(ਸਮਾਜ ਵੀਕਲੀ)
ਅਸੀਂ ਗੱਲਬਾਤ ਕਰਨਾ ਬੰਦ ਕਰ ਦਿੱਤਾ ਹੈ।ਗੱਲਬਾਤ ਜੋ ਸਾਡੇ ਲਈ ਬਹੁਤ ਜ਼ਰੂਰੀ ਹੁੰਦੀ ਸੀ।ਵਿਹਲੀਆਂ ਗੱਲਾਂ ਤਾਂ ਕਰਦੇ ਹੀ ਨਹੀਂ।ਇਹ ਇੱਕ ਤਰ੍ਹਾਂ ਦਾ ਕਥਾਰਸਿਸ ਹੁੰਦਾ ਸੀ ।ਸੱਥ ਵਿੱਚ ਬਹਿ ਕੇ ਹਾਸਾ ਠੱਠਾ ਕਰਨਾ ਅਤੇ ਨਾਲ ਹੀ ਸੰਜੀਦਾ ਗੱਲਾਂ ਵੀ ਸਾਡੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਸੀ।ਮਰਦ ਜੇਕਰ ਸੱਥ ਵਿੱਚ ਬੈਠਦਾ ਸੀ ਤਾਂ ਔਰਤਾਂ ਇਕੱਠੀਆਂ ਹੋ ਕੇ ਵਿਹੜੇ ਵਿੱਚ ਬਹਿ ਕੇ ਗੱਲਾਂ ਕਰਦੀਆਂ ਸੀ।
ਇਹ ਵਰਤਾਰਾ ਅੱਜ ਸਾਨੂੰ ਫਜ਼ੂਲ ਲੱਗਦਾ ਹੈ। ਅਸੀਂ ਇਸ ਸਮੇਂ ਦੀ ਬਰਬਾਦੀ ਕਹਿੰਦੇ ਹਾਂ।ਪਰ ਮਨੋਵਿਗਿਆਨਕ ਤੌਰ ਤੇ ਇਸ ਦਾ ਕਿੰਨਾ ਅਸਰ ਸੀ ਇਹ ਭੁੱਲ ਰਹੇ ਹਾਂ।ਜਿੱਥੇ ਇਨ੍ਹਾਂ ਗੱਲਾਂ ਨਾਲ ਮਨ ਹਲਕਾ ਹੁੰਦਾ ਸੀ ਉੱਥੇ ਆਪਸੀ ਸਬੰਧ ਵੀ ਮਜ਼ਬੂਤ ਹੁੰਦੇ ਸਨ।ਸਾਨੂੰ ਇੱਕ ਦੂਜੇ ਦੇ ਸੁੱਖ ਦੁੱਖ ਬਾਰੇ ਪਤਾ ਹੁੰਦਾ ਸੀ।ਅਸੀਂ ਸੁੱਖ ਦੁੱਖ ਵਿੱਚ ਭਾਈਵਾਲ ਬਣਦੇ ਸੀ।ਇਸ ਤਰ੍ਹਾਂ ਸਾਡੀ ਸਾਂਝ ਹੋਰ ਗੂੜ੍ਹੀ ਹੁੰਦੀ ਸੀ।
ਅੱਜ ਤਰੱਕੀ ਦੇ ਘੋੜੇ ਤੇ ਬੈਠਾ ਮਨੁੱਖ ਇਸ ਨੂੰ ਗੌਸਿਪ ਕਹਿੰਦਾ ਹੈ।ਵੱਡੀਆਂ ਵੱਡੀਆਂ ਗੱਲਾਂ ਕਰਨੀਆਂ ਉਸ ਨੂੰ ਸਮਝਦਾਰੀ ਪ੍ਰਤੀਤ ਹੁੰਦੀਆਂ ਹਨ।ਕੋਈ ਸ਼ੱਕ ਨਹੀਂ ਕਿ ਸੰਜੀਦਾ ਗੱਲਾਂ ਕਰਨੀਆਂ ਵੀ ਜ਼ਰੂਰੀ ਹਨ।ਪਰ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ।ਸਮਾਜ ਵਿੱਚ ਉਸ ਨੂੰ ਹਲਕੀਆਂ ਫੁਲਕੀਆਂ ਤੇ ਛੋਟੀਆਂ ਛੋਟੀਆਂ ਗੱਲਾਂ ਸਾਂਝੀਆਂ ਕਰਨ ਦੀ ਲੋੜ ਪੈਂਦੀ ਹੈ।ਇਹ ਬਹੁਤ ਜ਼ਰੂਰੀ ਵੀ ਹੈ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨ ਲਈ।
ਦੁੱਖ ਸੁੱਖ ਸਾਂਝੇ ਕਰਨੇ ਬੜੇ ਜ਼ਰੂਰੀ ਹਨ।ਦੁੱਖ ਸਾਂਝਾ ਕੀਤਾ ਘਟ ਜਾਂਦਾ ਹੈ ਅਤੇ ਸੁੱਖ ਸਾਂਝਾ ਕੀਤਿਆਂ ਵਧ ਜਾਂਦਾ ਹੈ।ਗੱਲਬਾਤ ਦੀ ਇਹ ਤੰਦ ਜੋ ਟੁੱਟ ਗਈ ਹੈ ਅੱਜ ਮਾਨਸਿਕ ਰੋਗਾਂ ਦੀ ਜੜ੍ਹ ਬਣ ਰਹੀ ਹੈ।ਹਰ ਕੋਈ ਚੁੱਪਚਾਪ ਇਕੱਲਾ ਰਹਿਣਾ ਪਸੰਦ ਕਰਦਾ ਹੈ।
ਸਮਾਜ ਨਾਲੋਂ ਟੁੱਟ ਕੇ ਸਾਡੀ ਸਾਂਝ ਇਲੈਕਟ੍ਰੋਨਿਕ ਗੈਜੇਟ ਨਾਲ ਬਣ ਗਈ ਹੈ।ਜੇ ਕੋਈ ਇਕੱਲਾ ਬੈਠਾ ਹੈ ਤਾਂ ਉਹ ਇਕੱਲਾ ਨਹੀਂ ਹੈ ਉਸ ਨਾਲ ਉਸ ਦਾ ਮੋਬਾਈਲ ਜਾਂ ਲੈਪਟਾਪ ਹੈ।ਹੈਰਾਨੀ ਦੀ ਗੱਲ ਹੈ ਅਸੀਂ ਨਾਲ ਬੈਠੇ ਬੰਦੇ ਨਾਲ ਗੱਲ ਨਹੀਂ ਕਰ ਸਕਦੇ ਪਰ ਮੋਬਾਈਲ ਤੇ ਚੈਟ ਕਰਦੇ ਹਾਂ।ਬੋਲ ਕੇ ਕੀਤੀ ਗੱਲ ਵਿੱਚ ਸਾਡੇ ਬੋਲਣ ਦਾ ਢੰਗ,ਲਹਿਜ਼ਾ ਗੱਲ ਨੂੰ ਸਪਸ਼ਟ ਕਰ ਦਿੰਦਾ ਹੈ ।ਲਿਖ ਕੇ ਕੀਤੀ ਚੈਟ ਵਿੱਚ ਸਾਹਮਣੇ ਵਾਲਾ ਆਪਣੇ ਮਨ ਮੁਤਾਬਿਕ ਉਸ ਗੱਲ ਨੂੰ ਸਮਝਦਾ ਹੈ।ਰਿਸ਼ਤਿਆਂ ਵਿੱਚ ਪੈ ਰਹੀਆਂ ਤਰੇੜਾਂ ਦਾ ਇਹ ਵੀ ਇੱਕ ਕਾਰਨ ਹੈ।
ਕਹਿਣ ਵਾਲਾ ਕਿਸੇ ਹੋਰ ਲਹਿਜ਼ੇ ਵਿੱਚ ਗੱਲ ਕਰਨਾ ਚਾਹੁੰਦਾ ਹੈ ਪਰ ਜਦੋਂ ਲਿਖੀ ਜਾਂਦੀ ਹੈ ਤਾਂ ਸਪਾਟ ਹੁੰਦੀ ਹੈ।ਇਸ ਤਰ੍ਹਾਂ ਪੜ੍ਹਨ ਵਾਲਾ ਉਸ ਨੂੰ ਆਪਣੇ ਅਨੁਸਾਰ ਪੜ੍ਹਦਾ ਹੈ ।ਜ਼ਿਆਦਾਤਰ ਮਨ ਮੁਟਾਵ ਦਾ ਕਾਰਨ ਇਹੀ ਬਣਦਾ ਹੈ।ਅੱਜਕੱਲ੍ਹ ਲੋਕ ਫੋਨ ਤੇ ਵੀ ਗੱਲਬਾਤ ਨਹੀਂ ਕਰਦੇ ਬਸ ਲਿਖ ਕੇ ਇਕ ਮੈਸੇਜ ਛੱਡ ਦਿੰਦੇ ਹਨ।
ਅੱਜ ਖ਼ੁਸ਼ੀ ਹੋਵੇ ਜਾਂ ਗਮ ਇਕ ਲਿਖਤੀ ਮੈਸਿਜ ਨਾਲ ਕਹਾਣੀ ਖ਼ਤਮ ਹੋ ਜਾਂਦੀ ਹੈ।ਗੱਲਬਾਤ ਕਰਨ ਨਾਲ ਮਨ ਹਲਕਾ ਹੁੰਦਾ ਹੈ।ਮਨ ਤੋਂ ਬਹੁਤ ਸਾਰਾ ਬੋਝ ਲਹਿ ਜਾਂਦਾ ਹੈ।ਲਿਖ ਕੇ ਕੀਤੀ ਗੱਲ ਨਾਲ ਮਨ ਹੋਰ ਭਾਰਾ ਹੋ ਜਾਂਦਾ ਹੈ।ਜਦੋਂ ਅਸੀਂ ਸਾਹਮਣੇ ਬੈਠ ਕੇ ਗੱਲ ਕਰਦੇ ਹਾਂ ਤਾਂ ਦੂਜਾ ਬੰਦਾ ਵੀ ਜਵਾਬ ਦਿੰਦਾ ਹੈ।ਮੈਸੇਜ ਦਾ ਇੱਕ ਅਲੱਗ ਹੀ ਸਿਰਦਰਦੀ ਹੈ।ਪਹਿਲਾ ਫ਼ਿਕਰ ਪੜ੍ਹਿਆ ਨਹੀਂ,ਫੇਰ ਫ਼ਿਕਰ ਜਵਾਬ ਨਹੀਂ ਦਿੱਤਾ।ਜੇਕਰ ਪੜ੍ਹਨ ਵਾਲਾ ਕਿਤੇ ਵਿਅਸਤ ਹੋਵੇ ਜੇ ਕੁਝ ਦੇਰ ਜਵਾਬ ਨਾ ਦੇਵੇ ਤਾਂ ਅਸੀਂ ਆਪ ਹੀ ਸੋਚ ਲੈਂਦੇ ਹਾਂ ਕਿਸੇ ਨੂੰ ਅਣਗੌਲਿਆਂ ਕਰ ਰਿਹਾ ਹੈ।
ਅਸਲ ਵਿਚ ਗੱਲਬਾਤ ਛੱਡ ਕੇ ਜਿਸ ਰਾਹ ਅਸੀਂ ਤੁਰ ਪਏ ਹਾਂ ਉੱਥੇ ਸਵਾਲ ਵੀ ਸਾਡੇ ਹਨ ਤੇ ਜੁਆਬ ਵੀ ਸਾਡੇ।ਪਹਿਲਾਂ ਤੋਂ ਹੀ ਉਲਝਣਾਂ ਵਿੱਚ ਉਲਝਿਆ ਮਨੁੱਖ ਇਕੱਲਤਾ ਵਿੱਚ ਰਹਿ ਕੇ ਹੋਰ ਪਰੇਸ਼ਾਨ ਹੋ ਰਿਹਾ ਹੈ।
ਖ਼ੁਦਕੁਸ਼ੀਆਂ ਦਾ ਵਧ ਰਿਹਾ ਰੁਝਾਨ ਇਸ ਗੱਲ ਦਾ ਸਬੂਤ ਹੈ ਕੀ ਅਸੀਂ ਇਕੱਲੇਪਣ ਦਾ ਸ਼ਿਕਾਰ ਹੋ ਰਹੇ ਹਾਂ।ਅੱਜ ਜੇਕਰ ਕੋਈ ਗੱਲਬਾਤ ਕਰਨਾ ਵੀ ਚਾਹੁੰਦਾ ਹੈ ਤਾਂ ਉਸ ਨੂੰ ਇਹ ਕਹਿ ਕੇ ਨਿੰਦ ਦਿੱਤਾ ਜਾਂਦਾ ਹੈ ਕੀ ਉਹ ਗੌਸਿਪ ਕਰ ਰਿਹਾ ਹੈ।ਵਿਹਲੀਆਂ ਗੱਲਾਂ ਜੋ ਅੰਗਰੇਜ਼ੀ ਵਿੱਚ ਗੌਸਿਪ ਕਹਾਉਂਦੀਆਂ ਹਨ ਸਾਡੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ।
ਇਹ ਗੱਲਾਂ ਸਾਡੇ ਮਨ ਦਾ ਬਹੁਤ ਸਾਰਾ ਬੋਝ ਲਾਹ ਦਿੰਦੀਆਂ ਹਨ।ਸਾਨੂੰ ਦੂਜਿਆਂ ਨਾਲ ਜੋੜਦੀਆਂ ਹਨ।ਅਪਣੱਤ ਦੀ ਭਾਵਨਾ ਨੂੰ ਵਧਾਉਂਦੀਆਂ ਹਨ ਜੋ ਕਿ ਮਨੁੱਖ ਲਈ ਸੁਰੱਖਿਆ ਦੀ ਭਾਵਨਾ ਬਣਦੀ ਹੈ।ਵਿਦੇਸ਼ ਵਿੱਚ ਇਕੱਲਾਪਣ ਇੱਕ ਮਾਰੂ ਰੋਗ ਸਾਬਤ ਹੋ ਰਿਹਾ ਹੈ ਅਤੇ ਹੌਲੀ ਹੌਲੀ ਇਹ ਭਾਰਤ ਵਿੱਚ ਵੀ ਪੈਰ ਪਸਾਰ ਰਿਹਾ ਹੈ।ਸਾਨੂੰ ਇਸ ਤੋਂ ਸਾਵਧਾਨ ਰਹਿਣ ਦੀ ਲੋੜ ਹੈ।
ਕਦੀ ਆਪਣੇ ਦੋਸਤਾਂ ਕੋਲ ਬਿਨਾਂ ਕਿਸੇ ਵਜ੍ਹਾ ਜਾਓ।ਕਦੀ ਕੋਈ ਫੋਨ ਬਿਨਾਂ ਕਿਸੇ ਵਜ੍ਹਾ ਕਰੋ।ਇੱਧਰ ਉੱਧਰ ਦੀਆਂ ਹਲਕੀਆਂ ਫੁਲਕੀਆਂ ਗੱਲਾਂ ਕਰੋ।ਮਜ਼ਾਹੀਆ ਲਹਿਜ਼ੇ ਵਿੱਚ ਗੱਲਾਂ ਕਰੋ।ਜ਼ਿੰਦਗੀ ਖੁਸ਼ਗਵਾਰ ਲੱਗੇਗੀ।ਮਨੁੱਖੀ ਜੀਵਨ ਵਿੱਚੋਂ ਜੇਕਰ ਗੱਲਬਾਤ ਨੂੰ ਕੱਢ ਦਿੱਤਾ ਜਾਵੇ ਤਾਂ ਕੁਝ ਬਚਦਾ ਹੀ ਨਹੀਂ।
ਬਹੁਤ ਜ਼ਰੂਰੀ ਹੈ ਕਿਸੇ ਗੱਲਬਾਤ ਨੂੰ ਬਚਾ ਲਈਏ ਇਸ ਤਰੀਕੇ ਨਾਲ ਆਪਣੇ ਆਪ ਨੂੰ ਵੀ ਬਚਾ ਲਵਾਂਗੇ।
ਹਰਪ੍ਰੀਤ ਕੌਰ ਸੰਧੂ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly