(ਸਮਾਜ ਵੀਕਲੀ)
ਇਨਕਲਾਬ ਦੀ ਬੰਦੂਕ ਤੇ ਬਹਿ ਕੇ ਉਹ ਤੁਰ ਪਏ ਵੱਲ ਸਰਕਾਰਾਂ ਦੇ।
ਸ਼ਬਦਾਂ ਨੂੰ ਉਹ ਬਾਂਝ ਬਣਾ ਰਹੇ,ਬੜੇ ਬੜੇ ਦਿਲ ਨੇ ਖੁਸ਼ ਗਦਾਰਾਂ ਦੇ।
ਪਹਿਲਾਂ ਜੋ ਮਨਜੂਰ ਨਹੀਂ ਸੀ,ਅੱਜ ਓਸੇ ਗੋਦੀ ‘ਚ ਵੜ ਬਹਿ ਗਏ ਨੇ,
ਹਰਾਮ ਨੂੰ ਕਿਰਤ ਕਮਾਈ ਲਿਖ ਰਹੇ,ਦੇਖੋ ਫੈਸਲੇ ਇਨ੍ਹਾਂ ਕਲਮਕਾਰਾਂ ਦੇ।
ਜੀ ਆਇਆਂ ਨੂੰ ਜੀ ਕੋਟਿਨ ਕੋਟ ਧੰਨਵਾਦ ਆਏ ਮੁੱਖ ਮਹਿਮਾਨਾਂ ਦਾ,
ਪਹਿਨੇ ਕੱਪੜੇ ਵੀ ਖੁਦ ਬੋਲ ਰਹੇ ਨੇ ਜਾਅਲੀ ਆਇਨੇ ਦਸਤਕਾਰਾਂ ਦੇ।
ਵੱਖ ਵੱਖ ਚੌਖਟੇ ਨਿੱਤਰ ਰਹੇ ਨੇ,ਸਾਹਿਤ ਦੀ ਸੇਵਾ ਕਰਨ ਬਹਾਨੇ ਭਰੀ,
ਮਾਂ ਬੋਲੀ ਲਈ ਹਾਉਕੇ ਦੇਖ ਲਓ,ਪੂਰੇ ਫੋਕੇ ਬੇਅਰਥੇ ਇਨ੍ਹਾਂ ਮਕਾਰਾਂ ਦੇ ।
ਅਜੇ ਵੀ ਭੁਸ ਪੁਰਾਣੇ ਉੱਠ ਪੈਂਦੇ,ਕਿਰਤੀ ਵੱਲ ਕਦੇ ਕਦੇ ਮੂੰਹ ਕਰ ਜਾਂਦੇ,
ਰਚਨਾ ਬੋਲ ਥਾਂ ਬਣਾ ਹੀ ਜਾਂਦੇ,ਕਰਤੱਬ ਦੇਖ ਲਓ ਮਖਮਲੀ ਯਾਰਾਂ ਦੇ !
ਲਗਦੀ ਵਾਹ ਉੱਠਣ ਨਹੀਂ ਦਿੰਦੇ,ਮਾਸੂਮੀਅਤ ਭਰ ਤੁਰੀਆਂ ਕਲਮਾਂ ਨੂੰ,
ਸਮਕਾਲੀ ਦੀ ਲਿਖਤਾਂ ਵੀ ਨਹੀਂ ਬਖਸ਼ਦੇ,ਨੁੱਕੇ ਮਾਰ ਜਾਂਦੇ ਤਲਵਾਰਾਂ ਦੇ ।
ਖਾਸ ਡਰਾਉਣੇ ਗੈਂਗਸਟਰਾਂ ਵਾਂਗੂੰ,ਸਾਹਿਤ ਵਿੱਚ ਵੀ ਕੁੱਝ ਬਣਾ ਲਏ ਨੇ,
ਸਮਾਜ ਦਾ ਦਾਇਰਾ ਘੇਰਾ ਬੰਨ੍ਹ ਲਿਆ,ਤਾਂ ਰਾਹ ਦੇਖਣੇ ਪੈ ਗਏ ਹਾਰਾਂ ਦੇ।
ਰਚਨਾਵਾਂ ਦੀ ਹਰ ਚੋਣਾਂ ਵੇਲੇ,ਹੱਥ ਆਪਣਿਆਂ ਵਿੱਚ ਜਾ ਗਿੜਦਾ ਰਹੇ,
ਇਨਾਮ,ਲੋਈਆਂ ਦੇ ਗੱਡੇ ਲੈ ਫਿਰਦੇ,ਢਿੱਡ ਭਰੇ ਨਹੀਂ ਹੁੱਲੇ ਦਿਲਦਾਰਾਂ ਦੇ !
ਜਿੱਥੋਂ ਕਿਤੇ ਕੋਈ ਚਿਣਗ ਹੈ ਤੁਰਦੀ,ਤੇਰ ਮੇਰ ਦਾ ਸੁਆਲ ਵੀ ਹੁੰਦੈ ਉੱਠਣਾ,
ਪਤਾ ਨਹੀਂ ਕਿਹੜੇ ਲਾਲਚ ਡੁੱਬ ਰਹੇ ਨੇ,ਮੁੱਲ ਵੱਟਕੇ ਲੈ ਜਾਂਦੇ ਵੰਗਾਰਾਂ ਦੇ !
ਹਰ ਤਰਾਂ ਦੇ ਕਾਮੇ ਨੂੰ ਭੰਨ ਰਹੇ,ਕਾਸ਼ਤਕਾਰੀ ਦੇ ਉੱਠੇ ਨਾਅਰੇ ਚੱਬ ਰਹੇ,
ਪਾਠਕ ਨੂੰ ਸਹੀ ਮਾਰਗ ਤੋਂ ਧੱਕ ਕੇ,ਆਸ਼ਕੀ ਰਹਿ ਗਏ ਮੰਡੀ ਬਜਾਰਾਂ ਦੇ।
ਸੁਖਦੇਵ ਸਿੱਧੂ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly