HOME ਮਰਹੂਮ ਮਾਨਯੋਗ ਰਾਮਪਾਲ ‘ਰਾਹੀ’ – ਜੀਵਨ ਅਤੇ ਸੰਦੇਸ਼

ਮਰਹੂਮ ਮਾਨਯੋਗ ਰਾਮਪਾਲ ‘ਰਾਹੀ’ – ਜੀਵਨ ਅਤੇ ਸੰਦੇਸ਼

ਸਮਾਜ ਵੀਕਲੀ ਯੂ ਕੇ

              ਹਰਮੇਸ਼ ਜਸਲ

ਹਰਮੇਸ਼ ਜਸਲ

ਪ੍ਰਸਿੱਧ ਲੇਖਕ ‘ਸੁਰਜੀਤ ਪਾਤਰ’ ਜੀ ਨੇ ਕਿੰਨਾ ਸੱਚ ਕਿਹਾ
ਜਦੋਂ ਮਿਲਿਆ ਸੀ ਹਾਣ ਦਾ ਸੀ ਸਾਂਵਰਾ ਜਿਹਾ,
ਜਦੋਂ ਜੁਦਾ ਹੋਇਆ ਤੁਰ ਗਿਆ ਖ਼ੁਦਾ ਬਣ ਕੇ|

ਮਾ. ਰਾਮਪਾਲ ‘ਰਾਹੀ’ ਜੀ ਦੇ ਅਚਾਨਕ ਸਦੀਵੀ ਵਿਛੋੜੇ ਨਾਲ ਜਿੱਥੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ, ਉੱਥੇ ਅੰਬੇਡਕਰੀ ਅਤੇ ਬੋਧੀ ਸਮਾਜ ਦਾ ਇਕ ਹੀਰਾ ਸਾਡੇ ਖਜ਼ਾਨੇ ’ਚੋਂ ਘੱਟ ਗਿਆ| ਰਾਹੀ ਜੀ ਨੇ ਮਾ. ਚਾਨਣ ਚਾਹਲ ਦੇ ਪਦ-ਚਿਨ੍ਹਾਂ ਉੱਤੇ ਚੱਲਦੇ ਹੋਏ, ਡਾ. ਅੰਬੇਡਕਰ ਅਤੇ ਤਥਾਗਤ ਬੁੱਧ ਦੀ ਵਿਚਾਰਧਾਰਾ ਦੇ ਪ੍ਰਚਾਰ-ਪ੍ਰਸਾਰ ’ਚ ਵੱਡਮੁੱਲਾ ਯੋਗਦਾਨ ਪਾ ਕੇ, ਇਕ ਅਜਿਹਾ ਰੁਤਬਾ ਹਾਸਿਲ ਕਰ ਲਿਆ ਸੀ, ਜਿੱਥੇ ਲਗਨ, ਦਾਨ, ਤਿਆਗ ਅਤੇ ਸਮਰਪਣ ਦੀ ਭਾਵਨਾ ਤੋਂ ਬਿਨਾਂ ਪਹੁੰਚਣਾ ਔਖਾ| ਤਥਾਗਤ ਬੁੱਧ ਦੇ ਕਥਨ ਅਨੁਸਾਰ ਉਹ ਮਨੁੱਖ ਦੀ ਚੌਥੀ ਸ਼੍ਰੇਣੀ ਦਾ ਰੁਤਬਾ ਹਾਸਲ ਕਰ ਚੁੱਕੇ ਸਨ| ਬੁੱਧ ਕਹਿੰਦੇ ਹਨ ਕਿ ਦੁਨੀਆਂ ’ਚ 4 ਕਿਸਮ ਦੇ ਲੋਕ ਹਨ, ਜੋ ਆਪਣੇ ਕਰਮਾਂ ਕਰਕੇ ਰੁਤਬੇ ਦੇ ਅਧਿਕਾਰੀ ਬਣਦੇ ਹਨ| ਉਹ ਕਹਿੰਦੇ ਹਨ ਕਿ ‘‘ਪਹਿਲੀ ਸ਼੍ਰੇਣੀ ਦੇ ਉਹ ਲੋਕ ਹਨ ਜੋ ਆਪਣੀ ਭਲਾਈ ਤਾਂ ਕਰਦੇ ਹਨ ਪਰ ਦੂਜਿਆਂ ਦੀ ਨਹੀਂ| ਦੂਜੀ ਸ਼੍ਰੇਣੀ ਦੇ ਉਹ ਲੋਕ ਹਨ ਜੋ ਦੂਜਿਆਂ ਦੀ ਭਲਾਈ ਕਰਦੇ ਹਨ ਪਰ ਆਪਣੀ ਨਹੀਂ| ਤੀਜੀ ਸ਼੍ਰੇਣੀ ਦੇ ਉਹ ਲੋਕ ਹਨ ਜੋ ਨਾ ਤਾਂ ਆਪਣੀ ਭਲਾਈ ਕਰਦੇ ਹਨ ਨਾ ਹੀ ਦੂਜਿਆਂ ਦੀ ਭਲਾਈ ਕਰਦੇ ਹਨ| ਚੌਥੀ ਸ਼੍ਰੇਣੀ ਦੇ ਉਹ ਲੋਕ ਹਨ ਜੋ ਆਪਣੀ ਭਲਾਈ ਵੀ ਕਰਦੇ ਹਨ ਅਤੇ ਦੂਜਿਆਂ ਦੀ ਭਲਾਈ ਵੀ ਕਰਦੇ ਹਨ| ਚੌਥੀ ਸ਼੍ਰੇਣੀ ਦੇ ਵਿਅਕਤੀਆਂ ਨੂੰ ਨਿਆਂਕਾਰੀ ਅਤੇ ਉੱਤਮ ਮੰਨਿਆ ਜਾਂਦਾ|’’ ਰਾਹੀ ਜੀ ਨੇ ਆਪਣੇ ਪਰਿਵਾਰ ਦੀ ਭਲਾਈ ਕੀਤੀ ਅਤੇ ਸਮਾਜ ਦੀ ਭਲਾਈ ਕਰਕੇ ‘ਉੱਤਮ-ਸ਼੍ਰੇਣੀ’ ਦੇ ਵਿਅਕਤੀ ਦਾ ਦਰਜਾ ਪ੍ਰਾਪਤ ਕਰ ਲਿਆ ਸੀ| ਇਸ ਲਈ ਉਨ੍ਹਾਂ ਦੇ ਜੀਵਨ ਅਤੇ ਉਦੇਸ਼ ਨੂੰ ਜਾਨਣਾ, ਪ੍ਰੇਰਣਾ ਦਾਇਕ ਹੋਵੇਗਾ :

ਜਨਮ : ਰਾਮਪਾਲ ‘ਰਾਹੀ’ ਜੀ ਦਾ ਜਨਮ 25 ਜਨਵਰੀ, 1954 ਨੂੰ ਪਿਤਾ ਸੂਬੇਦਾਰ ਚਰਨਦਾਸ ਅਤੇ ਮਾਤਾ ਕ੍ਰਿਸ਼ਨਾ ਦੇਵੀ ਦੇ ਘਰ ਪਿੰਡ ਚੱਕ ਬਿਲਗਾ ਵਿਖੇ ਹੋਇਆ| ਉਨ੍ਹਾਂ ਦੇ ਆਪਣੇ ਪਰਿਵਾਰ ’ਚ ਪਤਨੀ ਰਮਲਾ ਰਾਹੀ, ਬੇਟੀ ਰੇਨੂ, ਪੁੱਤਰ—ਸੰਦੀਪ ਸੁੰਡਾ ਤੇ ਰਾਹੁਲ ਸੁੰਡਾ ਸ਼ਾਮਲ ਹਨ| ਮੇਰੀ ਪਹਿਲੀ ਮੁਲਾਕਾਤ ਉਨ੍ਹਾਂ ਦੇ ਪਿੰਡ ਚੱਕ ਬਿਲਗਾ ਵਿਖੇ ਹੀ ਹੋਈ ਸੀ, ਜਦੋਂ ਉਨ੍ਹਾਂ ਨੇ ਇੰਗਲੈਂਡ ਤੋਂ ਆ ਕੇ ਘਰ ’ਚ ਇਕ ਸਮਾਗਮ ਰੱਖਿਆ ਸੀ|

ਸਿੱਖਿਆ : ਪਰਿਵਾਰ ਫੌਜੀ ਪਿਛੋਕੜ ਦਾ ਹੋਣ ਕਾਰਨ ਬਦਲੀਆਂ ਹੋਣ ਕਰਕੇ ਰਾਮਪਾਲ ‘ਰਾਹੀ’ ਨੇ ਪੂਨੇ (ਮਹਾਂਰਾਸ਼ਟਰ) ’ਚ ਸਿੱਖਿਆ ਪ੍ਰਾਪਤ ਕੀਤੀ| ਇਸ ਲਈ ਉਨ੍ਹਾਂ ਨੂੰ ਮਰਾਠੀ ਅਤੇ ਗੁਜਰਾਤੀ ਦਾ ਗਿਆਨ ਸੀ| ਗੁਰੂ ਨਾਨਕ ਦੇਵ ਯੂਨੀ-ਵਰਸਿਟੀ ਤੋਂ ਉਨ੍ਹਾਂ ਨੇ ਅੰਗ੍ਰੇਜ਼ੀ, ਇਤਿਹਾਸ, ਰਾਜਨੀਤੀ ਸ਼ਾਸਤਰ ’ਚ ਡਿਗਰੀ ਪ੍ਰਾਪਤ ਕੀਤੀ ਅਤੇ ਐੱਨ. ਸੀ.ਸੀ. ਕੇਡਰ ਦੀ ਸਿਖਲਾਈ ਵੀ ਲਈ|

ਇੰਗਲੈਂਡ ਪ੍ਰਵਾਸ : ਰਾਮਪਾਲ ‘ਰਾਹੀ’ ਜਿਵੇਂ ਹੀ ਇੰਗਲੈਂਡ ਪਹੁੰਚੇ, ਪਰ ਉਨ੍ਹਾਂ ਦੀ ਕਹਾਣੀ ਦਰਦਨਾਕ ਹੈ| ਇਕ ਸਮਾਂ ਸੀ ਜਦੋਂ ਪੰਜਾਬ ਦੀ ਜਵਾਨੀ ਦਾ ਝੁਕਾਅ ‘ਖੱਬੇ ਪੱਖੀ ਵਿਚਾਰਧਾਰਾ’ ਵੱਲ ਵੱਧਦਾ ਜਾ ਰਿਹਾ ਸੀ ਅਤੇ ਉਹ ਡਾਇਰੈਕਟ ਐਕਸ਼ਨ ’ਚ ਵਿਸ਼ਵਾਸ ਰੱਖਦੇ ਸਨ| ਦੂਜੇ ਪਾਸੇ ਸਰਕਾਰ ਵੀ ਇਸ ਭਰਵੇ ਹੁੰਗਾਰੇ ਪ੍ਰਤੀ ਸੁਚੇਤ ਸੀ| ਰਾਹੀ ਅਤੇ ਉਸਦਾ ਇਲਾਕਾ ਵੀ ਇਸ ਜੱਦ ’ਚ ਆ ਚੁੱਕਾ ਸੀ| ਹਰ ਮਾਂ-ਬਾਪ ਦਾ ਫ਼ਰਜ ਹੈ ਕਿ ਉਹ ਆਪਣੀ ਸੰਤਾਨ ਦੀ ਬੇਹਤਰੀ ਲਈ ਉਪਰਾਲੇ ਕਰੇ| ਇਕ ਵਾਰ ‘ਰਾਹੀ’ ਨੇ ਇੰਗਲੈਂਡ ਪਹੁੰਚਣ ਦੀ ਕਹਾਣੀ ਦੱਸੀ ਸੀ ਕਿ ‘‘ਕਿਸ ਤਰ੍ਹਾਂ ਜਦੋਂ ਉਹ ਇੰਗਲੈਂਡ ’ਚ ਦਾਖ਼ਲ ਹੋਇਆ ਤਾਂ ਉਸਨੂੰ ਸੰਭਾਲਣ ਵਾਲਾ ਕੋਈ ਨਹੀਂ ਸੀ| ਸਰਦੀ ਦਾ ਮੌਸਮ ਸੀ, ਲਗਾਤਾਰ ਬਰਫ਼ ਪੈ ਰਹੀ ਸੀ, ਸਿਰ ਛਪਾਉਣ ਲਈ ਕਿਧਰੇ ਜਗ੍ਹਾ ਨਹੀਂ ਸੀ| ਭੁੱਖੇ-ਭਾਣੇ ਇੰਗਲੈਂਡ ਦੀ ਪਹਿਲੀ ਰਾਤ, ਉਸਨੇ ਟੈਲੀਫੂਨ ਬੂਥ ’ਚ ਲੁਕ ਕੇ ਗੁਜ਼ਾਰੀ| ਕਿੰਨੀ ਭਿਆਨਕ ਸੀ ਉਹ ਰਾਤ, ਉਸਦਾ ਅੰਦਾਜ਼ਾ, ਮੈਥੋਂ ਸਿਵਾ ਕੋਈ ਨਹੀਂ ਲਗਾ ਸਕਦਾ|’’ ਬਾਅਦ ’ਚ ਸਥਿਰ ਹੋ ਕੇ ਜੀਵਨ ’ਚ ਅੱਗੇ ਵੱਧਣਾ ਸ਼ੁਰੂ ਕੀਤਾ|

ਕਿੱਤਾ : ਉਨ੍ਹਾਂ ਨੇ ਨਿੱਜੀ ਜ਼ਿੰਦਗੀ ’ਚ ਸੰਘਰਸ਼ ਕਰਦੇ ਹੋਏ, ਹਰ ਮੌਕੇ ਨੂੰ ਅਵਸਰ ’ਚ ਬਦਲਿਆ| ਉਨ੍ਹਾਂ ਨੇ 1976 ਤੋਂ 1989 ਤੱਕ ਲੂਟਨ ’ਚ ਵੌਕਸਹਾਲ ਮੋਟਰਜ਼ ’ਚ ਇਕ ਪ੍ਰੋਡਕਸ਼ਨ ਅਪਰੇਟਰ ਵਜੋਂ ਕੰਮ ਕੀਤਾ ਅਤੇ ਨਾਲ ਹੀ ਨਾਲ ਉਨ੍ਹਾਂ ਨੇ ਡਰਾਇਵਿੰਗ ਇੰਸਟ੍ਰਕਟਰ ਵਜੋਂ ਸਿਖਲਾਈ ਲਈ ਅਤੇ ‘ਪਾਲ ਸਕੂਲ ਆਫ਼ ਮੋਟਰਿੰਗ’ ਦੀ ਸਥਾਪਨਾ ਕਰਕੇ ਸਿਖਲਾਈ ਦੇਣੀ ਸ਼ੁਰੂ ਕੀਤੀ| 1985 ਤੋਂ ਉਨ੍ਹਾਂ ਦੇ ਪਰਿਵਾਰ ਨੇ ਕੈਂਪਸਟਨ ’ਚ ‘ਪਾਲਜ਼ ਸੁਪਰ ਸਟੋਰ’ ਖੋਲ੍ਹਿਆ, ਜਿੱਥੇ 2009 ’ਚ ਮੈਂ ਵੀ ਜਾ ਚੁੱਕਾ ਹਾਂ| ਜਦੋਂ ਉਨ੍ਹਾਂ ਨੇ ਮੈਨੂੰ ਯਾਦਗਾਰੀ ਤੋਹਫ਼ਾ ਲੈਣ ਲਈ ਕਿਹਾ ਤਾਂ ਮੈਂ ਇਕ ਕਿਤਾਬ ਅਤੇ ਯੂ.ਕੇ. ਦਾ ਨਕਸ਼ਾ ਲਿਆ, ਜਿਸ ’ਚ ਯੂ.ਕੇ. ਦੀ ਪੂਰੀ ਜਾਣਕਾਰੀ ਸੀ, ਜੋ ਅੱਜ ਵੀ ਮੇਰੀ ਲਾਇਬ੍ਰੇਰੀ ’ਚ ਮੌਜੂਦ ਹੈ| ਜਦੋਂ ਉਨ੍ਹਾਂ ਨੇ ਪ੍ਰੋਪਰਟੀ ਬਿਜਨਿਸ ’ਚ ਪੈਰ ਰੱਖਿਆ ਤਾਂ ਫੇਰ ਉਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ| ਉਹ ਯੂ.ਕੇ. ਅਤੇ ਭਾਰਤ ’ਚ ਪ੍ਰੋਪਰਟੀ ਦਾ ਬਿਜਨਿਸ ਕਰਦੇ ਸਨ| ਉਨ੍ਹਾਂ ਨੇ ਕਈ ਫ਼ਰਮਾਂ ਬਣਾਈਆਂ ਜਿਵੇਂ 4 ਆਰ. ਪ੍ਰੋਪਰਟੀਜ਼ ਲਿਮਟਿਡ, ਪੌਲ ਐਂਡ ਸਨਜ਼ ਦੇ ਨਾਂ ਹੇਠ ਕਾਫ਼ੀ ਨਾਮ ਅਤੇ ਦਾਮ ਖੱਟਿਆ| ਦੱਸਿਆ ਜਾਂਦਾ ਹੈ ਕਿ ਉਨ੍ਹਾਂ ਦਾ ਇਕ ਹੋਟਲ ਵੀ ਹੈ | ਪੰਜਾਬ ਦੇ ਸ਼ਹਿਰ ਫਗਵਾੜਾ ਵਿਖੇ ਵੀ ਉਨ੍ਹਾਂ ਦੀ ਆਲੀਸ਼ਾਨ ਕੋਠੀ ਹੈ |

ਮਿਸ਼ਨਰੀ ਯੋਗਦਾਨ : ਅੰਬੇਡਕਰ ਮਿਸ਼ਨ ’ਚ ਉਨ੍ਹਾਂ ਨੂੰ ਤੋਰਨ ਵਾਲੇ ਚਾਨਣ ਚਾਹਲ ਜੀ ਸਨ, ਉਨ੍ਹਾਂ ਦੀ ਅਗਵਾਈ ਹੇਠ ਅੰਬੇਡਕਰ ਅਤੇ ਬੁੱਧ ਦੀ ਵਿਚਾਰਧਾਰਾ ਦਾ ਡੂੰਘਾ ਅਧਿਐਨ ਕੀਤਾ, ਬੋਲਣਾ ਅਤੇ ਲਿਖਣਾ ਸਿੱਖਿਆ| ਉਨ੍ਹਾਂ ਨੇ ਬਹੁਤ ਸਾਰੀਆਂ ਕਿਤਾਬਾਂ ਦੇ ਅਨੁਵਾਦ ਕੀਤੇ ਜਿਵੇਂ ‘ਕੀ ਮਹਾਂਕਵੀ ਬਾਲਮੀਕ ਅਛੂਤ ਸਨ?’ ਕਿਰਤੀ ਪਬਲੀਕੇਸ਼ਨ ਟਰੱਸਟ ਦੀ ਸਥਾਪਨਾ ’ਚ ਯੋਗਦਾਨ ਪਾਇਆ| ਮੇਰੀ ਸੰਪਾਦਨ ਹੇਠ ਜਦੋਂ ਪੰਜਾਬੀ ਸਪਤਾਹਿਕ ‘ਕਿਰਤੀ’ (1984-1988) ਚਾਲੂ ਕੀਤਾ ਅਤੇ ਉਸਨੂੰ ਜਾਰੀ ਰੱਖਣ ਲਈ ਮਾਲੀ-ਯੋਗਦਾਨ ਦਿੰਦੇ ਰਹੇ| ਮਲਿਂਦ ਪ੍ਰਕਾਸ਼ਨ ਦੀ ਪੁਸਤਕ ‘ਪ੍ਰੀਤਮ ਕਾਵਿ’ (2010) ’ਚ ਛਪਵਾਈ ਅਤੇ ‘ਪੰਜਾਬ ਦਾ ਬੋਧੀ ਇਤਿਹਾਸ’ (2026) ਛੱਪਣ ਵੇਲੇ ਵੀ ਆਪਣਾ ਯੋਗਦਾਨ ਪਾਇਆ|

ਜਦੋਂ ਤਕਸ਼ਿਲਾ ਮਹਾਂਬੁੱਧ ਵਿਹਾਰ ਬਣ ਰਿਹਾ ਸੀ ਤਾਂ ਜਿੱਥੇ ਬਾਕੀ ਦਾਨੀਆਂ ਨੇ ਆਪੋ-ਆਪਣੇ ਪਿਆਰਿਆਂ ਦੇ ਨਾਂ ਉੱਤੇ ਕਮਰੇ ਬਣਵਾਏ ਸਨ ਤਾਂ ਚਾਨਣ ਚਾਹਲ ਨੇ, ਉਨ੍ਹਾਂ ਨੂੰ ਖ਼ਾਸ ਤੌਰ ਉੱਤੇ ‘ਸਾਂਚੀ ਸਤੂਪ ਗੇਟ’ ਬਣਵਾਉਣ ਦੀ ਜ਼ਿੰਮੇਵਾਰੀ ਦਿੱਤੀ| ਸਾਂਚੀ ਸਤੂਪ ਗੇਟ ਬਣਾਉਣ ਸਬੰਧੀ ਹੋਈ ਮੀਟਿੰਗ ’ਚ ਜਦੋਂ ਭਾਰੀ ਖ਼ਰਚਾ ਹੋਣ ਦਾ ਮੁੱਦਾ ਉੱਠਿਆ ਤਾਂ ਰਾਹੀ ਜੀ ਨੇ ਕਿਹਾ ਕਿ ਖ਼ਰਚੇ ਦਾ ਫ਼ਿਕਰ ਨਾ ਕਰੋ, ਪਰ ਗੇਟ ਬਿਲਕੁਲ ਹੂ-ਬ-ਹੂ, ਉਹੋ ਜਿਹਾ ਹੀ (Replica) ਬਨਣਾ ਚਾਹੀਦਾ ਹੈ| ਲਾਲ ਪੱਥਰ ਦੇ ਬਣੇ ਨਕਾਸ਼ੀਦਾਰ ਗੇਟ ਉੱਪਰ ਉਸ ਸਮੇਂ 10 ਲੱਖ ਰੁਪਏ ਲੱਗੇ ਸਨ ਜੋ ਸੁੰਡਾ ਪਰਿਵਾਰ ਨੇ ਆਪਣੇ ਪਿਤਾ ਸੂਬੇਦਾਰ ਚਰਨ ਦਾਸ (28 ਮਈ, 1934—17 ਜੂਨ, 2005) ਦੀ ਯਾਦ ’ਚ ਬਣਵਾਇਆ ਸੀ| ਇਹ ਗੇਟ ਤਕਸ਼ਿਲਾ ਮਹਾਂਬੁੱਧ ਵਿਹਾਰ ਦੀ ਸ਼ਾਨ ਹੈ| ਇਸ ਗੇਟ ਦੇ ਨਾਲ ਹੀ ਸੂਬੇਦਾਰ ਜੀ ਦਾ ਬੁੱਤ ਵੀ ਲੱਗਾ ਹੋਇਆ ਹੈ|

ਜਦੋਂ ਤਕਸ਼ਿਲਾ ਮਹਾਂਬੁੱਧ ਵਿਹਾਰ ਵਿਖੇ ਬਾਬਾ ਸਾਹਿਬ ਦਾ ਬੁੱਤ ਲਾਉਣ ਦੀ ਗੱਲ ਚੱਲੀ ਤਾਂ ਵੀ ‘ਰਾਹੀ’ ਜੀ ਦਾ ਰੋਲ ਸਲਾਹੁਣਯੋਗ ਸੀ| ਉਨ੍ਹਾਂ ਦੇ ਉੱਦਮ ਸਦਕਾ, ਅੰਬੇਡਕਰ ਮਿਸ਼ਨ ਸੁਸਾਇਟੀ ਦੇ ਮੈਂਬਰ ਮਾ. ਨਿਰਮਲਾ ਚਾਹਲ, ਮਰਹੂਮ ਹੁਕਮ ਚੰਦ ਮਹਿੰਮੀ ਦੇ ਸਹਿਯੋਗ ਨਾਲ ਅੰਬੇਡਕਰ ਦਾ ਬੁੱਤ ਪਾਗੋਡਾ ਨੁਮਾ ਛਤਰੀ ਹੇਠ ਸੁਸ਼ੋਭਿਤ ਹੈ, ਤਕਸ਼ਿਲਾ ਦੇ ਖ਼ਰਚੇ ਅਤੇ ਹੋਰ ਮਸਲਿਆਂ ਨੂੰ ਉਹ ਬਾਖ਼ੂਬੀ ਹੱਲ ਕਰ ਲੈਂਦੇ ਸਨ|

ਪਿਛਲੀ ਫੇਰੀ ਵੇਲੇ ਜਦੋਂ ਉਹ ਅੰਬੇਡਕਰ ਭਵਨ ਜਲੰਧਰ ਪਧਾਰੇ ਸਨ ਤਾਂ ਉਨ੍ਹਾਂ ਨੇ ਅੰਬੇਡਕਰ ਭਵਨ ਟਰੱਸਟ ਨੂੰ ਦੋ ਲੱਖ (1 ਲੱਖ ਆਪਣੇ ਵਲੋਂ, 1 ਲੱਖ ਨਿਰਮਲਾ ਚਾਹਲ ਵਲੋਂ) ਮਾਲੀ ਮਦਦ ਕੀਤੀ ਸੀ|

ਰਾਮਪਾਲ ਰਾਹੀ ਜੀ ਪਲਾਹੀ ਰੋਡ ਫਗਵਾੜਾ ਵਿਖੇ ਬਣੇ ਸ਼੍ਰੀ ਗੁਰੂ ਰਵਿਦਾਸ ਮਿਸ਼ਨ ਹਸਪਤਾਲ ਦੇ ਮੁੱਢਲੇ ਟਰੱਸਟੀ ਸਨ, ਉਨ੍ਹਾਂ ਨੇ ਉਸਦੀ ਉਸਾਰੀ ’ਚ ਵੱਡਮੁੱਲਾ ਯੋਗਦਾਨ ਪਾਇਆ| ਹਸਪਤਾਲ ’ਚ ਗ਼ਰੀਬ ਲੋਕਾਂ ਨੂੰ ਡਾਕਟਰੀ ਸਹੂਲਤਾਂ ਅਤੇ ਆਪ੍ਰੇਸ਼ਨ ਕਰਵਾਉਣ ਦੇ ਖ਼ਰਚੇ ਖ਼ੁਦ ਉਠਾਉਂਦੇ ਸਨ| ਡਾ. ਰਾਹੁਲ ਜੱਸੀ ਦੀ ਯੋਗ ਅਗਵਾਈ ’ਚ ਡੱਲੇਵਾਲ ਵਿਖੇ ‘ਪ੍ਰਬੁੱਧ ਭਾਰਤ ਫਾਊਂਡੇਸ਼ਨ’ ਦੇ ਅਧੀਨ ਚੱਲ ਰਹੀਆਂ ਯੋਜਨਾਵਾਂ ਨੂੰ ਅਮਲੀ ਰੂਪ ਦੇਣ ਲਈ ਦਿਲ ਖੋਲ੍ਹ ਕੇ ਮਦਦ ਕਰਦੇ ਰਹੇ ਸਨ| ਬੱਚਿਆਂ ਨੂੰ ਚੰਗੀਆਂ ਸਿੱਖਿਆ ਸਹੂਲਤਾਂ ਦੇ ਵੱਡੇ ਹਮਾਇਤੀ ਸਨ| ਉਨ੍ਹਾਂ ਨੇ ਲੋੜਵੰਦ ਵਿਦਿਆਰਥੀਆਂ ਨੂੰ ਵਿਦੇਸ਼ੀ-ਸਿੱਖਿਆਂ ਦੁਆਉਣ ’ਚ ਕਈਆਂ ਨੂੰ ਸਪਾਂਸਰ ਕੀਤਾ ਸੀ|

ਮੁੱਖ ਜ਼ਿੰਮੇਵਾਰੀਆਂ : ਚਾਨਣ ਚਾਹਲ ਦੇ ਦੇਹਾਂਤ ਤੋਂ ਬਾਅਦ, ਰਾਮਪਾਲ ‘ਰਾਹੀ’ ਜੀ ਨੇ ਅਗਵਾਈ ਕੀਤੀ| ਬਹੁਤ ਸਾਰੀਆਂ ਮੁੱਖ ਜ਼ਿੰਮੇਵਾਰੀਆਂ ਨੂੰ ਖਿੜੇ ਮੱਥੇ ਸਵੀਕਾਰ ਕੀਤਾ| ਅੱਜ-ਕੱਲ੍ਹ ਉਹ ਤਿੰਨ ਸੰਸਥਾਵਾਂ ਦੇ ਪ੍ਰਧਾਨ ਸਨ—ਫੈਡਰੇਸ਼ਨ ਆਫ਼ ਅੰਬੇਡਕ-ਰਾਈਟ ਐਂਡ ਬੁੱਧਿਸਟ ਆਰਗੇਨਾਈਜੇਸ਼ਨਜ਼ (FABO), ਪੰਜਾਬ ਬੁੱਧਿਸਟ ਸੁਸਾਇਟੀ (ਯੂ.ਕੇ.) ਅਤੇ ਅੰਬੇਡਕਰ ਮਿਸ਼ਨ ਸੁਸਾਇਟੀ ਬੈਡਫੋਰਡ| ਇਸਦਾ ਇਕ ਕਾਰਨ, ਮੈਂ ਇਹ ਵੀ ਸਮਝਦਾ ਹਾਂ ਕਿ ਉਹ ਬਹੁਤ ਵੱਡੇ ਦਾਨੀ ਸਨ| ਦਾਨ-ਪਾਰਪਿਤਾ ਦੇ ਪੱਕੇ ਸਨ| ਹਰ ਚੰਗੇ ਕੰਮ ਲਈ ਦਾਨ ਦੇਣਾ, ਉਹ ਆਪਣਾ ਫ਼ਰਜ਼ ਸਮਝਦੇ ਸਨ| ਇਕ ਦਿਆਲੂ ਪੁਰਸ਼ ਹੀ ਦਾਨ ਦੇ ਸਕਦਾ ਹੈ | ਇਨਸਾਨ ਤਾਂ ਕੀ ਜਾਨਵਰਾਂ ਅਤੇ ਪੰਛੀਆਂ ਪ੍ਰਤੀ ਵੀ ਉਹ ਸੁਚੇਤ ਰਹਿੰਦੇ ਹਨ| ਸੰਨ 2009 ’ਚ ਜਦੋਂ ਮੈਂ ਇੰਗਲੈਂਡ ਗਿਆ ਤਾਂ ਬੈਡਫੋਰਡ ਦੇ ਸਾਥੀਆਂ ਨੂੰ ਮਿਲਣ ਲਈ ਬੈਡਫ਼ੋਰਡ ਵੀ ਗਿਆ ਸੀ| ਵਾਪਸੀ ਵੇਲੇ ਉਹ ਮੈਨੂੰ ਬ੍ਰਮਿੰਘਮ ਛੱਡਣ ਆਏ ਸਨ| ਰਸਤੇ ’ਚ ਅਸੀਂ ਇਕ ਜੰਗਲ ਵਿਚੋਂ ਲੰਘ ਰਹੇ ਸਾਂ ਤਾਂ ਇਕ ਪੰਛੀ ਜੋ ਸੜਕ ਕਿਨਾਰੇ ਬੈਠਾ ਹੋਵੇਗਾ, ਕਾਰ ਨਜ਼ਦੀਕ ਆਉਣ ਵੇਲੇ ਉੱਡਣ ਲੱਗਾ ਤਾਂ ਸ਼ੀਸ਼ੇ ਨਾਲ ਟਕਰਾਅ ਗਿਆ, ਤਾਂ ਰਾਹੀ ਦੇ ਮੰ ਮੂੰਹੋਂ ਸੁਭਾਵਕ ਹੀ ਨਿਕਲ ਗਿਆ, ‘‘ਸੌਰੀ, ਮੈਂ ਦੇਖ ਨਹੀਂ ਸਕਿਆ|’’ ਪੰਛੀ ਭਾਵੇਂ ਉੱਡ ਗਿਆ, ਪਰ ਰਾਹੀ ਦੇ ਅੰਦਰ ਇਕ ਪਛਤਾਵਾ ਸੀ, ਇਕ ਦਰਦ ਸੀ|

ਅੰਬੇਡਕਰ ਮਿਸ਼ਨ ਸੁਸਾਇਟੀ ਬੈਡਫੋਰਡ : ਬੈਡਫ਼ੋਰਡ ’ਚ ਡਾ. ਅੰਬੇਡਕਰ ਦੇ ਪੈਰੋਕਾਰਾਂ ਦੀ ਵਿਚਾਰਧਾਰਕ ਪੱਖੋਂ ਬੜੀ ਮਜ਼ਬੂਤ ਟੀਮ ਸੀ, ਜਿਨ੍ਹਾਂ ’ਚ ਸਰਵ ਮਾ. ਚਾਨਣ ਚਾਹਲ, ਹੁਕਮਚੰਦ ਮਹਿੰਮੀ, ਧੰਨਪਤ ਰੱਤੂ, ਮੇਹਰ ਸਿੰਘ ਧਾਲੀਵਾਲ, ਅਰੁਣ ਕੁਮਾਰ, ਰਾਮਪਾਲ ‘ਰਾਹੀ’ ਆਦਿ ਗਿਣਤੀ ’ਚ ਭਾਵੇਂ ਥੋੜ੍ਹੇ ਸਨ, ਪਰ ਦ੍ਰਿੜ੍ਹਤਾ ਅਤੇ ਲਗਨ ਦੇ ਪੱਕੇ ਸਨ| ਇਨ੍ਹਾਂ ਨੇ ਬਹੁਤ ਵੱਡੇ-ਵੱਡੇ ਕੰਮ ਸ਼ੁਰੂ ਕੀਤੇ ਅਤੇ ਨੇਪੜੇ ਚਾੜੇ| ਅੰਬੇਡਕਰੀ ਸਾਹਿਤ ਪ੍ਰਕਾਸ਼ਿਤ ਕਰਵਾਉਣ ’ਚ ਅੰਬੇਡਕਰ ਮਿਸ਼ਨ ਸੁਸਾਇਟੀ ਦਾ ਵੱਡਮੁੱਲਾ ਯੋਗਦਾਨ ਹੈ| ਹੁਣ ਵੀ ਅੰਬੇਡਕਰ ਐਜੂ-ਕੇਸ਼ਨ ਸੈਂਟਰ ਸਥਾਪਤ ਕਰਨ ਲਈ ਉੱਦਮ ਕੀਤੇ ਜਾ ਰਹੇ ਹਨ| ਅੰਬੇਡਕਰ ਮਿਸ਼ਨ ਸੁਸਾਇਟੀ ਪਹਿਲਾਂ ‘ਭੀਮ ਐਸੋਸੀਏਸ਼ਨ’ ਦੇ ਨਾਮ ਨਾਲ ਪ੍ਰਸਿੱਧ ਸੀ|

ਦੇਸ਼ਾਂ-ਵਿਦੇਸ਼ਾਂ ਦੇ ਦੌਰੇ : ਉਨ੍ਹਾਂ ਨੇ ਡਾ. ਬਾਬਾ ਸਾਹਿਬ ਅੰਬੇਡਕਰ ਤੇ ਤਥਾਗਤ ਬੁੱਧ ਦੀ ਵਿਚਾਰਧਾਰਾ ਦੇ ਪ੍ਰਚਾਰ-ਪ੍ਰਸਾਰ ਲਈ ਦੇਸ਼ਾਂ-ਵਿਦੇਸ਼ਾਂ ਦੇ ਅਨੇਕ ਦੌਰੇ ਕੀਤੇ| ਉਹ ਪੁਰਤਗਾਲ, ਫਰਾਂਸ, ਬੈਲਜ਼ੀਅਮ, ਕਨੇਡਾ (ਸਾਈਮਨ ਫ਼ਰੇਜਰ ਯੂਨੀਵਰਸਿਟੀ) ਵੈਨਕੂਵਰ, ਸੰਯੁਕਤ ਰਾਜ ਅਮਰੀਕਾ (ਕੋਲੰਬੀਆ ਯੂਨੀਵਰਸਿਟੀ), ਜਾਪਾਨ (ਕੋਸ਼ਿਆਮਾ ਯੂਨੀਵਰਸਿਟੀ), ਪੈਰਿਸ ਅਤੇ ਕੁਆਲਲੰਪੁਰ ਆਦਿ|

ਆਖ਼ਰੀ ਦੌਰਾ : ਉਨ੍ਹਾਂ ਦਾ ਆਖ਼ਰੀ ਵਿਦੇਸ਼ੀ ਦੌਰਾ ਇੱਟਲੀ ਦਾ ਸੀ, ਜਿੱਥੇ ਉਨ੍ਹਾਂ ਨੇ ਆਪਣੇ ਦੋ ਮਿੰਟ ਦੇ ਸੰਖੇਪ ਭਾਸ਼ਣ ’ਚ ਕਿਹਾ ਸੀ ਕਿ ਮੈਂ 50 ਸਾਲ ਪਹਿਲਾਂ ਬੁੱਧ ਧਰਮ ਅਪਨਾਇਆ ਸੀ, ਤੁਹਾਨੂੰ ਬਹੁਤ-ਬਹੁਤ ਮੁਬਾਰਕ, ਤੁਸੀਂ ਘਰ ਵਾਪਸੀ ਕੀਤੀ ਹੈ| ਇਹ ਸਾਡੇ ਪੁਰਖਿਆਂ ਦਾ ਧਰਮ ਸੀ, ਜੋ ਸਾਥੋਂ ਖੋਹ ਲਿਆ ਸੀ| ਮੈਂ ਵੀ ਪ੍ਰੋਪਰਟੀ ਦਾ ਕੰਮ ਕਰਦਾ ਹਾਂ, ਮੈਨੂੰ ਪਤਾ ਹੈ ਕਿ ਆਪਣਾ ਘਰ ਆਪਣਾ ਹੀ ਹੁੰਦਾ ਹੈ| ਬੁੱਧ ਧਰਮ ਅਪਨਾ ਕੇ, ਤੁਸੀਂ ਵਿਸ਼ਵ ਬੋਧੀ ਭਾਈਚਾਰੇ ਨਾਲ ਜੁੜੇ ਹੋ| ਚਿੰਤਾ ਨਾ ਕਰੋ ਕਿ ਅਸੀਂ ਥੋੜ੍ਹੇ ਹਾਂ, ਹਮੇਸ਼ਾ ਚੰਗੇ ਬੰਦਿਆਂ ਦੀ ਗਿਣਤੀ ਥੋੜ੍ਹੀ ਹੀ ਹੁੰਦੀ ਹੈ, ਕਿਉਂਕਿ ਬੁੱਧ ਧਰਮ ਉੱਤੇ ਚੱਲਣਾ ਔਖਾ ਹੈ| ਉਨ੍ਹਾਂ ਨੇ ਬੁੱਧ ਦੇ ‘ਅੱਤ ਦੀਪੋ ਭਵ’ ਦਾ ਸੰਦੇਸ਼ ਦਿੰਦੇ ਹੋਏ ਕਿਹਾ ਕਿ ਬੁੱਧ ਨੇ ਸਾਨੂੰ ਖੋਜ-ਪੜਤਾਲ ਕਰਨ ਦੀ ਖੁੱਲ੍ਹ ਦਿੱਤੀ ਹੈ, ਜੋ ਹੋਰ ਕਿਸੇ ਨੇ ਨਹੀਂ ਦਿੱਤੀ| ਉਨ੍ਹਾਂ ਨੇ ਬੁੱਧਗਯਾ ਨੂੰ ਆਜ਼ਾਦ ਕਰਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਬੁੱਧਗਯਾ ਬੋਧੀਆਂ ਦਾ ਹੈ; ਜਿਵੇਂ ਬਾਕੀ ਧਰਮ ਅਸਥਾਨਾਂ ਦਾ ਪ੍ਰਬੰਧ, ਉਸੇ ਧਰਮ ਦੇ ਲੋਕ ਕਰਦੇ ਹਨ, ਇਸੇ ਤਰ੍ਹਾਂ ਬੁੱਧਗਯਾ ਪ੍ਰਬੰਧ ਵੀ ਬੋਧੀਆਂ ਦੇ ਕੋਲ ਹੋਣਾ ਚਾਹੀਦਾ ਹੈ|’’

ਰਾਮਪਾਲ ‘ਰਾਹੀ’ ਜੀ ਇਕ ਬਹੁਪੱਖੀ ਸ਼ਖ਼ਸ਼ੀਅਤ ਦੇ ਮਾਲਕ ਸਨ| ਜਿੱਥੇ ਉਨ੍ਹਾਂ ਨੇ ਡਾ. ਅੰਬੇਡਕਰ ਅਤੇ ਤਥਾਗਤ ਦੀ ਵਿਚਾਰਧਾਰਾ ਦਾ ਡੂੰਘਾਈ ਨਾਲ ਅਧਿਐਨ ਕੀਤਾ, ਉੱਥੇ ਉਨ੍ਹਾਂ ਨੇ ਇਨ੍ਹਾਂ ਮਹਾਂਪੁਰਸ਼ਾਂ ਦੀ ਵਿਚਾਰਧਾਰਾ ਨੂੰ ਆਪਣੇ ਜੀਵਨ ’ਚ ਅਮਲੀ ਰੂਪ ਵੀ ਦਿੱਤਾ| ਦਾਨ ਪਾਰਮਿਤਾ ’ਚ ਪੱਕੇ, ਦਿਆਲੂ ਤੇ ਨਰਮ ਸੁਭਾਅ, ਹੱਸਮੁੱਖ ਤੇ ਮਿਲਣਸਾਰ, ਹਮੇਸ਼ਾ ਉਸਾਰੂ ਅਤੇ ਵਿਗਿਆਨਕ ਸੋਚ ਦੇ ਧਾਰਨੀ, ਸਮਾਜਿਕ ਨਿਆਂ ਅਤੇ ਮਨੁੱਖੀ ਕਦਰਾਂ-ਕੀਮਤਾਂ ਦੇ ਹਾਮੀ ਸਨ| ਉਨ੍ਹਾਂ ’ਚ ਹਊਮੈਂ ਦਾ ਨਾਂ-ਨਿਸ਼ਾਨ ਨਹੀਂ ਸੀ|

ਬਾਬਾ ਸਾਹਿਬ ਡਾ. ਅੰਬੇਡਕਰ ਦੇ ਬੁੱਧਮਈ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਜੂਝਦੇ ਹੋਏ, 8 ਮਈ, 2026 ਨੂੰ ਧੰਨ, ਮਨ ਅਤੇ ਤਨ ਕੁਰਬਾਨ ਕਰਕੇ ਸਦਾ ਲਈ ਇਸ ਫ਼ਾਨੀ ਦੁਨੀਆਂ ਤੋਂ ਕੂਚ ਕਰ ਗਏ| ਇਹੋ ਜਿਹੇ ਵਿਲੱਖਣ ਲੋਕ ਕਦੀ-ਕਦੀ ਹੀ ਧਰਤੀ ਉੱਪਰ ਆਉਂਦੇ ਹਨ, ਇਹੋ ਜਿਹੇ ਲੋਕਾਂ ਲਈ ਹੀ ਡਾ. ਇਕਬਾਲ ਨੇ ਕਿਹਾ ਹੈ—
ਹਜ਼ਾਰੋਂ ਸਾਲ ਨਰਗਿਸ ਅਪਨੀ ਬੇਨੂਰੀ ਪੇ ਰੋਤੀ ਹੈ|
ਬੜੀ ਮੁਸ਼ਕਲ ਸੇ ਹੋਤਾ ਹੈ, ਚਮਨ ਮੇਂ ਦੀਦਾਵਰ ਪੈਦਾ|

ਇਹੋ ਜਿਹੀ ਪੱਦਵੀ ਉੱਤੇ ਪਹੁੰਚਣ ਲਈ, ਸ਼ੇਖ ਸਾਅਦੀ ਕਹਿੰਦੇ ਹਨ ਕਿ ‘‘ਪ੍ਰਧਾਨਗੀ ਦੇ ਸਥਾਨ ਉੱਤੇ ਬਣੇ ਰਹਿਣ ਲਈ ਹਰ ਕੋਈ ਯੋਗ ਨਹੀਂ ਹੁੰਦਾ| ਸਤਿਕਾਰ, ਪੱਦਵੀ ਦੇ ਅਨੁਕੂਲ ਹੀ ਹੁੰਦਾ ਹੈ ਅਤੇ ਪੱਦਵੀ, ਉਸਦੀ ਕਦਰ ਦੇ ਮੁਤਾ-ਬਿਕ ਹੁੰਦੀ ਹੈ|’’
ਉਨ੍ਹਾਂ ਦੇ ਕਰਮ ਹੀ ਉਪਦੇਸ਼ ਹਨ| ਉਨ੍ਹਾਂ ਦਾ ਮਿਸ਼ਨਰੀ ਯੋਗ-ਦਾਨ ਹੀ ਸੰਦੇਸ਼ ਹੈ!!

Previous articleਬੋਧਿਸਤਵ ਅੰਬੇਡਕਰ ਪਬਲਿਕ ਸੀਨੀਅਰ ਸੇਕੇਂਡਰੀ ਸਕੂਲ ਵਿੱਚ ਮਾਤਾ ਰਮਾਬਾਈ ਅੰਬੇਡਕਰ ਦੀ ਬਰਸੀ ਉੱਤੇ ਸ਼ਰੱਧਾਂਜਲਿ ਸਭਾ ਦਾ ਪ੍ਰਬੰਧ
Next articleSAMAJ WEEKLY = 28/05/2026