ਬੇਗਮਪੁਰੇ ਦੇ ਸੰਕਲਪ ਵਾਲਾ ਮਹਾਨ ਕ੍ਰਾਂਤੀਕਾਰੀ ਰਹਿਬਰ — ਭਗਤ ਰਵਿਦਾਸ ਜੀ

ਬਲਵੀਰ ਸਿੰਘ ਬਾਸੀਆਂ

(ਸਮਾਜ ਵੀਕਲੀ)-ਭਾਰਤ ਦੇਸ਼ ਦੀ ਧਰਤੀ ਆਦਿ ਕਾਲ ਤੋਂ ਹੀ ਮਹਾਨ ਯੋਧੇ,ਤਪੱਸਵੀ ਤੇ ਕਰਾਂਤੀਕਾਰੀ ਪੈਦਾ ਕਰਦੀ ਆਈ ਹੈ। ਜਿਹਨਾਂ ਨੇ , ਸਮੇਂ-ਸਮੇਂ ਤੇ ਸਿਸਟਮ ਤੇ ਕਾਬਜ ਧਿਰਾਂ ਵੱਲੋਂ ਸੱਤਾ ਚ ਬਣੇ ਰਹਿਣ ਖਾਤਰ ਜੋ ਪਾਖੰਡਵਾਦ ਤੇ ਜਾਤ-ਪਾਤ ਦਾ ਮੱਕੜ ਜਾਲ ਵਸਾਇਆ ਹੋਇਆ ਸੀ,ਉਸ ਨੂੰ ਤੋੜਨ ਦੇ ਸਿਰ-ਤੋੜ ਯਤਨ ਕੀਤੇ। ਇਸੇ ਤਰ੍ਹਾਂ ਜਦੋਂ ਪੰਦਰਵੀਂ ਸਦੀ ਵਿੱਚ ਭਗਤ ਰਵਿਦਾਸ ਜੀ ਨੇ ਵੀ ਕਾਸੀ (ਬਨਾਰਸ) ਦੀ ਧਰਤੀ ਤੇ ਜਨਮ ਲਿਆ ਤਾਂ ਸਿਸਟਮ ਤੇ ਕਾਬਜ ਧਿਰ ਵੱਲੋਂ ਲੋਕਾਈ ਨੂੰ ਜਾਤ-ਪਾਤ ਚ ਵੰਡ ਪਾਖੰਡਵਾਦ ਵੱਲ ਤੋਰਿਆ ਜਾ ਰਿਹਾ ਸੀ। ਭਗਤ ਰਵਿਦਾਸ ਜੀ ਦੇ ਜਨਮ ਜਾਂ ਜਨਮ ਸਥਾਨ ਬਾਰੇ ਵਿਦਵਾਨ ਇੱਕਮੱਤ ਨਹੀਂ ਹਨ। ਜਿੱਥੋਂ ਤੱਕ ਆਪ ਜੀ ਦੇ ਪਰਿਵਾਰ ਦਾ ਸਵਾਲ ਹੈ ਤਾਂ ਪਰਿਵਾਰ ਚ ਪਿਤਾ ਸੰਤੋਖ ਦਾਸ ਤੇ ਮਾਤਾ ਕਲਸਾਂ ਨੂੰ ਵੀ ਵੱਖ-ਵੱਖ ਵਿਦਵਾਨਾਂ ਨੇ ਵੱਖ-ਵੱਖ ਨਾਮ ਦਿੱਤੇ ਹਨ। ਜਿੱਥੇ ਆਮ ਮਾਪਿਆਂ ਵਾਂਗ ਆਪ ਦੇ ਮਾਪੇ ਵੀ ਆਪ ਨੂੰ ਘਰੇਲੂ ਕੰਮਕਾਜ ਵਿੱਚ ਲਾਉਣਾ ਚਾਹੁੰਦੇ ਸਨ ਤੇ ਆਪ ਨੇ ਆਪਣੇ ਪਿਤਾ ਪੁਰਖੀ ਚਮੜੇ ਦੇ ਕੰਮ ਵਿੱਚ ਮਾਪਿਆਂ ਦਾ ਹੱਥ ਵੀ ਵਟਾਇਆ ਪਰ ਆਪ ਸ਼ੁਰੂ ਤੋਂ ਹੀ ਭਗਤੀ- ਭਾਵ ਚ ਵੀ ਸਮਾਂ ਬਿਤਾਉਂਦੇ ਸਨ। ਆਪ ਦੇ ਇਸ ਭਗਤੀ-ਭਾਵ ਕਾਰਨ ਹੀ ਬ੍ਰਾਹਮਣਾਂ ਨੇ ਆਪ ਦਾ ਵਿਰੋਧ ਕੀਤਾ ਕਿ ਭਗਤੀ ਸਿਰਫ਼ ਉੱਚ ਜਾਤੀ ਦੇ ਲੋਕ ਹੀ ਕਰ ਸਕਦੇ ਹਨ। ਨੀਵੀਂ ਜਾਤੀ ਵਿੱਚ ਪੈਦਾ ਹੋਏ ਕਿਸੇ ਵਿਅਕਤੀ ਨੂੰ ਮੰਦਰ ਜਾਣ,ਸੰਖ ਵਜਾਉਣ ਜਾਂ ਭਗਤੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ । ਪਰ ਆਪ ਨੇ ਇਸ ਗੱਲ ਦਾ ਜੋਰਦਾਰ ਖੰਡਨ ਕੀਤਾ। ਉਹ ਆਪਣੀ ਬਾਣੀ ਵਿੱਚ ਫੁਰਮਾਉਂਦੇ ਹਨ

ਬ੍ਰਹਮਨ ਬੈਸ ਸੂਦ ਅਰੁ ਖਤਰੀ
ਡੋਮ ਚੰਡਾਰ ਮਲੇਛ ਮਨ ਸੋਇ। ।
ਹੋਇ ਪੁਨੀਤ ਭਗਵੰਤ ਭਜਨ ਤੇ
ਆਪੁ ਤਾਰਿ ਤਾਰੇ ਕੁਲ ਦੋਇ। ।

ਭਾਵ ਆਪ ਸਮਝਦੇ ਸਨ ਕਿ ਭਗਤੀ ਕਰਨ ਤੇ ਕਿਸੇ ਖਾਸ ਵਿਅਕਤੀ ਦਾ ਅਧਿਕਾਰ ਨਹੀਂ। ਭਗਤੀ ਕੋਈ ਵੀ ਕਰ ਸਕਦਾ ਹੈ ਭਾਵੇਂ ਉਹ ਕੋਈ ਬ੍ਰਾਹਮਣ,ਡੂਮ,ਚੰਡਾਲ ਜਾਂ ਮਲੇਛ ਹੀ ਕਿਉਂ ਨਾਂ ਹੋਵੇ? ਜੋ ਵੀ ਪ੍ਰਮਾਤਮਾ ਦਾ ਨਾਮ ਜਪਦਾ ਹੈ,ਉਹ ਆਪ ਤਾਂ ਬੁਰਾਈਆਂ,ਵਹਿਮਾਂ-ਭਰਮਾਂ ਤੋਂ ਉੱਚਾ ਉੱਠਦਾ ਹੀ ਹੈ ਤੇ ਨਾਲੋ-ਨਾਲ ਆਪਣੀ ਕੁਲਾਂ ਨੂੰ ਵੀ ਇਹਨਾਂ ਚੋਂ ਕੱਢ ਲੈਂਦਾ ਹੈ। ਅੱਗੇ ਜਾ ਕੇ ਆਪ ਇਹ ਵੀ ਫੁਰਮਾਉਂਦੇ ਹਨ
ਪ੍ਰਾਨੀ ਕਿਆ ਮੇਰਾ ਕਿਆ ਤੇਰਾ। ।
ਜੈਸੇ ਤਰਵਰ ਪੰਖਿ ਬਸੇਰਾ। । ਰਹਾਉ ।।

ਕਿਉਂਕਿ ਅਜੋਕੇ ਸੰਸਾਰ ਵਿੱਚ ਮੇਰਾ-ਤੇਰਾ ਦੀ ਬਹੁਤ ਲੜਾਈ ਹੈ। ਹੰਕਾਰੀ ਵਿਅਕਤੀ ਸਮਝਦਾ ਹੈ ਕਿ ਜਿਸ ਤੇ ਮੇਰਾ ਕਬਜਾ ਹੈ, ਇਹ ਹਮੇਸ਼ਾ ਮੇਰਾ ਹੀ ਰਹੇਗਾ ਪਰ ਇਸ ਤਰ੍ਹਾਂ ਕਦੇ ਵੀ ਨਹੀਂ ਵਰਤਦਾ। ਮੇਰ-ਤੇਰ ਕਰਕੇ ਹੀ ਗਰੀਬੀ ਤੇ ਅਮੀਰੀ ਪੈਦਾ ਹੁੰਦੀ ਹੈ,ਜੋ ਕਿ ਅਜੋਕੇ ਸਮੇਂ ਵਿੱਚ ਵੀ ਪਾੜਾ ਲਗਾਤਾਰ ਵਧਦਾ ਜਾ ਰਿਹਾ ਹੈ । ਸੱਤਾਧਾਰੀ ਧਿਰਾਂ ਤਕੜੇ ਦਾ ਸਾਥ ਦੇ ਰਹੀਆਂ ਹਨ। ਮਾੜੇ ਨਾਲ ਸ਼ਰੇਆਮ ਧੱਕੇਸ਼ਾਹੀ ਹੋ ਰਹੀ ਹੈ। ਆਪ ਨੇ ਉਸ ਸਮੇਂ ਵੀ ਇਸ ਦੇ ਖਿਲਾਫ ਬਗਾਵਤ ਕੀਤੀ। ਆਪ ਨੇ ਬੇਗਮਪੁਰੇ ਦਾ ਸੰਕਲਪ ਲੈਂਦਿਆਂ ਫੁਰਮਾਇਆ

ਬੇਗਮਪੁਰਾ ਸਹਰ ਕੋ ਨਾਉ। ।
ਦੂਖ ਅੰਦੋਹ ਨਹੀ ਤਿਹਿ ਠਾਉ। ।
ਨਾ ਤਸਵੀਸ ਖਿਰਾਜ ਨਾ ਮਾਲ। ।
ਖਉਫੁ ਨਾ ਖਤਾ ਨਾ ਤਰਸੁ ਜਵਾਲੁ। ।

ਇਸ ਸ਼ਬਦ ਰਾਹੀਂ ਆਪ ਨੇ ਉਸ ਸਮੇਂ ਉਸ ਲੋਕਤੰਤਰਿਕ ਸਮਾਜਵਾਦ ਦੀ ਗੱਲ ਕੀਤੀ, ਜਿੱਥੇ ਵਿਅਕਤੀ ਨੂੰ ਬਿਨਾਂ ਕਿਸੇ ਰੰਗ-ਭੇਦ,ਊਚ-ਨੀਚ,ਗੁਲਾਮੀ ਦੀ ਪ੍ਰਥਾ ਤੇ ਪਾਖੰਡਵਾਦ ਤੋਂ ਰਹਿਤ ਜੀਵਨ ਜਿਉਣ ਦੇ ਅਧਿਕਾਰ ਪ੍ਰਾਪਤ ਹੋਣ। ਹਰ ਵਿਅਕਤੀ ਨੂੰ ਸਮਾਜਿਕ ,ਰਾਜਨੀਤਕ,ਸੱਭਿਆਚਾਰਕ , ਅਧਿਆਤਮਕ ਤੇ ਮਨੁੱਖੀ ਬਰਾਬਰਤਾ ਦੇ ਹੱਕ ਹੋਣ। ਪਰ ਸਿਸਟਮ ਤੇ ਕਾਬਜ ਅਜੋਕੀਆਂ ਧਿਰਾਂ ਅੱਜ ਇਹ ਹੱਕ ਖੋਹਣ ਲਈ ਉਤਾਵਲੀਆਂ ਹੋਈਆਂ ਪਈਆਂ ਹਨ, ਜੋ ਕਿ ਸੰਵਿਧਾਨ ਦੇ ਰੂਪ ਵਿੱਚ ਆਮ ਲੋਕਾਈ ਨੂੰ ਪ੍ਰਾਪਤ ਹਨ। ਇਹਨਾਂ ਵਿੱਚ ਤੋੜ-ਮਰੋੜ ਕੀਤੀ ਜਾ ਰਹੀ ਹੈ। ਜਿਸ ਨੂੰ ਸਮਝਣ ਦੀ ਲੋੜ ਹੈ। ਜਾਤ-ਪਾਤ ਤੇ ਫਿਰਕਾਪ੍ਰਸਤੀ ਦਾ ਬੋਲਬਾਲਾ ਫਿਰ ਤੋਂ ਉੱਚਾ ਕੀਤਾ ਜਾ ਰਿਹਾ ਹੈ। ਸਿੱਖਿਆ ਦਾ ਵਪਾਰੀਕਰਨ ਕਰ ਗਰੀਬ ਤੋਂ ਸਿੱਖਿਆ ਦਾ ਹੱਕ ਖੋਹਿਆ ਜਾ ਰਿਹਾ ਹੈ,ਜੋ ਉਸ ਨੂੰ ਜਾਗਰੂਕ ਹੋਣ ਦਾ ਇੱਕ ਮਾਤਰ ਸਹਾਰਾ ਹੈ। ਸੋ ਆਉ ਇਸ ਸਿਸਟਮ ਖਿਲਾਫ ਭਗਤ ਰਵਿਦਾਸ ਜੀ ਵਾਂਗ ਅਵਾਜ ਬੁਲੰਦ ਕਰੀਏ। ਇਹੀ ਉਹਨਾਂ ਦੇ ਜਨਮ ਦਿਵਸ ਪ੍ਰਤੀ ਸਾਡੀ ਸੱਚੀ-ਸੁੱਚੀ ਮੁਬਾਰਕਬਾਦ ਹੋਵੇਗੀ।
ਬਲਵੀਰ ਸਿੰਘ ਬਾਸੀਆਂ
ਪਿੰਡ ਤੇ ਡਾਕ ਬਾਸੀਆਂ ਬੇਟ (ਲੁਧਿ:)
8437600371

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ – 520
Next articleSamaj Weekly 352 = 24/02/2024