“ਦ ਗ੍ਰੇਟ ਮਿਜ਼ਾਇਲ ਮੈਨ” ਡਾਕਟਰ ਅਬਦੁਲ ਕਲਾਮ” 

(ਸਮਾਜ ਵੀਕਲੀ)-ਮਹਾਨ ਸ਼ਬਦ ਬਹੁਤ ਹੀ ਮਹੱਤਵਪੂਰਨ ਹੈ ਇਹ ਸ਼ਬਦ ਕਿਸੇ ਅਹੁਦੇ ਜਾਂ ਅਮੀਰੀ ਨਾਲ ਨਹੀਂ ਜੁੜਦਾ ਇਹ ਇਨਸਾਨ ਦੇ ਕਿਰਦਾਰ, ਉਸਦੀ ਸ਼ਖ਼ਸੀਅਤ ਅਤੇ ਉਸ ਵਲੋਂ ਕੀਤੇ ਵਿਲੱਖਣ ਕੰਮਾਂ ਵਿੱਚੋ ਹੀ ਉਪਜਦਾ ਹੈ ਦੁਨੀਆਂ ਚ ਬਹੁਤ ਸਾਰੇ ਮਹਾਨ ਲੋਕ ਹੋਏ ਹਨ ਜਿਨ੍ਹਾਂ ਵਿੱਚੋ ਭਾਰਤ ਦੇਸ਼ ਦੇ ਡਾਕਟਰ ਅਬਦੁਲ ਕਲਾਮ ਦਾ ਨਾਂ ਬੜੇ ਅਦਬ ਨਾਲ ਲਿਆ ਜਾਂਦਾ ਹੈ। ਉਹ ਪ੍ਰੋਫੈਸਰ, ਵਿਗਿਆਨੀ, ਲੇਖਕ, ਚਿੰਤਕ ਭਾਰਤ ਰਤਨ ਅਤੇ ਰਾਸ਼ਟਰਪਤੀ ਦੇ ਨਾਲ ਨਾਲ ਇੱਕ ਚੰਗੇ ਇਨਸਾਨ ਵੀ ਸਨ। ਮਿਹਨਤ, ਲਗਨ ਅਤੇ ਸਾਦਗੀ ਵਰਗੇ ਗੁਣਾਂ ਵਾਲੇ ਡਾਕਟਰ ਅਬਦੁਲ ਕਲਾਮ ਦਾ ਪੂਰਾ ਨਾਂ ਡਾ.ਅਬੁਲ ਪਾਕਿਰ ਜੈਨੂਲਬਦੀਨ ਅਬਦੁਲ ਕਲਾਮ ਸੀ। ਅਬਦੁਲ ਕਲਾਮ ਦਾ ਜਨਮ 15 ਅਕਤੂਬਰ 1931 ਨੂੰ ਦੱਖਣ ਦੇ ਇੱਕ ਤੀਰਥ ਸਥਾਨ, ਰਮੇਸ਼ਵਰਮ, ਦੇ ਤਾਮਿਲ ਮੁਸਲਿਮ ਪਰਿਵਾਰ ਵਿੱਚ ਹੋਇਆ। ਇਨ੍ਹਾਂ ਦੇ ਪਿਤਾ ਦਾ ਨਾਂਅ ਜੈਨੂਲਬਦੀਨ ਸੀ। ਡਾ. ਕਲਾਮ ਦੀ ਮਾਤਾ ਜੀ ਆਸ਼ੀ ਅੰਮਾ ਇੱਕ ਘਰੇਲੂ ਔਰਤ ਸਨ। ਡਾ. ਕਲਾਮ ਆਪਣੇ ਪਰਿਵਾਰ ਵਿੱਚ ਚਾਰ ਭਰਾਵਾਂ ਅਤੇ ਇੱਕ ਭੈਣ ਵਿੱਚੋ ਸਭ ਤੋਂ ਛੋਟੇ ਸਨ। ਡਾ. ਕਲਾਮ ਦਾ ਪਰਿਵਾਰ ਬਹੁਤ ਗਰੀਬ ਸੀ।
ਡਾ. ਕਲਾਮ ਨੇ ਮੁੱਢਲੀ ਪੜ੍ਹਾਈ ਆਪਣੇ ਪਿੰਡ ਵਿੱਚ ਹੀ ਕੀਤੀ। ਉਹ ਸ਼ੁਰੂਆਤੀ ਦੌਰ ਵਿੱਚ ਪੜ੍ਹਾਈ ਵਿੱਚ ਠੀਕ-ਠੀਕ ਸਨ। ਸਕੂਲ ਜਾਣ ਤੋਂ ਪਹਿਲਾਂ ਉਹ ਆਪਣੇ ਚਾਚੇ ਦੇ ਮੁੰਡੇ, ਸ਼ਮਸਦੀਨ ਨਾਲ ਸ਼ਹਿਰ ਵਿੱਚ ਅਖਬਾਰ ਵੰਡਣ ਦਾ ਕੰਮ ਵੀ ਕਰਦੇ  ਰਹੇ। ਪਿੰਡ ਦੇ ਸਕੂਲ ਤੋਂ ਬਾਅਦ, ਡਾ. ਕਲਾਮ ਨੇ ਰਾਮਾਨਾਥਪੁਰਮ ਦੇ ਸਵਾਰਟਜ਼ ਹਾਇਰ ਸੈਕੰਡਰੀ ਸਕੂਲ ਤੋਂ ਆਪਣੀ ਪੜ੍ਹਾਈ ਕੀਤੀ। ਇਸ ਸਮੇਂ ਉਨ੍ਹਾਂ ਨੇ ਬਹੁਤ ਮਿਹਨਤ ਕੀਤੀ ਅਤੇ ਬਹੁਤ ਸਮਾਂ ਪੜ੍ਹਾਈ ਨੂੰ ਦਿੱਤਾ। ਸੇਂਟ ਜੋਜ਼ੇਫ ਕਾਲਜ ਤਿਰੂਚਨਪੱਲੀ ਤੋਂ ਭੌਤਿਕ ਵਿਗਿਆਨ ਵਿੱਚ ਗ੍ਰੈਜੂਏਸ਼ਨ ਪਾਸ ਕੀਤੀ। ਬੀ.ਐਸ.ਸੀ. ਪੂਰੀ ਕਰਨ ਤੋਂ ਬਾਅਦ ਅੱਗੇ ਪੜ੍ਹਾਈ ਜਾਰੀ ਰੱਖਣਾ ਚਾਹੁੰਦੇ ਸਨ ਪਰ ਇੱਕ ਵਾਰ ਫਿਰ ਗਰੀਬੀ ਨੇ ਰਾਹ ਵਿੱਚ ਰੋੜੇ ਅਟਕਾਉਣ ਦੀ ਕੋਸ਼ਿਸ਼ ਕੀਤੀ। ਇਸ ਵਾਰ ਉਨ੍ਹਾਂ ਦੀ ਭੈਣ ਜ਼ੋਹਰਾ ਨੇ ਆਪਣੇ ਗਹਿਣੇ ਵੇਚ ਕੇ ਪੜ੍ਹਾਈ ਲਈ ਪੈਸੇ ਦਿੱਤੇ। 1955 ਵਿੱਚ ਡਾ. ਕਲਾਮ ਮਦਰਾਸ ਇੰਸਟੀਚਿਊਟ ਆਫ ਟੈਕਨਾਲੋਜੀ ਵਿੱਚ ਏਅਰੋ ਸਪੇਸ ਇੰਜੀਨੀਅਰਿੰਗ ਦੀ ਪੜ੍ਹਾਈ ਲਈ ਮਦਰਾਸ ਚਲੇ ਗਏ।

ਪੜ੍ਹਾਈ ਪੂਰੀ ਕਰਨ ਤੋਂ ਬਾਅਦ ਡਾ. ਕਲਾਮ, ਆਈ.ਏ.ਐਫ. (ਭਾਰਤੀ ਹਵਾਈ ਸੈਨਾ) ਵਿੱਚ ਲੜਾਕੂ ਪਾਇਲਟ ਬਣਨਾ ਚਾਹੁੰਦੇ ਸਨ ਪਰ ਟੈਸਟ ਕੁਆਲੀਫਾਈ ਨਾ ਕਰ ਸਕੇ। ਸੋ 1957 ਵਿੱਚ ਡਾ. ਕਲਾਮ ਨੇ ਹਿੰਦੁਸਤਾਨ ਏਅਰੋਨਾਟਿਕਸ ਬੰਗਲੌਰ ਵਿੱਚ ਨੌਕਰੀ ਸ਼ੁਰੂ ਕੀਤੀ। ਥੋੜ੍ਹੇ ਹੀ ਸਮੇਂ ਵਿੱਚ ਡਾ. ਕਲਾਮ ਨੇ ਹੋਵਰ ਕਰਾਫਟ ਦਾ ਪਰੋਟੋ ਤਿਆਰ ਕੀਤਾ, ਜਿਸ ਦਾ ਨਾਂਅ ਨੰਦੀ ਰੱਖਿਆ ਗਿਆ। ਡਾ. ਕਲਾਮ ਦੀ ਮਿਹਨਤ ਨੂੰ ਦੇਖਦੇ ਹੋਏ ਇਨ੍ਹਾਂ ਨੂੰ ਇੰਡੀਅਨ ਕਮੇਟੀ ਫਾਰ ਸਪੇਸ ਰਿਸਰਚ ਵਿੱਚ ਸ਼ਾਮਿਲ ਕਰ ਲਿਆ। ਇਸ ਕਮੇਟੀ ਦੇ ਮੁਖੀ ਡਾ. ਵਿਕਰਮ ਸਾਰਾਭਾਈ ਸਨ। ਡਾ. ਵਿਕਰਮ ਸਾਰਾਭਾਈ, ਡਾ. ਕਲਾਮ ਤੋਂ ਬਹੁਤ ਪ੍ਰਭਾਵਿਤ ਹੋਏ। ਉਨ੍ਹਾਂ ਨੇ ਡਾ. ਕਲਾਮ ਨੂੰ ਵਿਸ਼ਵ ਪ੍ਰਸਿੱਧ ਪੁਲਾੜ ਸੰਸਥਾ ਨਾਸਾ ਵਿਖੇ ਟ੍ਰੇਨਿੰਗ ਲਈ ਭੇਜਿਆ। ਅਮਰੀਕਾ ਤੋਂ ਵਾਪਿਸ ਪਰਤਣ ‘ਤੇ ਡਾ. ਕਲਾਮ ਸੈਟੇਲਾਈਟ ਲਾਂਚ ਵ੍ਹੀਕਲ ਪ੍ਰਾਜੈਕਟ ਦੇ ਡਾਇਰੈਕਟਰ ਬਣ ਗਏ। ਡਾ. ਕਲਾਮ ਅਤੇ ਇਨ੍ਹਾਂ ਦੇ ਸਾਥੀਆਂ ਦੀ ਮਿਹਨਤ ਰੰਗ ਲਿਆਈ ਤੇ ਭਾਰਤ ਨੂੰ ਸਭ ਤੋਂ ਪਹਿਲਾਂ ਸਵਦੇਸੀ ਸੈਟੇਲਾਈਟ ਲਾਂਚ ਵ੍ਹੀਕਲ ਮਿਲਿਆ। ਡਾ. ਕਲਾਮ ਨੇ ਇਸ ਤੋਂ ਬਾਅਦ ਦੇਸ਼ ਲਈ ਕਈ ਮਿਜ਼ਾਈਲਾਂ ਬਣਾਈਆਂ ਤੇ ਭਾਰਤ ਨੂੰ ਰੱਖਿਆ ਪੱਖ ਤੋਂ ਮਜ਼ਬੂਤ ਕੀਤਾ। ਬਹੁਤ ਸਾਰੀਆਂ ਮਿਜ਼ਾਈਲਾਂ ਦਾ ਨਿਰਮਾਣ ਕਰਨ ਕਰਕੇ ਡਾ. ਕਲਾਮ ਨੂੰ ਭਾਰਤ ਦਾ ਮਿਜ਼ਾਈਲਮੈਨ ਵੀ ਕਿਹਾ ਜਾਣ ਲੱਗ ਪਿਆ ਸੀ ।ਡਾ.ਕਲਾਮ ਦੀ ਮਿਹਨਤ ਅਤੇ ਲਗਨ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਰੱਖਿਆ ਮੰਤਰੀ ਦਾ ਵਿਗਿਆਨਕ ਸਲਾਹਕਾਰ ਨਿਯੁਕਤ ਕੀਤਾ। 1998 ਵਿੱਚ ਡਾ. ਕਲਾਮ ਨੇ ਟੈਕਨਾਲੋਜੀ ਵਿਜ਼ਨ 2020 ਪ੍ਰੋਗਰਾਮ ਪੇਸ਼ ਕੀਤਾ ਜਿਸ ਵਿੱਚ ਟੈਕਨਾਲੋਜੀ ਦੀ ਵਰਤੋਂ ਸਿੱਖਿਆ ਵਿਭਾਗਾਂ, ਸਿਹਤ ਦੇਖਭਾਲ, ਆਰਿਥਕ ਵਿਕਾਸ ਅਤੇ ਖੇਤੀਬਾੜੀ ਉਤਪਾਦਕਤਾ ਨੂੰ ਵਧਾਉਣ ਲਈ ਯੋਜਨਾਵਾਂ ਲਿਆਉਣ ਦੀ ਮੰਗ ਰੱਖੀ। ਇਸੇ ਸਾਲ ਹੀ ਉਨ੍ਹਾਂ ਨੇ ਪਰਮਾਣੂ ਹਥਿਆਰਾਂ ਦੇ ਟੈਸਟਾਂ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ। 2002 ਵਿੱਚ ਸੀ੍ ਕੇ. ਆਰ. ਨਰਾਇਣਨ ਤੋਂ ਬਾਅਦ,  ਅਬਦੁਲ ਕਲਾਮ ਭਾਰਤ ਦੇ 11ਵੇਂ ਰਾਸ਼ਟਰਪਤੀ ਚੁਣੇ ਗਏ।

ਇਨ੍ਹਾਂ ਦਾ ਕਾਰਜਕਾਲ 25 ਜੁਲਾਈ 2002 ਤੋਂ 25 ਜੁਲਾਈ 2007 ਤੱਕ ਰਿਹਾ। ਡਾ. ਕਲਾਮ ਭਾਰਤ ਦੇ ਤੀਜੇ ਰਾਸ਼ਟਰਪਤੀ ਸਨ ਜਿਨ੍ਹਾਂ ਨੂੰ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਭਾਰਤ ਦਾ ਸਭ ਤੋਂ ਉੱਚ ਨਾਗਿਰਕ ਸਨਮਾਨ, ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਸੀ। ਡਾ. ਕਲਾਮ ਨੂੰ ਕਈ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਨੇ ਆਨਰੇਰੀ ਡਾਕਟਰੇਟ ਨਾਲ ਸਨਮਾਨਿਤ ਕੀਤਾ। ਡਾ. ਕਲਾਮ ਪਦਮ ਭੂਸ਼ਣ (1981), ਪਦਮ ਵਿਭੂਸ਼ਣ (1990), ਭਾਰਤ ਰਤਨ (1997), ਵੀਰ ਸਾਵਰਕਰ ਪੁਰਸਕਾਰ (1998), ਰਾਮਾਨੁਜ ਐਵਾਰਡ (2000), ਕਿੰਗ ਚਾਰਲਸ ਮੈਡਲ ਆਫ ਰਾਇਲ ਸੁਸਾਇਟੀ ਯੂ. ਕੇ ਆਦਿ ਨਾਲ ਸਨਮਾਨਿਤ ਹੋਣ ਵਾਲੇ ਭਾਰਤ ਦੇ ਇਕਲੌਤੇ ਵਿਗਿਆਨੀ ਸਨ। ਡਾ. ਕਲਾਮ ਇੱਕ ਵਿਗਿਆਨੀ ਅਤੇ ਰਾਸ਼ਟਰਪਤੀ ਹੋਣ ਦੇ ਨਾਲ ਨਾਲ ਇੱਕ ਚੰਗੇ ਸਾਹਿਤਕਾਰ ਵੀ ਸਨ। ਉਨ੍ਹਾਂ ਵੱਲੋਂ 25 ਤੋਂ ਵੱਧ ਕਿਤਾਬਾਂ ਲਿਖੀਆਂ । ਰਾਸ਼ਟਰਪਤੀ ਕਾਲ ਖ਼ਤਮ ਹੋਣ ਤੋਂ ਬਾਅਦ ਡਾ. ਕਲਾਮ ਇੰਡੀਅਨ ਇੰਸਟੀਚਿਊਟ ਆਫ ਮੈਨੇਜ਼ਮੈਂਟ ਸ਼ਿਲਾਂਗ, ਇੰਡੀਅਨ ਇੰਸਟੀਚਿਊਟ ਆਫ ਮੈਨੇਜ਼ਮੈਟ ਇੰਦੌਰ, ਇੰਡੀਅਨ ਇੰਸਟੀਚਿਊਟ ਆਫ ਮੈਨੇਜ਼ਮੈਂਟ ਅਹਿਮਦਾਬਾਦ, ਇੰਡੀਅਨ ਇੰਸਟੀਚਿਊਟ ਆਫ ਸਾਇੰਸ ਬੰਗਲੌਰ ਅਤੇ ਕਈ ਹੋਰ ਯੂਨੀਵਰਸਿਟੀਆਂ ਵਿੱਚ ਗੈਸਟ ਪ੍ਰੋਫੈਸਰ ਬਣ ਕੇ ਪੜ੍ਹਾਉਂਦੇ ਰਹੇ ਅਤੇ ਨੌਜਵਾਨਾ ਨੂੰ ਮੋਟੀਵੇਟ ਕਰਦੇ ਰਹੇ। 27 ਜੁਲਾਈ 2015 ਨੂੰ ਇੰਡੀਅਨ ਇੰਸਟੀਚਿਊਟ ਆਫ ਮੈਨੇਜ਼ਮੈਂਟ ਸ਼ਿਲਾਂਗ ਵੱਲੋਂ ”ਧਰਤੀ ਨੂੰ ਇੱਕ ਜੀਵਤ ਗ੍ਰਹਿ ਕਿਵੇਂ ਬਣਾਉਣਾ ਵਿਸ਼ੇ ‘ਤੇ ਸੈਮੀਨਾਰ ਰੱਖਿਆ ਗਿਆ ਸੀ। ਡਾ. ਕਲਾਮ ਇਸ ਦੇ ਮੁੱਖ ਬੁਲਾਰੇ ਸਨ। ਡਾ. ਕਲਾਮ ਨੇ ਅਜੇ ਪੰਜ ਕੁ ਮਿੰਟ ਹੋਏ ਸਨ ਜਦੋਂ ਉਹ ਸਟੇਜ ‘ਤੇ ਡਿੱਗ ਗਏ। ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਦਿਲ ਰੁਕਣ ਕਾਰਨ ਮੌਤ ਹੋਣ ਦੀ ਪੁਸ਼ਟੀ ਕੀਤੀ ਗਈ। ਪੂਰੇ ਸੰਸਾਰ ਵਿੱਚ ਸੋਗ ਦੀ ਲਹਿਰ ਫੈਲ ਗਈ। ਲੋਕਾਂ ਦੇ ਹਰਮਨ ਪਿਆਰੇ ਸਾਬਕਾ ਰਾਸ਼ਟਰਪਤੀ ਨੂੰ 30 ਜੁਲਾਈ 2015 ਨੂੰ ਪੂਰੇ ਸਨਮਾਨ ਨਾਲ ਰਾਮੇਸ਼ਵਰ ਦੇ ਪੇਈ ਕਰੁੰਬ ਗਰਾਊਂਡ ਵਿੱਚ ਦਫਨਾਇਆ ਗਿਆ। ਉਨ੍ਹਾਂ ਨੇ ਆਪਣਾ ਸਾਰਾ ਜੀਵਨ ਦੇਸ਼ ਵਾਸਤੇ ਕੁਰਬਾਨ ਕੀਤਾ ਅਤੇ ਉਨ੍ਹਾਂ ਕੋਲ ਆਖਰੀ ਸਮੇਂ ਸਿਰਫ ਜਿਉਂਣ ਵਾਸਤੇ ਪੂੰਜੀ ਸੀ।

ਉਨ੍ਹਾਂ ਦੇ ਵਿਚਾਰ ਅੱਜ ਵੀ ਦੇਸ਼ ਦੀ ਨੌਜਵਾਨ ਪੀੜ੍ਹੀ ਲਈ ਪ੍ਰੇਰਨਾਦਾਇਕ ਹਨ।
“ਸੁਪਨੇ ਉਹ ਨਹੀਂ ਹੁੰਦੇ ਜੋ ਅਸੀਂ ਨੀਂਦ ਵਿੱਚ ਦੇਖਦੇ ਹਾਂ,
ਪਰ ਸੁਪਨੇ ਉਹ ਹੁੰਦੇ ਹਨ ਜੋ ਸਾਨੂੰ ਸੌਣ ਨਹੀਂ ਦਿੰਦੇ.”
“ਜ਼ਿੰਦਗੀ ਵਿੱਚ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ ਅਤੇ
ਸਮੱਸਿਆ ਨੂੰ ਸਾਨੂੰ ਹਰਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ।”
“ਇਸ ਦੁਨੀਆਂ ਵਿੱਚ ਕਿਸੇ ਨੂੰ ਹਰਾਉਣਾ ਬਹੁਤ ਆਸਾਨ ਹੈ,
ਪਰ ਕਿਸੇ ਨੂੰ ਜਿੱਤਣਾ ਵੀ ਓਨਾ ਹੀ ਔਖਾ ਹੈ।”
“ਪਹਿਲੀ ਵਾਰ ਜਿੱਤਣ ‘ਤੇ ਸਾਨੂੰ ਆਰਾਮ ਨਹੀਂ ਕਰਨਾ ਚਾਹੀਦਾ, ਜੇਕਰ ਅਸੀਂ ਦੂਜੀ ਵਾਰ ਹਾਰਦੇ ਹਾਂ, ਤਾਂ ਲੋਕ ਕਹਿਣਗੇ ਕਿ ਸਾਨੂੰ ਪਹਿਲੀ ਜਿੱਤ ਮਿਲੀ ਸੀ, ਉਹ ਸਿਰਫ ਇੱਕ ਤੁਕਾ ਸੀ।”
“ਜੇਕਰ ਤੁਸੀਂ ਸੂਰਜ ਦੀ ਤਰ੍ਹਾਂ ਚਮਕਣਾ ਚਾਹੁੰਦੇ ਹੋ ਤਾਂ, ਸਭ ਤੋਂ ਪਹਿਲਾਂ ਸੂਰਜ ਦੀ ਤਰ੍ਹਾਂ ਸੜਨਾ ਸਿੱਖੋ।”
“ਵਿਗਿਆਨ ਮਨੁੱਖਤਾ ਲਈ ਇੱਕ ਸੁੰਦਰ ਤੋਹਫ਼ਾ ਹੈ,
ਸਾਨੂੰ ਇਸ ਨੂੰ ਵਿਗਾੜਨਾ ਨਹੀਂ ਚਾਹੀਦਾ।”
“ਕਲਾਸ ਦੇ ਆਖਰੀ ਬੈਂਚ ‘ਤੇ ਦੇਸ਼ ਦਾ ਸਭ ਤੋਂ ਵਧੀਆ ਦਿਮਾਗ ਪਾਇਆ ਜਾ ਸਕਦਾ ਹੈ.”

ਕੁਲਦੀਪ ਸਿੰਘ ਸਾਹਿਲ

ਕੁਲਦੀਪ ਸਿੰਘ ਸਾਹਿਲ
9417990040

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਰਗਿਲ ਵਿਜੈ ਦਿਵਸ ਨੂੰ ਸਮਰਪਿਤ ਸ਼ਹੀਦ ਮੇਜਰ ਸਿੰਘ ਸਰਕਾਰੀ ਹਾਈ ਸਮਾਰਟ ਸਕੂਲ ਲਾਪਰਾਂ ਵਿਖੇ ਵਣ ਮਹਾਂਉਤਸਵ ਮਨਾਇਆ ਗਿਆ।
Next articleਵਿਸ਼ਵ ਹੈਪੇਟਾਈਟਸ ਦਿਵਸ ਸਬੰਧੀ ਜਾਗਰੂਕਤਾ ਕੈਂਪ ਲਗਾਇਆ