ਮਸਲਾ-ਏ-ਸ਼ਬਦ ਗੁਰੂ

ਬੁੱਧ ਸਿੰਘ ਨੀਲੋਂ  
  ਸ਼ਬਦ ਗੁਰੂ ਧੁਨਿ ਚੇਲਾ !!
(ਸਮਾਜ ਵੀਕਲੀ) ਸ਼ਬਦ, ਸ਼ਬਦ ਗੁਰੂ ਤੇ ਧੁਨਿ ਚੇਲਾ ਬਣ ਕੇ ਸਫ਼ਰ ਕਰਦੇ ਹਨ ਤਾਂ ਵਿਸਮਾਦ ਦੀ ਵਰਖਾ ਹੁੰਦੀ ਹੈ। ਗਿਆਨ ਦੀਆਂ ਤਰੰਗਾਂ ਲਹਿਰਾਉਂਦੀਆਂ ਹਨ। ਅੰਦਰ ਜਦੋਂ ਚਾਨਣ ਹੁੰਦਾ ਹੈ ਤਾਂ ਬਾਹਰ ਦਾ ਹਨੇਰ ਦੂਰ ਹੁੰਦਾ ਹੈ। ਅੰਦਰਲਾ ਹਨੇਰਾ ਹੀ ਗਿਆਨਹੀਣ ਹੁੰਦਾ ਹੈ, ਬਾਹਰ ਕੁੱਝ ਨਹੀਂ ਹੁੰਦਾ। ਖੁਸ਼ੀ ਦੀਆਂ ਲਹਿਰਾਂ ਅੰਦਰੋਂ ਉਠਦੀਆਂ ਹਨ। ਸ਼ਬਦਾਂ ਦਾ ਗਿਆਨ ਤੇ ਉਹਨਾਂ ਨੂੰ ਵਰਤਣ ਦਾ ਬਲ ਕਿਸੇ ਕਿਸੇ ਨੂੰ ਆਉਂਦਾ ਹੈ। ਸ਼ਬਦਾਂ ਦਾ  ਵਾਰ, ਤਲਵਾਰ ਦੇ ਫੱਟ ਤੋਂ ਗਹਿਰਾ ਤੇ ਸਦੀਵੀ ਹੁੰਦਾ ਹੈ।
 ਮਨੁੱਖ ਜਦੋਂ ਤੁਰਦਾ ਹੈ ਤਾਂ ਉਸਦੇ ਨਾਲ-ਨਾਲ ਸ਼ਬਦ ਤੁਰਦਾ ਹੈ, ਇੱਕ ਥਾਂ ਤੋਂ ਦੂਜੀ ਥਾਂ ਤੱਕ। ਸ਼ਬਦ ਵੀ ਸਫਰ ਕਰਦੇ ਹਨ ਪਰ ਸ਼ਬਦਾਂ ਦਾ ਕੋਈ ਸਫਰਨਾਮਾ ਨਹੀਂ ਲਿਖਦਾ। ਮਨੁੱਖ ਨੇ ਜਦ ਵੀ ਸਫਰਨਾਮਾ ਲਿਖਿਆ ਹੈ ਤਾਂ ਉਸਨੇ ਆਪਣੇ ਝੂਠ ਨੂੰ ਸਦਾ ਹੀ ਸੱਚ ਬਣਾਇਆ ਹੈ ਪਰ ਸ਼ਬਦ ਕਦੇ ਵੀ ਝੂਠ ਨਹੀਂ ਬੋਲਦੇ। ਮਨੁੱਖ ਬੋਲ ਬਾਣੀ ਤੋਂ ਪਰਖਿਆ ਜਾਂਦਾ ਹੈ। ਮਾਹਿਰ ਸ਼ਬਦਾਂ ਦੇ ਪੈਰ ਨੱਪਦੇ ਸੱਚ ਤੱਕ ਪੁਜ ਜਾਂਦੇ ਹਨ। ਗੁਰੂ ਨਾਨਕ ਨੇ ਸਾਨੂੰ ਸ਼ਬਦ ਦੇ ਨਾਲ ਜੋੜਿਆ । ਸ਼ਬਦ ਤੇ ਸੰਗੀਤ ਮਨੁੱਖਤਾ ਦਾ ਬਿਰਤਾਂਤ ਸਿਰਜਦੇ ਹਨ। ਗੁਰੂ ਗੋਬਿੰਦ ਸਿੰਘ ਨੇ ਸਾਨੂੰ  ਸ਼ਬਦ ਦੇ ਲੜ ਲਾਇਆ। ਸ਼ਬਦ ਨੂੰ ਗੁਰੂ ਬਣਾਇਆ ਸੀ। ਸ਼ਬਦ ਜਦੋਂ ਗੁਰੂ ਬਣਦਾ ਹੈ ਤਾਂ ਫੇਰ ਉਹ ਸ਼ਬਦ ਨਹੀਂ ਰਹਿੰਦਾ ਸਗੋਂ ਉਹ ਗਰੂ ਹੋ ਜਾਂਦਾ ਹੈ। ਪਰ ਅਸੀਂ ਸ਼ਬਦ ਨੂੰ ਕਦੇ ਵੀ ਗੁਰੂ ਨਹੀਂ  ਮੰਨਿਆ ਤਾਂ ਅਸੀਂ ਸੰਤਾਪ ਭੋਗ ਰਹੇ ਹਾਂ ।
ਗੁਰੂ ਜਦੋਂ ਸ਼ਬਦ ਰਾਹੀਂ ਸਾਡੇ ਅੰਦਰ ਵਾਸ ਕਰਦਾ ਹੈ ਤਾਂ ਸਾਡਾ ਅੰਦਰ ਨਿਰਮਲ, ਨਿਰਛਲ ਤੇ ਭੈਅ-ਰਹਿਤ ਹੋ ਜਾਂਦਾ ਹੈ। ਫਿਰ ਮਨ ਅੰਦਰ ਨਾ ਡਰ ਹੁੰਦਾ ਹੈ, ਨਿਰਵੈਰ ਹੁੰਦਾ। ਉਸ ਸਮੇਂ ‘ਤੂੰ ਹੀ ਤੂੰ’ ਹੁੰਦਾ ਹੈ ਪਰ ਇਹ ਦੌਰ ਮਨੁੱਖ  ਦੇ ਹਿੱਸੇ ਬਹੁਤ ਘੱਟ ਆਉਂਦਾ ਹੈ।
 ਜਦੋਂ ਮਨੁੱਖ ਸ਼ਬਦ ਦੇ ਲੜ ਲੱਗ ਕੇ ਸ਼ਬਦ-ਗੁਰੂ ਤੱਕ ਪੁੱਜਦਾ ਹੈ ਤਾਂ  ਸੰਸਾਰਿਕ ਬੰਧਨਾਂ ਤੋਂ  ਮੁਕਤ ਹੋ ਜਾਂਦਾ  ਹੈ ਪਰ ਬਹੁਤੀ ਵਾਰ ਤਾਂ ਮਨੁੱਖ ਸ਼ਬਦ ਗੁਰੂ ਤੋਂ ਬਹੁਤ ਪਿੱਛੇ ਰਹਿ ਜਾਂਦਾ ਹੈ। ਸ਼ਬਦ ਅੱਗੇ ਲੰਘ ਜਾਂਦਾ ਹੈ। ਸ਼ਬਦ ਸਾਨੂੰ ਗਿਆਨ ਨਾਲ ਜੋੜ ਕੇ ਧਿਆਨ ਵੱਲ ਲੈ ਕੇ ਜਾਂਦਾ ਹੈ। ਜਦੋਂ ਅਸੀਂ ਧਿਆਨ ਕਰਦੇ ਹਾਂ ਤਾਂ ਸਾਡੇ ਅੰਦਰ ਸੁਪਨਿਆਂ ਦੀ ਤਾਕੀ ਖੁੱਲ੍ਹ  ਜਾਂਦੀ ਹੈ। ਉਹ ਤਾਕੀ ਜਿਹੜੀ ਧਿਆਨ ਤੋਂ ਸਮਾਧੀ ਤੱਕ ਦੇ ਸਫ਼ਰ ਵਿੱਚ ਰੁਕਾਵਟ ਬਣਦੀ ਹੈ। ਅਸੀਂ ਅੰਦਰ ਵੱਲ ਝਾਕਣ ਦੀ ਵਜਾਏ ਬਾਹਰ ਵੱਲ ਦੇਖਦੇ ਹਾਂ ਪਰ ਸਾਨੂੰ ਧਿਆਨ ਨਹੀਂ ਰਹਿੰਦਾ । ਅਸੀਂ ਧਿਆਨ ਕਰਦੇ ਹੋਏ, ਉਸ ਤਾਕੀ ਰਾਹੀਂ ਸੰਸਾਰ ਨੂੰ ਵੇਖਦੇ ਹਾਂ। ਤਾਂ ਸੰਸਾਰ ਖੂਬਸੂਰਤ ਨਜ਼ਰ ਆਉਂਦਾ ਹੈ ਪਰ ਉਹ ਸੰਸਾਰ ਜਿਹੜਾ ਸੁਪਨਾ ਹੈ ਤੇ ਅਸੀਂ ਸੁਪਨਿਆਂ ਦੇ ਵਿੱਚ ਜਿਉਣ ਦੇ ਆਦੀ ਹੋ ਜਾਂਦੇ  ਹਾਂ । ਫੇਰ ਅਸੀਂ ਇਸ ਸੁਪਨਮਈ ਸੰਸਾਰ ਵਿਚ ਹੀ ਜੀਦੇਂ ਤੇ ਮਰਦੇ ਹਾਂ। ਤੇ ਅਸੀਂ ਸ਼ਬਦ ਗੁਰੂ ਨੂੰ ਭੁੱਲ ਜਾਂਦੇ ਹਾਂ। ਸੰਸਾਰ ਨਾਲ ਜੁੜ ਜਾਂਦੇ ਹਾਂ । ਸੰਸਾਰ ਨਾਲ ਜੁੜਿਆ ਮਨੁੱਖ ਕਦੇ ਵੀ ਧਿਆਨ ਨਹੀਂ ਲਗਾ ਸਕਦਾ। ਪਦਾਰਥਾਂ ਦਾ ਮੋਹ, ਲਾਲਚ, ਤ੍ਰਿਸ਼ਨਾ, ਦੁੱਖ, ਹਊਮੈ ਤੇ ਲਾਲਸਾ ਉਸ ਨੂੰ ਆਪਣੀ ਗ੍ਰਿਫਤ ‘ਚੋਂ ਮੁਕਤ ਨਹੀਂ ਹੋਣ ਦਿੰਦੀ। ਮੁਕਤੀ ਲਈ ਸਾਨੂੰ ਖ਼ੁਦ ‘ਮੁਕਤ’ ਹੋਣਾ ਪੈਂਦਾ ਹੈ। ਬਿਨ ਮੁਕਤ ਹੋਇਆਂ ਮੁਕਤੀ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਕੁੱਝ ਪ੍ਰਾਪਤ ਕਰਨ ਲਈ ਸਾਨੂੰ ਕੁੱਝ ਦੇਣਾ ਅਤੇ ਛੱਡਣਾ ਤਾਂ ਪਵੇਗਾ। ਇਹ ਲੈਣ-ਦੇਣ ਦਾ ਰਿਸ਼ਤਾ ਸੰਸਾਰੀ ਵੀ ਤੇ ਕਰਤਾਰੀ ਵੀ ਹੈ। ਇਹ ਸਾਨੂੰ ਚੱਕਰ ਵਿੱਚ ਘੁੰਮਾਈ ਰੱਖਦਾ ਹੈ। ਚੱਕਰ ਵਿੱਚ ਪਿਆ ਮਨੁੱਖ ਕਦੇ ਵੀ ਬਾਹਰ ਨਹੀਂ ਆਉਂਦਾ। ਉਹ ਉਥੇ ਦਾ ਹੋ ਕੇ ਰਹਿ ਜਾਂਦਾ ਹੈ, ਫਿਰ ਉਸਦਾ ਆਪਣਾ ਹੀ ਇੱਕ ਸੰਸਾਰ ਬਣ ਜਾਂਦਾ ਹੈ। ਉਹ ਸੰਸਾਰ ਜਿਸ ਵਿੱਚ ਉਹ ਜਿਉਂਦਾ ਹੈ। ਜਿਉਂਦੇ ਰਹਿਣ ਲਈ ਸਾਨੂੰ ਪੌਣ-ਪਾਣੀ, ਕਿਰਤ ਤੇ ਅੰਨ ਦੀ ਲੋੜ ਹੈ। ਜਿਹੜੇ ਜ਼ਿੰਦਗੀ ਨੂੰ ਕਰਤਾਰੀ ਬਣਾਉਦੇ ਹਨ, ਉਹ ਗੁਰੂ ਨੂੰ ਮਿਲਦੇ ਹਨ। ਜ਼ਿੰਦਗੀ ਤੇ ਸੰਸਾਰ ਇੱਕ ਹਨ, ਪਰ ਜਦੋਂ ਮਨੁੱਖ ਸ਼ਬਦ ਦੀ ਓਟ ਵਿੱਚ ਆਉਂਦਾ ਹੈ ਤਾਂ ਉਹ ਸ਼ਬਦ ਨਾਲ ਖੇਡਣ ਲੱਗ ਲੈਂਦਾ ਹੈ। ਸ਼ਬਦਾਂ ਨਾਲ ਖੇਡਣ ਵਾਲਾ ਵਿਅਕਤੀ ਬਹੁਤ ਛੇਤੀ ਹੋਰਨਾਂ ਉੱਤੇ ਕਾਬਜ਼ ਹੋ ਜਾਂਦਾ ਹੈ। ਜਦੋਂ ਤੁਸੀਂ ਕਬਜ਼ਾ ਕਰਦੇ ਹੋ, ਉਸ ਸਮੇਂ ਤੁਸੀ ਸ਼ਬਦ ਨਾਲੋਂ ਟੁੱਟ ਕੇ ਸੰਸਾਰ ਨਾਲ ਜੁੜ ਜਾਂਦੇ ਹੋ।
 ਸੰਸਾਰ ਨਾਲ ਜੁੜਿਆ ਮਨੁੱਖ ਜਦੋਂ ਵੀ ਕੁੱਝ ਕਰਦਾ ਹੈ ਤਾਂ ਉਸ ਦੇ ਕੀਤੇ ਦਾ ਕੋਈ ਅਸਰ ਸੰਸਾਰ ਤੇ ਨਹੀਂ ਪੈਂਦਾ ਹੈ ਪਰ ਇਹ ਉਸਨੂੰ ਸੰਸਾਰ ਦੇ ਧੁਰ ਅੰਦਰ ਤੀਕ ਲੈ ਜਾਂਦਾ ਹੈ। ਸੰਸਾਰ ਵਿੱਚ ਰਹਿੰਦਾ ਮਨੁੱਖ ਸ਼ਬਦ ਦੀ ਪ੍ਰਵਾਹ ਨਹੀਂ ਕਰਦਾ। ਜਦੋਂ ਉਹ ਸ਼ਬਦ ਨਾਲੋਂ ਟੁੱਟਦਾ ਹੈ ਤਾਂ ਉਹ ਵਕਾਰਾਂ ਵੱਲ ਤੁਰਦਾ ਹੈ। ਉਹ ਵਕਾਰ ਦੀ ਬਦੌਲਤ ਆਪਣੇ ਆਲ਼ੇ-ਦੁਆਲ਼ੇ ਅਜਿਹਾ ਜੰਗਲ ਉਗਾਉਂਦਾ ਹੈ, ਉਹ ਜੰਗਲ ਉਸ ਦੁਆਲ਼ੇ ਕੰਡਿਆਲੀ ਤਾਰ ਬਣ ਜਾਂਦਾ ਹੈ। ਉਸ ਦੀ ਹਾਲਤ ਮੱਕੜੀ ਦੇ ਜਾਲ ਵਰਗੀ ਹੁੰਦੀ ਹੈ। ਉਹ ਖ਼ੁਦ ਜਾਲ ਵਿੱਚ ਫਸ ਜਾਂਦਾ ਹੈ।
 ਜਦੋਂ ਕੋਈ ਵਿਅਕਤੀ ਕਿਸੇ ਭਵ-ਸਾਗਰ ਵਿੱਚ ਫਸ ਜਾਂਦਾ ਹੈ। ਫੇਰ ਉਸ ਦੇ ਮਿੱਤਰ ਹੀ ਦੁਸ਼ਮਣ ਬਣ ਜਾਂਦੇ ਹਨ। ਫੇਰ ਉਹ ਉਸਦੀ ਮਜਬੂਰੀ ਦਾ ਲਾਭ ਤਾਂ ਉਠਾਉਂਦੇ ਹਨ। ਉਸ ਦਾ ਜਾਇਦਾਦ ਤੇ ਦੌਲਤ ਨੂੰ ਲੁੱਟਦੇ ਹਨ। ਉਹ ਲੁੱਟ ਕਈ ਰੂਪਾਂ ਦੀ ਹੁੰਦੀ ਹੈ। ਕਈ ਵਾਰ ਇਸ ਦਾ ਬਾਹਰੀ ਰੂਪ ਕੋਈ ਹੋਰ ਵੀ ਹੋ ਸਕਦਾ ਹੈ। ਤੇ ਅੰਦਰਲਾ ਰੂਪ ਕੁੱਝ ਹੋਰ ਹੁੰਦਾ ਹੈ। ਸਾਨੂੰ ਗੁਰੂ ਸਾਹਿਬ ਨੇ ਸ਼ਬਦ ਗੁਰੂ ਦੇ ਲੜ ਲਾਇਆ ਸੀ ਤੇ ਸਮਝਾਇਆ  ਸੀ ਕਿ ਹੁਣ ਦੇਹ ਨਹੀਂ ਸਗੋਂ ਤੁਹਾਡਾ ਸ਼ਬਦ ਗੁਰੂ  ਹੈ ਪਰ ਅਸੀਂ ਗੁਰੂ ਦਾ ਹੁਕਮ ਭੁੱਲ ਗਏ ਹਾਂ। ਸਾਨੂੰ ਪਤਾ ਹੀ ਨਹੀਂ  ਲੱਗਿਆ ਕਿ ਮਨੁੱਖ ਸ਼ਬਦ ਗੁਰੂ ਨਾਲੋਂ ਟੁੱਟ ਕੇ ‘ਪ੍ਰੇਮੀ ‘ਕਦੋਂ ਬਣ ਗਿਆ ? ਅਸੀਂ ਸ਼ਬਦ ਨੂੰ ਨਹੀਂ  ਸਗੋਂ ਦੇਹ ਨੂੰ ਪ੍ਰੇਮ ਕਰਦੇ ਹਾਂ। ਤਾਂ ਹੀ ਡੇਰਿਆਂ ਤੇ ਸਾਧਾਂ ਵਿੱਚ ਵਾਧਾ ਹੋਇਆ ਹੈ। ਸ੍ਰੋਮਣੀ ਗੁਰਦੁਆਰਾ ਕਮੇਟੀ ਆਪਣਾ ਫਰਜ਼ ਭੁੱਲ ਗਈ। ਗੁਰਦੁਆਰਿਆਂ ਦੇ ਉਪਰ ਜੱਟਵਾਦ ਭਾਰੂ ਹੋ ਗਿਆ। ਇਹ ਸਫਰ ਬਹੁਤਾ ਲੰਮਾ ਨਹੀਂ ਥੋੜ੍ਹਾ ਹੀ ਹੈ ਪਰ ਅਸੀਂ ਸ਼ਬਦ ਗੁਰ ਤੋਂ ਬਹੁਤ ਦੂਰ ਹੋ ਗਏ ਹਾਂ । ਅਸੀਂ ਸ਼ਬਦ ਕੋਲੋਂ ਦੂਰ ਕਿਉਂ ਹੋਏ ਜਾਂ  ਸਾਨੂੰ  ਕਿਸੇ ਨੇ ਕੀਤਾ ਹੈ ? ਅਸੀਂ ਕਦੇ ਆਪਣੇ ਆਪ ਨੂੰ ਸਵਾਲ ਹੀ ਨਹੀਂ ਕੀਤਾ।
ਬੁੱਧ ਸਿੰਘ ਨੀਲੋਂ 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article“ਪੰਜਾਬ ਦੀਆਂ ਧੀਆਂ ਦਾ ਹਾਕੀ ਮੇਲਾ” ਜਰਖੜ ਖੇਡ ਸਟੇਡੀਅਮ ਵਿਖੇ ਧੂਮ ਧੜੱਕੇ ਨਾਲ ਸਮਾਪਤ
Next articleਭਗਤ ਸਿੰਘ ਜੀ ਉਲ੍ਹਾਮਾਂ