ਜ਼ੁਬਾਨ ਦਾ ਰਸ !

ਹਰਮਨਪ੍ਰੀਤ ਸਿੰਘ,

(ਸਮਾਜ ਵੀਕਲੀ)- ਸੰਸਾਰ ਵਿੱਚ ਵਿਚਰਦਿਆਂ ਮਨੁੱਖ ਕੋਲੋਂ ਜਾਣੇ-ਅਣਜਾਣੇ ਵਿੱਚ ਅਨੇਕਾਂ ਗ਼ਲਤੀਆਂ ਹੋ ਜਾਂਦੀਆਂ ਹਨ। ਫਿਰ ਅਸੀਂ ਅਕਸਰ ਕਹਿ ਦਿੰਦੇ ਹਾਂ ਕਿ ‘ਮਨੁੱਖ ਤਾਂ ਗ਼ਲਤੀਆਂ ਦਾ ਪੁਤਲਾ ਹੈ।’ ਮਨੁੱਖ ਕੋਲੋਂ ਜ਼ਿਆਦਾਤਰ ਹੋਈਆਂ ਗ਼ਲਤੀਆਂ ਦੀ ਸ਼ੁਰੂਆਤ ਜ਼ੁਬਾਨ ਤੋਂ ਹੀ ਹੁੰਦੀ ਹੈ। ਕਿਸੇ ਵੀ ਇਨਸਾਨ ਵੱਲੋਂ ਸਾਹਮਣੇ ਵਾਲੇ ਨੂੰ ਆਪਣੀ ਜ਼ੁਬਾਨ ਤੋਂ ਬੋਲੇ ਗਏ ਚੰਗੇ-ਮਾੜੇ ਸ਼ਬਦ ਵਾਪਸ ਤਾਂ ਨਹੀਂ ਹੁੰਦੇ, ਪਰ ਸਮੇਂ ਸਿਰ ਸਾਹਮਣੇ ਵਾਲੇ ਨਾਲ ਸੁਚੱਜੇ ਢੰਗ ਨਾਲ ਗੱਲਬਾਤ ਕਰਨ ਨਾਲ ਜ਼ੁਬਾਨੋਂ ਹੋਈ ਗ਼ਲਤੀ ਸੁਧਾਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾ ਸਕਦੀ ਹੈ ਤਾਂ ਜੋ ਮਨੁੱਖੀ ਰਿਸ਼ਤਿਆਂ ਵਿੱਚ ਕੁੜੱਤਣ ਤੇ ਦਿਲ ਵਿੱਚ ਗ਼ਲਤਫਹਿਮੀ ਘਰ ਨਾ ਕਰ ਸਕੇ। ਇਸ ਲਈ ਇਹ ਬੇਹੱਦ ਜ਼ਰੂਰੀ ਹੋ ਜਾਂਦਾ ਹੈ ਕਿ ਮਨੁੱਖ ਨੂੰ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ।

ਇੱਕ ਸੂਝਵਾਨ ਮਨੁੱਖ ਦਾ ਕਦੀ ਵੀ ਇਹ ਮੰਤਵ ਨਹੀਂ ਹੋਣਾ ਚਾਹੀਦਾ ਕਿ ਉਹ ਆਪਣੇ ਬੋਲੇ ਗਏ ਬੋਲਾਂ ਨਾਲ ਕਿਸੇ ਦਾ ਮਨ ਦੁਖਾਵੇ, ਇਸੇ ਲਈ ਤਾਂ ਕਹਿੰਦੇ ਹਨ, ‘ਪਹਿਲਾਂ ਤੋਲੋ ਫਿਰ ਬੋਲੋ।’ ਇਹ ਜ਼ੁਬਾਨ ਹੀ ਤਾਂ ਹੈ ਜੋ ਮਨੁੱਖ ਨੂੰ ‘ਫਰਸ਼ ਤੋਂ ਅਰਸ਼ ਤੇ ਅਰਸ਼ ਤੋਂ ਫਰਸ਼’ ਤੱਕ ਪਹੁੰਚਾ ਦਿੰਦੀ ਹੈ। ਦੂਜੇ ਪਾਸੇ ਮਨੁੱਖ ਵੱਲੋਂ ਸਲੀਕੇ ਨਾਲ ਬੋਲੇ ਗਏ ਸ਼ਬਦ ਸੁਣਨ ਵਾਲੇ ਮਨੁੱਖ ’ਤੇ ਲੰਬੇ ਸਮੇਂ ਤੱਕ ਆਪਣਾ ਚੰਗਾ ਪ੍ਰਭਾਵ ਛੱਡ ਜਾਂਦੇ ਹਨ। ਕੋਈ ਵੀ ਮਨੁੱਖ ਆਚਰਣ ਪੱਖੋਂ ਕਿੰਨਾ ਹੀ ਉੱਚਾ ਕਿਉਂ ਨਾ ਹੋਵੇ, ਜੇਕਰ ਉਸ ਦੀ ਜ਼ੁਬਾਨ ਵਿੱਚ ਰਸ ਨਹੀਂ, ਸਲੀਕਾ ਨਹੀਂ ਤਾਂ ਉਸ ਦੇ ਸਮਾਜ ਵਿੱਚ ਵਿਚਰਦਿਆਂ ਲੋਕਾਂ ਨਾਲ ਸਬੰਧ ਸੁਖਾਵੇਂ ਨਹੀਂ ਹੋ ਸਕਦੇ। ਮਨੁੱਖ ਆਪਣੇ ਮਨ ਦੀਆਂ ਭਾਵਨਾਵਾਂ ਦੂਜੇ ਮਨੁੱਖ ਤੱਕ ਬੋਲਚਾਲ ਰਾਹੀਂ ਹੀ ਪ੍ਰਗਟ ਕਰਦਾ ਹੈ। ਭਾਸ਼ਾ ਕੋਈ ਵੀ ਸਕਦੀ ਹੈ, ਪਰ ਮਾਅਨੇ ਇਹ ਰੱਖਦਾ ਹੈ ਕਿ ਬੋਲੇ ਗਏ ਸ਼ਬਦ ਚੰਗੇ ਸਨ ਜਾਂ ਮਾੜੇ। ਅਕਸਰ ਕਿਹਾ ਜਾਂਦਾ ਹੈ ਕਿ ‘ਮਾੜਾ ਬੋਲ ਨਾ ਬੋਲੀਏ, ਕਰਤਾਰੋਂ ਡਰੀਏ’ ਸੋ ਕਰਤਾਰ ਯਾਨੀ ਕਿ ਪਰਮਾਤਮਾ ਦਾ ਡਰ ਮਨ ਵਿੱਚ ਵਸਾ ਕੇ ਮਾੜਾ ਬੋਲ ਨਹੀਂ ਬੋਲਣਾ ਚਾਹੀਦਾ। ਮਾੜਾ ਬੋਲ ਬੋਲਣ ਨਾਲੋਂ ਤਾਂ ਕਿਤੇ ਚੰਗਾ ਹੈ ਚੁੱਪ ਰਹਿਣਾ ਤਾਂ ਹੀ ਕਿਹਾ ਜਾਂਦਾ ਹੈ ‘ਇੱਕ ਚੁੱਪ ਸੌ ਸੁੱਖ।’

ਕਈ ਮਨੁੱਖ ਮਾੜਾ ਬੋਲ ਬੋਲਣ ਕਾਰਨ ਆਪਣੇ ਆਪ ਨੂੰ ਕਈ ਤਰ੍ਹਾਂ ਦੀਆਂ ਮੁਸੀਬਤਾਂ ਵਿੱਚ ਫਸਾ ਬੈਠਦੇ ਹਨ। ਮਾੜਾ ਬੋਲ ਬੋਲਣ ਵਾਲੇ ਤੋਂ ਲੋਕ ਅਕਸਰ ਪਾਸਾ ਵੱਟ ਜਾਂਦੇ ਹਨ। ਅਜਿਹੇ ਮਨੁੱਖ ਦੇ ਅਕਸਰ ਬਣਦੇ ਕੰਮ ਮਾੜੀ ਬੋਲਬਾਣੀ ਕਾਰਨ ਵਿਗੜਦਿਆਂ ਦੇਰ ਨਹੀਂ ਲੱਗਦੀ। ਸਿਆਣੇ, ਸੂਝਵਾਨ ਇਨਸਾਨ ਵਿੱਚ ਬੈਠਾ ਮੂਰਖ ਮਨੁੱਖ ਵੀ ਉਦੋਂ ਤੱਕ ਹੀ ਸਿਆਣਾ ਤੇ ਸੂਝਵਾਨ ਹੁੰਦਾ ਹੈ, ਜਦੋਂ ਤੱਕ ਉਸ ਦੀ ਜ਼ੁਬਾਨ ਬੰਦ ਰਹਿੰਦੀ ਹੈ।
ਪੁਰਾਤਨ ਸਮਿਆਂ ਤੋਂ ਹੀ ਬੋਲਬਾਣੀ ਨਾਲ ਸਬੰਧਤ ਅਨੇਕਾਂ ਕਥਾ, ਕਹਾਣੀਆਂ ਤੇ ਕਿੱਸੇ ਪ੍ਰਚੱਲਿਤ ਹਨ। ਕਹਿੰਦੇ ਹਨ ਕਿ ਪੁਰਾਤਨ ਸਮਿਆਂ ਵਿੱਚ ਸਫ਼ਰ ’ਤੇ ਨਿਕਲੇ ਮੁਸਾਫ਼ਿਰ ਕੋਈ ਢੁੱਕਵਾਂ ਸਾਧਨ ਨਾ ਹੋਣ ਕਾਰਨ ਪੈਦਲ ਹੀ ਨਿਕਲ ਪੈਂਦੇ ਸਨ। ਰਸਤੇ ਵਿੱਚ ਕੋਈ ਵੀ ਢੁੱਕਵੀਂ ਥਾਂ ’ਤੇ ਰੁਕਦੇ ਤੇ ਆਰਾਮ ਕਰਕੇ ਅਗਲੇ ਸਫ਼ਰ ਦਾ ਪੈਂਡਾ ਤੈਅ ਕਰਨ ਲਈ ਤੁਰ ਪੈਂਦੇ। ਜ਼ਿਆਦਾਤਰ ਮੁਸਾਫ਼ਿਰ ਸਫ਼ਰ ਦੌਰਾਨ ਆਪਣੀ ਭੁੱਖ ਮਿਟਾਉਣ ਲਈ ਆਪਣਾ ਖਾਣ-ਪੀਣ ਦਾ ਸਾਮਾਨ ਨਾਲ ਹੀ ਰੱਖਦੇ ਤੇ ਜੇਕਰ ਖਾਣ-ਪੀਣ ਦਾ ਸਾਮਾਨ ਸਫ਼ਰ ਦੌਰਾਨ ਮੁੱਕ ਜਾਂਦਾ ਤਾਂ ਉਨ੍ਹਾਂ ਸਮਿਆਂ ਵਿੱਚ ਭੁੱਖੇ ਰਾਹੀਆਂ ਨੂੰ ਲੋਕ ਵੀ ਭੋਜਨ ਛਕਾਉਣਾ ਚੰਗਾ ਮੰਨਦੇ ਸਨ। ਇਸੇ ਤਰ੍ਹਾਂ ਇੱਕ ਵਾਰ ਕੋਈ ਮੁਸਾਫ਼ਿਰ ਜੰਗਲ-ਬੇਲਿਆਂ, ਸ਼ਹਿਰਾਂ-ਕਸਬਿਆਂ ਵਿੱਚੋਂ ਹੁੰਦਾ ਹੋਇਆ ਆਪਣੀ ਮੰਜ਼ਿਲ ਵੱਲ ਵਧ ਰਿਹਾ ਸੀ। ਆਪਣੇ ਸਫ਼ਰ ਦਾ ਕਾਫ਼ੀ ਪੈਂਡਾ ਤੈਅ ਕਰਨ ਮਗਰੋਂ ਉਸ ਕੋਲ ਆਪਣੀ ਭੁੱਖ ਮਿਟਾਉਣ ਲਈ ਰੱਖਿਆ ਭੋਜਨ ਖ਼ਤਮ ਹੋ ਚੁੱਕਿਆ ਸੀ। ਆਪਣੀ ਭੁੱਖ ਮਿਟਾਉਣ ਲਈ ਉਹ ਜਦੋਂ ਇੱਕ ਪਿੰਡ ਵਿੱਚ ਵੜਿਆ ਤਾਂ ਇੱਕ ਘਰ ਦਾ ਛੋਟਾ ਜਿਹਾ ਦਰਵਾਜ਼ਾ ਖੁੱਲ੍ਹਾ ਦੇਖ ਕੇ ਕੁੱਝ ਖਾਣ ਲਈ ਆਵਾਜ਼ ਲਗਾਈ ਤਾਂ ਉਸ ਘਰ ਵਿੱਚ ਰਹਿੰਦੀ ਇੱਕ ਬਜ਼ੁਰਗ ਮਾਈ ਨੇ ਉਸ ਨੂੰ ਘਰ ਅੰਦਰ ਆਉਣ ਲਈ ਕਿਹਾ ਤਾਂ ਉਹ ਭੁੱਖਾ ਮੁਸਾਫ਼ਿਰ ਘਰ ਦੇ ਛੋਟੇ ਜਿਹੇ ਦਰਵਾਜ਼ੇ ਵਿੱਚੋਂ ਅੰਦਰ ਲੰਘ ਕੇ ਵਿਹੜੇ ਵਿੱਚ ਜਾ ਬੈਠਾ। ਬਜ਼ੁਰਗ ਮਾਈ ਨੇ ਉਸ ਨੂੰ ਪਾਣੀ ਪਿਲਾਉਣ ਤੋਂ ਬਾਅਦ ਉਸ ਲਈ ਚੁੱਲ੍ਹੇ ’ਤੇ ਪੱਕਣ ਲਈ ਚੌਲ ਧਰ ਦਿੱਤੇ।

ਮੁਸਾਫ਼ਿਰ ਬਜ਼ੁਰਗ ਮਾਈ ਨਾਲ ਗੱਲੀਂ ਲੱਗ ਗਿਆ ਤੇ ਗੱਲਾਂ ਕਰਦੇ-ਕਰਦੇ ਉਸ ਦੀ ਨਜ਼ਰ ਘਰ ਦੇ ਵਿਹੜੇ ਵਿੱਚ ਬੰਨ੍ਹੀ ਮੱਝ ’ਤੇ ਜਾ ਪਈ। ਉਸ ਮੁਸਾਫ਼ਿਰ ਦੀ ਜ਼ੁਬਾਨ ਤੋਂ ਕੁਝ ਅਜਿਹੇ ਸ਼ਬਦ ਬੋਲੇ ਗਏ ਜੋ ਬਜ਼ੁਰਗ ਮਾਈ ਨੂੰ ਬੇਹੱਦ ਦੁਖੀ ਕਰ ਗਏ। ਮੱਝ ਦੇਖ ਕੇ ਉਸ ਮੁਸਾਫ਼ਿਰ ਨੇ ਕਿਹਾ, ‘ਮਾਈ ਜੇ ਤੁਹਾਡੇ ਵਿਹੜੇ ਵਿੱਚ ਬੰਨ੍ਹੀ ਮੱਝ ਮਰ ਜਾਵੇ ਤਾਂ ਤੂੰ ਇਸ ਨੂੰ ਘਰ ਤੋਂ ਬਾਹਰ ਇਸ ਛੋਟੇ ਜਿਹੇ ਦਰਵਾਜ਼ੇ ਵਿੱਚੋਂ ਬਾਹਰ ਕਿਵੇਂ ਕੱਢੇਂਗੀ।’ ਉਸ ਮੁਸਾਫ਼ਿਰ ਦੀ ਜ਼ੁਬਾਨ ਤੋਂ ਇਹ ਮਾੜੇ ਬੋਲ ਨਿਕਲਣ ਦੀ ਦੇਰ ਸੀ ਕਿ ਬਜ਼ੁਰਗ ਮਾਈ ਨੇ ਚੁੱਲ੍ਹੇ ’ਤੇ ਪੱਕਣ ਲਈ ਧਰੇ ਚੌਲ ਜੋ ਅਜੇ ਅੱਧ ਪੱਕੇ ਹੀ ਸਨ, ਚੁੱਲ੍ਹੇ ਤੋਂ ਲਾਹ ਕੇ ਉਸ ਮੁਸਾਫ਼ਿਰ ਦੀ ਗਠੜੀ ਵਿੱਚ ਪਾ ਕੇ ਉਸ ਨੂੰ ਘਰੋਂ ਬਾਹਰ ਦਾ ਰਸਤਾ ਦਿਖਾ ਦਿੱਤਾ। ਹੁਣ ਜਦੋਂ ਉਹ ਮੁਸਾਫ਼ਿਰ ਰਸਤੇ ਵਿੱਚ ਤੁਰਿਆ ਜਾ ਰਿਹਾ ਸੀ ਤਾਂ ਜਿਸ ਗਠੜੀ ਵਿੱਚ ਉਸ ਬਜ਼ੁਰਗ ਮਾਈ ਨੇ ਅੱਧ ਪੱਕੇ ਚੌਲ ਪਾਏ ਸਨ, ਉਸ ਵਿੱਚੋਂ ਪਾਣੀ ਚੋਅ ਰਿਹਾ ਸੀ। ਜਦੋਂ ਲੋਕਾਂ ਨੇ ਉਸ ਦੀ ਗਠੜੀ ਵਿੱਚੋਂ ਚੋਅ ਰਹੇ ਪਾਣੀ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ, ‘ਇਹ ਮੇਰੀ ਜ਼ੁਬਾਨ ਦਾ ਰਸ ਚੋਅ ਰਿਹਾ ਹੈ।’ ਇੰਨਾ ਕਹਿ ਕੇ ਉਹ ਮੁਸਾਫ਼ਿਰ ਆਪਣੀ ਮੰਜ਼ਿਲ ਵੱਲ ਨੂੰ ਚੱਲ ਪਿਆ। ਸੋ ਬਿਨਾਂ ਸੋਚੇ-ਸਮਝੇ ਮਾੜੇ ਬੋਲ ਬੋਲਣ ਨਾਲੋਂ ਸੋਚ-ਸਮਝ ਕੇ ਬੋਲੇ ਬੋਲ ਮਨੁੱਖ ਨੂੰ ਅਨੇਕਾਂ ਮੁਸ਼ਕਿਲਾਂ ਤੋਂ ਬਚਾ ਸਕਦੇ ਹਨ।

ਹਰਮਨਪ੍ਰੀਤ ਸਿੰਘ,
ਸਰਹਿੰਦ, ਜ਼ਿਲ੍ਹਾ: ਫ਼ਤਹਿਗੜ੍ਹ ਸਾਹਿਬ,
ਸੰਪਰਕ: 98550 10005

 

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੁਆਇੰਟ ਐਕਸ਼ਨ ਕਮੇਟੀ ਸਿਹਤ ਦੇ ਸੱਦੇ ਤੇ ਗੇਟ ਰੈਲੀਆਂ ਆਯੋਜਿਤ
Next articleਕਮੀਆਂ