ਬੋਲੀ ਦੇ ਸ਼ੈਲੀ ਵਿਗਿਆਨਕ ਵਖਰੇਵੇਂ ਦਾ ਮਹੱਤਵ

Prof. S S Dhillon

(ਸਮਾਜ ਵੀਕਲੀ)- ਭਾਸ਼ਾ ਵਿਗਿਆਨ ਇਕ ਅਜਿਹਾ ਵਿਗਿਆਨ ਹੈ, ਜੋ ਭਾਸ਼ਾ ਦੀ ਉਤਪਤੀ, ਬਣਤਰ, ਬੁਣਤਰ ਤੇ ਅਰਥ ਜੁਗਤ ਦੀ ਡੂੰਘੀ ਜਾਣਕਾਰੀ ਪ੍ਰਦਾਨ ਕਰਦਾ ਹੈ । ਇਹ ਵਿਗਿਆਨ ਕਿਸੇ ਭਾਸ਼ਾ ਨੂੰ ਸਿੱਖਣ ਵਾਲੇ ਵਾਸਤੇ ਮੁਢਲੀ ਜ਼ਰੂਰਤ ਹੁੰਦਾ ਹੈ । ਸ਼ੈਲੀਵਿਗਿਆਨ ਭਾਸ਼ਾ ਵਿਗਿਆਨ ਦਾ ਇਕ ਅਗਲਾ ਪਾਸਾਰ ਹੈ ਜਿਸ ਦੁਆਰਾ ਮਨੁੱਖ ਵੱਲੋਂ ਵੱਖ ਵੱਖ ਸਮੇਂ, ਸਥਾਨ ਤੇ ਵਿਅਕਤੀਆਂ ਨਾਲ ਜੋ ਗੱਲ-ਬਾਤ ਕੀਤੀ ਜਾਂਦੀ ਹੈ, ਉਸ ਸੰਬੰਧੀ ਵਰਤੀ ਗਈ ਸ਼ੈਲੀ ਦੇ ਰਜਿਸਟਰਾਂ ਦੀ ਪੁਣ ਛਾਣ ਕੀਤੀ ਜਾਂਦੀ ਹੈ । ਮਿਸਾਲ ਵਜੋਂ “ਪੈਰ” ਇਕ ਆਮ ਨਾਂਵ ਹੈ, ਜਿਸ ਨੂੰ ਵੱਖ ਵੱਖ ਸ਼ੈਲੀ ਰਜਿਸਟਰਾਂ ਤਹਿਤ ਵੱਖ ਵੱਖ ਨਾਂਵ ਹੋਰ ਵੀ ਦਿੱਤੇ ਗਏ ਹਨ ਭਾਵ ਪਸ਼ੂਆ ਦੇ ਪੈਰ “ਖੁਰ” ਹੁੰਦੇ ਹਨ, ਮਹਾਂਪੁਰਖਾਂ ਦੇ ਪੈਰਾਂ ਨੂੰ “ਚਰਨ” ਕਿਹਾ ਜਾਂਦਾ ਹੈ, ਕੱਟੜੂ ਵਛੜੂਆਂ ਦੇ ਪੈਰ “ਖੁੰਡੜੂ” ਹੁੰਦੇ ਹਨ, ਭੇਡੀਂ ਤੇ ਬੱਕਰੀਆਂ ਦੇ ਪੈਰਾਂ ਨੂੰ “ਖਰੌਂਡੇ” ਕਹਿ ਦਿੱਤਾ ਜਾਂਦਾ ਹੈ, ਕੁਰਸੀ, ਮੰਜਾ ਤੇ ਮੇਜ਼ ਦੇ ਚਾਰ ਪੈਰਾਂ ਨੂੰ “ਪਾਵੇ” ਕਿਹਾ ਜਾਂਦਾ ਹੈ ਜਦ ਕਿ ਆਮ ਆਦਮੀ ਦੇ ਪੈਰ ਸਿਰਫ ਪੈਰ ਹੀ ਹੁੰਦੇ ਹਨ ।

ਧਾਰਮਿਕ ਅਸਥਾਨਾਂ ‘ਤੇ ਬੋਲੀ ਦਾ ਰਜਿਸਟਰ ਬਦਲ ਜਾਂਦਾ ਹੈ, ਉੱਥੇ ਰੋਟੀ ਨੂੰ ਫੁਲਕਾ ਵਗੈਰਾ ਕਹਿਣ ਦੀ ਬਜਾਏ “ਪਰਸ਼ਾਦਾ” ਕਿਹਾ ਜਾਂਦਾ ਹੈ, ਦਾਲ ਨੁੰ “ਦਾਲਾ” ਤੇ ਪਾਣੀ ਨੁੰ “ਜਲ” ਕਿਹਾ ਜਾਂਦਾ ਹੈ ।

ਸਾਡੇ ਆਮ ਮਰ੍ਹਾ ਦੇ ਜੀਵਨ ਵਿਚ ਵੀ ਅਚੇਤ ਜਾਂ ਸੁਚੇਤ ਸਾਡੀ ਬੋਲੀ ਦਾ ਰਜਿਸਟਰ ਬਦਲਦਾ ਰਹਿੰਦਾ ਹੈ ਜਿਸ ਨੂੰ ਕਦੇ ਕਦੇ ਅਸੀਂ ਉਚੇਚ ਕਰਕੇ ਵੀ ਬਦਲਦੇ ਰਹਿੰਦੇ ਹਾਂ, ਉਦਾਹਰਣ ਵਜੋਂ ਵੱਖ ਵੱਖ ਪਰਿਵਾਰਕ ਤੇ ਸਮਾਜਕ ਰਿਸ਼ਤਿਆ ਵਿਚਲੀ ਗੱਲਬਾਤ ਦੇ ਰਜਿਸਟਰ ਨੋਟ ਕੀਤੇ ਜਾ ਸਕਦੇ ਹਨ ਜਿਸ ਵਿਚ ਬੱਚਿਆ ਦੀ ਆਪਣੇ ਤੋਂ ਵੱਡਿਆਂ ਨਾਲ, ਵਡੇਰਿਆ ਦੀ ਛੋਟਿਆ ਨਾਲ, ਪਿਓ ਦੀ ਪੁੱਤਰ/ਧੀਅ ਨਾਲ, ਘਰ ਆਏ ਮਹਿਮਾਨ ਦੀ ਆਓ ਭਗਤ, ਇਕ ਕਰਮਚਾਰੀ ਵਲੋਂ ਆਪਣੇ ਅਧਿਕਾਰੀ ਨਾਲ ਤੇ ਵਕੀਲ ਦੀ ਆਪਣੇ ਕਲਾਇੰਟ ਆਦਿ ਨਾਲ ਕੀਤੀ ਗੱਲਬਾਤ ਦੇ ਰਜਿਸਟਰ ਤੇ ਉਹਨਾਂ ਵਿਚ ਵਰਤੀ ਗਈ ਸ਼ੈਲੀ ਤੇ ਸ਼ਬਦਾਵਲੀ ਦੀ ਵਿਲੱਖਣਤਾ ਨੋਟ ਕੀਤੀ ਜਾ ਸਕਦੀ ਹੈ ।

ਆਮ ਕਿਹਾ ਜਾਂਦਾ ਹੈ ਕਿ ਬੋਲੀ ਹਰ ਬਾਰਾਂ ਕੋਹ ਤੇ ਬਦਲਦੀ ਹੈ । ਇਸ ਸੰਬੰਧੀ ਸਿਆਣਿਆਂ ਦੀ ਇਕ ਕਹਾਵਤ ਵੀ ਬੜੀ ਮਸ਼ਹੂਰ ਹੈ ਕਿ “ਚਾਰ ਕੋਹ ‘ਤੇ ਬਦਲੇ ਪਾਣੀ ਤੇ ਬਾਰਾਂ ਕੋਹ ‘ਤੇ ਬਾਣੀ” ਬੋਲੀ ਦਾ ਇਹ ਸ਼ੈਲੀਵਿਗਿਆਨਕ ਵਖਰੇਵਾਂ ਪੰਜਾਬ ਵਿਚ ਜਿੱਥੇ ਮਾਝੇ, ਮਾਲਵੇ, ਦੁਆਬੇ, ਪੋਠੋਹਾਰ, ਪਹਾੜੀ, ਝਾਂਗੀ, ਹਰਿਆਣਵੀ, ਹਿਮਾਚਲੀ, ਸਰਾਇਕੀ, ਲਾਹੌਰੀ, ਮੁਲਤਾਨੀ ਆਦਿ ਉਪਬੋਲੀ ਰੂਪਕਾਂ ਵਿਚ ਦੇਖਿਆ ਜਾ ਸਕਦਾ ਹੈ, ਉਥੇ ਪੰਜਾਬ ਦੇ ਹਰ ਪਿੰਡ ਪੱਧਰ ‘ਤੇ ਵੀ ਨੋਟ ਕੀਤਾ ਜਾ ਸਕਦਾ ਹੈ, ਮਿਸਾਲ ਵਜੋਂ ਪੰਜਾਬੀ ਬੋਲੀ ਦਾ ਇਕ ਸ਼ਬਦ “ਤੁਹਾਡਾ” ਪੰਜਾਬ ਦੇ ਵੱਖ ਵੱਖ ਹਿੱਸਿਆਂ ਚ ਥੋਡਾ, ਧੁਆਡਾ. ਧੋਡਾ, ਥੁਆਡਾ, ਸੋਡਾ ਤੇ ਥੋਰਾ ਆਦਿ ਬੋਲੀ ਰਜਿਸਟਰਾਂ ਚ ਆਮ ਹੀ ਵਰਤਿਆ ਜਾਂਦਾ ਹੈ ਤੇ ਇੰਜ ਹੀ “ਇਸ ਤਰਾਂ” ਨੂੰ ਵੱਖ ਵੱਖ ਇਲਾਕਿਆ ਚ ਏਸ ਤਰਾਂ, ਏਤਰਾਂ ਤੇ ਏਕਣ ਵਜੋਂ ਵਰਤਿਆ ਜਾਂਦਾ ਹੈ ।

ਪੰਜਾਬ ਦੇ ਲੋਕਾਂ ਦੇ ਪੱਛਮੀ ਮੁਲਕਾਂ ਵੱਲ ਪਰਵਾਸ ਕਰਨ ਦੇ ਕਾਰਨ ਜਿਥੇ ਪੰਜਾਬੀ ਜੀਵਨ ਢੰਗ ਵਿਚ ਹੋਰ ਬਹੁਤ ਸਾਰੇ ਪੱਖਾਂ ਤੋਂ ਬਦਲਾਵ ਆਏ ਹਨ, ਉਥੇ ਬੋਲੀ ਦੇ ਸ਼ੈਲੀ ਵਿਗਿਆਨਕ ਰਜਿਸਟਰ ਵਿਚ ਵੀ ਬੜੇ ਉਭਰਵੇ ਪ੍ਰਭਾਵ ਸਾਹਮਣੇ ਆਏ ਹਨ, ਜਿਵੇਂ ਟਿਕਟ ਨੁੰ “ਟਿਗਟਾਂ”, ਦਰਵਾਜੇ ਖਿੜਕੀਆ ਨੂੰ “ਡੋਰਾਂ ਵਿੰਡੇ”, ਬੈਗੇਜ ਨੂੰ ” ਬੈਗਾ” ਆਦਿ ਉਚਾਰਿਆ ਜਾਣ ਲੱਗਾ ਹੈ । ਬੇਸ਼ੱਕ ਇਹ ਦੂਜੀ ਬੋਲੀ ਦੇ ਸ਼ਬਦਾਂ ਦਾ ਤਦਭਵੀਕਰਨ ਹੀ ਹੈ ਜੋ ਪਹਿਲਾਂ ਉਰਦੂ, ਫ਼ਾਰਸੀ, ਜਾਂਚ, ਫਰੈਂਚ ਤੇ ਅਰਬੀ ਤੋਂ ਵੀ ਹੋਇਆ, ਪਰ ਬੋਲੀ ਦੇ ਰਜਿਸਟਰ ਪੱਖੋਂ ਇਸ ਨੂੰ ਇਕ ਨਵੀਂ ਵੰਨਗੀ ਹੀ ਮੰਨਿਆ ਜਾਵੇਗਾ । ਇਸੇ ਤਰਾਂ ਕੋਰੋਨਾ ਕਾਲ ਵਿਚ ਵੀ ਬੋਲੀ ਦਾ ਨਵਾਂ ਰਜਿਸਟਰ ਸਾਹਮਣੇ ਆਇਆ ਹੈ, ਜਿਸ ਵਿਚ ਕੋਵਿੱਡ, ਕੁਆਰਟਿਨ, ਕੋਵਿੱਡ ਲੇਨ , ਕੋਵ ਸੈਂਟਰ ਆਦਿ ਵਰਗੇ ਅਨੇਕਾਂ ਹੀ ਉਹ ਸ਼ਬਦ ਜੋ ਪਹਿਲਾਂ ਨਹੀ ਵਰਤੇ ਜਾਂਦੇ ਸਨ. ਸਾਡੀ ਬੋਲੀ ਤਾ ਹਿੱਸਾ ਬਣੇ ।

ਸਮੁੱਚੇ ਤੌਰ ‘ਤੇ ਕਹਿ ਸਕਦੇ ਹਾਂ ਕਿ ਸ਼ੈਲੀਵਿਗਿਆਨਕ ਭਾਸ਼ਾ ਵਿਗਿਆਨ ਦਾ ਉਹ ਅਹਿਮ ਹਿੱਸਾ ਹੈ ਜੋ ਬੋਲੀ ਦੇ ਰਜਿਸਟਰਾਂ ਦੀ ਪਹਿਚਾਣ ਕਰਦਾ ਹੈ, ਉਹਨਾ ਨੁੰ ਸੰਭਾਲਣ ਦੇ ਕਾਰਜ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ । ਅਜੋਕੇ ਸਮੇ ਚ ਪੰਜਾਬੀ ਬੋਲੀ ਨੂੰ ਇਸ ਵਿਗਿਆਨ ਦੀ ਬਹੁਤ ਲੋੜ ਹੈ ਤਾਂ ਕਿ ਬੋਲੀ ਵਿਚੋ ਆਲੋਪ ਹੋ ਰਹੇ ਸ਼ਬਦਾਂ ਦੇ ਰਜਿਸਟਰ ਪਹਿਚਾਣ ਕੇ ਉਹਨਾਂ ਦੀ ਸਾਂਭ ਸੰਭਾਲ ਕੀਤੀ ਜਾ ਸਕੇ । ਪੰਜਾਬ ਵਿਚਲੀਆ ਯੂਨੀਵਰਸਿਟੀਆਂ ਇਸ ਪੱਖੋ ਅਹਿਮ ਰੋਲ ਅਦਾ ਕਰ ਸਕਦੀਆ ਹਨ ਤੇ ਉਹਨਾਂ ਨੁੰ ਭਾਸ਼ਾ ਦੇ ਇਸ ਅਹਿਮ ਪੱਖ ਵੱਲ ਫੌਰੀ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਬੋਲੀ ਦੇ ਇਸ ਅਣਮੁੱਲੇ ਸਰਮਾਏ ਨੁੰ ਸਾਂਭਿਆ ਜਾ ਸਕੇ ।

ਸ਼ਿੰਗਾਰਾ ਸਿੰਘ ਢਿੱਲੋਂ (ਪ੍ਰੋ:)
30/08/2021
Mob: 00447806945954

Previous articleCONDITIONS IN INDIA ARE WORSENING
Next articleਏਅਰ ਇੰਡੀਆ ਦੀ ਅੰਮ੍ਰਿਤਸਰ – ਬਰਮਿੰਘਮ ਸਿੱਧੀ ਉਡਾਣ 3 ਸਤੰਬਰ ਤੋਂ ਹੋਵੇਗੀ ਸ਼ੁਰU