(ਸਮਾਜ ਵੀਕਲੀ)
ਇੱਕ ਤੋਰ ਇਹ ਵੀ (ਜੇਲ੍ਹ ਜੀਵਨ ‘ਚੋਂ)
ਕਾਂਡ – 22ਵਾਂ (ਭਾਗ-ਪਹਿਲਾ)
ਅੱਜ ਬਹੁਤਿਆਂ ਨੂੰ ਗੱਲਬਾਤ ਨਿੱਬੜ ਜਾਣ ਦੀ ਪੂਰੀ ਆਸ ਸੀ ਪਰ ਇੱਕ ਰੇੜਕਾ ਸੀ, ਜੇ ਵਿੱਤ-ਮੰਤਰੀ ਤੇ ਵਿੱਤ-ਸਕੱਤਰ ਮੀਟਿੰਗ ਵਿਚ ਬੈਠੇ ਤਾਂ ਉਹਨਾਂ ਖਜ਼ਾਨਾ ਖ਼ਾਲੀ ਹੈ ਦਾ ਰਿਕਾਰਡ ਵਜਾਈ ਜਾਣਾ ਸੀ। ਬਾਕੀ ਥਾਂ ਥਾਂ ਅਧਿਆਪਕਾਂ ਨੇ ਵਿੱਤ ਮੰਤਰੀ ਤੇ ਫ਼ੁੱਲ ਵੀ ਬਹੁਤ ਵਰਸਾਏ ਸਨ। ਯੂਨੀਅਨ ਨੇਤਾਵਾਂ ਦੀ ਸਰਕਾਰ ਨਾਲ ਇੱਕ ਸ਼ਰਤ ਸੀ ਕਿ ਜੇ ਇਹ ਦੋਵੇਂ ਸੱਜਣ ਗੱਲਬਾਤ ਵਿਚ ਬੈਠੇ, ਗੱਲਬਾਤ ਸਿਰੇ ਲੱਗਣ ਦਾ ਸੁਆਲ ਹੀ ਪੈਦਾ ਨਹੀਂ ਸੀ ਹੁੰਦਾ ਕਿਉਂਕਿ ਵਿੱਤ ਮੰਤਰੀ ਆਪਣੇ ਆਪ ਨੂੰ ਲੋਕ ਨੁਮਾਇੰਦਾ ਘੱਟ ਤੇ ਜਨਮ ਜਾਤ ਵਿੱਤ ਮੰਤਰੀ ਜ਼ਿਆਦਾ ਸਮਝਦਾ ਸੀ। ਯੂਨੀਅਨ ਦੀ ਸ਼ਰਤ ‘ਤੇ ਸਮਝੌਤੇ ਵੇਲੇ, ਸਰਕਾਰ ਵੱਲੋਂ ਮੁੱਖ ਮੰਤਰੀ, ਸਿੱਖਿਆ ਮੰਤਰੀ ਤੇ ਚੀਫ਼ ਸੈਕਟਰੀ ਪੰਜਾਬ ਸਨ ਤੇ ਯੂਨੀਅਨ ਵੱਲੋਂ ਸ੍ਰੀ ਮਨੋਹਰ ਲਾਲ ਚੋਪੜਾ ਸਕੱਤਰ ਯੂਨੀਅਨ, ਐਕਟਿੰਗ ਪ੍ਰਧਾਨ ਸਮਰਾ ਜੀ ਤੇ ਪ੍ਰੈੱਸ ਸਕੱਤਰ ਸੁਰਿੰਦਰ ਸ਼ਰਮਾ ਜੀ ਸਨ।
ਕਹਿੰਦੇ ਹਨ ਕੇ ਗੱਲਬਾਤ ਬੜੇ ਸੁਖਾਵੇਂ ਮਾਹੌਲ ਵਿਚ ਹੋਈ। ਇੱਕ ਦਿਨ ਪਹਿਲਾਂ ਵੀ ਜੋ ਮੀਟਿੰਗ ਹੋਈ ਸੀ ਉਸ ਵਿਚ ਸਾਰੀ ਗੱਲਬਾਤ ਤੈਅ ਹੋ ਗਈ ਸੀ, ਲਿਖਤੀ ਸਮਝੌਤੇ ਤੋਂ ਪਹਿਲਾਂ ਇੱਕ ਮੀਟਿੰਗ ਹੋਰ ਹੋਣੀ ਸੀ। ਸਾਰੇ ਏਡਿਡ ਸਕੂਲਾਂ ਦੇ ਅਧਿਆਪਕ ਪਰਿਵਾਰਾਂ ਵਿਚ ਇਹ ਖ਼ਬਰ ਪਹੁੰਚ ਗਈ ਇਹ ਸਮਝੌਤਾ ਹੋ ਗਿਆ। ਉਹ ਸਾਰੇ ਆਪਣੇ ਪਿਆਰੇ, ਸੱਜਣਾਂ, ਮਿੱਤਰਾਂ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਲੈਣ ਲਈ ਗੱਡੀਆਂ ਲੈ ਕੇ ਚੰਡੀਗੜ੍ਹ ਪਹੁੰਚ ਗਏ। ਜ਼ਿਲ੍ਹਾ ਅਤੇ ਤਹਿਸੀਲ ਹੈਡਕੁਆਟਰਾਂ ਉੱਤੇ ਅਧਿਆਪਕਾਂ ਦੇ ਸਨਮਾਨ ਲਈ ਹਾਰ ਵਗੈਰਾ ਲਿਆ ਕੇ ਰੱਖੇ ਤਾਂ ਜੋ ਪਹੁੰਚਣ ‘ਤੇ ਜੇਲ੍ਹੀ ਅਧਿਆਪਕਾਂ ਦਾ ਸਨਮਾਨ ਕੀਤਾ ਜਾ ਸਕੇ ਪਰ ਉਸ ਦਿਨ ਗੱਲਬਾਤ ਲਿਖਤੀ ਰੂਪ ਵਿਚ ਸਿਰੇ ਨਾ ਲੱਗ ਸਕੀ। ਸਭ ਸਾਥੀਆਂ ਨੂੰ ਨਿਰਾਸ਼ ਮੁੜਨਾ ਪਿਆ। ਸਾਰਿਆਂ ਦੇ ਹੌਂਸਲੇ ਇੱਕ ਵਾਰ ਫ਼ਿਰ ਪਸਤ ਹੋ ਗਏ।
ਜੇਲ੍ਹ ਅਧਿਆਪਕ ਵੀ ਜੋ ਤਿਆਰ ਹੋ ਕੇ ਬਿਸਤਰੇ ਬੰਨ੍ਹੀ ਬੈਠੇ ਸਨ, ਸ਼ਾਮ ਤੱਕ ਨਿਰਾਸ਼ ਰਹੇ’ ਤੇ ਰਾਤੀਂ ਕਈਆਂ ਨੂੰ ਦੁਬਾਰਾ ਬਿਸਤਰੇ
ਵਿਛਾਉਣੇ ਪਏ। ਔਖੀ ਸੌਖੀ ਰਾਤ ਕੱਢੀ ਸਵੇਰੇ ਫ਼ੇਰ ਨਹਾ ਧੋ ਕੇ ਤਿਆਰ ਹੋ ਗਏ ਕਿਉਂਕਿ ਸਰਕਾਰ ਨਾਲ ਅੱਜ ਸਵੇਰ ਦੀ ਮੀਟਿੰਗ ਦਾ ਵੀ ਸਭ ਨੂੰ ਪਤਾ ਸੀ। ਕੋਈ ਸਾਢੇ ਦਸ ਕੁ ਵਜੇ ਦਾ ਸਮਾਂ ਹੋਣੈਂ, ਕਿ ਜੇਲ੍ਹ ਵਿਚ ਇੱਕ ਦਮ ਗੇਟ ਵੱਲ ਭਗਦੜ ਜਿਹੀ ਮੱਚ ਗਈ ਕਿਉਂਕਿ ਗੇਟ ‘ਤੇ ਯੂਨੀਅਨ ਦੇ ਸਕੱਤਰ ਚੋਪੜਾ ਸਾਹਿਬ ਆਏ ਸਨ। ਸਾਰੇ ਅਧਿਆਪਕ ਆਪਣੇ ਕੰਮਕਾਰ ਤੇ ਤਾਸ਼ ਖੇਡਣਾ ਛੱਡ ਕੇ ਬੈਰਕਾਂ ਤੋਂ ਬਾਹਰ ਭੱਜੇ। ਮੈਂ ਤੇ ਪ੍ਰਧਾਨ ਸਰਦਾਰ ਤੇਜਾ ਸਿੰਘ ਜੀ ਜਦੋਂ ਗੇਟ ਵੱਲ ਗਏ ਤਾਂ ਸਾਹਮਣਿਓਂ ਚੋਪੜਾ ਸਾਹਿਬ ਤੇ ਦੂਜੇ ਨੇਤਾਵਾਂ ਨੇ ਪ੍ਰਧਾਨ ਜੀ ਨੂੰ ਆਪਣੇ ਹੱਥ ਖੜ੍ਹੇ ਕੀਤੇ ਤੇ ਆਪਣੀਆਂ ਦੋ ਉਂਗਲੀਆਂ ਦਾ ਵਿਕਟਰੀ ਦਾ ਨਿਸ਼ਾਨ ਬਣਾਇਆ। ਪ੍ਰਧਾਨ ਜੀ ਚੋਪੜਾ ਸਾਹਿਬ ਦਾ ਕੋਡ ਵਰਡ ਸਮਝ ਗਏ। ( ਵੀ ਫ਼ਾਰ ਵਿਕਟਰੀ) ਸਾਡੀ ਜਿੱਤ ਹੋ ਗਈ ਸੀ। ਪਰ ਮੈਂ ਆਪਣੇ ਮੂੰਹੋਂ ਕੋਈ ਨਾਹਰਾ ਨਾ ਲਗਾਇਆ। ਜਦੋਂ ਚੋਪੜਾ ਸਾਹਿਬ ਹੁਰਾਂ ਅਧਿਆਪਕਾਂ ‘ਚ ਘਿਰੇ ਹੀ ਪ੍ਰਧਾਨ ਜੀ ਕੋਲ ਆ ਕੇ ਨਾਅਰਾ ਗੂੰਜਾਇਆ।
ਪ੍ਰਧਾਨ- ਤੇਜਾ ਸਿੰਘ ਜ਼ਿੰਦਾਬਾਦ।
ਜ਼ਿੰਦਾਬਾਦ- ਜ਼ਿੰਦਾਬਾਦ।
ਸਾਰੀ ਜੇਲ੍ਹ ਸਰਦਾਰ ਤੇਜਾ ਸਿੰਘ ਤੇ ਯੂਨੀਅਨ ਦੇ ਜੈਕਾਰਿਆਂ ਨਾਲ ਗੂੰਜ ਉੱਠੀ। ਸਾਰੇ ਅਧਿਆਪਕ ਸਾਡੀ ਬੈਰਕ ਦੇ ਸਾਹਮਣੇ ਜਿੱਥੇ ਰੋਜ਼ਾਨਾ ਸਟੇਜ ਲੱਗਦੀ ਸੀ ਬੈਠਨੇ ਸ਼ੁਰੂ ਹੋ ਗਏ। ਚਾਰੇ ਪਾਸੇ ਯੂਨੀਅਨ ਦੀ ਜੈ-ਜੈ ਕਾਰ ਸੀ। ਸਭ ਨੂੰ ਬੈਠਣ ਦਾ ਇਸ਼ਾਰਾ ਕੀਤਾ ਗਿਆ ਪਰ ਸਭ ਦੇ ਸਿਰ ‘ਤੇ ਜਿੱਤ ਦਾ ਨਸ਼ਾ ਸਵਾਰ ਸੀ। 15 ਮਿੰਟ ਕਿਸੇ ਨੇ ਵੀ ਕਿਸੇ ਦੀ ਗੱਲ ਨਾ ਸੁਣੀ। ਨਾਹਰੇ ਤੇ ਨਾਹਰਾ ਵੱਜ ਰਿਹਾ ਸੀ। ਜਦੋਂ ਪ੍ਰਧਾਨ ਸਰਦਾਰ ਤੇਜਾ ਸਿੰਘ ਜੀ ਨੇ ਸਾਰਿਆਂ ਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਤਾਂ ਸਾਰੇ ਅਧਿਆਪਕ ਇੱਕ ਆਗਿਆਕਾਰ ਪੁੱਤਰ ਵਾਂਗ ਚੁੱਪ ਹੋ ਕੇ ਬੈਠ ਗਏ। ਮੈਂ ਅੱਜ ਅਖੀਰਲੇ ਦਿਨ ਤੱਕ ਵੀ ਇਹ ਸੋਚ ਰਿਹਾ ਸੀ ਕਿ ਇਹ ਕਿਹੋ ਜਿਹੀ ਸ਼ਖਸੀਅਤ ਹੈ ਜਿਸ ਦੇ ਇਸ਼ਾਰੇ ਨਾਲ ਹੀ ਤੂਫ਼ਾਨ ਖੜ੍ਹਾ ਹੋ ਜਾਂਦੈ ਤੇ ਇੱਕ ਇਸ਼ਾਰੇ ਨਾਲ ਹੀ ਸ਼ਾਂਤੀ ਦੀ ਲਹਿਰ ਦੌੜ ਜਾਂਦੀ ਹੈ।
ਇੱਕ ਗੱਲ ਸਾਫ਼ ਸੀ ਕਿ ਸਟੇਟ ਦੀ ਜਥੇਬੰਦੀ ਨੂੰ ਚਲਾਉਣ ਲਈ ਜਿਹੋ ਜਿਹੀ ਨਿਧੜਕ, ਸ਼ਾਂਤ ਤੇ ਪਹੁੰਚੀ ਹੋਈ ਸ਼ਖ਼ਸੀਅਤ ਦੀ ਲੋੜ ਹੁੰਦੀ ਹੈ ਉਹ ਇਸ ਇਨਸਾਨ ਵਿਚ ਕੁੱਟ-ਕੁੱਟ ਕੇ ਭਰੀ ਹੋਈ ਸੀ। ਐਵੇਂ ਤਾਂ ਸਰਕਾਰਾਂ ਵੀ ਕੁਝ ਨਹੀਂ ਦਿੰਦੀਆਂ। ਤਾਹੀਓ ਤਾਂ ਸਾਰੀ ਜਥੇਬੰਦੀ ਦੇ ਵਰਕਰ ਇੱਕ ਬੋਲ ‘ਤੇ ਚੰਡੀਗੜ੍ਹ ਧਾਵਾ ਬੋਲ ਦਿੰਦੇ ਸਨ। ਯੂਨੀਅਨ ਨੇਤਾਵਾਂ ਵਿਚ ਕਿੰਨੀ ਸਿਆਣਪ ਕਿ ਪ੍ਰਧਾਨ ਸਰਦਾਰ ਤੇਜਾ ਸਿੰਘ ਸਭ ਤੋਂ ਪਹਿਲਾਂ ਜੇਲ੍ਹ ਆਏ ਤਾਹੀਓਂ ਤਾਂ ਜੇਲ੍ਹ ਵਾਤਾਵਰਨ ਇੱਕ ਸੈਰ-ਗਾਹ ਵਰਗਾ ਰਿਹਾ।
ਪ੍ਰਧਾਨ ਜੀ ਨੇ ਸਭ ਨੂੰ ਸ਼ਾਂਤ ਕਰਕੇ ਬੋਲਣਾ ਸ਼ੁਰੂ ਕੀਤਾ।
ਜੁਝਾਰੂ ਸਾਥੀਓ !
“ਅੱਜ ਅਸੀਂ ਜਿੱਤ ਗਏ ਹਾਂ।”
ਪ੍ਰਧਾਨ ਜੀ ਦੇ ਕਹਿਣ ਦੀ ਦੇਰ ਸੀ ਨਾਹਰਾ ਫ਼ੇਰ ਗੂੰਜਿਆ,
ਪ੍ਰਧਾਨ ਤੇਜਾ ਸਿੰਘ- ਜ਼ਿੰਦਾਬਾਦ।
ਪ੍ਰਧਾਨ ਜੀ ਨੇ ਇਸ਼ਾਰਾ ਕਰ ਕੇ ਕਿਹਾ, ਪਹਿਲਾਂ ਤੁਸੀਂ ਹੋਈ ਗੱਲਬਾਤ ਬਾਰੇ ਸੁਣੋ, ਕਿਉਂਕਿ ਮੈਂ ਤਾਂ ਇੱਥੇ ਤੁਹਾਡੇ ਨਾਲ ਜੇਲ੍ਹ ਵਿਚ ਹਾਂ। ਮੈਨੂੰ ਵੀ ਤੁਹਾਡੇ ਜਿੰਨਾਂ ਹੀ ਪਤੈ। ਸਮਰਾ ਸਾਹਿਬ ਤੇ ਚੋਪੜਾ ਸਾਹਿਬ ਹੀ ਤੁਹਾਨੂੰ ਸਾਰੀ ਗੱਲਬਾਤ ਦੱਸ ਸਕਦੇ ਹਨ।
ਚੋਪੜਾ ਸਾਹਿਬ ਭਾਵੇਂ ਦਿਲ ਦੇ ਮਰੀਜ਼ ਹਨ। ਉਹਨਾਂ ਵਿਚ ਦਲੇਰੀ ਕੁੱਟ-ਕੁੱਟ ਕੇ ਭਰੀ ਹੋਈ ਹੈ। ਜੋ ਯੂਨੀਅਨ ਦੇ ਰਿਕਾਰਡ ਦੀ ਜਾਣਕਾਰੀ ਉਨ੍ਹਾਂ ਪਾਸ ਹੈ ਸ਼ਾਇਦ ਹੁਣ ਤੱਕ ਕਿਸੇ ਕੋਲ ਵੀ ਨਹੀਂ। ਇਸੇ ਕਰਕੇ ਪਿਛਲੇ 30 ਸਾਲਾਂ ਤੋਂ ਯੂਨੀਅਨ ਦੀ ਅਗਵਾਈ ਕਰ ਰਹੇ ਹਨ।
ਚੋਪੜਾ ਸਾਹਿਬ ਦਾ ਲੈਕਚਰ ਦੇਣ ਦਾ ਆਪਣਾ ਹੀ ਅੰਦਾਜ਼ ਹੈ।
” ਤੁਸੀਂ ਚੁੱਪ ਦਾ ਦਾਨ ਬਖਸ਼ੋ,
ਮੇਰੀ ਅਵਾਜ਼ ਸਾਰੇ ਸਾਥੀਆਂ ਤੱਕ ਪਹੁੰਚੇਗੀ।”
“ਦੋਸਤੋ! ਤੁਹਾਡੀ ਜਿੱਤ ਹੋਈ ਹੈ। ਮੈਂ ਪ੍ਰਧਾਨ ਜੀ ਤੇ ਤੁਹਾਡੀ ਤਾਕਤ ਸਦਕਾ ਆਪਣਾ ਸਿਰ ਉੱਚਾ ਕਰ ਕੇ ਆਇਆ ਹਾਂ। ਕੋਈ ਵੀ ਉਹ ਸਮਝੌਤਾ ਨਹੀਂ ਕੀਤਾ, ਜਿਸ ਨਾਲ ਯੂਨੀਅਨ ਦਾ ਸਿਰ ਝੁਕੇ।
ਅੱਜ ਤੁਹਾਡੇ ਏਕੇ ਦੇ ਸਾਹਮਣੇ ਸਰਕਾਰ ਸਾਡਾ ਸੌ ਕਰੋੜ ਰੁਪਇਆ ਦੇਣਾ ਮੰਨ ਗਈ ਹੈ। ਗਰੇਡ 1-1- 1996 ਤੋਂ ਲਾਗੂ ਹੋਣਗੇ। ਡਰਾਇੰਗ ਤੇ ਪੀ.ਟੀ.ਆਈ. ਅਧਿਆਪਕਾਂ ਦਾ ਪਿਛਲਾ ਬਕਾਇਆ ਜੋ 1-1-1986 ਦਾ ਰਹਿੰਦਾ ਸੀ ਉਹ ਉਸ ਦੇ ਵੀ ਹੱਕਦਾਰ ਹੋਣਗੇ। ਸਭ ਤੋਂ ਵੱਡੀ ਮਾਰ 5 ਪ੍ਰਤੀਸ਼ਤ ਕਟੌਤੀ ਦੀ ਸੀ ਉਹ ਵੀ ਅਸੀਂ ਲੱਗਣ ਨਹੀਂ ਦਿੱਤੀ। ਖ਼ਾਲੀ ਪੋਸਟਾਂ ਭਰਨ ਬਾਰੇ ਵੀ ਗੱਲਬਾਤ ਸਿਰੇ ਲੱਗ ਗਈ ਹੈ। ਤੁਸੀਂ ਆਪਣੇ ਨਵੇਂ ਗਰੇਡ 1-4-1999 ਤੋਂ ਲੈਣ ਦੇ ਹੱਕਦਾਰ ਹੋਣਗੇ ਪਰ ਤੁਹਾਡਾ 1-1-1996 ਦਾ ਪਿਛਲਾ ਬਕਾਇਆ ਤੁਹਾਨੂੰ 6 ਕਿਸ਼ਤਾਂ ਵਿੱਚ ਮਿਲੇਗਾ। ਜਿਸਦੀ ਪਹਿਲੀ ਕਿਸ਼ਤ ਅਪ੍ਰੈਲ 2000 ਵਿੱਚ ਮਿਲੇਗੀ। ਜੇਲ੍ਹ ਆਉਣ ਸਮੇਂ ਸਾਡੇ ‘ਤੇ ਬਣਾਏ ਕੇਸ ਸਰਕਾਰ ਵਾਪਸ ਲੈ ਲਏ ਹਨ। ਜੇਲ੍ਹ ਪੀਰੀਅਡ ਅਤੇ ਸਟਰਾਈਕ ਸਮੇਂ ਦੀ ਸਾਡੀ ਤਨਖ਼ਾਹ ਨਹੀਂ ਕੱਟੀ ਜਾਵੇਗੀ ਪਰ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਅਸੀਂ ਆਪਣੀਆਂ ਸਾਰੀਆਂ ਛੁੱਟੀਆਂ ਤੇ ਐਤਵਾਰ ਲਗਾ ਕੇ ਪੂਰਾ ਕਰਾਂਗੇ।”
ਚਾਰੇ ਪਾਸੇ ਪ੍ਰਧਾਨ ਤੇਜਾ ਸਿੰਘ ਜੀ ਦੀ ਜੈ ਜੈ ਕਾਰ ਹੋ ਰਹੀ ਸੀ। ਓਥੇ ਇੱਕ ਗੱਲ ਦੇਖਣ ਵਾਲੀ ਸੀ, ਕਿ ਕਿਸੇ ਨੇ ਵੀ ਹੋਰ ਕਿਸੇ ਯੂਨੀਅਨ ਲੀਡਰ ਦਾ ਨਾਮ ਲੈ ਕੇ ਨਾਹਰਾ ਨਹੀਂ ਲਗਾਇਆ ਭਾਵੇਂ ਚੋਪੜਾ ਸਾਹਿਬ ਵਰਗਾ ਸੁਘੜ ਸਿਆਣਾ ਜਨਰਲ ਸਕੱਤਰ ਅੱਜ ਤੱਕ ਯੂਨੀਅਨ ਨੂੰ ਨਹੀਂ ਮਿਲਿਆ ਪਰ ਚੋਪੜਾ ਸਾਹਿਬ ਨੇ ਇਸ ਸਾਰੀ ਜਿੱਤ ਦਾ ਸਿਹਰਾ ਪ੍ਰਧਾਨ ਜੀ ਦੇ ਸਿਰ ‘ਤੇ ਬੰਨ੍ਹਿਆਂ। ਇਹ ਸਿਹਰਾ ਜਦੋਂ ਪ੍ਰਧਾਨ ਜੀ ਨੇ ਸਾਰੇ ਅਧਿਆਪਕਾਂ/ ਕਰਮਚਾਰੀਆਂ ਦੇ ਸਿਰ ਬੰਨ੍ਹਿਆਂ ਤਾਂ ਚਾਰੇ ਪਾਸੇ ਯੂਨੀਅਨ ਦੀ ਜੈ-ਜੈ ਕਾਰ ਸੀ। ਸਾਰਿਆਂ ਦੀ ਅੱਜ ਖੁਸ਼ੀ ਵਿਚ ਭੁੱਖ ਮਰ ਗਈ ਸੀ। ਸਭ ਦੀਆਂ ਅੱਖਾਂ ਵਿਚ ਜਿੱਤ ਦੀ ਖੁਸ਼ੀ ਠਾਠਾਂ ਮਾਰ ਰਹੀ ਸੀ।
ਸਾਰਿਆਂ ਨੇ ਆਪਣੇ ਬਿਸਤਰੇ ਬੰਨ੍ਹਣੇ ਸ਼ੁਰੂ ਕਰ ਦਿੱਤੇ ਸਨ। ਅੰਮ੍ਰਿਤਸਰ ਵਾਲੇ ਸਾਥੀਆਂ ਸੰਜੇ ਜੀ, ਖੰਨਾ ਸਾਹਿਬ ਪ੍ਰੇਮ ਜੀ ਹੋਰਾਂ ਰੌਣਕ ਲਾਉਂਣੀ ਸ਼ੁਰੂ ਕਰ ਦਿੱਤੀ ਸੀ। ਗੀਤ-ਸੰਗੀਤ ਫ਼ੇਰ ਸ਼ੁਰੂ ਹੋ ਗਿਆ ਸੀ। ਅਧਿਆਪਕ ਸਾਥੀ ਇੱਕ ਦੂਜੇ ਤੋਂ ਐਡਰੈੱਸ ਲੈ ਰਹੇ ਸਨ। ਵੱਡਾ ਮੋਰਚਾ ਫ਼ਤਹਿ ਹੋ ਗਿਆ ਸੀ। ਚਾਰੇ ਪਾਸੇ ਖੁਸ਼ੀ ਦਾ ਆਲਮ ਸੀ। ਗੀਤ ਸੰਗੀਤ ਵਾਲੀ ਟੋਲੀ ਮੈਨੂੰ ਵੀ ਫੜ ਕੇ ਲੈ ਗਈ ਸੀ ਕਿ ਅੱਜ ਜਾਂਦੇ ਸਮੇਂ ਕੋਈ ਚੀਜ਼ ਜ਼ਰੂਰ ਸੁਣਾਓ।
ਮੈਂ ਆਪਣੀ ਵਿਦਾਇਗੀ ਹੀ ਸੁਣਾਉਣੀ ਚਾਹੁੰਦਾ ਸੀ ਕਿਉਂਕਿ ਵਿਛੁੜਣ ਸਮੇਂ ਗੀਤ ਦਾ ਕੋਈ ਅਰਥ ਨਹੀਂ ਸੀ ਮੈਂ ਰੁਬਾਈ ਸ਼ੁਰੂ ਕੀਤੀ :-
ਚਲਦਾ…..
ਜਸਪਾਲ ਜੱਸੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly