(ਸਮਾਜ ਵੀਕਲੀ) ਸਿੱਖ ਧਰਮ ਵਿੱਚ ਅਨੇਕਾਂ ਹੀ ਸੂਰਬੀਰ ,ਮਹਾਨ ਯੋਧੇ ਹੋਏ ਹਨ। ਜਿਨਾਂ ਨੇ ਕਿ ਆਪਣੇ ਧਰਮ ਦੀ ਖ਼ਾਤਰ ਕੁਰਬਾਨੀਆਂ ਦਿੱਤੀਆਂ। ਇਹੋ ਜਿਹੇ ਯੋਧੇ ਸੂਰਵੀਰ ਸਮੇਂ -ਸਮੇਂ ਸਿਰ ਸੰਸਾਰ ਅੰਦਰ ਪੈਦਾ ਹੁੰਦੇ ਰਹਿੰਦੇ ਹਨ । ਇਨ੍ਹਾਂ ਹੀ ਮਹਾਂ ਯੋਧਿਆ ਵਿੱਚੋਂ ਬਾਬਾ ਦੀਪ ਸਿੰਘ ਜੀ ਹਨ ਜਿਨਾਂ ਨੂੰ ਸ਼ਹੀਦ ਨਾਮ ਨਾਲ ਸਤਿਕਾਰਿਆ ਤੇ ਜਾਣਿਆ ਜਾਂਦਾ ਹੈ ਇੱਕ ਸਨ। ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ 1682 ਈਸਵੀ ਵਿੱਚ ਪਿੰਡ ਪਹੂਵਿੰਡ ਜ਼ਿਲ੍ਹਾ ਅੰਮ੍ਰਿਤਸਰ ਜੋ ਕਿ ਉਸ (ਟਾਈਮ ਲਾਹੌਰ )ਵਿੱਚ ਸੀ । ਮਾਤਾ ਜੀਵਨੀ ਜੀ ਦੀ ਕੁੱਖੋਂ ਪਿਤਾ ਭਗਤਾਂ ਦੇ ਘਰ ਹੋਇਆ ।ਬਾਬਾ ਜੀ ਦੀ ਸ਼ਹੀਦੀ ਮਾਰਚ 1757 ਵਿੱਚ ਹੋਈ ।ਬਾਬਾ ਦੀਪ ਸਿੰਘ ਜੀ ਦਾ ਬਚਪਨ ਪਿੰਡ ਵਿੱਚ ਹੀ ਗੁਜ਼ਰਿਆ ਤੇ ਥੋੜੀ ਸੁਰਤ ਸੰਭਾਲਣ ਬਾਅਦ ਬਾਬਾ ਜੀ ਸ਼੍ਰੀ ਅਨੰਦਪੁਰ ਸਾਹਿਬ ਚਲੇ ਗਏ ।ਜਿੱਥੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਹੱਥੋਂ ਅੰਮ੍ਰਿਤ ਪਾਨ ਕੀਤਾ। ਆਪ ਹਮੇਸ਼ਾ ਬਾਣੀ ਪਾਠ ਭਜਨ ਬੰਦਗੀ ਵਿੱਚ ਮਸਤ ਰਹਿੰਦੇ ਸਨ । ਆਪ ਗੁਰੂ ਜੀ ਦੇ ਨਜ਼ਦੀਕੀਆਂ ਵਿੱਚੋਂ ਸਨ। ਆਪ ਸਡੋਲ ਸਰੀਰ ਅਤੇ ਦ੍ਰਿੜ ਇਰਾਦੇ ਵਾਲੇ ਪੂਜਨੀਕ ਅਤੇ ਧਾਰਮਿਕ ਪ੍ਰਵਿਰਤੀ ਵਾਲੇ ਪੁਰਸ਼ ਸਨ ।ਆਪ ਇੱਕ ਵਿਦਵਾਨ ਅਤੇ ਯੋਧੇ ਸਨ। ਆਪਣੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲੜੀਆਂ ਗਈਆਂ ਜੰਗਾਂ ਵਿੱਚ ਕਾਫੀ ਯੋਗਦਾਨ ਪਾਇਆ। ਇਤਿਹਾਸ ਅਨੁਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਦੱਖਣ ਵੱਲ ਜਾਣ ਲੱਗੇ ,ਤਾਂ ਉਹਨਾਂ ਬਾਬਾ ਦੀਪ ਸਿੰਘ ਜੀ ਨੂੰ ਤਲਵੰਡੀ ਸਾਬੋ ਹੀ ਰਹਿ ਕੇ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਅਤੇ ਗੁਰਬਾਣੀ ਪੜ੍ਹਨ ਪੜ੍ਹਾਉਣ ਅਤੇ ਲਿਖਵਾਉਣ ਦੀ ਸੇਵਾ ਸੌਂਪੀ ।ਬਾਬਾ ਦੀਪ ਸਿੰਘ ਜੀ ਨੇ ਇਹ ਸੇਵਾ ਬਹੁਤ ਸ਼ਰਧਾ ਤੇ ਪ੍ਰੇਮ ਨਾਲ ਨਿਭਾਈ ।ਆਪ ਖੁਦ ਗੁਰਬਾਣੀ ਦੇ ਅਭਿਆਸੀ ਅਤੇ ਰਸੀਏ ਹੋਣ ਕਰਕੇ ਵਿਸ਼ੇਸ਼ ਦਿਲਚਸਪੀ ਨਾਲ ਇਹ ਕਾਰਜ ਕਰਦੇ ,ਅਤੇ ਸਥਾਨਕ ਸੰਗਤਾਂ ਨੂੰ ਸਿੱਖੀ ਤੋਂ ਜਾਣੂ ਕਰਵਾਉਂਦੇ ।ਕਿਹਾ ਜਾਂਦਾ ਹੈ ਕਿ ਇਸੇ ਸਮੇਂ ਦੌਰਾਨ ਬਾਬਾ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਚਾਰ ਬੀੜਾਂ ਦਾ ਹੱਥੀ ਉਤਾਰਾ ਕੀਤਾ ਜਿਨਾਂ ਵਿੱਚੋਂ ਇੱਕ ਵੱਡੇ ਆਕਾਰ ਵਾਲੀ ਸ਼੍ਰੀ ਦਰਬਾਰ ਸਾਹਿਬ ਵਿੱਚ ਪ੍ਰਕਾਸ਼ ਹੁੰਦੀ ਹੈ। ਇਸੇ ਤਰ੍ਹਾਂ ਬਾਣੀ ਦਾ ਅਭਿਆਸ ਕਰਦਿਆਂ, ਪੜ੍ਹਾਈ ਕਰਵਾਉਂਦੇ ਅਤੇ ਅਰਥ ਕਰਵਾਉਦਿਆਂ ਸਮਾਂ ਬੀਤਦਾ ਗਿਆ। ਪਰੰਪਰਾ ਅਨੁਸਾਰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਆਇਆ ਤਾਂ ਬਾਬਾ ਦੀਪ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀਆਂ ਜੰਗਾਂ ਵਿੱਚ ਹਿੱਸਾ ਲਿਆ ਤੇ ਉਹਨਾਂ ਦੀ ਸ਼ਹੀਦੀ ਤੋਂ ਬਾਅਦ ਬਾਬਾ ਜੀ ਪੱਕੇ ਤੌਰ ਤੇ ਤਲਵੰਡੀ ਸਾਬੋ ਆ ਗਏ ਤੇ ਫਿਰ ਗੁਰਬਾਣੀ ਪ੍ਰਚਾਰ ਦਾ ਕਾਰਜ ਆਰੰਭ ਕਰ ਦਿੱਤਾ।1748 ਵਿੱਚ ਸਿੱਖਾਂ ਦੇ 65 ਛੋਟੇ- ਛੋਟੇ ਜੱਥਿਆਂ ਨੂੰ 12 ਵੱਡੇ ਜੱਥਿਆਂ ਵਿੱਚ ਸੰਗਠਤ ਕਰ ਦਿੱਤਾ ਗਿਆ, ਜਿਨਾਂ ਨੂੰ ਮਿਸਲਾਂ ਕਿਹਾ ਜਾਂਦਾ ਸੀ ਅਤੇ ਬਾਬਾ ਦੀਪ ਸਿੰਘ ਸ਼ਹੀਦਾਂ ਦੀ ਮਿਸਲ ਦੇ ਜਥੇਦਾਰ ਥਾਪੇ ਗਏ। ਇਹਨਾਂ ਮਿਸਲਾਂ ਨੇ ਦੁਆਬੇ ਨੂੰ ਪੰਜ ਹਿੱਸਿਆਂ ਵਿੱਚ ਵੰਡ ਲਿਆ ਅਤੇ ਉੱਥੇ ਰਾਖੀ ਪ੍ਰਣਾਲੀ ਲਾਗੂ ਕਰ ਦਿੱਤੀ। ਬਾਬਾ ਜੀ ਨੇ ਕਰੋੜ ਸਿੰਘ ਨਾਲ ਮਿਲ ਕੇ ਸਤਲੁਜ ਦੇ ਦੱਖਣੀ ਕਿਨਾਰੇ ਰਾਖੀ ਕੀਤੀ। ਇਸ ਪ੍ਰਾਣਲੀ ਅਧੀਨ ਮਿਸਲਾਂ ਦੇ ਜਥੇਦਾਰ ਰਾਖੀ ਵਾਲੇ ਪਿੰਡਾਂ ਦੀ ਜਾਨ- ਮਾਲ ਦੀ ਰੱਖਿਆ ਕਰਦੇ ਸਨ ਅਤੇ ਇਸ ਦੇ ਇਵਜਾਨੇ ਵਜੋਂ ਪਿੰਡਾਂ ਵਾਲੇ ਇਹਨਾਂ ਨੂੰ ਸਰਕਾਰੀ ਸਲਾਨਾ ਕਰ ਦਾ ਪੰਜਵਾਂ ਹਿੱਸਾ ਦਿੰਦੇ ਸਨ। ਇਸ ਤਰ੍ਹਾਂ ਕੁਝ ਦੇਰ ਪਿੱਛੋਂ ਬਾਬਾ ਦੀਪ ਸਿੰਘ ਤਲਵੰਡੀ ਸਾਬੋ ਟਿਕ ਗਏ ਅਤੇ ਸਿੱਖੀ ਪ੍ਰਚਾਰ ਦਾ ਕੰਮ ਕਰਦੇ ਰਹੇ। ਅਹਿਮਦ ਸ਼ਾਹ ਜੋ ਸਿੱਖਾਂ ਦੇ ਸਖ਼ਤ ਵਿਰੁੱਧ ਸੀ ,ਅਤੇ ਸਿੱਖਾਂ ਨੂੰ ਖਤਮ ਕਰਨ ਉੱਤੇ ਤੁਲਿਆ ਹੋਇਆ ਸੀ। ਆਪਣੇ 1757 ਦੇ ਹਿੰਦੁਸਤਾਨ ਦੇ ਹਮਲੇ ਵੇਲੇ ਦਿੱਲੀ ਜਾਂਦਾ ਹੋਇਆ । ਕੁਝ ਦੇਰ ਲਈ ਲਾਹੌਰ ਠਹਿਰਿਆ। ਉਸ ਨੇ ਅੰਮ੍ਰਿਤਸਰ ਸ਼ਹਿਰ ਨੂੰ ਲੁੱਟਿਆ, ਪਵਿੱਤਰ ਇਮਾਰਤਾਂ ਨੂੰ ਢਾਹ ਦਿੱਤਾ ਅਤੇ ਸਰੋਵਰ ਨੂੰ ਕੂੜੇ ਨਾਲ ਭਰ ਦਿੱਤਾ। ਇਸ ਦਾ ਜਦੋਂ ਬਾਬਾ ਦੀਪ ਸਿੰਘ ਨੂੰ ਪਤਾ ਲੱਗਾ ਤਾਂ ਗੁਰੂ ਧਾਮਾਂ ਦੀ ਹੋਈ ਬੇਅਦਬੀ ਨਾ ਸਹਾਰਦਿਆਂ ਹੋਇਆਂ ਬਦਲਾ ਲੈਣ ਲਈ ਤਲਵੰਡੀ ਸਾਬੋ ਦੇ ਲਾਗਲੇ ਪਿੰਡਾਂ ਜਗਾ, ਬਹਿਮਨ, ਸਾਹਨਵਾਲਾ , ਪੰਜੋ ਕੇ, ਗੁਰੂਸਰ ਚੌਂਤਰਾ, ਫੂਲ ,ਮਹਿਰਾਜ ,ਦਰਾਜ ,ਭੁੱਚੋ ,ਗੋਬਿੰਦਪੁਰਾ, ਕੋਟ ਅਤੇ ਲੱਖੀ ਜੰਗਲ ਆਦਿ ਤੋਂ ਸਿੰਘਾਂ ਨੂੰ ਜੱਥੇ ਵਿੱਚ ਭਰਤੀ ਕਰਨਾ ਸ਼ੁਰੂ ਕਰ ਦਿੱਤਾ ,ਅਤੇ ਹਜ਼ਾਰ ਕੁ ਸਿੰਘਾਂ ਦੀ ਗਿਣਤੀ ਨਾਲ ਤਲਵੰਡੀ ਸਾਬੋ ਤੋਂ ਪੈਦਲ ਤੁਰਦੇ -ਤੁਰਦੇ ਤਰਨਤਾਰਨ ਪਹੁੰਚ ਗਏ। ਉੱਥੇ ਉਹਨਾਂ ਦੀ ਗਿਣਤੀ 5000 ਦੇ ਲਗਭਗ ਹੋ ਗਈ। ਸਿੱਖਾਂ ਨੇ ਆਪਣੇ ਗੁਟਾਂ ਤੇ ਸ਼ਗਨਾਂ ਦੇ ਗਾਨੇ ਬੰਨੇ ਹੋਏ ਸਨ ਤੇ ਆਪਣੇ ਕੱਪੜਿਆਂ ਉੱਤੇ ਕੇਸਰ ਛਿੜਕਿਆ ਹੋਇਆ ਸੀ। ਜਹਾਨ ਖਾਂ ਜੋ ਕਿ ਅੰਮ੍ਰਿਤਸਰ ਦਾ ਇਨਚਾਰਜ ਸੀ ਨੂੰ ਖੁਫੀਆ ਏਜੰਸੀਆਂ ਤੋਂ ਪਤਾ ਲੱਗਿਆ ਕਿ ਸਿੱਖ ਉਹਨਾਂ ਤੇ ਹਮਲਾ ਕਰਨ ਲਈ ਆ ਰਹੇ ਹਨ। ਇਹ ਖਬਰ ਸੁਣ ਕੇ ਜਹਾਨ ਖ਼ਾਨ ਨੇ ਆਪਣੇ ਸਹਾਇਕ ਅਤਾਈ ਖ਼ਾਨ ਨੂੰ ਸਿੱਖਾਂ ਉੱਤੇ ਹਮਲਾ ਕਰਨ ਦੇ ਆਦੇਸ਼ ਦਿੱਤੇ। ਜਹਾਨ ਖਾਂ ਦੋ ਹਜ਼ਾਰ ਘੋੜ ਸਵਾਰ ਦੀ ਫ਼ੌਜ ਲੈ ਕੇ ਪਹਿਲਾਂ ਸ਼ਹਿਰੋਂ 8 ਕਿਲੋਮੀਟਰ ਦੂਰ ਗੋਹਲਵੜ ਪਹੁੰਚਾ ਗਿਆ ਜਿੱਥੇ ਉਹਦੀ ਸਿੱਖਾਂ ਨਾਲ ਮਾਰਚ 1757 ਨੂੰ ਟੱਕਰ ਹੋਈ । ਅਫ਼ਗ਼ਾਨ ਸਿੰਘਾਂ ਦਾ ਟਾਕਰਾ ਨਾ ਕਰ ਸਕੇ ਅਤੇ ਭੱਜ ਨਿਕਲੇ । ਸਿੱਖਾਂ ਦੇ ਇਸ ਬਹਾਦਰੀ ਵਾਲੇ ਕਾਰਨਾਮੇ ਬਾਰੇ ਆਪਣੀ ਪੁਸਤਕ ਤਹਿਮਸਨਾਮਾ ਵਿੱਚ ਮਸਕੀਨ ਲਿਖਦਾ ਹੈ, ” ਸਿੱਖਾਂ ਨੂੰ ਪਤਾ ਲੱਗ ਗਿਆ ਅਤੇ ਚਾਰੇ ਪਾਸੇ ਤੋਂ ਸਾਡੇ ਉੱਪਰ ਹੱਲਾ ਬੋਲ ਦਿੱਤਾ ।ਲੜਾਈ ਸ਼ੁਰੂ ਹੋ ਗਈ ਦੋਵੇਂ ਇੱਕ ਦੂਜੇ ਉੱਤੇ ਫਾਇਰ ਕਰਨ ਲੱਗੇ ।ਸਿੱਖਾਂ ਨੇ ਸਾਨੂੰ ਨੇੜਿਓਂ ਘੇਰ ਲਿਆ ਤੇ ਹਰ ਪਾਸੋਂ ਲੜਾਈ ਤੇਜ਼ ਕਰ ਦਿੱਤੀ ਅਤੇ ਸਾਨੂੰ ਇਹਨਾਂ ਬੇ ਹੌਂਸਲਾ ਕਰ ਦਿੱਤਾ ਤੇ ਸਾਡੇ ਕਈ ਆਦਮੀ ਘਬਰਾਹਟ ਵਿੱਚ ਭੱਜ ਗਏ।” ਜਿਨ੍ਹਾਂ ਨੂੰ ਜਹਾਨ ਖਾਨ ਡਰਾ ਧਮਕਾ ਕੇ ਫੇਰ ਫਿਰ ਵਾਪਸ ਲੈਕੇ ਆਇਆ। ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਹੋਈ ਬੇਅਦਬੀ ਦਾ ਬਦਲਾ ਲੈਣ ਲਈ ਸਿੱਖ ਗੁੱਸੇ ਨਾਲ ਭਰੇ ਹੋਏ ਸਨ ਅਤੇ ਜਾਨਾਂ ਵਾਰ ਕੇ ਲੜੇ ਅਤੇ ਅਫਗਾਨਾਂ ਦੇ ਛੱਕੇ ਛੁਡਾ ਦਿੱਤੇ। ਇੰਨੇ ਨੂੰ ਜਹਾਨ ਖਾਨ ਦਾ ਸਹਾਇਕ ਅਤਾਈ ਖ਼ਾਨ ਆਪਣੀ ਫੌਜ ਲੈ ਕੇ ਆ ਗਿਆ। ਜਿਸ ਨਾਲ ਸਿੱਖਾਂ ਦਾ ਪਲੜਾ ਉਲਟਾ ਹੋ ਗਿਆ। ਸਿੱਖ ਇੱਕ -ਇੱਕ ਕਰਕੇ ਸ਼ਹੀਦ ਹੁੰਦੇ ਗਏ। ਇੱਥੇ ਹੀ ਘਮਸਾਨ ਦੀ ਲੜਾਈ ਵਿੱਚ ਬਾਬਾ ਦੀਪ ਸਿੰਘ ਜੀ ਦੀ ਧੌਣ ਉੱਤੇ ਵਿਰੋਧੀਆਂ ਨੇ ਇੱਕ ਤਿਖੇ ਹਥਿਆਰ ਦਾ ਵਾਰ ਕੀਤਾ । ਬਾਬਾ ਜੀ ਧੌਣ ਨੂੰ ਹੱਥ ਦਾ ਸਹਾਰਾ ਦਿੰਦੇ ਹੋਏ ਲੜਦੇ ਗਏ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕ੍ਰਮਾ ਵਿੱਚ ਆਪਣੇ ਸੀਸ ਨੂੰ ਭੇਟ ਕੀਤਾ ਤੇ ਸ਼ਹੀਦ ਹੋ ਗਏ। ਬਾਬਾ ਦੀਪ ਸਿੰਘ ਜੀ ਨਾਲ ਉਹਨਾਂ ਦੇ ਚਾਰ ਜਥੇਦਾਰ ਰਾਮ ਸਿੰਘ, ਸੱਜਣ ਸਿੰਘ, ਬਹਾਦਰ ਸਿੰਘ, ਤੇ ਹੀਰਾ ਸਿੰਘ ਵੀ ਸ਼ਹੀਦ ਹੋ ਗਏ ।ਉਸ ਤੋਂ ਇਲਾਵਾ ਨਿਹਾਲ ਸਿੰਘ, ਦਿਆਲ ਸਿੰਘ, ਸੰਤ ਸਿੰਘ ,ਤੇ ਕੌਰ ਸਿੰਘ ਵਰਗੇ ਨਾਮਵਰ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪਵਿੱਤਰਤਾ ਦੀ ਬਹਾਲੀ ਲਈ ਯੁੱਧ ਵਿੱਚ ਜੂਝਦੇ ਹੋਏ ਜੰਗੇ ਮੈਦਾਨ ਅੰਦਰ ਖੰਡਾ ਖੜਕਾਉਂਦੇ ਹੋਏ ਸ਼ਹੀਦੀਆਂ ਪਾ ਗਏ। ਬਾਬਾ ਦੀਪ ਸਿੰਘ ਜੀ ਦੀ ਦੇਹ ਦਾ ਅੰਤਿਮ ਸਸਕਾਰ ਗੁਰਦੁਆਰਾ ਰਾਮਸਰ ਦੇ ਪੂਰਬ ਵੱਲ ਚਾਟੀਵਿੰਡ ਦੇ ਦਰਵਾਜ਼ੇ ਦੇ ਬਾਹਰ ਕੀਤਾ ਗਿਆ । ਜਿੱਥੇ ਅੱਜ ਕੱਲ੍ਹ ਗੁਰਦੁਆਰਾ ਸ਼ਹੀਦਗੰਜ ਬਾਬਾ ਦੀਪ ਸਿੰਘ ਹੈ ।ਪਰਕਰਮਾਂ ਜਿੱਥੇ ਬਾਬਾ ਦੀਪ ਸਿੰਘ ਜੀ ਨੇ ਸੀਸ ਭੇਟ ਕੀਤਾ ਸੀ। ਉੱਥੇ ਵੀ ਗੁਰਦੁਆਰਾ ਬਣਿਆ ਹੋਇਆ ਹੈ ।ਬਾਬਾ ਦੀਪ ਸਿੰਘ ਦਾ ਖੰਡਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਸ਼ਾਸਤਰਾਂ ਵਿੱਚ ਸਾਂਭਿਆ ਪਿਆ ਹੈ। ਬਾਬਾ ਦੀਪ ਸਿੰਘ ਦੇ ਪਿੱਛੋਂ ਸ਼ਹੀਦਾਂ ਦੀ ਮਿਸਲ ਦਾ ਜੱਥੇਦਾਰ ਕਰਮ ਸਿੰਘ ਨੂੰ ਥਾਪਿਆ ਗਿਆ। ਬਾਬਾ ਦੀਪ ਸਿੰਘ ਜੀ ਨੂੰ ਉਹਨਾਂ ਦੀ ਲਾਸਾਨੀ ਸ਼ਹਾਦਤ ਲਈ ਸਿੱਖ ਇਤਿਹਾਸ ਤੇ ਸਿੱਖ ਸੰਗਤਾਂ ਸਦਾ ਹੀ ਯਾਦ ਰੱਖਣਗੀਆਂ।
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ।
ਪਿੰਡ ਤੇ ਡਾਕਖਾਨਾ ਝਬੇਲਵਾਲੀ।
ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ।
6284145349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj