ਦਿਲ ਹੀ ਹੈ ਟੁੱਟਿਆ

ਮਨਜੀਤ ਕੌਰ ਧੀਮਾਨ,           
(ਸਮਾਜ ਵੀਕਲੀ)
ਚੂੜੀਆਂ ਵਿੱਚ ਹੱਥ ਬੰਨ੍ਹੇ ਤੇ,
ਝਾਂਜਰਾਂ ‘ਚ ਨੂੜੇ ਪੈਰ ਹੈ।
ਦਿਲ ਹੀ ਹੈ ਟੁੱਟਿਆ ਤੇ,
ਬਾਕੀ ਬੱਸ ਖ਼ੈਰ ਹੈ।
ਦਿਲ ਹੀ ਹੈ….
ਤਰੱਕੀ ਹੈ ਕੀਤੀ ਯੁੱਗ ਨੇ,
ਮਸ਼ੀਨ ਦਾ ਚੱਲ ਰਿਹਾ ਗੇੜਾ।
ਕੁੜੀਆਂ ਨੇ ਮਰੀਆਂ ਕੁੱਖ ਵਿੱਚ,
ਅੰਮੜੀ ਦਾ ਰੋਂਦਾ ਸੁੰਨਾ ਵਿਹੜਾ।
ਮੁੰਡਿਆਂ ਤੋਂ ਨੋਟ ਵਾਰਨ ਤੇ,
ਧੀਆਂ ਤਾਈਂ ਵੈਰ ਹੈ।
ਦਿਲ ਹੀ ਹੈ ….
ਬਾਬਲ ਨੇ ਜਦ ਡੋਲੀ ਪਾਈ,
ਆਖੇ ਸਿਰ ਤੋਂ ਭਾਰ ਲੱਥਾ।
ਚਿੱਟੀ ਚਾਦਰ ਸੀ ਕੋਰੀ,
ਸੱਸੜੀ ਦਾ ਠਣਕਿਆ ਮੱਥਾ।
ਪੁੱਤਰ ਤਾਂ ਜਾਇਆ ਢਿੱਡੋਂ,
ਨੂੰਹ ਤਾਂ ਪਰ ਗੈਰ ਹੈ।
ਦਿਲ ਹੀ ਹੈ…..
ਬਾਪੂ ਨੂੰ ਆਖੀ ਜਾ ਕੇ,
ਗੱਡੀ ਵੱਡੀ ਜਿਹੀ ਲੈ ਦਈਂ।
ਚੰਗੇ ਨਹੀਂ ਆਏ ਸੀ,
ਨਣਦਾਂ ਦੇ ਕੱਪੜੇ ਕਹਿ ਦਈਂ।
ਮਹਿੰਗੀ ਬੜੀ ਪੈ ਜਾਂਦੀ,ਹਾਏ!
ਪੇਕਿਆਂ ਦੀ ਸੈਰ ਹੈ।
ਦਿਲ ਹੀ ਹੈ….
ਬੁੱਢੜੀ ਜਦ ਹੋ ਗਈ ਤਾਂ,
ਖੂੰਜੇ ਹੀ ਲਾ ਦਿੱਤਾ।
ਪੁੱਤਾਂ ਤੇ ਨੂੰਹਾਂ ਨੇ ਰਲ਼,
ਭੁੰਜੇ ਹੀ ਪਾ ਦਿੱਤਾ।
ਰੋਟੀ ਦਾ ਟੁੱਕ ਜੇ ਦੇਵਣ,
ਲੱਗਦਾ ਜਿਵੇਂ ਜ਼ਹਿਰ ਹੈ।
ਦਿਲ ਹੀ ਹੈ……
ਔਰਤ ਨੂੰ ਆਖਿਆ ਜਾਂਦਾ,
ਤਿੰਨ ‘ਪੱਪੇ’ ਬਹੁਤ ਜ਼ਰੂਰੀ।
ਪਿਓ,ਪਤੀ ਤੇ ਪੁੱਤਰ,
ਤਿੰਨਾਂ ਤੋਂ ਬਿਨਾਂ ਅਧੂਰੀ।
ਇਹ ਨਾ ਕੋਈ ਵੀ ਕਹਿੰਦਾ,
ਘਾਟਾ ਧੀ ਦੇ ਵਗੈਰ ਹੈ।
ਦਿਲ ਹੀ ਹੈ…..
ਮਨਜੀਤ ਕੌਰ ਧੀਮਾਨ,   
 ਸ਼ੇਰਪੁਰ, ਲੁਧਿਆਣਾ। 
 ਸੰ:9464633059

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੀਤ
Next articleG20