ਪੱਕੇ ਹੋਣ ਤੱਕ ਦਾ ਸਫ਼ਰ

(ਸਮਾਜ ਵੀਕਲੀ)

-ਸੱਚ ਤੇ ਅਧਾਰਤ

ਗਦਰੀਆਂ ਦੇ ਪਿੰਡ ਖੁਰਦਪੁਰ ਜਨਮਿਆ ਮੈਂ,
ਦੋ ਸਾਲ ਦਾ ਸੀ ਬਾਪ ਆਖਰੀ ਸਾਹ ਲੀਤੀ l

ਮੇਰੇ ਛੋਟੇ ਹੁੰਦਿਆਂ ਤੋਂ ਸੀ ਮਾਂ ਬਿਮਾਰ ਰਹਿੰਦੀ,
ਭਰਾ ਭਰਜਾਈ ਨੇ ਸਾਂਭ ਸੰਭਾਲ ਕੀਤੀ l

ਭਰਾ ਭਰਜਾਈ ਪੁੱਤ ਬਣਾ ਪਾਲਿਆ ਮੈਨੂੰ,
ਖੂਬਸੂਰਤ ਪਿਆਰ ਦੀ ਕਾਇਮ ਮਿਸਾਲ ਕੀਤੀ l

ਇੱਕ ਕਮਾਈ ਵਾਲਾ ਛੇ ਜਣੇ ਸੀ ਖਾਣ ਵਾਲੇ,
ਭਰਾ ਕਿਸੇ ਚੀਜ਼ ਦੀ ਕਮੀ ਨਾ ਰਹਿਣ ਦਿੱਤੀ l

ਭਤੀਜਾ ਭਤੀਜੀ ਬਣ ਗਏ ਭਰਾ ਭੈਣ ਮੇਰੇ,
ਆਪਸ ਵਿੱਚ ਨਾ ਸੀ ਕਦੇ ਫਰਕ ਕੀਤੀ l

ਇੱਕੋ ਜਿਹੇ ਕੱਪੜੇ ਪਾ ਪਾਲਿਆ ਸਾਨੂੰ,
ਆਪੋ ਵਿੱਚ ਨਹੀਂ ਕਦੇ ਲੜਾਈ ਕੀਤੀ l

ਪੜ੍ਹਾਈ ਸ਼ੁਰੂ ਕੀਤੀ ਆਪਣੇ ਪਿੰਡ ਵਿੱਚੋਂ,
ਦਸਵੀਂ ਪਹਿਲੇ ਦਰਜ਼ੇ’ਚ ਆਦਮਪੁਰੋਂ ਕੀਤੀ l

ਨੌਕਰੀਆਂ ਕਈ ਥਾਵਾਂ ਤੇ ਪੁੱਛੀਆਂ ਮੈਂ,
ਕਿਸੇ ਅਫ਼ਸਰ ਨੇ ਨਹੀਂ ਸੀ ਹਾਂ ਕੀਤੀ l

ਕੰਮ ਛਾਪੇਖਾਨੇ ਦਾ ਸਿੱਖਣਾ ਸ਼ੁਰੂ ਕੀਤਾ,
ਆਦਮਪੁਰ ਸ਼ਹਿਰ’ਚ ਪ੍ਰਿੰਟਿੰਗ ਪ੍ਰੈੱਸ ਲਾ ਦਿੱਤੀ l

ਹਲਾਤ ਪੰਜਾਬ ਦੇ ਉਦੋਂ ਸਨ ਬੜੇ ਭੈੜੇ,
ਕਿਸੇ ਨੌਜਵਾਨਾਂ ਦੀ ਨਹੀਂ ਸਾਰ ਲੀਤੀ l

ਮਜ਼ਬੂਰੀ ਖਾਤਰ ਵਿਦੇਸ਼ ਦਾ ਕੀਤਾ ਫੈਸਲਾ,
ਦੋਸਤ ਦੀ ਚਾਚੀ ਨੇ ਰਾਹਦਾਰੀ ਦਿੱਤੀ l

ਖੁਦ ਹੀ ਦਿੱਲੀ ਤੋਂ ਇਮੀਗ੍ਰੇਸ਼ਨ ਕਰਵਾ,
ਵੀਜ਼ਾ ਲੈ ਨਿਊਜ਼ੀਲੈਂਡ ਦੀ ਭਰ ਉਡਾਣ ਲੀਤੀ l

ਚਾਰ ਹੋਰਾਂ ਨਾਲ ਔਕਲੈਂਡ ਪਹੁੰਚਿਆ ਮੈਂ,
ਅੱਗੇ ਜਾਣ ਲਈ ਸੀ ਟੈਕਸੀ ਕਰ ਲੀਤੀ l

ਅੰਗਰੇਜ਼ੀ ਭਾਸ਼ਾ ਸਾਨੂੰ ਬੋਲਣੀ ਘੱਟ ਆਵੇ,
ਇਸ਼ਾਰਿਆਂ ਨਾਲ ਡਰਾਈਵਰ ਗੱਲ ਕੀਤੀ l

ਪਹਿਲੀ ਵਾਰ ਡਰਾਈਵਰ ਸਰ ਆਖਿਆ,
ਪੰਜਾਬ ਵਿੱਚ ਸੀ ਅਫਸਰਾਂ ਓਏ ਓਏ ਕੀਤੀ l

ਸਮਾਨ ਡਰਾਈਵਰ ਟੈਕਸੀ ਵਿੱਚ ਰੱਖ,
ਟੈਕਸੀ ਸੀ ਸਫ਼ਰ ਤੇ ਤੋਰ ਲੀਤੀ l

ਭੇਡਾਂ ਹੀ ਭੇਡਾਂ ਦਿਸਣ ਚਾਰੇ ਪਾਸੇ,
ਗਾਵਾਂ ਫਾਰਮਾਂ ਦੀ ਖੂਬਸੂਰਤੀ ਸੀ ਵਧਾ ਦਿੱਤੀ l

ਵਿਰਲੇ ਵਿਰਲੇ ਖੇਤ ਸੀ ਸਬਜ਼ੀਆਂ ਦੇ ,
ਬਾਗ ਲਾ ਕੇ ਮੁਲਕ ਨੇ ਕਰ ਕਮਾਲ ਦਿੱਤੀ l

ਹਰਾ ਹਰਾ ਘਾਹ ਦਿਸੇ ਫਾਰਮਾਂ ਪਹਾੜੀਆਂ ਤੇ,
ਪਲੂਸ਼ਨ ਇਨ੍ਹਾਂ ਬਾਹਲੀ ਹੀ ਘਟਾ ਦਿੱਤੀ l

ਆਪਣੀ ਹੀ ਲਾਈਨ ਵਿੱਚ ਗੱਡੀਆਂ ਚੱਲਣ,
ਹੌਰਨ ਕਿਸੇ ਗੱਡੀ ਦੇ ਨਾ ਆਵਾਜ਼ ਦਿੱਤੀ l

ਨਾ ਕੋਈ ਕੁੱਤਾ, ਬਿੱਲਾ ਦਿਸੇ ਸੜਕਾਂ ਤੇ,
ਪਛੂਆਂ ਦੀ ਸੀ ਫਾਰਮਾਂ ਵਿੱਚ ਸੰਭਾਲ ਕੀਤੀ l

ਨਾ ਕੂੜਾ ਕਰਕਟ ਨਾ ਕੋਈ ਟੋਆ ਸੜਕ ਤੇ,
ਸਫਾਈ ਮੁਲਕ ਨੇ ਸੀ ਬੇਮਿਸਾਲ ਕੀਤੀ l

ਭਾਵੇਂ ਮੁਲਕ ਦੇਖਣ ਨੂੰ ਲੱਗੇ ਬਹੁਤ ਸੋਹਣਾ,
ਮੇਰੀਆਂ ਅੱਖਾਂ ਸਿਰਫ ਦਿਹਾੜੀ ਤਲਾਸ਼ ਕੀਤੀ l

ਨਾ ਰਿਸ਼ਤੇਦਾਰ, ਨਾ ਬੋਲੀ, ਨਾ ਕਾਰ ਆਵੇ,
ਰਿਹਾਇਸ਼ ਦੀ ਮੁਸੀਬਤ ਕਿਸੇ ਨਾ ਹੱਲ ਕੀਤੀ l

ਜਦੋਂ ਪੇਸ਼ ਕੋਈ ਨਾ ਦੇਖੀ ਚੱਲਦੀ,
ਬਾਗ ਵਿੱਚ ਲੱਗੇ ਤੰਬੂ’ਚ ਸੁੱਟ ਰਜ਼ਾਈ ਲੀਤੀ l

ਕੜਾਕੇ ਦੀ ਸਰਦੀ, ਹੀਟਰ ਨਾ ਗਰਮ ਪਾਣੀ,
ਬਰਫ਼ ਵਰਗੇ ਪਾਣੀ ਨਾਲ ਨਹਾਈ ਕੀਤੀ l

ਆਟਾ ਮੁੱਕਿਆ ਤੰਬੂਆਂ ਵਿੱਚ ਕਈ ਵਾਰੀ,
ਬਾਗ ਵਿੱਚੋਂ ਫਲ ਖਾ ਕੇ ਭੁੱਖ ਮਿਟਾਈ ਕੀਤੀ l

ਤੰਬੂਆਂ ਵਿੱਚ ਪੰਜਾਬੀ ਸੀ ਬਹੁਤ ਮਿਲੇ,
ਜਿਨ੍ਹਾਂ ਸਵਰਗ’ਚ ਜਾਣ ਦੀ ਸੀ ਆਸ ਕੀਤੀ l

ਸੁੱਖਾਂ ਸੁੱਖੀਆਂ ਉਨ੍ਹਾਂ ਪੰਜਾਬੋਂ ਤੁਰਨ ਵੇਲੇ,
ਕਿਸੇ ਰੱਬ ਨੇ ਨਹੀਂ ਸੀ ਸਾਰ ਲੀਤੀ l

ਦੁੱਖ ਕਈਆਂ ਨੇ ਸਾਂਝੇ ਕੀਤੇ ਨਾਲ ਮੇਰੇ,
ਦੱਸਿਆ ਕਿਵੇਂ ਉਨ੍ਹਾਂ ਦੀ ਏਜੇਂਟਾਂ ਲੁੱਟ ਕੀਤੀ?

ਲੁਕ ਛਿਪ ਕੇ ਦਿਹਾੜੀਆਂ ਕਰਨ ਲੱਗੇ,
ਮੁਲਕ ਨੇ ਕੰਮ ਕਰਨ ਦੀ ਨਾ ਆਗਿਆ ਦਿੱਤੀ l

ਕਈ ਪੰਜਾਬੀਆਂ ਦਿਹਾੜੀ ਦੇ ਪੈਸੇ ਮਾਰੇ,
ਭਗਤੀ ਭਾਵੇਂ ਰੱਬ ਦੀ ਉਨ੍ਹਾਂ ਸਵੇਰ ਸ਼ਾਮ ਕੀਤੀ l

ਡਿਗਦੇ ਢਹਿੰਦੇ ਸਾਲ ਸੀ ਪੂਰਾ ਇੱਕ ਹੋਇਆ,
ਵੀਜ਼ਾ ਦੇਣ ਤੋਂ ਮੁਲਕ ਨੇ ਝੰਡੀ ਲਾਲ ਕੀਤੀ l

ਵਿਜ਼ਟਰ ਵੀਜ਼ਾ ਮੁੱਕਿਆ ਓਵਰਸਟੇ ਹੋ ਗਏ,
ਸੜਕਾਂ ਤੇ ਗੱਡੀਆਂ ਵਿੱਚ ਸੌਣ ਦੀ ਠਾਣ ਲੀਤੀ l

ਫਲ ਫਰੂਟ ਦਾ ਕੰਮ ਨਾ ਛੱਡਿਆ ਕੋਈ,
ਸਬਜ਼ੀਆਂ ਦੇ ਕੰਮ ਕਰਕੇ ਰੋਟੀ ਚਲਾ ਲੀਤੀ l

ਕੀਵੀ ਦੀ ਪਰੂਨਿੰਗ, ਥਿਨਿੰਗ, ਗਰਡਲਿੰਗ,
ਸ਼ਰਤਾਂ ਲਾ ਲਾ ਕੇ ਤੁੜ੍ਹਾਈ ਕੀਤੀ l

ਪੈਕਹਾਊਸਾਂ ਵਿੱਚ ਗਰੇਡਿੰਗ ਤੇ ਸਟੈਕਿੰਗ,
ਟਰੇਆਂ ਦੀ ਬਣਾਈ ਦਿਨ ਰਾਤ ਕੀਤੀ l

ਵੈਨਾਂ, ਟਰੈਕਟਰ, ਟਰਾਲੇ, ਹਾਈਡਰਾਲੈਡਾ,
ਫੋਰਕ ਲਿਫਟਾਂ ਦੀ ਬੜੀ ਚਲਾਈ ਕੀਤੀ l

ਕਾਰਾਂ ਵੇਚੀਆਂ, ਖਿਡੌਣੇ ਤੇ ਸੂਟ ਵੇਚੇ,
ਘਰਾਂ’ਚ ਘਾਹ ਕੱਟਣ ਦੀ ਨਹੀਂ ਸ਼ਰਮ ਕੀਤੀ l

ਗੱਡੀਆਂ ਦੀ ਸਰਵਿਸ ਕੀਤੀ ਨਾਲੇ ਚਿੱਬ ਕੱਢੇ,
ਕੰਮ ਕਿਸੇ ਪ੍ਰਤੀ ਮਾੜੀ ਨਾ ਨੀਤ ਕੀਤੀ l

ਤੂਫ਼ਾਨ ਤੇ ਹਨੇਰੀਆਂ ਬਹੁਤ ਵਾਰ ਝੁੱਲੀਆਂ,
ਬਰਸਾਤਾਂ ਤੋਂ ਡਰ ਕੇ ਨਾ ਛੁੱਟੀ ਕੋਈ ਕੀਤੀ l

ਨੱਠਦਿਆਂ ਭੱਜਦਿਆਂ ਕਈ ਸਾਲ ਲੰਘੇ,
ਮੈਨੇਜਰ ਦੀ ਨੌਕਰੀ ਫਿਰ ਹਾਸਲ ਕੀਤੀ l

ਠੇਕੇਦਾਰ ਗੋਰਿਆਂ ਬੜਾ ਵਿਰੋਧ ਕੀਤਾ,
ਮੈਨੇਜਰ ਦੀ ਨੌਕਰੀ ਜਦ ਉੱਚੀ ਸ਼ਾਨ ਕੀਤੀ l

ਕਹਿਣ ਸਦੀਆਂ ਤੋਂ ਭਾਰਤੀ ਰਹੇ ਗੁਲਾਮ ਸਾਡੇ,
ਇਸ ਭਾਰਤੀ ਨੂੰ ਕਿਉਂ ਸਰਦਾਰੀ ਦਿੱਤੀ?

ਦੰਦਾਂ ਹੇਠ ਫਿਰ ਜੀਭ ਗੋਰਿਆਂ ਲੈ ਲਈ ਸੀ,
ਕੱਢ ਫਸਲ ਦਾ ਝਾੜ੍ਹ ਜਦ ਕਰ ਕਮਾਲ ਦਿੱਤੀ l

ਅੱਜ ਤੱਕ ਗੋਰਿਆਂ ਅੱਖ ਨਹੀਂ ਮਿਲਾਈ,
ਫਸਲ ਵੱਧ ਕੱਢ ਜਦੋਂ ਦੀ ਨੀਵੀਂ ਪੁਆ ਦਿੱਤੀ l

ਸੰਨ 98 ਜਦੋਂ ਚੜ੍ਹਿਆ ਵਿਚੋਲੇ ਜਸਵੀਰ ਨੇ,
ਮੇਰੇ ਵਿਆਹ ਦੀ ਗੱਲ ਸੀ ਤੋਰ ਲੀਤੀ l

ਮੁੰਡਾ ਤਰਕਸ਼ੀਲ ਹੈ ਜਾਤ ਪਾਤ ਮੰਨਦਾ ਨਹੀਂ,
ਅਖੌਤੀ ਰੱਬ ਦੀ ਉਸ ਨਾ ਕਦੇ ਭਾਲ ਕੀਤੀ l

ਮੱਥਾ ਟੇਕਦਾ ਨਹੀਂ ਉਹ ਥਾਂ ਥਾਂ ਜਾ ਕੇ
ਸਿਰ ਚੁੱਕ ਜੀਣ ਦੀ ਹਮੇਸ਼ਾਂ ਉਸ ਮੰਗ ਕੀਤੀ l

ਨਰਕ ਸਵਰਗ ਵਿੱਚ ਯਕੀਨ ਨਾ ਉਸ ਨੂੰ,
ਧਰਤੀ ਨੂੰ ਸਵਰਗ ਬਣਾਉਣ ਦੀ ਗੱਲ ਕੀਤੀ l

ਹੱਥਾਂ ਦੀਆਂ ਲਕੀਰਾਂ ਤੇ ਨਾ ਯਕੀਨ ਕਰਦਾ,
ਮਿਹਨਤ ਨਾਲ ਉਸ ਹਰ ਮੰਜ਼ਿਲ ਸਰ ਕੀਤੀ l

ਔਕੜਾਂ ਦੇ ਅੱਗੇ ਚਟਾਨ ਬਣ ਖੜਦਾ,
ਨਾਂਹ ਪੱਖੀ ਨਾ ਉਸ ਨੇ ਕਦੇ ਸੋਚ ਕੀਤੀ l

ਨਾ ਬਹੁਤੀ ਪੜ੍ਹਾਈ ਨਾ ਡਿਗਰੀ ਕੋਲ ਉਸਦੇ,
ਮੈਨੇਜਰ ਦੀ ਜੌਬ ਫਿਰ ਵੀ ਉਸ ਹਾਸਲ ਕੀਤੀ l

ਇੱਕ ਛੋਟੀ ਜਿਹੀ ਕੀਵੀਫਰੂਟ ਕੰਪਨੀ,
ਔਕਲੈਂਡ ਦੀ ਸਭ ਤੋਂ ਵੱਡੀ ਉਸ ਬਣਾ ਦਿੱਤੀ l

ਚੰਗੀ ਤਨਖਾਹ ਤੇ ਨੌਕਰੀ ਉਹ ਕਰਦਾ,
ਡਾਕਟਰਾਂ ਇੰਜੀਨੀਅਰਾਂ ਨੂੰ ਉਸ ਮਾਤ ਦਿੱਤੀ l

ਕਾਮੇ ਕਈ ਮੁਲਕਾਂ ਦੇ ਨਾਲ ਕੰਮ ਕਰਦੇ,
ਉੱਚੀ ਸ਼ਾਨ ਪੰਜਾਬੀਆਂ ਦੀ ਹੈ ਕੀਤੀ l

ਨਕਲ ਕਰਨ ਦੀ ਨਾ ਆਦਤ ਉਸ ਨੂੰ,
ਵੱਖਰੇ ਰਾਹਵਾਂ ਦੀ ਉਸ ਸ਼ੁਰੂਆਤ ਕੀਤੀ l

ਨਾ ਜੂਆ ਖੇਡੇ ਨਾ ਨਸ਼ੇ ਪੱਤੇ ਕਰਦਾ,
ਉਸ ਇਨਸਾਨੀਅਤ ਹਮੇਸ਼ਾਂ ਜਿੰਦਾਬਾਦ ਕੀਤੀ l

ਕੁੜੀ ਵਾਲੇ ਅਨੋਖੇ ਗੁਣ ਸੁਣ ਹੈਰਾਨ ਹੋ ਗਏ,
ਕੁੱਝ ਸੋਚ ਵਿਚਾਰ ਕਰ ਉਨ੍ਹਾਂ ਹਾਂ ਕੀਤੀ l

ਖੁਦ ਹਾਲੇ ਵੀ ਓਵਰਸਟੇ ਸੀ ਮੈਂ,
ਉੱਤੋਂ ਸ਼ਾਦੀ ਵੀ ਓਵਰਸਟੇ ਦੇ ਨਾਲ ਕੀਤੀ l

ਭਾਬੀ ਜੀ ਕਨੇਡਾ ਤੋਂ ਵਿਆਹ ਕਰਨ ਆਏ,
ਮਿੱਤਰਾਂ ਹੀ ਰਲ ਵਿਆਹ ਦੀ ਤਿਆਰੀ ਕੀਤੀ l

ਵਿਆਹ ਸੀ ਓਵਰਸਟੇ ਨਾਲ ਹੋਇਆ,
ਉੱਤੋਂ ਸ਼ਾਦੀ ਵੀ ਬਿਨਾਂ ਦਾਜ ਦਹੇਜ ਕੀਤੀ l

ਮਿੱਤਰਾਂ ਰਲ ਪਾਰਟੀ ਤੇ ਅਖਾੜਾ ਲਾਇਆ,
ਗੋਰਿਆਂ ਲੈਕਚਰ ਕਰ ਕੇ ਸੀ ਧੰਨ ਧੰਨ ਕੀਤੀ l

ਜਿੰਦਗੀ’ਚ ਮੌਕਾ ਪਹਿਲੀ ਵਾਰ ਆਇਆ,
ਜਦ ਦੋਸਤਾਂ ਮਿੱਤਰਾਂ ਸੀ ਰਲ ਖੁਸ਼ੀ ਕੀਤੀ l

ਦੋਨੋਂ ਜਣੇ ਕਿਰਾਏ ਤੇ ਘਰ ਲੈ ਰਹਿਣ ਲੱਗੇ,
ਛੋਟਾ ਸੀ ਘਰ ਪਰ ਵੱਡੀ ਸੋਚ ਅਪਣਾ ਲੀਤੀ l

ਸੰਨ 99 ਦਾ ਸੀ ਉਹ ਦਿਨ ਚੰਦਰਾ,
ਇਮੀਗ੍ਰੇਸ਼ਨ ਤੇ ਪੁਲਿਸ ਮੇਰੀ ਗ੍ਰਿਫਤਾਰੀ ਕੀਤੀ l

ਪੁਲਿਸ ਗੱਡੀ’ਚ ਲਿਖਿਆ ਹੁਲੀਆ ਮੇਰਾ,
ਲਗਦਾ ਸੀ ਕਿਸੇ ਪ੍ਰੇਮੀ ਹੀ ਸ਼ਿਕਾਇਤ ਕੀਤੀ l

ਲੋਕ ਭਲਾਈ ਦਾ ਸ਼ਾਇਦ ਫਲ ਮਿਲਿਆ,
ਮਾੜੀ ਤਾਂ ਨਾ ਸੀ ਕਿਸੇ ਨਾਲ ਕੀਤੀ l

ਲੱਗੇ ਸਾਨੂੰ ਉਸ ਦਿਨ ਜਿਵੇੰ ਕੁਦਰਤ ਨੇ,
ਸਾਡੇ ਲਈ ਦਿਨ ਵੇਲੇ ਹੀ ਰਾਤ ਕੀਤੀ l

ਰਾਤ ਸੀ ਪਾਪਾਕੁਰਾ ਪੁਲਿਸ ਥਾਣੇ ਕੱਟੀ,
ਦੂਜੇ ਦਿਨ ਇਮੀਗ੍ਰੇਸ਼ਨ ਮੇਰੀ ਫਲਾਈਟ ਕੀਤੀ l

ਪਤਨੀ ਮਨਜੀਤ ਕੌਰ ਅਟੈਚੀ ਫੜਾ ਦਿੱਤਾ,
ਏਅਰ ਪੋਰਟ ਤੇ ਹੰਝੂਆਂ ਨਾਲ ਵਿਦਾਈ ਦਿੱਤੀ l

ਕਦਰ ਨਿਊਜ਼ੀਲੈਂਡ ਸਰਕਾਰ ਨਾ ਰਤਾ ਪਾਈ,
ਜਵਾਨੀ ਆਪਣੀ ਭਾਵੇਂ ਮੁਲਕ ਦੇ ਨਾਮ ਕੀਤੀ l

ਘਰੋਂ ਬੇਘਰ ਹੋਇਆ ਜਿੰਦਗੀ’ਚ ਕਈ ਵਾਰੀ,
ਕਿਸੇ ਨਹੀਂ ਵਿਦੇਸ਼ ਵਿੱਚ ਮੇਰੀ ਸਾਰ ਲੀਤੀ l

ਮੈਂ ਪੰਜਾਬ ਤੇ ਘਰ ਵਾਲੀ ਨਿਊਜ਼ੀਲੈਂਡ ਵਿੱਚ,
ਹੋਈ ਜਿਵੇੰ ਪਾਕਿਸਤਾਨ ਤੇ ਭਾਰਤ ਵੰਡ ਕੀਤੀ l

ਦਸ ਸਾਲ ਰਹਿ ਕੱਚਾ ਹੀ ਪਿੰਡ ਮੁੜਿਆ,
ਲੋਕ ਕਹਿਣ ਸ਼ਾਦੀ ਗੋਰੀ ਨਾਲ ਕਿਉਂ ਨਾ ਕੀਤੀ?

ਕਰਦਿਆਂ ਕਰਾਉਂਦਿਆਂ ਦੋ ਮਹੀਨੇ ਬੀਤੇ,
ਬੇਟਾ ਜੰਮਿਆ ਨਿਊਜ਼ੀਲੈਂਡ ਬੜੀ ਖੁਸ਼ੀ ਕੀਤੀ l

ਜੰਮਦੇ ਬੇਟੇ ਨੇ ਮਾਂ ਬਾਪ ਨੂੰ ਮਾਤ ਦਿੱਤੀ,
ਪੈਦਾ ਹੁੰਦਿਆਂ ਪੱਕੇ ਹੋਣ ਦੀ ਸ਼ੁਰੂਆਤ ਕੀਤੀ l

ਮੈਨੂੰ ਮੁਲਕੋੰ ਕੱਢਣ ਬਾਦ ਨਾ ਕਾਮਾ ਮਿਲਿਆ,
ਸਰਕਾਰ ਨੇ ਭਾਵੇਂ ਸੀ ਬੜੀ ਭਾਲ ਕੀਤੀ l

ਇਮੀਗ੍ਰੇਸ਼ਨ ਨੂੰ ਗਲਤੀ ਦਾ ਮਗਰੋਂ ਪਤਾ ਲੱਗਾ,
ਦਸ ਸਾਲ ਸੀ ਮੇਰੀ ਜਿੰਦਗੀ ਬਰਬਾਦ ਕੀਤੀ l

ਅੱਕ ਸਰਕਾਰ ਨੇ ਮੇਰੀ ਪਬੰਦੀ ਖਤਮ ਕੀਤੀ,
ਮੁੜ ਨਿਊਜ਼ੀਲੈਂਡ ਆਉਣ ਦੀ ਮੈਨੂੰ ਖੁੱਲ੍ਹ ਦਿੱਤੀ l

ਚਾਰ ਮਹੀਨੇ ਬਾਦ ਟੱਬਰ ਨਾਲ ਮੇਲ ਹੋਇਆ,
ਲੱਗਿਆ ਕੁਦਰਤ ਸਾਡੇ ਲਈ ਪ੍ਰਭਾਤ ਕੀਤੀ l

ਕਈ ਸੋਚਣ ਜਹਾਜੋਂ ਉਤਰਦੇ ਹੀ ਸੁਖ ਮਿਲਿਆ,
ਮੁਸੀਬਤਾਂ ਵੱਲ ਨਾ ਕਦੇ ਨਿਗ੍ਹਾ ਕੀਤੀ l

ਬਿਨਾਂ ਵਕੀਲ ਕੀਤੇ ਕੇਸ ਸੀ ਜਿੱਤਿਆ,
ਕਿਸੇ ਰੱਬ ਅੱਗੇ ਨਾ ਫਰਿਆਦ ਕੀਤੀ l

ਮੁਲਕ’ਚ ਪਹਿਲਾ ਪੰਜਾਬੀ ਬਣਿਆ ਮੈਂ ਜਿਸ,
ਡਿਪੋਰਟੋਂ ਬਾਦ 4 ਮਹੀਨੇ’ਚ ਐਂਟਰੀ ਕੀਤੀ l

ਕਿਸਮਤ ਵਿੱਚ ਲਿਖਿਆ ਨਾ ਕੁੱਝ ਮਿਲਿਆ,
ਮਿਲਿਆ ਜਦੋਂ ਸਰਕਾਰ ਨਾਲ ਜੰਗ ਕੀਤੀ l

ਪੈਂਡਾ ਪਰਦੇਸ ਦਾ ਬੜਾ ਹੀ ਦੁੱਖ ਭਰਿਆ,
ਸੌਖੀ ਨਹੀਂ ਪ੍ਰਾਪਤ ਸਿਟੀਜ਼ਨਸ਼ਿਪ ਕੀਤੀ l

ਮਾਫ ਕਰਿਓ ਜੇ ਰਚਨਾ ਮੈਂ ਵੱਡੀ ਕੀਤੀ ਪਰ,
ਅਵਤਾਰ ਖੁਰਦਪੁਰੀਏ ਦੀ ਇਹੋ ਸੀ ਹੱਡਬੀਤੀ l

-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ਬਦਾਂ ਦਾ ਸ਼ੋਰ
Next articleਕਾਹਦੀ ਏ ਦਿਵਾਲ਼ੀ ਸਾਡੀ