ਕਿਸੇ ਵੀ ਪਾਰਟੀ ਦਾ ਵਰਕਰ ਜਾਂ ਨੇਤਾ ਹੋਣਾ ਉਸ ਪਾਰਟੀ ਦੀ ਵਿਚਾਰਧਾਰਾ ‘ਤੇ ਪਹਿਰਾ ਦੇਣਾ ਹੁੰਦਾ ਹੈ
ਲੋੜ ਹੈ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਰਾਜਗੁਰੂ, ਸੁਖਦੇਵ ਦੀਆਂ ਕੁਰਬਾਨੀਆਂ ਨੂੰ ਯਾਦ ਕਰੀਏ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਪਿਛਲੇ 47 ਸਾਲ ਤੋਂ ਕਾਂਗਰਸ ਪਾਰਟੀ ਵਿੱਚ ਵੱਖ-ਵੱਖ ਅਹੁਦਿਆਂ ‘ਤੇ ਸੇਵਾ ਨਿਭਾ ਚੁੱਕੇ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਜੋ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ, ਤਿੰਨ ਵਾਰ ਸਟੇਟ ਚੇਅਰਮੈਨ ਅਤੇ ਅੱਜ ਓ.ਬੀ.ਸੀ ਵਿਭਾਗ ਕਾਂਗਰਸ ਦੇ ਏ.ਆਈ.ਸੀ.ਸੀ ਦੇ ਕੋਆਰਡੀਨੇਟਰ ਇੰਚਾਰਜ ਹਿਮਾਚਲ ਪ੍ਰਦੇਸ਼ ਹਨ, ਉਹਨਾਂ ਨੇ ਕਿਹਾ ਕਿ ਜਦੋਂ ਕਾਂਗਰਸ ਸ਼ਬਦ ਮੂੰਹ ਵਿੱਚੋਂ ਕੱਢਣਾ ਮੁਸ਼ਕਿਲ ਸੀ ਤਾਂ ਉਸ ਸਮੇਂ ਵੀ ਕਾਂਗਰਸ ਪਾਰਟੀ ਦਾ ਝੰਡਾ ਚੁੱਕ ਕੇ ਰੱਖਿਆ। ਅੱਤਵਾਦ ਸਮੇਂ ਸਰੀਰ ‘ਤੇ ਗੋਲੀਆਂ ਖਾਧੀਆਂ। ਉਹਨਾਂ ਕਿਹਾ ਕਿ ਲੋੜ ਹੈ ਕਾਂਗਰਸੀ ਬਣਨ ਤੋਂ ਪਹਿਲਾਂ ਮਹਾਤਮਾ ਗਾਂਧੀ, ਲਾਲਾ ਲਾਜਪਤ ਰਾਏ, ਲਾਲ ਬਹਾਦਰ ਸ਼ਾਸਤਰੀ, ਪੰਡਿਤ ਜਵਾਹਰ ਲਾਲ ਨਹਿਰੂ ਦਾ ਜੀਵਨ ਪੜ੍ਹੀਏ। ਉਹਨਾਂ ਕਿਹਾ ਕਿ ਸਿਆਸੀ ਨੇਤਾ ਦਾ ਜੀਵਨ ਸਮਾਜ ਲਈ ਮਿਸਾਲ ਹੋਣਾ ਚਾਹੀਦਾ ਹੈ। ਜਿਸ ਪਾਰਟੀ ਦਾ ਵਰਕਰ ਜਾਂ ਨੇਤਾ ਹੋਵੇ ਉਸਦੀ ਵਿਚਾਰਧਾਰਾ ‘ਤੇ ਪਹਿਰਾ ਦੇਵੇ। ਉਹਨਾਂ ਕਿਹਾ ਕਿ ਦੇਸ਼ ਦੀ ਸਿਆਸਤ ਵਿੱਚ ਆਇਆ ਨਿਘਾਰ ਸਭ ਹੱਦਾਂ ਬੰਨੇ ਟੱਪ ਗਿਆ ਹੈ। ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਜਿਸ ਨੂੰ ਇੱਕ ਵਾਰ ਟਿਕਟ ਮਿਲ ਜਾਏ ਉਹ ਆਪਣੀ ਜਗੀਰ ਸਮਝਦਾ ਹੈ। ਵਰਕਰਾਂ ਨੂੰ ਤਾਂ ਕਵਰਿੰਗ ਕੈਂਡੀਡੇਟ ਵੀ ਨਹੀਂ ਬਣਾਇਆ ਜਾਂਦਾ। ਉਹ ਵੀ ਪਤਨੀ ਜਾਂ ਪੁੱਤਰ ਬਣਦਾ ਹੈ ਕਿਉਂਕਿ ਜੇ ਟਿਕਟ ਕਿਸੇ ਤਰ੍ਹਾਂ ਵਰਕਰ ਨੂੰ ਚਲੀ ਗਈ ਤਾਂ ਬਹੁਤ ਵੱਡਾ ਅਨਰਥ ਹੋ ਜਾਵੇਗਾ। ਬਾਵਾ ਨੇ ਕਿਹਾ ਕਿ ਲੋੜ ਹੈ ਕਰਤਾਰ ਸਿੰਘ ਸਰਾਭਾ, ਭਗਤ ਸਿੰਘ, ਰਾਜਗੁਰੂ, ਸੁਖਦੇਵ ਦੀਆਂ ਸ਼ਹਾਦਤਾਂ ਨੂੰ ਯਾਦ ਕਰੀਏ। ਉਹਨਾਂ ਨੇ ਸ਼ਹਾਦਤ ਨਸ਼ੇ ਜਾਂ ਨੋਟਾਂ ਬਦਲੇ ਵੋਟਾਂ ਖਰੀਦਣ ਲਈ ਨਹੀਂ ਦਿੱਤੀ। ਉਹਨਾਂ ਨੇ ਭਾਰਤ ਦਾ ਸੁਨਹਿਰੀ ਭਵਿੱਖ ਬਣਾਉਣ ਲਈ ਫਾਂਸੀ ਦਾ ਰੱਸਾ ਚੁੰਮਿਆ। ਅਸੀਂ ਦਫਤਰ ‘ਚ ਫੋਟੋ ਲਗਾ ਲੈਂਦੇ ਹਾਂ ਪਰ ਉਹਨਾਂ ਦੀ ਸੋਚ, ਸਚਾਈ, ਸ਼ਹਾਦਤ ਸਾਡੀ ਸੋਚ ਵਿੱਚ ਨਹੀਂ। ਲੋੜ ਹੈ ਵੋਟਰ ਜਾਗਰੂਕ ਹੋਣ। ਉਹਨਾਂ ਕਿਹਾ ਕਿ ਡਾ: ਮਨਮੋਹਨ ਸਿੰਘ ਅਤੇ ਸੰਤ ਸਿੰਘ ਸੇਖੋਂ ਨੂੰ ਹਰਾਉਣ ਵਾਲੇ, ਫੂਲਨ ਦੇਵੀ ਡਾਕੂ ਨੂੰ ਜਿਤਾਉਣ ਵਾਲੇ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਚੋਣ ਕਮਿਸ਼ਨ ਕਿਸੇ ਨੂੰ ਵੀ ਤਿੰਨ ਵਾਰ ਤੋਂ ਵੱਧ ਚੋਣ ਲੜਨ ਦੀ ਇਜਾਜ਼ਤ ਨਾ ਦੇਵੇ।



