(ਸਮਾਜ ਵੀਕਲੀ)
ਹਰ ਸਾਲ ਦੇਸ਼ ਵਿੱਚ ਮਜ਼ਦੂਰ ਦਿਵਸ ਇੱਕ ਮਈ ਅਤੇ ਕਿਸਾਨ ਦਿਵਸ 23 ਦਸੰਬਰ ਨੂੰ ਮਨਾਇਆ ਜਾਂਦਾ ਹੈ। ਇਹ ਵਿਸ਼ੇਸ਼ ਦਿਨ ਹਰ ਸਾਲ ਭਾਰਤ ਦੇ 5ਵੇਂ ਪ੍ਰਧਾਨ ਮੰਤਰੀ ਤੇ ਕਿਸਾਨਾਂ ਦੇ ਮਸੀਹਾ ਚੌਧਰੀ ਚਰਨ ਸਿੰਘ ਦੇ ਜਨਮ ਦਿਨ ਦੇ ਮੌਕੇ ਮਨਾਇਆ ਜਾਂਦਾ ਹੈ। ਇਸ ਮੌਕੇ ਦੇਸ਼ ਭਰ ਵਿੱਚ ਕਿਸਾਨਾਂ ਦੇ ਯੋਗਦਾਨ ਲਈ ਪ੍ਰੋਗਰਾਮ ਕਰਵਾਏ ਜਾਂਦੇ ਹਨ। ਪਰ ਸਹੀ ਅਰਥਾਂ ਵਿੱਚ ਇਹ ਦਿਨ ਮਨਾਉਣ ਦਾ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਕਿਨਾ ਕੁ ਲਾਭ ਹੁੰਦਾ ਹੈ ਇਹ ਸਾਰੇ ਹੀ ਭਲੀ ਭਾਂਤ ਜਾਣਦੇ ਹਨ। ਭਾਰਤ ਦੀ ਅੱਧੀ ਆਬਾਦੀ ਤੋਂ ਵੱਧ ਲੋਕਾਂ ਦੇ ਨਿਰਬਾਹ ਦਾ ਸਾਧਨ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਖੇਤੀਬਾੜੀ ਤੇ ਨਿਰਭਰ ਕਰਦਾ ਹੈ। ਜੋਂ ਵੀ ਲੋਕ ਖੇਤੀਬਾੜੀ ਕਿਤੇ ਨਾਲ ਜੁੜੇ ਹੋਏ ਹਨ ਚਾਹੇ ਉਹ ਕਿਸੇ ਵੀ ਜਾਤ ਜਾਂ ਧਰਮ ਨਾਲ ਜੁੜੇ ਹੋਏ ਹੋਣ ਉਹ ਕਿਸਾਨ ਅਖਵਾਉਂਦੇ ਹਨ।
ਪਰ ਅੱਜ ਦੇਸ਼ ਦੇ ਅੰਨਦਾਤਾ ਅਖਵਾਉਣ ਵਾਲੇ ਕਿਸਾਨਾਂ ਦੁਆਰਾ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਅਤੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਤਰਸਮਈ ਹਾਲਾਤ ਕਿਸੇ ਤੋਂ ਛੁਪੀ ਨਹੀਂ। ਦੇਸ ਵਿੱਚ ਸਾਲ 2014 ਤੋਂ 2022 ਤੱਕ 7 ਸਾਲਾਂ ਵਿੱਚ ਕਰਜ਼ਾ,ਦਿਵਾਲੀਆਪਨ ਅਤੇ ਹੋਰ ਕਾਰਨਾਂ ਕਰਕੇ ਕਰੀਬ 40 ਹਜ਼ਾਰ ਕਿਸਾਨਾਂ ਅਤੇ ਖੇਤੀ ਮਜ਼ਦੂਰਾਂ ਨੇ ਆਤਮਹੱਤਿਆ ਕੀਤੀ ਹੈ ਅਤੇ ਇਹ ਸਿਲਸਿਲਾ ਨਿਰੰਤਰ ਜਾਰੀ ਹੈ।ਆਰਥਿਕ ਪੱਖੋਂ ਮਜ਼ਬੂਤ ਕਿਸਾਨਾਂ ਦੀ ਗਿਣਤੀ ਥੋੜ੍ਹੀ ਹੀ ਹੈ ਜ਼ਿਆਦਾਤਰ ਕਿਸਾਨ ਮੱਧਵਰਗੀ ਅਤੇ ਆਰਥਿਕ ਪੱਖੋਂ ਕਮਜ਼ੋਰ ਹੀ ਹਨ।
ਆਜ਼ਾਦੀ ਦੇ ਸੱਤ ਦਹਾਕੇ ਬੀਤ ਜਾਣ ਬਾਅਦ ਵੀ ਦੇਸ ਦੇ ਸਤਾਰਾਂ ਸੂਬਿਆਂ ਵਿੱਚ ਇੱਕ ਕਿਸਾਨ ਪਰਿਵਾਰ ਦੀ ਔਸਤ ਸਲਾਨਾ ਆਮਦਨ ਸਿਰਫ਼ ਚਾਲੀ ਹਜ਼ਾਰ ਰੁਪਏ ਹੀ ਹੈ। ਚੋਣਾਂ ਤੋਂ ਪਹਿਲਾਂ ਰਾਜਨੀਤਿਕ ਪਾਰਟੀਆਂ ਕਿਸਾਨ ਹਿਤੈਸ਼ੀ ਹੋਣ ਦੇ ਦਾਵੇ ਅਤੇ ਵਾਅਦਿਆਂ ਦੀ ਗੱਲ ਤਾਂ ਕਰਦੀਆਂ ਹਨ ਪਰ ਸੱਤਾ ਸੁੱਖ ਮਿਲਦਿਆਂ ਹੀ ਕਿਸਾਨ ਅਤੇ ਮਜ਼ਦੂਰ ਵਰਗ ਨੂੰ ਅਣਗੋਲਿਆਂ ਕਰ ਦਿੱਤਾ ਜਾਂਦਾ ਰਿਹਾ ਹੈ। ਆਪਣੀ ਹੋਣੀ ਨੂੰ ਸਰਕਾਰਾਂ ਦੇ ਕੰਨੀਂ ਪਾਉਣ ਲਈ ਕਿਸਾਨਾਂ ਵੱਲੋਂ ਕੀਤੇ ਜਾਂਦੇ ਸੰਘਰਸ਼ਾਂ ਅਤੇ ਉਹਨਾਂ ਤੇ ਹੁੰਦੇ ਲਾਠੀਚਾਰਜ, ਅੱਥਰੂ ਗੈਸ ਅਤੇ ਪਾਣੀ ਦੀਆਂ ਬਾਛੜਾਂ ਕਿਸੇ ਤੋਂ ਭੁੱਲੀਆਂ ਨਹੀਂ।
ਪਿਛਲੇ ਸਾਢੇ ਤਿੰਨ ਸਾਲਾਂ ਵਿੱਚ ਛੇ ਵਾਰ ਦੇਸ ਦੇ ਕਈ ਰਾਜਾਂ ਦੇ ਕਿਸਾਨ ਦਿੱਲੀ ਹਾਜ਼ਰੀ ਲਵਾ ਚੁੱਕੇ ਹਨ। ਕਿਸਾਨਾਂ ਦਾ ਦੁਖਾਂਤ ਹੈ ਕਿ ਉਹਨਾਂ ਦੇ ਨਾਹਰਿਆਂ ਦੀ ਅਵਾਜ਼ ਸਰਕਾਰਾਂ ਦੇ ਕੰਨਾਂ ਤੱਕ ਨਹੀਂ ਪਹੁੰਚਦੀ ਅਤੇ ਹਰ ਪੰਜ ਸਾਲ ਬਾਅਦ ਰਾਜਨੀਤਿਕ ਪਾਰਟੀਆਂ ਸਿਰਫ਼ ਆਪਣੀਆਂ ਰਾਜਨੀਤਿਕ ਰੋਟੀਆਂ ਸੇਕ ਕੇ ਤੁਰਦੀਆਂ ਬਣਦੀਆਂ ਹਨ। ਇਹ ਸਾਡੇ ਦੇਸ਼ ਦਾ ਦੁਰਭਾਗ ਹੀ ਕਿਹਾ ਜਾਵੇਗਾ ਕਿ ਲੋਕਤੰਤਰ ਵਿੱਚ ਲੋਕਾਂ ਦੁਆਰਾ ਚੁਣੀ ਸਰਕਾਰ ਦੁਆਰਾ ਲੋਕਾਂ ਲਈ ਲੋਕਤੰਤਰ ਨੂੰ ਹੀ ਮਜਾਕ ਬਣਾ ਕੇ ਰੱਖ ਦਿੱਤਾ ਜਾਂਦਾ ਹੈ। ਕਿਸਾਨੀ ਦੀ ਬਦਹਾਲੀ ਦਾ ਸਭ ਤੋਂ ਵੱਡਾ ਕਾਰਨ ਕਿਸਾਨਾਂ ਨੂੰ ਉਹਨਾਂ ਦੀਆਂ ਫ਼ਸਲਾਂ ਦਾ ਸਹੀ ਮੁੱਲ ਨਾ ਮਿਲਣਾ ਹੈ।
ਖੇਤਾਂ ਵਿੱਚ ਮਿਹਨਤ ਕਿਸਾਨ ਅਤੇ ਮਜ਼ਦੂਰ ਕਰਦਾ ਹੈ ਪਰ ਉਨ੍ਹਾਂ ਵੱਲੋਂ ਪੁਤਾਂ ਵਾਂਗ ਵਾਲੀਆਂ ਫ਼ਸਲਾਂ ਦੀ ਕੀਮਤ ਮੌਕੇ ਦੀ ਹਕੂਮਤ ਤਹਿ ਕਰਦੀ ਹੈ। ਦੂਜਾ ਵੱਡਾ ਕਾਰਨ ਕੁਦਰਤੀ ਮਾਰ ਹੈ ਜਦੋਂ ਕਿਸਾਨ ਨੂੰ ਪਾਣੀ ਦੀ ਜ਼ਰੂਰਤ ਹੁੰਦੀ ਹੈ ਤਾਂ ਸੋਕਾ ਮਾਰ ਜਾਂਦਾ ਹੈ ਜਦੋਂ ਪਾਣੀ ਦੀ ਲੋੜ ਨਹੀਂ ਹੁੰਦੀ ਤਾਂ ਹੜ ਮਾਰ ਜਾਂਦਾ ਹੈ ਹਾਲਾਂਕਿ ਇਹ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ ਪਰ ਇਹ ਮਾਰ ਕਿਸਾਨ ਨੂੰ ਝੱਲਣੀ ਪੈਂਦੀ ਹੈ। ਕਿਸਾਨ ਆਪਣੀ ਜ਼ਮੀਨ ਨੂੰ ਆਪਣੇ ਪਰਿਵਾਰ ਨਾਲੋਂ ਵੀ ਵੱਧ ਪਿਆਰ ਕਰਦਾ ਹੈ ਉਹ ਤੰਗੀਆਂ ਚ ਰਹਿ ਕੇ ਵੀ ਜ਼ਮੀਨ ਨੂੰ ਵੇਚਣ ਵਾਰੇ ਨਹੀਂ ਸੋਚਦਾ।
ਕਿਸਾਨਾਂ ਦਾ ਕਰਜ਼ਾ ਦਿਨ ਬ ਦਿਨ ਵੱਧ ਰਿਹਾ ਹੈ ਜੋ ਕਿ ਕਿਸਾਨਾਂ ਦੀ ਖੁਦਕੁਸ਼ੀ ਦਾ ਕਾਰਨ ਹੋ ਨਿਬੜਦਾ ਹੈ। ਕਿਸਾਨਾਂ ਦੀ ਆਵਾਜ਼ ਬੁਲੰਦ ਕਰਨ ਲਈ ਕਿਸਾਨਾਂ ਦੀ ਕਈ ਜਥੇਬੰਦੀਆਂ ਬਣੀਆਂ ਹੋਈਆਂ ਹਨ। ਇਹ ਵੀ ਕੋਈ ਅੱਤਕੱਥਨੀ ਨਹੀਂ ਕਿ ਕਈ ਵਾਰ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਵੀ ਕੁਰਸੀਆਂ ਦੇ ਕੇ ਸਰਕਾਰਾਂ ਆਪਣੇ ਹੱਕ ਵਿੱਚ ਭੁਗਤਾ ਲੈਂਦੀਆਂ ਹਨ ਅਤੇ ਆਮ ਕਿਸਾਨਾਂ ਦੀ ਸਮੱਸਿਆਵਾਂ ਦਾ ਪਰਨਾਲਾ ਉੱਥੇ ਦਾ ਉੱਥੇ ਹੀ ਰਹਿੰਦਾ ਹੈ। ਕਿਸਾਨਾਂ ਨੂੰ ਮੌਕਾਪ੍ਰਸਤਾਂ ਤੋਂ ਸੁਚੇਤ ਹੋਣ ਦੀ ਵੀ ਲੋੜ ਹੈ ਤਾਂ ਜੋ ਅਖੌਤੀ ਕਿਸਾਨ ਆਗੂ ਜਾਂ ਅਖੌਤੀ ਹਿਤੈਸ਼ੀ ਉਹਨਾਂ ਨੂੰ ਵਰਤ ਕੇ ਆਪਣਾ ਮਕਸਦ ਪੂਰਾ ਨਾ ਕਰਦੇ ਰਹਿਣ।
ਸਮੇਂ ਦੀ ਲੋੜ ਅਨੁਸਾਰ ਸਰਕਾਰਾਂ ਵੱਲੋਂ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਸਿਰਫ਼ ਫੌਰੀ ਰਾਹਤਾਂ ਦੇਣ ਨਾਲ ਡੁੱਬਦੀ ਕਿਸਾਨੀ ਅਤੇ ਖੇਤ ਮਜ਼ਦੂਰੀ ਨੂੰ ਆਪਣੇ ਪੈਰਾਂ ਤੇ ਨਹੀਂ ਖੜ੍ਹਾ ਕੀਤਾ ਜਾ ਸਕਦਾ, ਬਲਕਿ ਕਿਸਾਨ ਅਤੇ ਖੇਤ ਮਜ਼ਦੂਰਾ ਦੀ ਦਸ਼ਾ ਸੁਧਾਰਨ ਲਈ ਯੋਗ ਨੀਤੀਆਂ ਐਮ .ਐਸ .ਪੀ ਵਰਗੇ ਕਨੂੰਨ ਬਣਾਉਣ ਅਤੇ ਹੋਰ ਸਥਾਈ ਹੱਲਾਂ ਨੂੰ ਲੱਭਣ ਦੀ ਜ਼ਰੂਰਤ ਹੈ।
ਕੁਲਦੀਪ ਸਿੰਘ ਰਾਮਨਗਰ
9417990040
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly