“ਕਰਤਾਰ ਸਿੰਘ ਸਰਾਭਾ ਦੇ ਸੁਪਨਿਆਂ ਦਾ ਦੇਸ਼”

ਕੁਲਦੀਪ ਸਾਹਿਲ

(ਸਮਾਜ ਵੀਕਲੀ)

ਅਗਰ ਦੇਸ਼ ਦੀ ਅਜ਼ਾਦੀ ਲਈ ਸ਼ਹੀਦ ਹੋਣ ਵਾਲੇ ਸਭ ਤੋਂ ਛੋਟੀ ਉਮਰ ਦੇ ਪੰਜਾਬੀ ਨੌਜਵਾਨਾ ਦੀ ਗੱਲ ਕਰੀਏ ਤਾਂ ਉਹਨਾਂ ਵਿੱਚੋ ਸਭ ਤੋਂ ਪਹਿਲਾਂ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਆਉਂਦਾ ਹੈ। ਜਿਨ੍ਹਾਂ ਦਾ ਸੁਪਨਾ ਸੀ ਕਿ ਭਾਰਤ ਦੇਸ਼ ਅਜ਼ਾਦੀ ਤੋਂ ਬਾਅਦ ਦੁਨੀਆਂ ਦੇ ਸਭ ਤੋਂ ਚੰਗੇ ਲੋਕਤੰਤਰ ਵਜੋਂ ਉਭਰਕੇ ਸਾਹਮਣੇ ਆਏ। ਪਰ ਅਫਸੋਸ ਕਿ ਅਜ਼ਾਦੀ ਤੋਂ 75 ਸਾਲਾਂ ਬਾਅਦ ਵੀ ਸਹੀ ਮਾਅਨਿਆਂ ਵਿੱਚ ਦੇਸ਼ ਇੱਕ ਚੰਗੇ ਸਿਸਟਮ ਵਾਲੇ ਲੋਕਤੰਤਰ ਦੀ ਤਰ੍ਹਾਂ ਆਪਣੀ ਪਕੜ ਨਹੀਂ ਬਣਾ ਸਕਿਆ ਜਿਸ ਦੀ ਉਦਾਹਰਣ ਇਹ ਹੈ ਕਿ ਅੱਜ ਦੇ ਨੌਜਵਾਨਾ ਨੂੰ ਰੁਜ਼ਗਾਰ ਲਈ ਆਪਣੇ ਵਤਨ ਨੂੰ ਛੱਡ ਕੇ ਦੂਜੇ ਮੁਲਕਾਂ ਵਿੱਚ ਜਾਣਾ ਪੈ ਰਿਹਾ ਹੈ । ਬੇਰੁਜ਼ਗਾਰੀ, ਮਹਿਗਾਈ ਗਰੀਬੀ ਵਰਗੀਆਂ ਸਮੱਸਿਆਵਾਂ ਘਟਣ ਦੀ ਬਜਾਏ ਦਿਨੋ ਦਿਨ ਵਧਦੀਆਂ ਜਾ ਰਹੀਆਂ ਹਨ। ਦੇਸ਼ ਦੀ ਰਾਜਨੀਤੀ ਗੰਧਲੀ ਹੋ ਚੁੱਕੀ ਹੈ ਜਿਸ ਦਾ ਸਾਫ ਹੋਣਾ ਇੱਕ ਸਪਨੇ ਵਾਂਗ ਹੈ।

ਕਰਤਾਰ ਸਿੰਘ ਸਰਾਭਾ ਦਾ ਸੁਪਨਾ ਦੇਸ਼ ਦੀ ਚੰਗੀ ਜਮਹੂਰੀਅਤ ਦਾ ਸੀ ਇਸੇ ਲਈ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇਸ਼ ਨੂੰ ਸਮਰਪਿਤ ਕਰ ਦਿੱਤੀ ਸੀ ਇਸ ਛੋਟੀ ਉਮਰ ਦੇ ਮਹਾਨ ਸ਼ਹੀਦ ਦਾ ਜਨਮ 24 ਮਈ 1896 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਵਿਖੇ ਸਰਦਾਰ ਮੰਗਲ ਸਿੰਘ ਅਤੇ ਬੀਬੀ ਸਾਹਿਬ ਕੌਰ ਦੇ ਘਰ ਹੋਇਆ। ਛੋਟੀ ਉਮਰ ਵਿੱਚ ਹੀ ਉਨ੍ਹਾਂ ਦੇ ਪਿਤਾ ਜੀ ਦੀ ਮੌਤ ਹੋ ਗਈ ਅਤੇ ਉਸ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਦਾਦਾ ਸਰਦਾਰ ਬਚਨ ਸਿੰਘ ਦੇ ਮੋਢਿਆਂ ‘ਤੇ ਆ ਗਈ। ਕਰਤਾਰ ਸਿੰਘ ਸਰਾਭਾ ਨੇ ਮੁੱਢਲੀ ਵਿੱਦਿਆ ਸਰਾਭਾ ਪਿੰਡ ਵਿੱਚ ਹੀ ਪ੍ਰਾਪਤ ਕੀਤੀ। ਅੱਠਵੀਂ ਤੱਕ ਦੀ ਸਿੱਖਿਆ ਮਾਲਵਾ ਖਾਲਸਾ ਸਕੂਲ, ਲੁਧਿਆਣਾ ਤੋਂ ਪ੍ਰਾਪਤ ਕੀਤੀ। ਇਸ ਮਗਰੋਂ ਕਰਤਾਰ ਸਿੰਘ ਆਪਣੇ ਚਾਚਾ ਵੀਰ ਸਿੰਘ ਜੋ ਉੜੀਸਾ ਦੇ ਸ਼ਹਿਰ ਕਟਕ ਵਿੱਚ ਡਾਕਟਰ ਲੱਗੇ ਹੋਏ ਸਨ, ਕੋਲ ਚਲਾ ਗਿਆ ਅਤੇ ਉੱਥੋਂ ਦੀ ਰੇਵਨਸ਼ਾਹ ਯੂਨੀਵਰਸਿਟੀ ਤੋਂ ਦਸਵੀਂ ਤੱਕ ਦੀ ਪੜ੍ਹਾਈ ਕੀਤੀ।

1916 ਵਿੱਚ ਖੁਫ਼ੀਆ ਮਹਿਕਮੇ ਵੱਲੋਂ ਛਾਪੀ ਗ਼ਦਰ ਡਾਇਰੈਕਟਰੀ ਵਿੱਚ ਦਾਦੇ ਬਚਨ ਸਿੰਘ ਬਾਰੇ ਲਿਖਿਆ ਹੈ ਕਿ ਉਹ ਇਨਕਲਾਬੀਆਂ ਦਾ ਹਿਮਾਇਤੀ ਸੀ ਤੇ ਉਸ ਨੇ ਆਪਣੇ ਪੋਤੇ ਨੂੰ ਹਥਿਆਰਬੰਦ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਤਿਆਰ ਕੀਤਾ ਸੀ। ਕਰਤਾਰ ਸਿੰਘ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦਾ ਪ੍ਰੇਰਣਾ ਸਰੋਤ ਸੀ। ਉਹ 28 ਜੁਲਾਈ 1912 ਨੂੰ ਅਮਰੀਕਾ ਪੜ੍ਹਾਈ ਕਰਨ ਪਹੁੰਚਿਆ। ਮਜਦੂਰਾਂ, ਕਿਸਾਨਾਂ, ਸਾਬਕਾ ਫੌਜੀਆਂ ਅਤੇ ਵਿਦਿਆਰਥੀਆਂ ਦੀ ਬਣਾਈ ਜਥੇਬੰਦੀ ਗਦਰ ਪਾਰਟੀ ਦਾ ਉਹ ਮੋਹਰੀ ਆਗੂ ਬਣ ਗਿਆ ਸੀ । ਬਾਬਾ ਸੋਹਣ ਸਿੰਘ ਭਕਨਾ, ਲਾਲਾ ਹਰਦਿਆਲ, ਕਰੀਮ ਬਖ਼ਸ਼, ਪੰਡਿਤ ਜਗਤ ਰਾਮ, ਪੰਡਿਤ ਕਾਂਸ਼ੀ ਰਾਮ, ਹਰਨਾਮ ਸਿੰਘ ਟੁੰਡੀਲਾਟ, ਬਾਬਾ ਵਿਸਾਖਾ ਸਿੰਘ, ਬਾਬਾ ਜਵਾਲਾ ਸਿੰਘ ਵਰਗੇ ਇਨਕਲਾਬੀਆਂ ਦੀ ਸੰਗਤ ਵਿੱਚ ਕਰਤਾਰ ਸਿੰਘ ਵੱਧ ਚੜ੍ਹ ਕੇ ਕੰਮ ਕਰ ਰਿਹਾ ਸੀ। ਉਨ੍ਹਾਂ ਨੇ ਅਮਰੀਕਾ ਵਿੱਚ ਗਦਰ ਲਹਿਰ ਦੀ ਉਸਾਰੀ ਕਰਨ, ਭਾਰਤੀਆਂ ਨੂੰ ਸੰਗਠਿਤ ਕਰਨ, ਦਿਨ ਰਾਤ ਗਦਰ ਅਖਬਾਰ ਛਾਪਣ, ਉਰਦੂ ਲੇਖਾਂ ਨੂੰ ਪੰਜਾਬੀ ਵਿਚ ਅਨੁਵਾਦ ਕਰਕੇ ਛਾਪਣ ਜਿਹੇ ਕੰਮ ਕੀਤੇ।

ਗਦਰ ਪਾਰਟੀ ਦੀ ਲਲਕਾਰ ਅਤੇ ਦੇਸ਼ ਦੀ ਗੁਲਾਮੀ ਦੇ ਸੰਗਲ ਤੋੜਨ ਲਈ ਕਰਤਾਰ ਸਿੰਘ ਭਾਰਤ ਆ ਗਿਆ। ਉਨ੍ਹਾਂ ਦਾ ਨਿਸ਼ਾਨਾ ਦੇਸ਼ ਆਜ਼ਾਦ ਕਰਵਾ ਕੇ ਇੱਥੇ ਧਰਮ ਨਿਰਪੱਖ ਜਮਹੂਰੀ ਪੰਚਾਇਤੀ ਰਾਜ ਕਾਇਮ ਕਰਨਾ ਸੀ। ਉਨ੍ਹਾਂ ਦਾ ਸੰਕਲਪ ਤਖਤ ਜਾਂ ਤਖਤਾ ਭਾਵ ਅੰਗਰੇਜ਼ਾਂ ਕੋਲੋਂ ਰਾਜ ਖੋਹਣਾ ਸੀ ਜਾਂ ਅਸਫਲ ਹੋਣ ’ਤੇ ਫਾਂਸੀ ਦੇ ਤਖਤੇ ‘ਤੇ ਚੜ੍ਹ ਜਾਣਾ ਸੀ। ਇਸੇ ਲਈ ਗ਼ਦਰ ਪਾਰਟੀ ਦੇ ਮੈਂਬਰਾਂ ਨੇ ਭਾਰਤ ਵਲ ਵਹੀਰਾਂ ਘੱਤ ਦਿਤੀਆਂ। ਬਹੁਤ ਸਾਰੇ ਗ਼ਦਰੀ ਸੂਰਮੇ ਭਾਰਤ ਪਹੁੰਚਣ ਤੋਂ ਪਹਿਲਾਂ ਹੀ ਰਾਹ ਵਿਚ ਫੜੇ ਗਏ ਪਰ ਕਰਤਾਰ ਸਿੰਘ ਕੋਲੰਬੋ ਬੰਦਰਗਾਹ ਰਾਹੀਂ ਪੰਜਾਬ ਪਹੁੰਚਣ ਵਿਚ ਸਫ਼ਲ ਹੋ ਗਿਆ। ਦੇਸ਼ ਪਹੁੰਚ ਕੇ ਇਨ੍ਹਾਂ ਰਾਸ ਬਿਹਾਰੀ ਬੋਸ ਤੇ ਹੋਰ ਆਜ਼ਾਦੀ ਪ੍ਰਵਾਨਿਆਂ ਨਾਲ ਮਿਲ ਕੇ ਦੇਸ਼ ਭਗਤ ਫ਼ੌਜੀਆਂ ਨਾਲ ਰਾਬਤਾ ਕਾਇਮ ਕੀਤਾ ਤੇ ਬਗਾਵਤ ਕਰਨ ਦਾ ਫ਼ੈਸਲਾ ਕੀਤਾ। ਕਰਤਾਰ ਸਿੰਘ ਬਿਨਾ ਕਿਸੇ ਡਰ ਦੇ ਛਾਉਣੀਆਂ ‘ਚ ਗਦਰ ਪ੍ਰਾਪੇਗੰਡਾ ਕਰਨ ਚਲਾ ਜਾਂਦਾ ਸੀ। ਅੱਠ ਹਜ਼ਾਰ ਦੇ ਕਰੀਬ ਗਦਰੀ ਦੇਸ਼ ਭਗਤ ਭਾਰਤ ਨੂੰ ਆਜ਼ਾਦ ਕਰਾਉਣ ਲਈ ਵਿਦੇਸ਼ਾਂ ਤੋਂ ਪਰਤ ਆਏ ਸਨ।

ਗਦਰ ਕਰਨ ਲਈ ਹਥਿਆਰ ‘ਕੱਠੇ ਕਰਨ, ਉੱਤਰੀ ਭਾਰਤ ਵਿੱਚ ਘੁੰਮ ਕੇ ਦੇਸ਼ ਭਗਤਾਂ ਦਾ ਸੰਗਠਨ ਖੜ੍ਹਾ ਕਰਨ, ਪ੍ਰਚਾਰ ਸਮੱਗਰੀ ਵੰਡਣ, ਗੱਲ ਕੀ ਕੋਈ ਵੀ ਅਜਿਹਾ ਕੰਮ ਨਹੀਂ ਸੀ, ਜਿਸ ਵਿੱਚ ਕਰਤਾਰ ਸਿੰਘ ਸ਼ਾਮਲ ਨਹੀਂ ਸੀ। ਉਸਨੇ ਫੜੇ ਜਾਣ ‘ਤੇ ਪੂਰੇ ਹੌਂਸਲੇ ਨਾਲ ਭਰੀ ਅਦਾਲਤ ਵਿਚ ਦੇਸ਼ ਆਜ਼ਾਦ ਕਰਾਉਣ ਲਈ ਕੀਤੇ ਕੰਮਾਂ ਬਾਰੇ ਮੰਨਿਆ। ਹਾਲਾਂਕਿ ਜੱਜ ਨੇ ਉਸਨੂੰ ਬਿਆਨ ਦਿੰਦੇ ਨੂੰ ਰੋਕ ਕੇ ਕਿਹਾ ਕਿ ਜੋ ਬਿਆਨ ਤੂੰ ਦੇ ਰਿਹਾ ਏਂ, ਤੈਨੂੰ ਫਾਂਸੀ ਦੀ ਸਜ਼ਾ ਹੋ ਜਾਵੇਗੀ। ਜੱਜ ਨੇ ਅਦਾਲਤੀ ਕਾਰਵਾਈ ਰੋਕ ਅਗਲੇ ਦਿਨ ਬਿਆਨ ਦੇਣ ਲਈ ਕਿਹਾ। ਕਰਤਾਰ ਸਿੰਘ ਨੇ ਬਹੁਤ ਬੇਬਾਕੀ ਨਾਲ ਅਦਾਲਤ ਨੂੰ ਦੱਸਿਆ ਕਿ ਉਸਨੇ ਅੰਗਰੇਜ਼ੀ ਹਕੂਮਤ ਦੀਆਂ ਜੜ੍ਹਾਂ ਉਖਾੜਨ ਲਈ ਸਭ ਕੁਝ ਕੀਤਾ। ਉਸਦੇ ਗਦਰ ਕਰਾਉਣ ਦੀ ਕੋਸ਼ਿਸ਼ ਦੇ ਹਰੇਕ ਕੰਮ, ਜਗ੍ਹਾ, ਮੀਟਿੰਗ, ਸਲਾਹ, ਐਕਸ਼ਨ ਵਿੱਚ ਸ਼ਾਮਲ ਹੋਣ ਕਰਕੇ ਲਾਹੌਰ ਸਾਜਿਸ਼ ਕੇਸ ਦੇ ਜੱਜਾਂ ਨੇ ਕਰਤਾਰ ਸਿੰਘ ਵਾਸਤੇ ‘ਸਰਵ ਵਿਆਪਕ’ ਸ਼ਬਦ ਲਿਖਿਆ। ਇਹੀ ਸ਼ਬਦ ਸ਼ਹੀਦ ਭਗਤ ਸਿੰਘ ਬਾਰੇ ਵੀ ਜੱਜਾਂ ਨੇ ਲਿਖਿਆ ਸੀ। ਗ਼ਦਰੀਆਂ ਦੇ ਲਾਹੌਰ ਸਾਜ਼ਿਸ਼ ਕੇਸ ਦੀ ਇੱਕ ਕਾਪੀ ਖਟਕੜ ਕਲਾਂ ਦੇ ਸ਼ਹੀਦੇ ਆਜ਼ਮ ਮਿਊਜ਼ੀਅਮ ਵਿੱਚ ਵੀ ਪਈ ਹੈ।

ਉਹਦੇ ਵਿੱਚ ਕਰਤਾਰ ਸਿੰਘ ਸਰਾਭਾ ਬਾਰੇ ਲਿਖੇ ਸ਼ਬਦ ‘ਸਰਵ ਵਿਆਪਕ’ ਹੇਠ ਭਗਤ ਸਿੰਘ ਨੇ ਨਿਸ਼ਾਨੀ ਲਾਈ ਹੋਈ ਹੈ। 16 ਨਵੰਬਰ 1915 ਦਿਨ ਮੰਗਲਵਾਰ ਨੂੰ 6 ਸਾਥੀਆਂ ਸਮੇਤ ਲਾਹੌਰ ਦੀ ਸੈਂਟਰਲ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ ਤੇ ਲਾਸ਼ਾਂ ਵਾਰਸਾਂ ਦੇ ਹਵਾਲੇ ਨਾ ਕਰਕੇ ਜੇਲ੍ਹ ਪ੍ਰਸ਼ਾਸਨ ਨੇ ਜੇਲ ਦੀ ਚਾਰ ਦੀਵਾਰੀ ਦੇ ਅੰਦਰ ਦਬਾ ਦਿੱਤੀਆਂ। ਗਦਰੀ ਫੌਰੀ ਤੌਰ ‘ਤੇ ਭਾਂਵੇਂ ਆਪਣੇ ਮਿਸ਼ਨ ਵਿੱਚ ਕਾਮਯਾਬ ਨਹੀਂ ਹੋਏ ਪਰ ਉਨ੍ਹਾਂ ਦੀਆਂ ਕੁਰਬਾਨੀਆਂ ਨੇ ਬਾਅਦ ਦੀਆਂ ਲਹਿਰਾਂ ਦੇ ਦੇਸ਼ ਭਗਤਾਂ ਤੇ ਆਪਣੀ ਅਮਿੱਟ ਛਾਪ ਛੱਡੀ।ਅਖੀਰ ਗਦਰੀਆਂ ਵਾਲਾ ਤਰੀਕਾ ਹੀ ਕਾਮਯਾਬ ਹੋਇਆ। ਇਨ੍ਹਾਂ ਹਥਿਆਰਬੰਦ ਬਗਾਵਤਾਂ ਤੋਂ ਡਰਦੇ ਮਾਰੇ ਅੰਗਰੇਜਾਂ ਨੇ ਭਾਰਤ ਨੂੰ ਆਜ਼ਾਦ ਕਰਨ ਦਾ ਐਲਾਨ ਕਰ ਦਿੱਤਾ। ਸ਼ਹੀਦ ਕਰਤਾਰ ਸਿੰਘ ਸਰਾਭੇ ਨੂੰ ਕੋਟਨ ਕੋਟ ਪ੍ਰਣਾਮ ਹੈ, ਜੋ 19 ਸਾਲ 5 ਮਹੀਨੇ ਦੀ ਨਿੱਕੀ ਉਮਰ ਵਿੱਚ ਬਹੁਤ ਵੱਡੀ ਕੁਰਬਾਨੀ ਕਰਕੇ ਦੇਸ਼ ਨੂੰ ਵਿਦੇਸ਼ੀ ਹਾਕਮਾਂ ਦੀ ਗੁਲਾਮੀ ਤੋਂ ਤਾਂ ਨਿਜਾਤ ਦੁਆ ਗਿਆ ਪਰ ਦੇਸ਼ ਦੇ ਅੰਦਰ ਹੀ ਘੁਣ ਵਾਂਗੂੰ ਲੱਗੀ ਅਤੇ ਜੋਕ ਵਾਂਗੂੰ ਚੰਬੜੀ ਗੰਦੀ ਰਾਜਨੀਤੀ ਤੋਂ ਨਿਜ਼ਾਤ ਪਾਉਣੀ ਅਜੇ ਬਾਕੀ ਹੈ।

ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ,
ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।
ਜਿਨ੍ਹਾਂ ਨੇ ਦੇਸ਼ ਸੇਵਾ ਵਿਚ ਪੈਰ ਪਾਇਆ,
ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।

ਕੁਲਦੀਪ ਸਾਹਿਲ
9417990040

 

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article13ਵਾ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦਾ ਪੰਜਵਾਂ ਦਿਨ
Next articleਧੰਨ ਗੁਰੂ ਅਰਜਨ ਦੇਵ ਜੀ