(ਸਮਾਜ ਵੀਕਲੀ) ਇਹ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਕਿ ਅਫਰੀਕਾ ਦੇ ਦੱਖਣ ਵਿੱਚ ਅਸਮੌਲ ਨਾਂ ਦਾ ਇਕ ਰਾਜਾ ਰਾਜ ਕਰਦਾ ਸੀ।ਉਹ ਇਕ ਬਹੁਤ ਹੀ ਜਾਲਮ ਸੁਭਾਅ ਦਾ ਇਨਸਾਨ ਸੀ।ਉਸ ਦੇ ਰਾਜ ਵਿੱਚ ਕੋਢੀ ਨਾਮ ਦਾ ਇਕ ਸੰਤ ਵੀ ਰਹਿੰਦਾ ਸੀ।ਪਰ ਰਾਜੇ ਕਦੇ ਵੀ ਉਸ ਨੂੰ ਉਹ ਸਤਕਿਾਰ ਨਹੀ ਸੀ ਦਿੱਤਾ ਜੋ ਉਸ ਨੂੰ ਮਿਲਣਾ ਚਾਹੀਦਾ ਸੀ।ਪਰ ਲੋਕ ਉਸ ਦੇ ਉਪਦੇਸ਼ਾਂ ਨੂੰ ਬੜੇ ਹੀ ਧਿਆਨ ਨਾਲ ਸੁਣਦੇ ਸਨ।ਇਸ ਦੇ ਬਾਵਜੂਦ ਕੋਢੀ ਨੇ ਰਾਜੇ ਦੇ ਵਿਵਹਾਰ ਦੀ ਕਦੇ ਪ੍ਰਵਾਹ ਨਹੀ ਕੀਤੀ ਸੀ।ਉਹ ਤਾਂ ਸਿਰਫ ਦੱਬੇ-ਕੁਚਲੇ ਲੋਕਾਂ ਦੀ ਸੇਵਾਂ ਵਿੱਚ ਹੀ ਲੱਗੇ ਰਹਿੰਦੇ ਸਨ।
ਜਦੋਂ ਸੰਤ ਕੋਢੀ ਨੂੰ ਪਹਿਲੀ ਪਤਨੀ ਤੋਂ ਤੀਸਰਾ ਬੱਚਾ ਹੋਇਆ ਤਾਂ ਉਸ ਨੇ ਵਾਲਫ ਪਰੰਪਰਾ ਦੇ ਅਨੁਸਾਰ ਬੱਚੇ ਨੂੰ ਪੂਰੀ ਤਰਾਂ ਦੇ ਨਾਲ ਮੁੰਨਣ ਨਹੀ ਕਰਵਾਇਆ,ਪਰ ਉਸ ਨੇ ਸਿਰ ਦੇ ਆਲੇ ਦੁਆਲੇ ਵਾਲਾਂ ਦੇ ਝੁੰਡ ਦਾ ਗੁਛਾ ਛੁਡਵਾ ਲਿਆ,ਇਸ ਆਜੀਬੋ-ਗਰੀਬ ਰਵੱਈਏ ਬਾਰੇ ਲੋਕਾਂ ਨੇ ਉਸਨੂੰ ਪੁੱਛਿਆ ਕਿ ਉਸ ਨੇ ਸਿਰ ਤੋਂ ਇਹ ਵਾਲਾਂ ਦਾ ਝੁੰਡ ਕਿਉਂ ਛੁਡਵਾ ਲਿਆ ਹੈ?ਉਸ ਨੇ ਬੜੀ ਹੀ ਸਹਿਜਤਾ ਨਾਲ ਜੁਵਾਬ ਦਿੱਤਾ ਕਿ ਸਿਰ ਦੇ ਆਲੇ ਦੁਆਲੇ ਬਚੇ ਹੋਏ ਵਾਲਾਂ ਵਿੱਚ ਚਾਰ ਵੱਡੇ ਸੱਚ ਲੁਕੇ ਹੋਏ ਹਨ ਜਿੰਨਾਂ ਦੇ ਬਾਰੇ ਦੇ ਵਿੱਚ ਮੈਂ ਜਾਂ ਮੇਰੀ ਪਤਨੀ ਹੀ ਜਾਣਦੇ ਹਾਂ।
ਲੋਕਾਂ ਨੇ ਉਸ ਤੋਂ ਪੁੱਛਣ ਦੀ ਬਹੁਤ ਕੋਸ਼ਿਸ਼ ਕੀਤੀ,ਵਾਰ ਵਾਰ ਇਹ ਪੁੱਛਦੇ ਰਹੇ ਕਿ ਕੀ ਇਹ ਸੱਚ ਹੈ?ਪਰ ਗੰਭੀਰ ਹੋਏ ਕੌਢੀ ਨੇ ਸਿਰਫ ਇਹ ਕਹਿ ਕੇ ਆਪਣਾ ਪਿੱਛਾ ਉਹਨਾਂ ਤੋਂ ਛੁਡਾ ਲੈਦਾ ਕਿ ਸਮਾਂ ਆਉਣ ਤੇ ਸੱਭ ਕੁਝ ਦੱਸ ਦਿਤਾ ਜਾਏਗਾ।ਜੋ ਵੀ ਹੋਏਗਾ ਸੱਭ ਦੇ ਸਾਹਮਣੇ ਆ ਜਾਏਗਾ।
ਇਹ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ,ਅਤੇ ਰਾਜੇ ਤੱਕ ਵੀ ਪਹੁੰਚ ਗਈ।ਰਾਜੇ ਨੇ ਆਪਣਾ ਇਕ ਆਦਮੀ ਸੰਤ ਕੋਢੀ ਦੇ ਕੋਲ ਭੈਜ ਦਿੱਤਾ ਕਿ ਜਲਦੀ ਪਤਾ ਕਰੋ ਕਿ ਇਹ ਕੀ ਹੈ ਅਤੇ ਇਹ ਚਾਰ ਸੱਚ ਦਾ ਰਾਜ ਕੀ ਹੈ?
ਪਰ ਰਾਜੇ ਦੀ ਇਹ ਕੋਸਿਸ਼ ਬਿਲਕੁਲ ਨਾਕਾਮ ਰਹੀ,ਕੌਢੀ ਨੇ ਰਾਜੇ ਨੂੰ ਉਹੀ ਜਵਾਬ ਦਿੱਤਾ ਜੋ ਉਸ ਨੇ ਪਹਿਲਾ ਸਾਰਿਆਂ ਵਿੱਚ ਦਿੱਤਾ ਸੀ।ਰਾਜਾ ਕੌਢੀ ਦੇ ਇਸ ਵਿਵਹਾਰ ਤੋਂ ਬਹੁਤ ਦੁਖੀ ਹੋਇਆ।
ਇਕ ਦਿਨ ਸੰਤ ਕੌਢੀ ਪਿੰਡ ਤੋਂ ਬਾਹਰ ਗਿਆ ਹੋਇਆ ਸੀ ਤਾਂ ਰਾਜੇ ਨੇ ਸੰਤ ਕੌਢੀ ਦੀ ਪਤਨੀ ਨੂੰ ਆਪਣੇ ਮਹਿਲ ਬੁਲਾ ਲਿਆ।ਰਾਜਾ ਨੇ ਉਸ ਕੋਲੋ ਉਹ ਚਾਰ ਵਾਲਾਂ ਦੇ ਗੁਛਿਆ ਦੇ ਬਾਰੇ ਵਿੱਚ ਜਾਣਨਾ ਚਾਹਿਆ।ਸੰਤ ਕੌਢੀ ਦੀ ਪਤਨੀ ਪਹਿਲਾਂ ਤਾਂ ਉਸ ਰਾਜ ਬਾਰੇ ਦੱਸਣ ਤੋਂ ਝਿਜਕਦੀ ਰਹੀ।ਜਦ ਰਾਜਾ ਨੇ ਉਸ ਦੀ ਥੋੜੀ ਸਿਫਤ ਕਰਨੀ ਸ਼ੁਰੂ ਕੀਤੀ ਤਾਂ ਉਸ ਨੇ ਖੁੱਲ ਕੇ ਉਸ ਚਾਰ ਵਾਲਾਂ ਦੇ ਗੁਛਿਆਂ ਦਾ ਰਾਜ ਰਾਜੇ ਦੇ ਆਹਮਣੇ ਖੋਲ ਹੀ ਦਿੱਤਾ।
ਰਾਜਾ ਨਾ ਤਾਂ ਤੁਹਾਡਾ ਮਿੱਤਰ ਹੋ ਸਕਦਾ ਹੈ ਅਤੇ ਨਾ ਹੀ ਤੁਹਾਡਾ ਰਾਖਵਾਲਾ।।
ਤੁਹਾਡੀ ਦੂਸਰੀ ਪਤਨੀ ਤੋਂ ਹੋਇਆ ਪੁੱਤਰ ਤੁਹਾਡਾ ਕਦੇ ਵੀ ਸ਼ੁਭਚਿੰਤਕ ਨਹੀ ਹੋ ਸਕਦਾ ਅਤੇ ਹਮੇਸ਼ਾਂ ਦੁਸ਼ਮਣ ਹੀ ਰਹੇਗਾ।
ਆਦਮੀ ਨੂੰ ਆਪਣੀ ਪਤਨੀ ਨਾਲ ਪਿਆਰ ਕਰਨਾ ਚਾਹੀਦਾ ਹੈ,ਪਰ ਉਸ ਨੂੰ ਆਪਣੀ ਗੁਲਾਮ ਬਣਾ ਕੇ ਨਹੀ ਰੱਖਣਾ ਚਾਹੀਦਾ।
ਦੁਨੀਆ ਵਿੱਚ ਬਜੁਰਗਾਂ ਦੀ ਸਖਤ ਲੋੜ ਹੁੰਦੀ ਹੈ।
ਜਿਵੇਂ ਹੀ ਰਾਜੇ ਨੇ ਪਹਿਲਾ ਸੱਚ ਸੁਣਿਆ ਉਹ ਬਹੁਤ ਹੀ ਹੈਰਾਨ ਰਹਿ ਗਿਆ।ਕਿਸੇ ਤਰਾਂ ਉਸ ਨੇ ਆਪਣੇ ਆਪ ਨੂੰ ਸਭਾਲਿਆ ਅਤੇ ਸੰਤ ਕੋਢੀ ਦੀ ਪਤਨੀ ਨੂੰ ਉਥੋ ਭੇਜ ਦਿੱਤਾ।
ਜਿਵੇਂ ਹੀ ਸੰਤ ਕੋਢੀ ਦੀ ਪਤਨੀ ਗਈ ਤਾਂ ਰਾਜੇ ਨੇ ਆਪਣੇ ਮੰਤਰੀ ਬੁਲਾ ਲਏ,ਮੰਤਰੀਆਂ ਨੂੰ ਬੁਲਾ ਕੇ ਹੁਕਮ ਸੁਣਾ ਦਿੱਤਾ ਕਿ ਸੰਤ ਕੋਢੀ ਜਿਵੇ ਹੀ ਘਰ ਆਵੇ ਤਾਂ ਉਸ ਨੂੰ ਬੰਦੀ ਬਣਾ ਕੇ ਲਿਆਇਆ ਜਾਵੇ।ਉਸ ਨੂੰ ਦਰਬਾਰ ਦੇ ਵਿੱਚ ਮੌਤ ਦੀ ਸਜਾ ਸੁਣਾ ਦਿੱਤੀ ਜਾਏ।
ਰਾਜੇ ਨੂੰ ਸਾਰੀ ਰਾਤ ਨੀਂਦ ਨਾ ਆਈ।ਜੇਕਰ ਉਸ ਦਾ ਵਸ ਚੱਲਦਾ ਤਾਂ ਉਹ ਉਸ ਨੂੰ ਉਸੇ ਵੇਲੇ ਹੀ ਮੌਤ ਦੇ ਘਾਟ ਉਤਾਰ ਦਿੰਦਾ।ਇੰਨਾ ਵੱਡਾ ਅਪਮਾਨ?ਰਾਜਾ,ਪਰਜਾ ਦਾ ਪਿਤਾ ਹੁੰਦਾ ਹੈ,ਉਹ ਸਾਰੀ ਪਰਜਾ ਦਾ ਧਿਆਨ ਰੱਖਣ ਵਾਲਾ ਹੁੰਦਾ ਹੈ।ਉਸ ਦੇ ਪ੍ਰਤੀ ਇਸ ਤਰਾਂ ਦਾ ਵਿਵਹਾਰ? ਰਾਜਾ ਆਪਣੇ ਆਪ ਤੋਂ ਬਾਹਰ ਹੋਇਆ ਫਿਰਦਾ ਰਿਹਾ।
ਰਾਜੇ ਨੂੰ ਸਾਰੀ ਰਾਤ ਕਰਵਟ ਲੈਦੇ ਹੋਏ ਨਿਕਲ ਗਈ।ਸਵੇਰ ਹੁੰਦੇ ਹੀ ਸੰਤ ਕੋਢੀ ਦੇ ਬੰਦੀ ਬਣਨ ਦੀ ਖਬਰ ਰਾਜਾ ਨੂੰ ਦੇ ਦਿਤੀ।ਸੂਚਨਾ ਮਿਲਦੇ ਹੀ ਰਾਜੇ ਨੂੰ ਮਨ ਤੋਂ ਬਹੁਤ ਠੰਢਕ ਮਹਿਸੂਸ ਹੋਈ।ਇਹ ਖਬਰ ਰਾਤੋ-ਰਾਤ ਜੰਗਲ ਦੀ ਅੱਗ ਵਾਂਗ ਹਰ ਪਿੰਡ ਵਿੱਚ ਫੈਲ ਗਈ।ਰਾਜੇ ਨੇ ਸੰਤ ਕੋਢੀ ਨੂੰ ਵਾਲਾਂ ਦੇ ਚਾਰ ਗੁਛਿਆਂ ਬਾਰੇ ਸੱਚ ਨਾ ਦੱਸਣ ਲਈ ਕੈਦ ਕਰ ਦਿੱਤਾ ਅਤੇ ਉਸ ਨੂੰ ਮੌਤ ਦੀ ਸਜਾ ਸੁਣਾ ਦਿੱਤੀ।
ਉਹ ਦਿਨ ਆ ਗਿਆ ਜਦੋਂ ਸੰਤ ਕੋਢੀ ਨੂੰ ਭਰੇ ਦਰਬਾਰ ਵਿੱਚ ਫਾਂਸੀ ਦਿੱਤੀ ਜਾਣੀ ਸੀ।ਲੋਕ ਬਹੁਤ ਦੁੱਖੀ ਹੋਏ,ਲੋਕ ਪੁਰਾਣੇ ਬਜੁਰਗਾਂ ਦੇ ਕੋਲ ਪਹੁੰਚੇ,ਉਹਨਾਂ ਨੇ ਰਾਜੇ ਕੋਲ ਬਜੁਰਗਾਂ ਨੂੰ ਜਾ ਕੇ ਬੇਨਤੀ ਕਰਨ ਲਈ ਕਿਹਾ।ਰਾਜੇ ਨੂੰ ਕਹੋ ਕਿ ਇਹ ਫੈਸਲਾ ਸੰਤ ਕੋਢੀ ਵਰਗੇ ਸੰਤ,ਸਮਾਜ ਸੇਵਕ ਲਈ ਠੀਕ ਨਹੀ ਹੈ।
ਬਜੁਰਗਾਂ ਦਾ ਇਕੱਠ ਰਾਜੇ ਦੇ ਦਰਬਾਰ ਪਹੁੰਚ ਗਿਆ।ਉਹਨਾਂ ਨੇ ਪਰਜਾ ਦੇ ਪ੍ਰਤੀ ਸੰਤ ਕੋਢੀ ਦੀਆਂ ਸੇਵਾਵਾਂ ਦਾ ਹਵਾਲਾ ਦਿੰਦੇ ਹੋਏ ਮੁਆਫੀ ਦੇਣ ਦੀ ਬੇਨਤੀ ਕੀਤੀ।ਰਾਜਾ ਬੜਾ ਦੁਚਿੱਤੀ ਵਿੱਚ ਫਸ ਗਿਆ ਕਿ ਹੁਣ ਕੀ ਕੀਤਾ ਜਾਏ?ਕਿਉਕਿ ਫੈਸਲਾ ਤਾਂ ਉਸ ਨੇ ਸੁਣਾ ਹੀ ਦਿੱਤਾ ਸੀ।
ਏਨੇ ਨੂੰ ਸੰਤ ਕੋਢੀ ਦੀ ਦੂਸਰੀ ਪਤਨੀ ਦਾ ਪੁੱਤਰ ਛਾਤੀ ਨੂੰ ਪਿੱਟਦਾ ਹੋਇਆ ਰਾਜੇ ਦੇ ਸਾਹਮਣੇ ਆ ਖੜਾ ਹੋਇਆ ਅਤੇ ਚੀਕਦਾ ਹੋਇਆ ਸਕਾਇਤ ਕਰਨ ਲੱਗਾ। ਸੰਤ ਕੋਢੀ ਨੇ ਮਰਨ ਤੋਂ ਪਹਿਲਾਂ ਕਨੂੰਨੀ ਸ਼ਰਤਾਂ ਦੇ ਮੁਤਾਬਿਕ ਵਸੀਅਤਨਾਮਾ ਨਹੀ ਲਿਖਿਆ ਹੈ।ਉਹ ਆਪਣੀ ਜਾਇਦਾਦ ਦਾ ਅਸਲੀ ਹੱਕਦਾਰ ਹੈ।ਜੇਕਰ ਸੰਤ ਕੋਢੀ ਨੇ ਵਸੀਅਤ ਨਾ ਕੀਤੀ ਤਾਂ ਉਸ ਦਾ ਹੱਕ ਮਾਰਿਆ ਜਾਏਗਾ।ਫਾਂਸੀ ਤੇ ਟੰਗਣ ਤੋਂ ਪਹਿਲਾਂ ਪੈਨ ਤੇ ਕਾਗਜ਼ ਉਸ ਨੂੰ ਦੇਣਾ ਚਾਹੀਦਾ ਹੈ,ਤਾਂ ਜੋ ਆਪਣੀ ਵਸੀਅਤਨਾਮਾ ਲਿਖ ਸਕੇ। ਸੰਤ ਕੋਢੀ ਦੀ ਪਹਿਲੀ ਪਤਨੀ ਦੇ ਪੁੱਤਰ,ਜਿਸ ਦੇ ਸਿਰ ਤੇ ਸੰਤ ਕੋਢੀ ਨੇ ਸੱਚ ਦੇ ਪ੍ਰਤੀਕ ਵਾਲਾਂ ਦੇ ਚਾਰ ਗੁਛੇ ਰਖਵਾਏ ਸਨ।ਰਾਜੇ ਦੇ ਸਾਹਮਣੇ ਗੋਡਿਆਂ ਭਾਰ ਬੈਠਾ ਆਪਣੇ ਪਿਤਾ ਦੀ ਜਾਨ ਦੀ ਭੀਖ ਮੰਗ ਰਿਹਾ ਸੀ।ਰੋਣ ਦੇ ਕਾਰਨ ਉਸਦੀਆਂ ਅੱਖਾਂ ਸੁੱਜ ਗਈਆਂ ਸਨ।
ਰਾਜੇ ਨੇ ਸੰਤ ਕੋਢੀ ਨੂੰ ਆਪਣੀ ਵਸੀਅਤ ਲਿਖਣ ਲਈ ਇਕ ਪੈਨ ਤੇ ਇਕ ਕਾਗਜ਼ ਦੇਣ ਦਾ ਹੁਕਮ ਦਿੱਤਾ। ਸੰਤ ਕੋਢੀ ਨੇ ਬੜੇ ਹੀ ਸਾਂਤ ਸੁਭਾਅ ਨਾਲ ਆਪਣੀ ਵਸੀਅਤ ਲਿਖੀ,ਉਸ ਵਿੱਚ ਸੰਤ ਕੋਢੀ ਨੇ ਲਿਖਿਆ ਕਿ ਉਸ ਦੀ ਮੌਤ ਤੋਂ ਬਾਅਦ ਉਸ ਦੀ ਦੂਸਰੀ ਪਤਨੀ ਤੋਂ ਉਸ ਦਾ ਪੁੱਤਰ ਉਸ ਦੀ ਸਾਰੀ ਜਾਇਦਾਦ ਦਾ ਹੱਕਦਾਰ ਹੋਵੇਗਾ।
ਜਿਵੇਂ ਹੀ ਵਸੀਅਤ ਪੂਰੀ ਹੋਈ ਤਾਂ ਪੁੱਤਰ ਉਹ ਵਸੀਅਤ ਲੈ ਕੇ ਚੁੱਪ-ਚਾਪ ਇਕ ਕੋਨੇ ਤੇ ਜਾ ਖੜਾ ਹੋ ਗਿਆ।
ਫਾਂਸੀ ਦਾ ਸਮਾਂ ਆ ਗਿਆ,ਜਿਵੇਂ ਹੀ ਜਲਾਦ ਨੇ ਉਸ ਨੂੰ ਫੜ ਕੇ ਫਾਂਸੀ ਦੇ ਤਖਤੇ ਦੇ ਸਾਹਮਣੇ ਲਿਆਂਦਾ ਤਾਂ ਸੰਤ ਕੋਢੀ ਨੇ ਉਸ ਨੂੰ ਇੰਤਜਾਰ ਕਰਨ ਲਈ ਕਿਹਾ,ਫਿਰ ਬੜੇ ਹੀ ਗੰਭੀਰ ਹੋ ਕੇ ਰਾਜੇ ਨਾਲ ਗੱਲ ਕੀਤੀ,ਮੈਂ ਮੌਤ ਤੋਂ ਨਹੀ ਡਰਦਾ ਰਾਜਾ ਸਾਹਿਬ,ਪਰ ਕੀ ਤੁਹਾਨੂੰ ਮੇਰੇ ਚਾਰ ਸੱਚਾਂ ਦੀ ਸੱਚਾਈ ਦਾ ਅਹਿਸਾਸ ਨਹੀ ਹੋਇਆ?ਰਾਜਾ ਨਾ ਹੀ ਕਿਸੇ ਦਾ ਮਿੱਤਰ ਹੋ ਸਕਦਾ ਹੈ ਅਤੇ ਨਾ ਹੀ ਕਿਸੇ ਦਾ ਰਖਵਾਲਾ,ਇਹ ਸੱਚ ਨਹੀਤਾਂ ਹੋਰ ਕੀ ਹੈ?ਤੁਸੀ ਮੇਰੀ ਪਤਨੀ ਤੋਂ ਭੇਦ ਲੈ ਲਿਆ ਪਰ ਤੁਸੀ ਆਪਣੀ ਬੁਰਾਈ ਸੁਣ ਕੇ ਅੱਗ-ਬਾਬੂਲਾ ਹੋ ਗਏ।ਆਪਣਾ ਆਪਾ ਗੁਆਉਣ ਤੋਂ ਬਾਅਦ ਮੈਨੂੰ ਫਾਂਸੀ ਦੀ ਸਜਾ ਸੁਣਾ ਦਿੱਤੀ।ਇਸ ਤਰਾਂ ਤੁਸੀ ਨਾ ਤਾਂ ਦੋਸਤੀ ਦੀ ਇੱਜ਼ਤ ਬਰਕਰਾਰ ਰੱਖ ਸਕੇ ਅਤੇ ਨਾ ਹੀ ਤੁਸੀ ਆਪਣੇ ਆਪ ਤੇ ਕਾਬੂ ਰੱਖ ਸਕੇ।
ਇਸ ਦੇ ਨਾਲ ਹੀ ਦੂਸਰਾ ਸੱਚ ਵੀ ਸਾਬਤ ਹੋ ਗਿਆ।ਮੇਰੀ ਦੂਸਰੀ ਪਤਨੀ ਤੋਂ ਪੁੱਤਰ ਮੇਰੀ ਮੌਤ ਦੀ ਖਬਰ ਸੁਣ ਕੇ ਦੁਖੀ ਨਹੀ ਹੋਇਆ। ਇੱਛਾ ਦੀ ਚਿੰਤਾਂ ਨੇ ਉਸ ਨੂੰ ਪਾਗਲ ਬਣਾ ਦਿੱਤਾ।ਦੇਖੋ,ਵਸੀਅਤ ਮਿਲਦਿਆਂ ਹੀ ਉਹ ਸ਼ਾਂਤ ਹੋ ਗਿਆ।
ਇਸ ਦੇ ਨਾਲ ਹੀ ਤੀਸਰਾ ਸੱਚ,ਪਤਨੀ ਨੂੰ ਕਦੇ ਵੀ ਹਮਰਾਜ ਨਹੀ ਬਣਾਉਣਾ ਚਾਹੀਦਾ।ਮੇਰੀ ਪਤਨੀ ਇਹ ਰਾਜ ਹਾਜ਼ਮ ਨਹੀ ਕਰ ਸਕੀ।ਦੇਖ ਲਓ ਕਿੰਨੀ ਜਲਦੀ ਆਸਾਨੀ ਨਾਲ ਮੇਰਾ ਰਾਜ ਸਾਰਾ ਦੱਸ ਦਿੱਤਾ,ਤਾਂ ਮੇਰੀ ਮੌਤ ਦਾ ਕਾਰਨ ਬਣ ਗਈ।
ਚੌਥਾ ਸੱਚ ਹੈ ਬਜੁਰਗਾਂ ਦੀ ਲੋੜ,ਜਦੋਂ ਬਜੁਰਗਾਂ ਨੇ ਤੁਹਾਨੂੰ ਮੇਰੇ ਕੰਮ ਅਤੇ ਸੇਵਾਵਾਂ ਬਾਰੇ ਜਾਣੂ ਕਰਵਾਇਆ ਅਤੇ ਤੁਹਾਡਾ ਧਿਆਨ ਤੁਹਾਡੀ ਗਲਤੀ ਵੱਲ ਦਵਾਇਆ,ਤਾਂ ਕੀ ਤੁਸੀ ਗੁਸੇ ਵਿੱਚ ਲਏ ਆਪਣੇ ਫੈਸਲੇ ‘ਤੇ ਦੁੱਖੀ ਹੋਏ?ਹੁਣ ਭਾਂਵੇ ਸਾਰਿਆਂ ਦੇ ਸਾਹਮਣੇ ਆਪਣੀ ਗਲਤੀ ਨਾ ਮੰਨੋ ਭਾਂਵੇ ਨਾ ਮੰਨੋ।
ਜਿਵੇਂ ਹੀ ਸੰਤ ਕੋਢੀ ਨੇ ਬੋਲਣਾ ਖਤਮ ਕੀਤਾਂ ਤਾਂ ਰਾਜਾ ਆਪਣੇ ਸੰਘਾਸਣ ਤੋਂ ਝੱਟ ਦੇਣਾ ਉਠਿਆ ਅਤੇ ਦੌੜ ਕੇ ਕੋਢੀ ਦੇ ਪੈਰਾਂ ਵਿੱਚ ਡਿੱਗ ਪਿਆ।ਕੋਢੀ ਤੋਂ ਬਾਰ-ਬਾਰ ਮੁਆਫੀ ਮੰਗਣ ਲੱਗਾ,ਅਤੇ ਨਾਲ ਹੀ ਮਹਾਂਗੁਰੂ ਦੀ ਪਦਵੀ ਦੇ ਕੇ ਉਸ ਨੂੰ ਆਪਣੇ ਰਾਜ ਵਿੱਚ ਨਿਵਾਜ਼ਿਆ ਗਿਆ ਅਤੇ ਲੋਕਾਂ ਨੂੰ ਮਾਰਗਦਰਸ਼ਨ ਕਰਨ ਲਈ ਪ੍ਰੇਰਤ ਕਰਨ ਲੱਗਾ।
ਸੰਤ ਕੋਢੀ ਨੇ ਰਾਜੇ ਦਾ ਇਹ ਪ੍ਰਸਤਾਵ ਨਿਮਰਤਾ ਨਾਲ ਠੁਕਰਾ ਦਿੱਤਾ ਅਤੇ ਕਿਹਾ ਕਿ ਗੱਦੀ ‘ਤੇ ਬੈਠਾ ਸੰਤ ਸੇਵਕ ਨਹੀ ਹੋ ਸਕਦਾ।ਮੈਂ ਜਿੱਥੇ ਵੀ ਹਾਂ ਮੈਨੂੰ ਕਿਰਪਾ ਕਰਕੇ ਉਥੇ ਹੀ ਰਹਿਣ ਦਿਓ।
ਕਹਿੰਦੇ ਹਨ ਕਿ ਉਦੋਂ ਤੋਂ ਹੀ ਅਸਮੌਲ ਨਾਮ ਦਾ ਰਾਜਾ ਲੋਕ ਸੇਵਕ ਬਣ ਗਿਆ ਸੀ।
ਅਮਰਜੀਤ ਚੰਦਰ ਮੌਬਾਇਲ 9417600014 ਲੁਧਿਆਣਾ