬਈ ਵਿਖੇ ਕਰਵਾਏ ਗਏ ਇੱਕ ਸਮਾਗਮ ਦੌਰਾਨ ਉਸ ਨੇ ”ਮੈਂ ਜੱਟੀ ਪੰਜਾਬ ਦੀ,ਮੇਰੀਆਂ ਰੀਸਾਂ ਕੌਣ ਕਰੇ” ਵਰਗੇ ਗੀਤਾਂ ਰਾਹੀਂ ਦਰਸ਼ਕਾਂ ਨੂੰ ਇੰਨ੍ਹਾਂ ਪ੍ਰਭਾਵਿਤ ਕੀਤਾ ਕਿ ਉੱਥੇ ਮੌਜੂਦ ਬਾਲੀਵੁੱਡ ਦੀਆਂ ਮਹਾਨ ਹਸਤੀਆਂ ਰਾਜ ਕਪੂਰ, ਪ੍ਰੇਮ ਚੋਪੜਾ ਅਤੇ ਪ੍ਰਾਣ ਵਰਗੇ ਨਾਮਵਰ ਸਿਤਾਰਿਆਂ ਤੋਂ ਖੜ੍ਹੇ ਹੋ ਕੇ ਤਾੜੀਆਂ ਮਾਰਵਾਈਆ। 5 ਜੂਨ 1968 ਨੂੰ ਡੇਰਾ ਬਾਬਾ ਨਾਨਕ ਦੇ ਰਹਿਣ ਵਾਲੇ ਬੇਦੀ ਪਰਿਵਾਰ ਦੇ ਕਿਰਪਾਲ ਸਿੰਘ ਬੇਦੀ ਨਾਲ ਗੁਰਮੀਤ ਬਾਵਾ ਦਾ ਵਿਆਹ ਹੋਇਆ। ਕਿਰਪਾਲ ਬੇਦੀ ਐੱਮਏ ਬੀਐੱਡ ਅਧਿਆਪਕ ਸੀ ਤੇ ਗਾਇਕੀ ਉਸਦੀ ਵੀ ਰਗ-ਰਗ ਵਿਚ ਸੀ।ਇਕ ਵਾਰ ਵਿਆਹ ਪਿੱਛੋਂ ਜਦੋਂ ਕਿਰਪਾਲ ਬੇਦੀ ਅਤੇ ਗੁਰਮੀਤ ਬਾਵਾ ਆਪਣੇ ਪਿੰਡ ਮਿਲੀ ਆਏ ਤਾਂ ਕੋਲ ਬੈਠੇ ਬਾਵਾ ਦੇ ਪਿਤਾ ਨੇ ਕਿਰਪਾਲ ਬੇਦੀ ਨੂੰ ਕਿਹਾ ਕਿ ਬਾਵਾ ਗਾ ਕੇ ਸੁਣਾਓ ਬਸ ਉਸ ਦਿਨ ਤੋਂ ਕਿਰਪਾਲ ਬੇਦੀ ਨੇ ਆਪਣੇ ਨਾਂ ਨਾਲ ਬਾਵਾ ਲਗਾ ਲਿਆ। ਗੁਰਮੀਤ ਬਾਵਾ ਗਾਇਕੀ ਖੇਤਰ ਵਿਚ ਕਿਰਪਾਲ ਬਾਵਾ ਨੂੰ ਹੀ ਆਪਣਾ ਉਸਤਾਦ ਮੰਨਦੀ ਹੈ ।ਦੋਵੇਂ ਨੌਕਰੀ ਤਿਆਗ ਕੇ ਗਾਇਕੀ ਵੱਲ ਹੋ ਤੁਰੇ।ਇਨ੍ਹਾਂ ਨੇ ਡਿਊਟ ਗੀਤ ਵੀ ਗਾਏ ਪਰ ਪੰਜਾਬੀ ਸਭਿਆਚਾਰ ਦੀ ਰੱਜ ਕੇ ਸੇਵਾ ਕੀਤੀ।ਇਨ੍ਹਾਂ ਦੇ ਘਰ ਤਿੰਨ ਬੱਚਿਆਂ ਜਿਨ੍ਹਾਂ ਵਿੱਚ ਧੀ ਲਾਚੀ ਬਾਵਾ, ਗਲੋਰੀ ਬਾਵਾ ਅਤੇ ਸਿਮਰਤ ਬਾਵਾ ਨੇ ਜਨਮ ਲਿਆ। ਇਨ੍ਹਾਂ ਵਿੱਚੋਂ ਧੀ ਲਾਚੀ ਬਾਵਾ ਦਾ ਇੱਕ ਨਾਮੁਰਾਦ ਬਿਮਾਰੀ ਨਾਲ ਦੇਹਾਂਤ ਹੋ ਗਿਆ ਸੀ। ਜਿਸ ਦਾ ਦਰਦ ਉਹ ਹਮੇਸ਼ਾ ਆਪਣੇ ਦਿਲ ਵਿਚ ਸਮੋਈ ਬੈਠੀ ਰਹੀ। ਭਾਰਤ ਪਾਕਿਸਤਾਨ ਜੰਗ ਤੋਂ ਬਾਅਦ ਫ਼ੌਜ ਕੋਲ ਫ਼ੌਜੀਆਂ ਦੇ ਮਨੋਰੰਜਨ ਲਈ ਸਰਕਾਰ ਨੇ ਜਦੋਂ ਵੱਖ-ਵੱਖ ਕਲਾਕਾਰਾਂ ਦੀ ਚੋਣ ਕੀਤੀ ਤਾਂ ਇਨ੍ਹਾਂ ਵਿਚ ਗੁਰਮੀਤ ਬਾਵਾ ਦਾ ਨਾਂ ਪ੍ਰਮੁੱਖ ਸੀ। ਗੁਰਮੀਤ ਬਾਵਾ ਨੇ ਪੰਜ ਛੇ ਫਿਲਮਾਂ ਵਿਚ ਵੀ ਗੀਤ ਗਾਏ। ਜਿਨ੍ਹਾਂ ਵਿਚ ਸਰਪੰਚ ਬਲਵੀਰੋ ਭਾਬੀ ਤੇ ਜੱਟ ਯੋਧੇ ਵਰਗੀਆਂ ਫਿਲਮਾਂ ਦੇ ਨਾਂ ਸ਼ਾਮਲ ਹਨ। ਗੁਰਮੀਤ ਬਾਵਾ ਨੇ ਆਪਣੇ ਗਾਇਕੀ ਦੇ ਸਫ਼ਰ ਦੌਰਾਨ ਅਨੇਕਾਂ ਵਿਦੇਸ਼ਾਂ ਵਿੱਚ ਵੀ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਜਿਵੇਂ ਕਿ ਉਸ ਨੇ ਰਸ਼ੀਆ, ਜਾਪਾਨ, ਬੈਂਕਾਕ, ਬੋਸਰਾ, ਅਤੇ ਲੀਬੀਆ ਦੇ ਤ੍ਰਿਪੋਲੀ ਵਿੱਚ 25ਵੇਂ ਸ਼ਨ-ਏ-ਆਜ਼ਾਦੀ ਤਿਉਹਾਰ ਵਿੱਚ ਵੀ ਦੇਸ਼ ਦੀ ਪ੍ਰਤੀਨਿਧਤਾ ਕਰਦੇ ਹੋਇਆ ਪ੍ਰਦਰਸ਼ਨ ਕੀਤਾ। 45 ਸਕਿੰਟਾਂ ਦੀ ਲੰਬੀ ਹੇਕ ਦੀ ਮਲਿਕਾ ਦਾ ਖਿਤਾਬ ਹਾਸਿਲ ਕਰਨ ਵਾਲੀ ਗੁਰਮੀਤ ਬਾਵਾ ਨੇ ਆਪਣੀ ਸੱਭਿਅਚਾਰਕ ਸੇਵਾ ਦੇ ਸਦਕੇ 1991 ਵਿੱਚ ਪੰਜਾਬ ਸਰਕਾਰ ਦੁਆਰਾ ਰਾਜ ਪੁਰਸਕਾਰ,ਪੰਜਾਬ ਨਾਟਕ ਅਕਾਦਮੀ ਦੁਆਰਾ ਸੰਗੀਤ ਪੁਰਸਕਾਰ, 2002 ਵਿੱਚ ਮੱਧ ਪ੍ਰਦੇਸ਼ ਸਰਕਾਰ ਦੁਆਰਾ ਰਾਸ਼ਟਰੀ ਦੇਵੀ ਅਹਿਲਿਆ ਪੁਰਸਕਾਰ, 2008 ਪੰਜਾਬੀ ਭਾਸ਼ਾ ਵਿਭਾਗ ਦੁਆਰਾ ਸ਼੍ਰੋਮਣੀ ਗਾਇਕਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ, ਸੰਗੀਤ ਨਾਟਕ ਅਕਾਦਮੀ ਵਲੋਂ ਵੀ ਰਾਸ਼ਟਰਪਤੀ ਪੁਰਸਕਾਰ ਅਤੇ ਉਹ ਪੰਜਾਬ ਕਲਾ ਪ੍ਰੀਸ਼ਦ ਵੱਲੋਂ ‘ਪੰਜਾਬ ਗੌਰਵ’ ਪੁਰਸਕਾਰ ਵੀ ਪ੍ਰਾਪਤਕਰਤਾ ਸੀ। ਗੁਰਮੀਤ ਬਾਵਾ ਨੂੰ ਇਸ ਦੁਨੀਆਂ ਤੋਂ ਜਾਣ ਤੋਂ ਬਾਅਦ ਪਦਮ ਭੂਸ਼ਣ ਪੁਰਸਕਾਰ ਅਤੇ ਨਿਊਜ਼ੀਲੈਂਡ ਦੀ ਪਾਰਲੀਮੈਂਟ ’ਚ ਪੰਜਾਬੀ ਸਪੋਰਟਸ ਐਂਡ ਕਲਚਰ ਕਲੱਬ ਵਲੋਂ ਵੀ ਸਨਮਾਨ ਮਿਲਿਆ। ਪੰਜਾਬੀ ਗਾਇਕੀ ਰਾਹੀਂ ਸਭਿਆਚਾਰ ਦੀ ਸੇਵਾ ਕਰਨ ਵਾਲੀ ਗੁਰਮੀਤ ਬਾਵਾ 77 ਸਾਲ ਦੀ ਉਮਰ ਭੋਗ ਕੇ 21 ਨਵੰਬਰ 2021 ਨੂੰ ਆਪਣੇ ਅੰਗੀ-ਸਾਕੀ ,ਪਰਿਵਾਰ ਮੈਂਬਰਾਂ ਤੇ ਚਾਹੁਣ ਵਾਲੇ ਲੱਖਾਂ ਹੀ ਸਰੋਤਿਆਂ ਨੂੰ ਅਲਵਿਦਾ ਕਹਿ ਗਈ ਤੇ ਪਿੱਛੇ ਛੱਡ ਗਈ ਆਪਣੀ ਗਾਇਕੀ ਦਾ ਅਨਮੋਲ ਖ਼ਜ਼ਾਨਾ ਜਿਸਨੂੰ ਕਲਾ ਦੇ ਸੂਝਵਾਨ ਸਰੋਤੇ ਸਦੀਆਂ ਤੱਕ ਸੁਣਦੇ ਹੋਏ ਆਨੰਦ ਮਾਣਦੇ ਰਹਿਣਗੇ।===============
ਸਰੂਪ ਸਿੰਘ ਚੌਧਰੀ ਮਾਜਰਾ (ਨਾਭਾ)
99886-27880
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



