(ਸਮਾਜ ਵੀਕਲੀ)
ਬਹੁਤ ਔਖਾ ਹੁੰਦੈ ਬਿਨ ਹਾਸੇ ਹੱਸਣਾ
ਬਹੁਤ ਔਖਾ ਹੁੰਦੈ ਅੱਖਾਂ ’ਚ ਸਮੁੰਦਰ ਡੱਕਣਾ
ਰੂਹ ਦਾ ਦਰਦ ਜਦ ਅੱਖਾਂ ਵਿਚ ਉਤਰ ਆਉਂਦਾ ਏ
ਅਧੂਰੀਆਂ ਸੱਧਰਾਂ ਦੀ ਬਾਤ ਪਾਉਂਦਾ ਏ
ਨਾ ਪੂਰੇ ਹੋਏ ਅਹਿਸਾਸਾਂ ਨੂੰ ਛੁਪਾਉਂਦਾ ਏ
ਬਹੁਤ ਔਖਾ ਅਣਮਿਟੀਆਂ ਖਾਹਿਸ਼ਾਂ ਨੂੰ ਸਾਂਭ ਕੇ ਰੱਖਣਾ…
ਅੱਖਾਂ ਵਿਚ ਇਹ ਭਾਂਬੜ ਹਰ ਪਲ ਸੁਲਗ਼ਦਾ ਏ
ਘੜੀ ਘੜੀ ਛਿਣ ਛਿਣ ਕਦੇ ਵਿਗੜਦਾ ਏ ਕਦੇ ਉਲਝਦਾ ਏ
ਬੱਸ ਮਿਟਦਾ ਨਹੀਂ ਤੇ ਨਾ ਹੀ ਸੁਲਝਦਾ ਏ
ਬਹੁਤ ਔਖਾ ਇਹਦੀਆਂ ਲਪਟਾਂ ਦੀ ਲਿਸ਼ਕੋਰ ਨੂੰ ਲੁਕੋ ਕੇ ਰੱਖਣਾ…
ਅੱਖਾਂ ਜਿੱਥੇ ਕਾਇਨਾਤ ਨੂੰ ਮਾਣਦੀਆਂ ਨੇ
ਕੁਦਰਤ ਦੇ ਸੁਹੱਪਣ ਨਾਲ ਜ਼ਿੰਦਗੀ ਸ਼ਿੰਗਾਰਦੀਆਂ ਨੇ
ਮਹਿਬੂਬ ਨੂੰ ਦਿਲ ਦੇ ਵਿਹੜੇ ਉਤਾਰਦੀਆਂ ਨੇ
ਬਹੁਤ ਔਖਾ ਅੱਖੀਆਂ ਲਈ ਖ਼ੁਸ਼ੀ ਤੇ ਗ਼ਮੀ ਦਾ ਫ਼ਾਸਲਾ ਰੱਖਣਾ…
ਬਹੁਤ ਔਖਾ ਹੁੰਦੈ ਅੱਖਾਂ ’ਚ ਸਮੁੰਦਰ ਡੱਕਣਾ
ਬਹੁਤ ਔਖਾ ਹੁੰਦੈ ਬਿਨ ਹਾਸੇ ਹੱਸਣਾ…
ਸੁਖਦੇਵ ਸਿੰਘ
ਸੰਪਰਕ – 0091-6283011456
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly