HOME *ਅਤੀਤ ਤੇ ਅੱਜ ਦੇ ਦਹਿਸ਼ਤੀ ਸਿਸਟਮ ਦੀ ਬਾਤ ਪਾਉੰਦਾ ਨਾਵਲ : ‘ਵਕਤ...

*ਅਤੀਤ ਤੇ ਅੱਜ ਦੇ ਦਹਿਸ਼ਤੀ ਸਿਸਟਮ ਦੀ ਬਾਤ ਪਾਉੰਦਾ ਨਾਵਲ : ‘ਵਕਤ ਦੇ ਖੀਸੇ ‘ਚੋਂ’*

4
ਪੁਸਤਕ : ਵਕਤ ਦੇ ਖੀਸੇ ‘ਚੋਂ ( ਨਾਵਲ)
ਲੇਖਕਾ : ਮਨਦੀਪ ਰਿੰਪੀ
ਪੰਨੇ : 185
ਮੁੱਲ : 400/– ਰੁਪਏ
ਪਬਲਿਸ਼ਰ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ 
ਸੰਪਰਕ : +91-172-5027427  5027429
ਮਾਲਵਿੰਦਰ ਸ਼ਾਇਰ

 (ਸਮਾਜ ਵੀਕਲੀ)  ਮਨਦੀਪ ਰਿੰਪੀ ਇੱਕ ਬਹੁਤ ਹੀ ਚੇਤਨ ਸਾਹਿਤਕਾਰਾ ਹੈ ਜੋ ਅਤੀਤ ਦੇ ਪਰਛਾਵਿਆਂ ਨੂੰ ਵਰਤਮਾਨ ਵਿੱਚ ਪੇਸ਼ ਕਰਨ ਦਾ ਹੁਨਰ ਵੀ ਰੱਖਦੀ ਹੈ ਜਿਸਦੀ ਉਦਾਹਰਣ ਉਸਦਾ ‘ਵਕਤ ਦੇ ਖੀਸੇ ‘ਚੋਂ’ ਹਥਲਾ ਨਾਵਲ ਹੈ। ਚਾਹੇ ਉਸਦੀ ਸ਼ੁਰੂਆਤ ਕਵਿਤਾ ਨਾਲ਼ ਹੋਈ ਪਰ ਉਸਦੀ ਗਲਪੀ ਵਿਧਾਵਾਂ ‘ਤੇ ਮਜ਼ਬੂਤ ਪਕੜ ਹੈ ਜੋ ਕਹਾਣੀ ਨੂੰ ਖ਼ੂਬਸੂਰਤੀ ਨਾਲ਼ ਗੁੰਦ ਕੇ ਪਾਠਕ ਦੇ ਸਾਹਮਣੇ ਪੇਸ਼ ਕਰਨਾ ਜਾਣਦੀ ਹੈ। ਉਸਦੀ ਪਹਿਲੀ ਪੁਸਤਕ ਕਾਵਿ-ਸੰਗ੍ਰਹਿ ਦੇ ਰੂਪ ਵਿੱਚ ‘ਜਦੋਂ ਤੂੰ ਚੁੱਪ ਸੀ’ ਹੈ ਜੋ 2020 ਵਿੱਚ ਪ੍ਰਕਾਸ਼ਿਤ ਹੋਈ। ਉਸਤੋਂ ਬਾਅਦ ਉਸਦੀ ਪੁਸਤਕ 2021 ਵਿੱਚ ‘ਕਿੱਟੀ ਦੀ ਖੀਰ’ ਬਾਲ ਕਹਾਣੀ-ਸੰਗ੍ਰਹਿ ਦੇ ਰੂਪ ਵਿੱਚ ਆਈ। ਫਿਰ ਉਸਨੇ ਆਪਣੇ ਸੁਹਿਰਦ ਪਾਠਕਾਂ ਨੂੰ ‘ਜ਼ਿੰਦਗੀ ਪਰਤ ਆਈ’ ਪੁਸਤਕ 2022 ਵਿੱਚ ਨਾਵਲ ਦੇ ਰੂਪ ਵਿੱਚ ਦਿੱਤੀ। 2023 ਵਿੱਚ  ਉਸਦੀਆਂ ਲਗਾਤਾਰ ਚਾਰ ਪੁਸਤਕਾਂ ਪ੍ਰਕਾਸ਼ਿਤ ਹੋਈਆਂ ਜਿੰਨ੍ਹਾਂ ਵਿੱਚ ‘ਹਾਂ! ਮੈਂ ਲਾਲਚੀ ਹਾਂ’ ਕਹਾਣੀ-ਸੰਗ੍ਰਹਿ, ‘ਹਾਂ,ਮੈਂ ਡੀ.ਸੀ. ਲੱਗਣਾ’ ਬਾਲ ਕਹਾਣੀ-ਸੰਗ੍ਰਹਿ, ‘ਚੂਹੀ ਨੂੰ ਬੁਖ਼ਾਰ ਚੜ੍ਹਿਆ ਬਾਲ ਕਾਵਿ-ਸੰਗ੍ਰਹਿ ਅਤੇ ‘ਦੇਖਿਓ ! ਕਿਧਰੇ ਭੁੱਲ ਨਾ ਜਾਇਓ’ ਬਾਲ ਕਹਾਣੀ-ਸੰਗ੍ਰਹਿ ਸ਼ਾਮਿਲ ਹਨ। 2024 ਵਿੱਚ ਉਸਨੇ ਬਾਲ-ਨਾਵਲ ‘ਰਾਜਵੀਰ ਦਾ ਓਰੀਓ’ ਅਤੇ ਹਥਲਾ ਨਾਵਲ ‘ਵਕਤ ਦੇ ਖੀਸੇ ‘ਚੋਂ’ ਪੰਜਾਬੀ ਸਾਹਿਤ ਦੀ ਝੋਲੀ ਪਾਇਆ। ਸੋ ਉਪਰੋਕਤ ਪੁਸਤਕਾਂ ਦੀ ਲੜੀ ਦਾ ਵੇਰਵਾ ਉਸਦੀ ਪੰਜਾਬੀ ਸਾਹਿਤ ਪ੍ਰਤੀ ਲਗਨ ਨੂੰ ਬਾਖ਼ੂਬੀ ਦਰਸਾਉਂਦਾ ਹੈ। ਉਸਦਾ ਹਥਲਾ ਨਾਵਲ ‘ਵਕਤ ਦੇ ਖੀਸੇ ‘ਚੋਂ’ 185 ਪੰਨਿਆਂ ਦਾ ਹੈ ਜਿਸਦੇ 23 ਭਾਗ ਹਨ। ਹਰਿੱਕ ਭਾਗ ਚਾਰ-ਪੰਜ ਪੰਨਿਆਂ ਤੋਂ ਲੈ ਅੱਠ-ਦਸ ਪੰਨਿਆਂ ਤੱਕ ਫੈਲਿਆ ਹੋਇਆ ਹੈ ਜਿਸ ਕਰਕੇ ਪਾਠਕ ਨੂੰ ਪੜ੍ਹਦਿਆਂ ਉਚਾਟਪਣ ਮਹਿਸੂਸ ਨਹੀਂ ਹੁੰਦਾ ਅਤੇ ਇਸਦਾ ਪਾਠ ਕਰਦਿਆਂ ਉਹ ਸਹਿਜਤਾ ਨਾਲ਼ ਆਦਿ ਤੋਂ ਅੰਤ ਤੱਕ ਕਹਾਣੀ ਦੀ ਗੋਂਦ ਨਾਲ਼ ਜੁੜਿਆ ਰਹਿੰਦਾ ਹੈ। ਇਸ ਨਾਵਲ ਦੀ ਗੋੰਦ ਪੰਜਾਬ ਦੇ ਵਿੱਚ  ਚੱਲੇ ਕਾਲੇ ਦੌਰ ਦੇ ਸਮੇਂ ਨੂੰ ਆਪਣੇ ਕਲਾਵੇ ਵਿੱਚ ਲੈਂਦੀ ਹੈ। ਇਸ ਨਾਵਲ ਵਿੱਚ ‘ਰਿੰਪੀ’ ਦੁਆਰਾ ਲਿਖੇ  ਕੁੱਝ ਸ਼ਬਦਾਂ ‘ ਬੰਦਾ ਮਾੜਾ ਨਹੀਂ ਹੁੰਦਾ’ ਵਿੱਚ ਆਪ ਇੰਕਸ਼ਾਫ਼ ਕਰਦੀ ਹੈ ਕਿ ‘ਬੜੇ ਚਿਰ ਤੋਂ ਇਸ ਨਾਵਲ ਦਾ ਪਲਾਟ ਮੇਰੇ ਮਨ ‘ਚ ਦਸਤਕ ਦਿੰਦਾ ਹੋਇਆ, ਮੇਰੀਆਂ ਯਾਦਾਂ ‘ਚ ਕੰਬਣੀ ਛੇੜ ਜਾਂਦਾ ਤੇ ਕਦੇ-ਕਦਾਈਂ ਮੇਰੇ ਸੁਪਨਿਆਂ ‘ਚ ਫੈਲ ਜਾਂਦਾ। ਮੈਂ ਅਕਸਰ ‘ਛੱਡ ਪਰ੍ਹਾਂ’ ਆਖ ਮਨ ਨੂੰ ਕਿਸੇ ਹੋਰ ਆਹਰੇ ਲਾਉਂਦੀ ਪਰ ਇਹ ਨਾ ਟਲਿਆ ਤੇ ਮੈਨੂੰ ਵਕਤ ਦੇ ਖੀਸੇ ਨੂੰ ਫਰੋਲਣਾ ਹੀ ਪਿਆ।’ ਇਸੇ ਕਾਲਮ ਵਿੱਚ ਇੱਕ ਥਾਂ ਹੋਰ ਲਿਖਦੀ ਹੈ ‘…ਉਹ ਸਵਾਲ ਉਂਝ ਈ ਮਨ ਦੀਆਂ ਪਰਤਾਂ ‘ਚ ਦਬਦੇ ਚਲੇ ਗਏ ਤੇ ਹੁਣ ਵੀ ਕਈ ਵਾਰ ਜਦੋਂ ਮਨ ਦੀਆਂ ਤੈਹਾਂ ‘ਚੋਂ ਬਾਹਰ ਆਉਣ ਲਈ ਤਰਲੋ-ਮੱਛੀ ਹੁੰਦੇ ਤਾਂ ਉਹਨਾਂ ਲੋਕਾਂ ਦੇ ਚਿਹਰੇ ਆਪ-ਮੁਹਾਰੇ ਅੱਖਾਂ ਮੂਹਰੇ ਆ ਖੜ੍ਹਦੇ ਜਿਨ੍ਹਾਂ ਇਸ ਸੰਤਾਪ ਨੂੰ ਹੰਢਾਇਆ।ਇਹ ਨਾਵਲ ਮੈਨੂੰ ਇੰਝ ਲੱਗਦਾ ਕਿ ਮੈਂ ਆਪ ਨਹੀਂ ਲਿਖਿਆ, ਉਹਨਾਂ ਰੂਹਾਂ ਨੇ ਲਿਖਵਾਇਆ।’ ਸੋ ਮਨਦੀਪ ਨੇ ਇਸ ਨਾਵਲ ਦੇ ਸ਼ੁਰੂ ਵਿੱਚ ਹੀ ਅਜਿਹਾ ਤਾਣਾ ਤਣ ਦਿੱਤਾ ਹੈ ਕਿ ਪਾਠਕ ਉਸਦੇ ਪੇਟੇ ਵੱਲ ਆਕਰਸ਼ਿਤ ਹੋ ਜਾਂਦਾ ਹੈ। ਚਾਹੇ ਇਹ ਨਾਵਲ ਦਾ ਕਥਾ ਪ੍ਰਬੰਧ ਰੋਪੜ ਦੇ ਆਲੇ-ਦੁਆਲੇ ਭਾਵ ਕਿ ਮੋਰਿੰਡੇ ਤੋਂ ਕਲਾਨੌਰ ਤੱਕ ਨਾਲ਼ ਸੰਬੰਧਿਤ ਹੈ ਪਰ ਇਸਦਾ ਕਥਾਨਕ ਦਾਇਰਾ ਸਮੁੱਚੇ ਪੰਜਾਬ ਦੀ ਧਰਾਤਲ ਤੱਕ ਫੈਲ ਜਾਂਦਾ ਹੈ। ਨਾਵਲਕਾਰਾ ਖ਼ੂਬਸੂਰਤੀ ਨਾਲ਼ ਨਾਵਲ ਦਾ ਕਥਾਨਿਕ ਬੁਣਦੀ ਤਤਕਾਲੀ ਦਹਿਸ਼ਤ ਦੇ ਮਹੌਲ ਨੂੰ ਸਮਕਾਲ ਦੀਆਂ ਰਾਜਸੀ ਘਟਨਾਵਾਂ ਨਾਲ਼ ਮੇਲ ਦਿੰਦੀ ਹੈ ਜਿਸ ਕਾਰਨ ਇਹ ਨਾਵਲ,ਨਾਵਲਕਾਰਾ ਦੇ ਗਲਪੀ ਵਰਤਾਰੇ ਅਤੇ ਜੀਵਨਮੁਖੀ ਨਜ਼ਰੀਏ ਦੀ ਪ੍ਰਤੱਖ ਗਵਾਹੀ ਹੈ। ਨਾਵਲਕਾਰਾ ਇਹ ਨਾਵਲ  ਉਨ੍ਹਾਂ ਮਾਵਾਂ ਨੂੰ  ਸਮਰਪਿਤ ਕਰਦੀ ਹੈ ਜਿੰਨ੍ਹਾਂ ਦੀਆਂ ਬੁੱਢੀਆਂ ਅੱਖਾਂ ਕਦੇ ਨਾ ਪਰਤਣ ਵਾਲੇ ਢਿੱਡੋਂ ਜਾਇਆਂ ਨੂੰ ਅੱਜ ਵੀ ਉਡੀਕ ਰਹੀਆਂ ਨੇ, ਉਨ੍ਹਾਂ ਭੈਣਾਂ ਨੂੰ ਸਮਰਪਿਤ ਕਰਦੀ ਹੈ ਜੋ ਭਰਾਵਾਂ ਦੇ ਪਰਤ ਆਉਣ ਦੀਆਂ ਅਰਜੋਈਆਂ ਕਰਦੀਆਂ ਆਪ ਮਿੱਟੀ ਹੋ ਗਈਆਂ ਅਤੇ ਉਨ੍ਹਾਂ ਚੂੜੇ ਵਾਲੀਆਂ ਨੂੰ ਸਮਰਪਿਤ ਕਰਦੀ ਹੈ ਜਿਹੜੀਆਂ ਮੰਨਣ ਲਈ ਤਿਆਰ ਨਹੀਂ  ਕਿ ਉਨ੍ਹਾਂ ਦੇ ਸਿਰ ਦੇ ਸਾਈਆਂ ਨੂੰ ਉਹਨਾਂ ਦੀ ਜ਼ਿੰਦਗੀ ‘ਚੋਂ ਵਕਤ ਦੀ ਹਨੇਰੀ ਧੂਹ ਕੇ ਲੈ ਗਈ…ਅਜਿਹੇ ਰਾਹਾਂ ਵੱਲ ਜਿੱਥੇ ਵਾਪਸੀ ਦੇ ਰਾਹ ਮੁੱਕ ਜਾਂਦੇ ਹਨ। ਇਹ ਨਾਵਲ ਇਸਦੇ ਮੁੱਖ ਪਾਤਰ ਜਗਜੀਤ ਦੀ ਸਵੈ-ਕਥਨੀ ਅਧਾਰਿਤ ਹੈ ਜੋ ਗਲਪੀ-ਜੁਗਤ ਪਿਛਲ-ਝਾਤ ਦੀ ਹੀ ਇੱਕ ਸੁਪਨ-ਜੁਗਤ ਰਾਹੀਂ ਬੁਢਾਪੇ ਦੀ ਦਹਿਲੀਜ਼ ‘ਤੇ ਪਹੁੰਚ ਕੇ ਦਿਖਾਉਂਦਾ ਹੈ। ਇਸ ਨਾਵਲ ਵਿੱਚ ਮੁੱਖ-ਪਾਤਰ ਜਗਜੀਤ ਨਾਲ਼ ਕਥਾਨਕ ਨੂੰ ਨਾਵਲਕਾਰਾ ਆਪਣੇ ਮਿੱਥੇ ਮੁਕਾਮ ‘ਤੇ ਪਹੁੰਚਾਉਣ ਲਈ ਗੌਣ ਪਾਤਰ ਵੀ ਸਿਰਜਦੀ ਹੈ ਜਿਸ ਵਿੱਚ ਜਗਜੀਤ ਦੀ ਹਮ-ਜਮਾਤਣ ਕਿਰਨਜੀਤ,ਪ੍ਰੋਫ਼ੈਸਰ ਬਸ਼ੀਰ,ਉਸਦੇ ਨਾਨਕੇ ਪਿੰਡ ਦਾ ਅਤੇ ਅੱਠਵੀਂ ਤੋਂ ਬਾਰਵੀਂ ਤੱਕ ਜਮਾਤੀ ਰਿਹਾ ਕੁਲਜੀਤ,ਜਗਜੀਤ ਦੀ ਪਤਨੀ ਰਣਜੀਤ, ਦੋ ਬੇਟੇ ਮਣੀ ਤੇ ਗਿੰਦੀ ,ਬੇਟੀ ਸ਼ਰਨਜੀਤ ਅਤੇ ਜਗਜੀਤ ਦੇ ਮਾਂ-ਬਾਪ ਆਦਿ ਕਿੰਨੇ ਹੀ ਪਾਤਰਾਂ ਦੇ ਨਾਂਅ ਸ਼ੁਮਾਰ ਹਨ। ਇਸ ਨਾਵਲ ਦੀ ਬਣਤਰ ਤੇ ਬੁਣਤਰ ਸੰਘਣੀ ਤੇ ਠੋਸ ਹੈ ਜੋ ਮੁੱਖ ਪਾਤਰ ਦੀ ਬਚਪਨ ਤੋਂ ਲੈ ਕੇ ਬੁਢਾਪੇ ਤੱਕ ਦੀ ਜ਼ਿੰਦਗੀ ਦੇ ਵੇਰਵੇ ਤੇ ਬਿਰਤਾਂਤ,ਉਸਦੀ ਜ਼ਿੰਦਗੀ ਦੀ ਸਮੁੱਚਤਾ ਨੂੰ ਪੇਸ਼ ਕਰਦੀ ਹੈ। ਨਾਵਲ ਦਾ ਅੰਤ ਸੁਖਦ ਹੈ ਜੋ ਕਿ ਵਰਣਾਤਮਿਕ ਹੈ,  “ਸ਼ਰਨਜੀਤ,ਮੈਨੂੰ ਤੇ ਆਪਣੀ ਮਾਂ ਨੂੰ ਘੁੱਟ ਕੇ ਜੱਫ਼ੀ ਪਾ ਕੇ, ਗੇਟ ਤੋਂ ਓਹਲੇ ਲੈ ਗਈ। ਮੈਨੂੰ ਤਸੱਲੀ ਹੋਈ ਕਿ ਸਭ ਠੀਕ ਹੋ ਜਾਵੇਗਾ ਤੇ ਮੈਂ ਆਪਣੀਆਂ ਦੋਵਾਂ ਬਾਹਾਂ ਵੱਲ ਵੇਖਦਾ ਹਾਂ।” ਮੈਂ ਹਥਲੇ ਨਾਵਲ ‘ਵਕਤ ਦੇ ਖੀਸੇ ‘ਚੋਂ’ ਕਿਰਤ ਦੀ ਆਮਦ ‘ਤੇ ਇਸ ਦੀ ਸਿਰਜਕ ਨਾਵਲਕਾਰਾ ਮਨਦੀਪ ‘ਰਿੰਪੀ’ ਨੂੰ ਵਧਾਈ ਦਿੰਦਾ ਹਾਂ ਅਤੇ ਆਸ ਕਰਦਾ ਹਾਂ ਕਿ ਪਾਠਕ ਇਸ ਕਿਰਤ ਦਾ ਪਾਠ ਕਰਨ ਉਪਰੰਤ ਇਸਨੂੰ ਦਿਲੋਂ ਸਵੀਕਾਰਨਗੇ। ਆਮੀਨ…।

ਮਾਲਵਿੰਦਰ ਸ਼ਾਇਰ
ਪਿੰਡ ਤੇ ਡਾਕ. –ਸ਼ੇਰ ਸਿੰਘ ਪੁਰਾ
ਤਹਿ. ਤੇ ਜਿਲ੍ਹਾ — ਬਰਨਾਲਾ — 148100
ਸੰਪਰਕ — 94781-85742
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਹਰਦੀਪ ਕੌਰ ਚੰਡਿਹੋਕ ਯਾਦਗਾਰੀ ਤੀਜਾ ਪਾਠਕ ਸਨਮਾਨ 26 ਨੂੰ।
Next articleकम्युनिस्ट केरल की कहानी : जहां अब कोई नहीं है गरीबी रेखा के नीचे