ਵੇਈਂ ਦੀ ਸਫਾਈ ਵਾਤਾਵਰਣ ਦੇ ਪੱਖ ਤੋਂ ਵੱਡਾ ਕਦਮ
ਕਪੂਰਥਲਾ/ ਸੁਲਤਾਨਪੁਰ ਲੋਧੀ, 13 ਅਗਸਤ (ਕੌੜਾ)– ਜਪਾਨ ਤੋਂ ਆਏ 31 ਮੈਂਬਰੀ ਵਫਦ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਵੇਈਂ ਦੇ ਇਤਿਹਾਸ ਬਾਰੇ ਜਾਣਕਾਰੀ ਹਾਸਿਲ ਕੀਤੀ। ਜਪਾਨੀ ਵਫਦ ਉਸ ਵੇਲੇ ਦੰਗ ਰਹਿ ਗਿਆ ਜਦੋਂ 23 ਸਾਲ ਪਹਿਲਾਂ ਇਸ ਇਤਿਹਾਸਿਕ ਵੇਈਂ ਵਿਚ ਵੱਡੇ ਪੱਧਰ ’ਤੇ ਫੈਲੇ ਪ੍ਰਦੂਸ਼ਣ ਬਾਰੇ ਜਾਣਿਆ। ਵਫਦ ਇਸ ਗੱਲੋਂ ਵੀ ਹੈਰਾਨ ਹੋਇਆ ਕਿ ਕਿਵੇਂ ਪੰਜਾਬ ਦੇ ਲੋਕਾਂ ਨੇ ਮਰ ਚੁੱਕੀ ਵੇਈਂ ਨੂੰ ਮੁੜ ਸੁਰਜੀਤ ਕੀਤਾ ਤੇ ਪੰਜਾਬ ਵਿੱਚ ਵਾਤਾਵਰਣ ਨੂੰ ਲੈ ਕੇ ਵੱਡੀ ਚੇਤਨਾ ਜਾਗ੍ਰਿਤ ਕੀਤੀ ਹੈ। ਪਵਿੱਤਰ ਵੇਈਂ ਤੇ ਚਾਰ ਘੰਟੇ ਤੱਕ ਰਹੇ ਇਸ ਵਫਦ ਨੇ ਸਿੱਖ ਇਤਿਹਾਸ, ਨਿਰਮਲਾ ਪੰਥ ਅਤੇ ਪਾਣੀ ਦੇ ਕੁਦਰਤੀ ਸਰੋਤਾਂ ਬਾਰੇ ਜਾਣਕਾਰੀ ਹਾਸਿਲ ਕੀਤੀ। ਜਪਾਨੀ ਵਫਦ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਵੀ ਸ਼ਾਮਿਲ ਸਨ।
ਇਤਿਹਾਸ ਦੀ ਜਾਣਕਾਰੀ ਰੱਖਣ ਵਾਲੇ ਜਪਾਨੀ ਵਫਦ ਨੇ ਦੱਸਿਆ ਕਿ ਅਗਸਤ ਮਹੀਨੇ ਨੂੰ ਜਪਾਨ ਕਦੇ ਨਹੀ ਭੁਲਾ ਸਕਦਾ। ਕਿਉਂਕਿ ਉਸਦੇ ਦੋ ਵੱਡੇ ਸ਼ਹਿਰਾਂ ਨਾਗਾਸਾਕੀ ਅਤੇ ਹੀਰੋਸ਼ਿਮਾ ਤੇ ਪ੍ਰਮਾਣੂ ਬੰਬ ਸੁੱਟੇ ਗਏ ਸਨ। ਇਹਨਾਂ ਬੰਬਾਂ ਨੇ ਭਾਰੀ ਤਬਾਹੀ ਮਚਾਈ ਸੀ। ਉਹਨਾਂ ਕਿਹਾ ਕਿ ਉਹ ਬਾਬੇ ਨਾਨਕ ਦੀ ਧਰਤੀ ਸੁਲਤਾਨਪੁਰ ਲੋਧੀ ਆ ਕੇ ਇਸ ਗੱਲੋਂ ਖੁਸ਼ ਹਨ ਕਿ ਪੂਰੀ ਦੁਨੀਆਂ ਨੂੰ ਸਰਬੱਤ ਦੇ ਭਲੇ ਦਾ ਸੁਨੇਹਾ ਇੱਥੋਂ ਹੀ ਦਿੱਤਾ ਗਿਆ। ਜਪਾਨੀ ਵਫਦ ਨੇ ਕਿਹਾ ਕਿ ਪੰਜਾਬ ਉਸੇ ਹੀ ਸੰਦੇਸ਼ ’ਤੇ ਚੱਲ ਰਿਹਾ ਹੈ। ਵਫਦ ਦਾ ਸਵਾਗਤ ਕਰਦਿਆ ਸੰਤ ਸੁਖਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਆਏ ਹੜਾਂ ਨਾਲ ਭਾਰੀ ਤਬਾਹੀ ਹੋਈ ਹੈ। ਇਸੇ ਕਰਕੇ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਹੜ੍ਹਾਂ ਦੌਰਾਨ ਟੁੱਟੇ ਬੰਨ੍ਹਾਂ ਨੂੰ ਬੰਨਣ ਵਿੱਚ ਦਿਨ ਰਾਤ ਲੱਗੇ ਹੋਏ ਹਨ।
ਵਫਦ ਵਿੱਚ ਆਏ ਮੇਗਨਮੀ ਮੁਰਾਮਤਸੂ ਨੇ ਦੱਸਿਆ ਕਿ ਉਹਨਾਂ ਵੱਲੋਂ ਵਫਦ ਨਾਲ ਕਈ ਦੇਸ਼ਾਂ ਦਾ ਦੌਰਾ ਕੀਤਾ ਗਿਆ ਹੈ। ਪਰ ਪਵਿੱਤਰ ਵੇਈਂ ਕਿਨਾਰੇ ਆ ਕੇ ਜੋ ਸਕੂਨ ਤੇ ਕੁਦਰਤ ਦਾ ਦ੍ਰਿਸ਼ ਦੇਖਣ ਨੂੰ ਮਿਲਿਆ ਹੈ, ਜੋ ਬਹੁਤ ਹੀ ਵਿਲੱਖਣ ਸੀ।
ਇਹ ਜੱਥਾ ਯੋਗੀ ਅਮਨਦੀਪ ਸਿੰਘ ਦੀ ਅਗਵਾਈ ਵਿੱਚ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਪਹੁੰਚਿਆ ਸੀ। ਇੱਥੇ ਉਹਨਾਂ ਵੱਲੋਂ ਵੇਈਂ ਕਿਨਾਰੇ ਜਪੁ ਜੀ ਸਾਹਿਬ ਦਾ ਪਾਠ ਕੀਤਾ। ਇਸ ਉਪਰੰਤ ਯੋਗੀ ਅਮਨਦੀਪ ਵੱਲੋਂ ਆਏ ਜੱਥੇ ਨੂੰ ਵੇਈਂ ਦੇ ਇਤਿਹਾਸ ਤੇ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਕੀਤੇ ਜਾ ਰਹੇ ਕਾਰਜਾਂ ਤੋਂ ਜਾਣੂ ਕਰਵਾਇਆ ਗਿਆ। ਉਹਨਾਂ ਸੰਤ ਸੀਚੇਵਾਲ ਜੀ ਦਾ ਧੰਨਵਾਦ ਕਰਦਿਆ ਕਿਹਾ ਕਿ ਉਹਨਾਂ ਵੱਲੋਂ ਕੀਤੀ ਗਈ ਕੁਦਰਤ ਦੀ ਸੰਭਾਲ ਨਾਲ ਵੇਈਂ ਕਿਨਾਰੇ ਆ ਕੇ ਰੂਹਾਨੀਅਤ ਦਾ ਅਨੁਭਵ ਹੁੰਦਾ ਹੈ। ਉਪਰੰਤ ਆਏ ਜੱਥੇ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਜੱਥੇ ਵੱਲੋਂ ਪਵਿੱਤਰ ਵੇਈਂ ਦੇ ਦਰਸ਼ਨਾਂ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਵੀ ਦਰਸ਼ਨ ਕੀਤੇ ਗਏ। ਇਸ ਜੱਥੇ ਵਿੱਚ ਇਜ਼ੂਮੀ ਯਨੋਗੀਮੋਟੋ, ਮੇਗਨਮੀ ਮੁਰਾਮਤਸੂ, ਮੀਨਾਮੀ ੳਟੇਕ, ਚੀਸਾ ਤਸੁਮਾਗਿਮਾ, ਮੇਸਾਈ ਨਬੇਤਾ ਅਤੇ ਮਨਸੋਰੀ ਸੋਗਾਹਾਰਾ ਆਦਿ ਸ਼ਾਮਿਲ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly