ਕੁਲਦੀਪ ਸਿੰਘ ਸਾਹਿਲ (ਸਮਾਜ ਵੀਕਲੀ) ਭਾਰਤ ਦੇਸ਼ ਦੀ ਸਦੀਆਂ ਪੁਰਾਣੀ ਰੂੜੀਵਾਦੀ ਮਾਨਸਿਕਤਾ ਦੇ ਦਬਾਅ ਹੇਠ ਬਣਾਈ ਗਈ ਜ਼ਾਤੀ ਵਰਣ ਵਿਵਸਥਾ ਵਿੱਚ ਸਭ ਤੋਂ ਹੇਠਲੇ ਪੱਧਰ ਤੇ ਰੱਖੇ ਗਏ ਵਰਗ ‘ਚ ਚੇਤਨਾ ਦੀ ਲੋਅ ਜਗਾਉਣ ਵਾਲੇ, ਅਤੇ ਜ਼ਾਤੀ ਅਧਾਰਿਤ ਵਿਤਕਰੇ ਖਿਲਾਫ ਸੰਘਰਸ਼ ਕਰਨ ਵਾਲੇ ਵਿਦਵਾਨ ਅਤੇ ਚਿੰਤਕ ਡਾ: ਭੀਮ ਰਾਓ ਅੰਬੇਡਕਰ ਵੀਹਵੀਂ ਸਦੀ ਦੇ ਇਕ ਮਹਾਨ ਯੁੱਗ ਪੁਰਸ਼ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਨੇ ਆਪਣੇ ਪਿੰਡੇ ਤੇ ਹੰਢਾਏ ਜ਼ਾਤੀ ਅਧਾਰਿਤ ਭੇਦਭਾਵ ਨੂੰ ਇੱਕ ਕਿਤਾਬ”ਜ਼ਾਤ ਪਾਤ ਦਾ ਨਾਸ਼ ” ਵਿੱਚ ਵੀ ਦਰਜ ਕੀਤਾ ਹੈ ਅਤੇ ਉਨ੍ਹਾਂ ਨੇ ਇਸ ਕਿਤਾਬ ਵਿੱਚ ਜ਼ਾਤੀ ਵਿਵਸਥਾ ਨੂੰ ਦੇਸ਼ ਲਈ ਸਭ ਤੋਂ ਵੱਡਾ ਕੋਹੜ ਦੱਸਿਆ ਹੈ। ਉਨ੍ਹਾਂ ਨੇ ਜ਼ਾਤੀ ਵਿਵਸਥਾ ਦੇ ਨਾਂ ਤੇ ਮਨੁੱਖ ਦੇ ਮਨੁੱਖ ਨਾਲ ਹੁੰਦੇ ਜ਼ਾਤੀ ਭੇਦਭਾਵ ਅਤੇ ਵਿਤਕਰੇ ਨੂੰ ਆਪਣੇ ਪਿੰਡੇ ਤੇ ਹੰਢਾਏ ਅਨੁਭਵਾਂ ਦਾ ਚਿਤਰਣ ਇਸ ਕਿਤਾਬ ਵਿੱਚ ਕੀਤਾ ਹੈ ਇਸੇ ਲਈ ਉਹ ਭਾਰਤ ਦੇਸ਼ ਦੀ ਕੱਟੜ ਜਾਤੀ ਵਿਵਸਥਾ ਖਿਲਾਫ ਸੰਘਰਸ਼ ਕਰਦੇ ਰਹੇ। ਉਨ੍ਹਾਂ ਤੋਂ ਪਹਿਲਾਂ ਵੀ ਗੁਰੂਆਂ, ਭਗਤਾਂ ਅਤੇ ਬੁਧੀਜੀਵੀਆਂ ਵਲੋਂ ਆਪਣੇ ਆਪਣੇ ਤਰੀਕੇ ਨਾਲ ਇਸ ਵਿਵਸਥਾ ਦਾ ਵਿਰੋਧ ਕੀਤਾ ਗਿਆ ਹੈ। ਗੁਰੂ ਨਾਨਕ ਦੇਵ ਜੀ ਨੇ ਵੀ ਆਪਣੀ ਗੁਰਬਾਣੀ ਵਿੱਚ ਬਹੁਤ ਵਾਰੀ ਮਨੁੱਖੀ ਸਮਾਨਤਾ ਦੀ ਗੱਲ ਕੀਤੀ ਹੈ।
ਜਾਤਿ ਜਨਮੁ ਨਹ ਪੂਛੀਐ ਸਚ ਘਰੁ ਲੇਹ ਬਤਾਇ॥
ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ॥
ਇਸੇ ਤਰ੍ਹਾਂ ਗੁਰੂ ਰਵਿਦਾਸ ਜੀ ਨੇ ਵੀ ਜ਼ਾਤੀ ਵਿਵਸਥਾ ਦਾ ਡੱਟ ਕੇ ਵਿਰੋਧ ਕੀਤਾ ਉਹ ਵੀ ਆਪਣੀ ਗੁਰਬਾਣੀ ਵਿੱਚ ਮਨੁੱਖੀ ਸਮਾਨਤਾ ਦੀ ਗੱਲ ਕਰਦੇ ਹਨ ਅਤੇ ਇੱਕ ਇਹੋ ਜਿਹੇ ਬੇਗਮਪੁਰਾ ਸ਼ਹਿਰ ਦੀ ਕਲਪਨਾ ਕਰਦੇ ਹਨ ਜਿਥੇ ਸਾਰੀ ਮਨੁੱਖਤਾ ਸਮਾਨਤਾ ਦੀ ਦੀ ਜ਼ਿੰਦਗੀ ਬਸਰ ਕਰ ਸਕੇ।
ਬੇਗਮ ਪੁਰਾ ਸਹਰ ਕੋ ਨਾਉ॥
ਦੂਖੁ ਅੰਦੋਹੁ ਨਹੀ ਤਿਹਿ ਠਾਉ॥
ਨਾਂ ਤਸਵੀਸ ਖਿਰਾਜੁ ਨ ਮਾਲੁ॥
ਖਉਫੂ ਨ ਖਤਾ ਨ ਤਰਸੁ ਜਵਾਲੁ॥
ਇਨ੍ਹਾਂ ਧਾਰਮਿਕ ਗੁਰੂਆਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਬੁਧੀਜੀਵੀਆਂ ਅਤੇ ਦਾਰਸ਼ਨਿਕ ਲੋਕਾਂ ਨੇ ਜ਼ਾਤ ਪਾਤ ਦੇ ਕੋਹੜ ਖਿਲਾਫ ਸੰਘਰਸ਼ ਕੀਤਾ ਜਿਨ੍ਹਾਂ ਵਿੱਚ ਭਾਰਤ ਦੇਸ਼ ਦੇ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਨਾਂ ਵੀ ਕਿਸੇ ਜਾਣ ਪਹਿਚਾਣ ਦਾ ਮੋਹਤਾਜ ਨਹੀਂ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਭਾਰਤ ਦੇਸ਼ ਵਿੱਚ ਮੰਨੂ ਦੁਆਰਾ ਬਣਾਈ ਗਈ ਮਨੁੱਖੀ ਭੇਦ ਭਾਵ ਵਾਲੀ ਵਰਨ ਵਿਵਸਥਾ ਖਿਲਾਫ ਸੰਘਰਸ਼ ਦੇ ਰੂਪ ਵਿੱਚ ਅਰਪਣ ਕੀਤਾ। ਅਫਸੋਸ ਕਿ ਅੱਜ ਵੀ ਸਾਡਾ ਦੇਸ਼ ਜ਼ਾਤ ਪਾਤ ਦੇ ਚੱਕਰਵਿਊ ਵਿਚੋਂ ਬਾਹਰ ਨਹੀਂ ਨਿਕਲ ਸਕਿਆ ਬੇਸ਼ੱਕ ਹਰ ਸਾਲ ਹੀ ਦੇਸ਼ ਦੇ ਵੱਡੇ ਵੱਡੇ ਨੇਤਾ ਬਾਬਾ ਸਾਹਿਬ ਦੇ ਬੁੱਤ ਤੇ ਹਾਰ ਪਾਕੇ ਆਪਣੇ ਆਪਣੇ ਵੋਟ ਬੈਂਕ ਦੀ ਰਾਜਨੀਤੀ ਕਰਕੇ ਸੁਰਖੁਰੂ ਹੋ ਜਾਂਦੇ ਹਨ ਅਤੇ ਹਰ ਚੋਣ ਤੋਂ ਬਾਅਦ ਇਹ ਨਾਅਰਾ ਆਮ ਸੁਣਨ ਨੂੰ ਮਿਲਦਾ ਹੈ ਕਿ “ਬਾਬਾ ਸਾਹਿਬ ਤੁਹਾਡਾ ਸੁਪਨਾ ਅਧੂਰਾ, ਅਸੀਂ ਕਰਾਂਗੇ ਪੂਰਾ “ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਸੁਪਨਾ ਸੀ ਕਿ ਸਾਰੇ ਹੀ ਲੋਕਾਂ ਨੂੰ ਬਰਾਬਰ ਦੇ ਅਧਿਕਾਰ ਮਿਲਣ, ਸਾਰਿਆਂ ਨੂੰ ਇਕੋ ਤਰ੍ਹਾਂ ਦੀ ਸਿੱਖਿਆ ਮਿਲੇ, ਅਮੀਰ ਗਰੀਬ ਦਾ ਪਾੜਾ ਖ਼ਤਮ ਹੋਵੇ, ਜ਼ਾਤੀ ਵਿਵਸਥਾ ਖਤਮ ਹੋਵੇ, ਔਰਤਾਂ ਨੂੰ ਪੂਰਨ ਅਜ਼ਾਦੀ ਮਿਲੇ, ਦੇਸ਼ ਵਿਚੋਂ ਧਰਮ, ਜ਼ਾਤ ਦੀ ਨਫ਼ਰਤ ਖਤਮ ਹੋਵੇ, ਅੰਧਵਿਸ਼ਵਾਸ, ਭ੍ਰਿਸ਼ਟਾਚਾਰ, ਵਰਗੀਆਂ ਸਮੱਸਿਆਵਾਂ ਦਾ ਅੰਤ ਹੋਵੇ, ਨੌਜਵਾਨਾ ਨੂੰ ਰੁਜ਼ਗਾਰ ਮਿਲੇ, ਦੇਸ਼ ਦਾ ਸਿਸਟਮ ਇਹੋ ਜਿਹਾ ਹੋਵੇ ਕਿ ਸਾਡੇ ਨੌਜਵਾਨਾਂ ਨੂੰ ਦੂਜੇ ਮੁਲਕਾਂ ਵਿੱਚ ਜਾਣ ਦੀ ਲੋੜ ਨਾਂ ਪਵੇ। ਲੇਕਿਨ ਬੜੇ ਅਫਸੋਸ ਦੀ ਗੱਲ ਹੈ ਕਿ ਦੇਸ਼ ਦੀ ਗੰਦੀ ਰਾਜਨੀਤੀ ਦੇ ਕਾਰਨ ਬਾਬਾ ਸਾਹਿਬ ਦੇ ਸੁਪਨੇ ਅਜੇ ਵੀ ਅਧੂਰੇ ਹੀ ਹਨ। ਅਜ਼ਾਦੀ ਤੋਂ 79 ਸਾਲਾ ਬਾਅਦ ਵੀ ਸਾਡੇ ਦੇਸ਼ ਦੀ ਲੱਗਭਗ 40 ਫੀਸਦੀ ਅਬਾਦੀ ਸਿਖਿਆ ਤੋਂ ਵਾਂਝੀ ਹੈ ਤਕਰੀਬਨ 500 ਮਿਲੀਅਨ ਲੋਕ ਗਰੀਬੀ ਰੇਖਾ ਤੋਂ ਹੇਠਾਂ ਦੀ ਜ਼ਿੰਦਗੀ ਬਸਰ ਕਰ ਰਹੇ ਹਨ ਅਤੇ 150 ਮਿਲੀਅਨ ਦੇ ਕਰੀਬ ਲੋਕ ਬਿਨਾਂ ਛੱਤ ਤੋਂ ਸੌਂਦੇ ਹਨ। ਹਰ ਸਾਲ ਲਗਭਗ 4 ਲੱਖ ਦੇ ਕਰੀਬ ਬੱਚੇ ਭੁਖਮਰੀ ਦਾ ਸ਼ਿਕਾਰ ਹੁੰਦੇ ਹਨ ਜਿਸਦਾ ਵੱਡਾ ਕਾਰਨ ਦੇਸ਼ ਦੀ ਰਾਜਨੀਤੀ ਨੂੰ ਕਿਹਾ ਜਾ ਸਕਦਾ ਹੈ ਜੋ ਪੈਸਾ ਖਰਚਣ ਤੋਂ ਸ਼ੁਰੂ ਹੋ ਕੇ ਪੈਸਾ ਕਮਾਉਣ ਤੱਕ ਦਮ ਤੋੜ ਜਾਂਦੀ ਹੈ। ਉਹ ਇੱਕ ਇਹੋ ਜਿਹੇ ਮਹਾਨ ਸਕਸ਼ ਸਨ ਜਿਨ੍ਹਾਂ ਨੂੰ ਉਸ ਵੇਲੇ ਦੇ ਹਾਲਾਤ ਨੇ ਉਨ੍ਹਾਂ ਨੂੰ ਬਚਪਨ ਵਿੱਚ ਹੀ ਸਿਆਣਾ ਅਤੇ ਗੰਭੀਰ ਬਣਾ ਦਿੱਤਾ ਸੀ। ਮਨੁੱਖ ਜਾਤੀ ਨੂੰ ਮਨੂ ਵਲੋਂ ਬਣਾਈ ਗਈ ਵਰਣ ਵਿਵਸਥਾ ਦੇ ਨਾਂ ਉੱਤੇ ਵੰਡ ਕੇ ਭੇਦਭਾਵ ਅਤੇ ਨਫ਼ਰਤ ਦਾ ਬੀਜ ਬੋ ਦਿੱਤਾ ਗਿਆ ਸੀ ਜਿਥੋਂ ਅਮੀਰੀ ਅਤੇ ਗਰੀਬੀ ਦਾ ਪਾੜਾ ਸ਼ੁਰੂ ਹੋਇਆ ਸਭ ਤੋਂ ਗਰੀਬ ਵਰਗ ਨੂੰ ਗੁਲਾਮ ਬਣਾਇਆ ਗਿਆ ਉਨ੍ਹਾਂ ਦੇ ਪੜਨ ਲਿਖਣ, ਬੋਲਣ ਸੁਨਣ ਦੇ ਅਧਿਕਾਰ ਖੋਹ ਲਏ ਗਏ ਸਨ। ਜਦੋਂ ਡਾ. ਭੀਮ ਰਾਓ ਅੰਬੇਡਕਰ ਜੀ ਨੇ 14 ਅਪ੍ਰੈਲ 1891 ਨੂੰ ਮੱਧ ਪ੍ਰਦੇਸ਼ ਦੇ ਮਹੁ ਵਿਖੇ ਪਿਤਾ ਰਾਮ ਜੀ ਸਕਪਾਲ ਅਤੇ ਮਾਤਾ ਭੀਮਾ ਬਾਈ ਸਕਪਾਲ ਦੇ ਘਰ ਜਨਮ ਲਿਆ ਉਸ ਵੇਲੇ ਜ਼ਾਤੀ ਭੇਦਭਾਵ ਪੂਰੀ ਚਰਮ ਸੀਮਾ ਤੇ ਸੀ ਅਤੇ ਬਚਪਨ ਤੋਂ ਹੀ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਆਰਥਿਕ ਅਤੇ ਸਮਾਜਿਕ ਭੇਦਭਾਵ ਦਾ ਸਾਹਮਣਾ ਕਰਨਾ ਪਿਆ। ਸਕੂਲ ਵਿੱਚ ਵੀ ਕਈ ਵਾਰੀ ਉਨ੍ਹਾਂ ਨੂੰ ਜ਼ਾਤੀ ਭੇਦਭਾਵ ਦਾ ਸ਼ਿਕਾਰ ਹੋਣਾ ਪਿਆ ਇਹੋ ਵਜ੍ਹਾ ਸੀ ਕਿ ਅੰਬੇਡਕਰ ਜੀ ਨੇ ਜੀਵਨ ਵਿੱਚ ਬਹੁਤ ਸਾਰੀਆਂ ਮੁਸ਼ਕਿਲ ਪ੍ਰਸਿਥਤੀਆਂ ਦਾ ਸਾਹਮਣਾ ਕਰਦਿਆਂ ਆਪਣੀ ਪੜ੍ਹਾਈ ਜਾਰੀ ਰੱਖੀ। ਸਕੂਲੀ ਪੜ੍ਹਾਈ ਦੌਰਾਨ ਵੀ ਕਈ ਵਾਰ ਬਾਬਾ ਸਾਹਿਬ ਜਾਤੀ ਭੇਦਭਾਵ ਦਾ ਸ਼ਿਕਾਰ ਹੋਏ ,ਉਨ੍ਹਾਂ ਨੇ ਉਦੋਂ ਹੀ ਮਨ ਬਣਾ ਲਿਆ ਸੀ ਕਿ ਉਹ ਇਸ ਜ਼ਾਤੀ ਭੇਦਭਾਵ ਵਾਲੀ ਭਿਆਨਕ ਬਿਮਾਰੀ, ਖ਼ਿਲਾਫ਼ ਸੰਘਰਸ਼ ਕਰਨਗੇ। ਬਾਬਾ ਸਾਹਿਬ ਨੂੰ ਪਤਾ ਸੀ ਕਿ ਇਹ ਸੰਘਰਸ਼ ਸਿੱਖਿਆ ਤੋਂ ਬਿਨਾਂ ਅਸੰਭਵ ਹੈ ਇਸ ਲਈ ਉਨ੍ਹਾਂ ਨੇ ਦੇਸ਼ ਅਤੇ ਦੁਨੀਆਂ ਦੀ ਸਭ ਤੋਂ ਵਧੀਆ ਤਾਲੀਮ ਹਾਸਿਲ ਕੀਤੀ। ਉਸ ਸਮੇਂ ਦੌਰਾਨ ਛੂਤ ਛਾਤ ਦਾ ਇੰਨਾਂ ਬੋਲ-ਬਾਲਾ ਸੀ ਕਿ ਗਰੀਬ ਵਰਗ ਦੇ ਲੋਕਾਂ ਦੇ ਹੱਥਾਂ ਦਾ ਕੋਈ ਪਾਣੀ ਵੀ ਪੀਣ ਲਈ ਤਿਆਰ ਨਹੀਂ ਸੀ। ਉਨਾਂ ਨੂੰ ਮੰਦਰਾਂ ਵਿੱਚ ਜਾਣ ਦੀ ਵੀ ਮਨਾਹੀ ਸੀ। ਮਨੂ ਵਲੋ ਬਣਾਈ ਗਈ ਜਾਤੀ ਵਰਨ ਵਿਵਸਥਾ ਵਿੱਚ ਗਰੀਬ ਅਤੇ ਪਛੜੇ ਵਰਗ ਨੂੰ ਸ਼ੂਦਰ ਦਾ ਨਾਂ ਦੇ ਕੇ ਸਭ ਤੋਂ ਹੇਠਾਂ ਰੱਖਿਆ ਗਿਆ ਅਤੇ ਉਨਾ ਦੇ ਬਹੁਤ ਸਾਰੇ ਅਧਿਕਾਰ ਖੋਹ ਲਏ ਗਏ ਸਨ ਬਾਬਾ ਸਾਹਿਬ ਨੇ ਇਸ ਖ਼ਿਲਾਫ ਆਵਾਜ਼ ਉਠਾਈ ਤੇ ਉਨਾਂ ਦੇ ਅਧਿਕਾਰਾ ਦੀ ਰੱਖਿਆ ਲਈ ਕਦਮ ਉਠਾਏ । 1920 ਈ. ਵਿੱਚ ’’ਵੀਕਲੀ ਨਾਇਕ’’ ਦੇ ਸਿਰਲੇਖ ਹੇਠ ਇੱਕ ਪ੍ਰਕਾਸ਼ਨ ਸ਼ੁਰੂ ਕੀਤਾ ਗਿਆ ਜਿਸਨੂੰ ’’ਲੀਡਰ ਆਫ ਸਾਇਲੰਟ’ ਵੀ ਕਿਹਾ ਜਾਂਦਾ ਹੈ ਇਸ ਪ੍ਰਕਾਸ਼ਨ ਦਾ ਇਸਤੇਮਾਲ ਛੂਹਾਛਾਤ ਦੀ ਬਿਮਾਰੀ ਦੇ ਖ਼ਿਲਾਫ ਲੜਨ ਲਈ ਇੱਕ ਕੈਪਸੂਲ ਜਾਂ ਟੀਕੇ ਦੇ ਤੌਰ ਤੇ ਕੀਤਾ ਗਿਆ। ਇਸ ਵਿੱਚ ਗ਼ਲਤ ਅਤੇ ਗੰਦੀ ਰਾਜਨੀਤੀ ਦੀ ਅਲੋਚਨਾ ਵੀ ਕੀਤੀ ਗਈ ਬਾਬਾ ਸਾਹਿਬ ਵਲੋਂ 1927 ਈ. ਵਿੱਚ ਛੂਹਾਛਾਤ ਦੀ ਬਿਮਾਰੀ ਖ਼ਿਲਾਫ ਲੜਨ ਲਈ ਕਈ ਅੰਦੋਲਨ ਕੀਤੇ ਗਏ। ਡਾ.ਅਬੇਡਕਰ ਨੂੰ ਵੀਹਵੀਂ ਅਤੇ ਇੱਕੀਵੀਂ ਸਦੀ ਦੇ ਚਿੰਤਕਾਂ, ਵਿਦਵਾਨਾਂ ਅਤੇ ਸਿਆਸੀ ਆਗੂਆਂ ਨੇ ਬਹੁ-ਪੱਖੀ ਪ੍ਰਤਿਭਾ ਦਾ ਮਾਲਕ ਮੰਨਿਆ ਹੈ। ਉਹ ਭਾਰਤ ਦੇ ਸੰਵਿਧਾਨ ਦੇ ਰਚਣਹਾਰੇ ਅਤੇ ਦਲਿਤਾਂ ਲਈ ਮਾਰਗ ਦਰਸ਼ਕ ਸਾਬਤ ਹੋਏ। ਉਹ ਆਪਣੀ ਬੌਧਿਕ ਸਮਰੱਥਾ ਸਦਕਾ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਬਣੇ। ਦਲਿਤ ਸਮਾਜ ਵਿਚ ਵਿਚਾਰਧਾਰਕ ਕ੍ਰਾਂਤੀ ਲਿਆਉਣ ਕਰ ਕੇ ਉਨ੍ਹਾਂ ਦਾ ਪ੍ਰਾਥਮਿਕ ਸਥਾਨ ਹੈ। ਡਾ.ਅੰਬੇਡਕਰ ਨੇ ਭਾਰਤ ਦੇ ਗਰੀਬ ਨਾਗਰਿਕਾਂ ਨੂੰ ਵੋਟਾਂ ਦਾ ਬਰਾਬਰ ਦਾ ਹੱਕ ਲੈ ਕੇ ਦਿੱਤਾ ਅਤੇ ਮਜ਼ਦੂਰਾਂ ਕਿਸਾਨਾਂ ਨੂੰ ਜ਼ਮੀਨ ਦੀ ਮਾਲਕੀ ਲਈ ਹੱਕ ਦਿਵਾਉਣ ਲਈ ਸੰਘਰਸ਼ ਕੀਤਾ। ਉਹ ਜੀਵਨ ਭਰ ਮਨੁੱਖੀ ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਰਹੇ। ਉਹ ਇਕ ਵਰਗ ਦੇ ਨਹੀਂ ਬਲਕਿ ਸਮਾਜ ਦੇ ਸਾਰੇ ਵਰਗਾਂ ਦੇ ਹੱਕਾਂ ਦੀ ਤਰਜਮਾਨੀ ਕਰਨ ਵਾਲੇ ਨਿਧੜਕ ਆਗੂ ਅਤੇ ਦੂਰਦ੍ਰਿਸ਼ਟੀ ਦੇ ਮਾਲਕ ਮੰਨੇ ਜਾਂਦੇ ਹਨ। ਭਾਰਤ ਦੇ ਸਰਵਪੱਖੀ ਵਿਕਾਸ ਲਈ ਉਨ੍ਹਾਂ ਨੇ ਮਹੱਤਵਪੂਰਨ ਪੁਸਤਕਾਂ ਦੀ ਰਚਨਾ ਕੀਤੀ ਜੋ ਭਾਰਤੀ ਸਮਾਜ ਦੇ ਵਿਚਾਰਧਾਰਕ ਵਿਕਾਸ ਲਈ ਮੀਲ ਪੱਥਰ ਸਾਬਤ ਹੋ ਰਹੀਆਂ ਹਨ। ‘ਜਾਤ-ਪਾਤ ਦਾ ਬੀਜ ਨਾਸ’ ਪੁਸਤਕ ਵਿਚ ਉਨ੍ਹਾਂ ਨੇ ਜਾਤ-ਪਾਤ ਨੂੰ ਭਾਰਤੀ ਸਮਾਜ ਲਈ ਕੋਹੜ੍ਹ ਅਤੇ ਮਹਾ ਕਲੰਕ ਦੱਸਿਆ ਹੈ। ਉਨ੍ਹਾਂ ਨੇ ਭਾਰਤੀ ਸਮਾਜ ਵਿਚ ਸ਼ੂਦਰ ਕੌਣ ਹਨ, ਦੀ ਇਤਿਹਾਸਕ ਦ੍ਰਿਸ਼ਟੀ ਤੋਂ ਸ਼ਨਾਖਤ ਕੀਤੀ। ਉਨ੍ਹਾਂ ਦਲਿਤ ਸਮਾਜ ਦੀ ਮੁਕਤੀ ਲਈ ਬੁੱਧ ਜਾਂ ਕਾਰਲ ਮਾਰਕਸ ਦਾ ਤੁਲਨਾਤਮਕ ਅਧਿਐਨ ਕੀਤਾ। ਫੈਡਰੇਸ਼ਨ ਬਨਾਮ ਆਜ਼ਾਦੀ’ ਕਿਤਾਬ ਵਿਚ ਮਨੁੱਖੀ ਹੱਕਾਂ ਬਾਰੇ ਜਾਣਕਾਰੀ ਮਿਲਦੀ ਹੈ। ‘ਬੁੱਧ ਅਤੇ ਉਸ ਦਾ ਧੱਮ ਉਨ੍ਹਾਂ ਦੀ ਆਖਰੀ ਪੁਸਤਕ ਮੰਨੀ ਗਈ ਹੈ। ਸਾਡੇ ਦੇਸ਼ ਦੀ ਗੰਦੀ ਅਤੇ ਸਰਮਾਏਦਾਰੀ ਰਾਜਨੀਤੀ ਦੇ ਚਲਦਿਆਂ ਗਰੀਬ ਵਰਗ ਹੋਰ ਗਰੀਬ ਅਤੇ ਅਮੀਰ ਵਰਗ ਹੋਰ ਅਮੀਰ ਹੋਇਆ ਹੈ। ਜ਼ਾਤੀ ਵਿਵਸਥਾ ਦੇ ਚਲਦਿਆਂ ਜਾਤੀ ਭੇਦਭਾਵ ਅਤੇ ਨਫ਼ਰਤ ਹੋਰ ਵਧੀ ਹੈ। ਦੇਸ਼ ਦੀ ਹੁਣ ਤੱਕ ਦੀਆਂ ਸਰਕਾਰਾ ਜ਼ਾਤੀ ਵਿਵਸਥਾ ਪ੍ਰਣਾਲੀ ਨੂੰ ਖਤਮ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੀਆਂ ਜਾਂ ਫਿਰ ਕਰਨਾ ਨਹੀਂ ਚਾਹੁੰਦੀਆਂ। ਡਾਕਟਰ ਭੀਮ ਰਾਓ ਅੰਬੇਡਕਰ ਜੀ 6 ਦਸੰਬਰ, 1956 ਨੂੰ ਆਪਣੀ ਸੰਸਾਰਕ ਯਾਤਰਾ ਪੂਰੀ ਕਰ ਗਏ ਸਨ। ਸਾਰੀ ਮਨੁੱਖ ਜਾਤੀ ਨੂੰ ਇੱਕੋ ਲੜ੍ਹੀ ਵਿੱਚ ਪਰੋ ਕੇ ਬਰਾਬਰਤਾ ਦੇ ਅਧਿਕਾਰ ਦੇ ਕੇ ਦੇਸ਼ ਨੂੰ ਮਜ਼ਬੂਤ ਅਤੇ ਵਿਕਾਸਸ਼ੀਲ ਬਣਾਉਣ ਵਰਗੇ ਉਨ੍ਹਾਂ ਦੇ ਸੁਪਨੇ ਅਜੇ ਵੀ ਕਿਸੇ ਹੋਰ ਬਾਬਾ ਸਾਹਿਬ ਦੇ ਸੰਘਰਸ਼ ਨੂੰ ਉਡੀਕ ਰਹੇ ਹਨ।



