ਸ਼ਾਨ ਨਾਲ ਸੰਪੰਨ ਹੋਇਆ ਪ੍ਰੋਗਰਾਮ ‘ਮੇਲਾ ਅੱਖਰਕਾਰਾਂ

(ਸਮਾਜ ਵੀਕਲੀ)

ਅਕਸਰ ਸਾਡੇ ਸਾਹਿਤਕ ਅਦਾਰੇ ਅਤੇ ਅਸੀਂ ਸਾਰੀ ਜ਼ਿੰਦਗੀ ਇਕ ਦੂਜੇ ਦਾ ਸਿਰ ਪਲੋਸਣ ਤੇ ਲਗਾ ਦਿੰਦੇ ਹਾਂ। ਇਸ ‘ਪਿੱਠ ਖੁਰਕਣ’ ਦੇ ਅਮਲ ਵਿਚ ਬਹੁਤ ਕੁਝ ਅਜਿਹਾ ਰਹਿ ਜਾਂਦਾ ਹੈ, ਜੋ ਹੁੰਦਾ ਤਾਂ ਬਹੁਤ ਮਹੱਤਵਪੂਰਨ ਹੈ, ਪਰ ਉਸ ਤਕ ਸਾਡੀ ‘ਨਜ਼ਰ’ ਹੀ ਨਹੀਂ ਜਾਂਦੀ। ਜਾਂ ਇਉਂ ਕਹਿ ਲਈ ਅਸੀਂ ਆਪਣੇ ਲਈ ਆਪ ਹੀ ਤੈਅ ਕੀਤੇ ਦਾਇਰਿਆਂ ਵਿਚ ਵਿਚਰਦੇ ਹਾਂ। ਲੀਕ ਤੋਂ ਪਾਰ ਟੱਪਣ ਦਾ ਹੌਂਸਲਾ ਨਹੀਂ ਰਖਦੇ।
ਭਾਵੇਂ ਅੱਖਰਕਾਰੀ ਮੁੱਖ ਤੌਰ ਤੇ ਦ੍ਰਿਸ਼ ਕਲਾ ਹੈ, ਪਰ ਕਿਉਂਕਿ ਇਸ ਦੀ ਬੁਨਿਆਦ ਅੱਖਰ ਹੈ, ਇਸ ਲਈ ਇਸ ਦਾ ਸਿੱਧਾ ਸਬੰਧ ਭਾਸ਼ਾ ਅਤੇ ਅੱਗੇ ਸਾਹਿਤ ਨਾਲ ਜੁੜਦਾ ਹੈ। ਹਜ਼ਾਰਾਂ-ਲੱਖਾਂ ਸਾਲ ਮੌਖਿਕ ਪੱਧਰ ਤੇ ਆਪਣੇ ਆਪ ਨੂੰ ਪ੍ਰਗਟਾਉਂਦਿਆਂ ਜਦ ਵੀ ਮਨੁੱਖ ਨੇ ਮੌਖਿਕ ਭਾਸ਼ਾ ਨੂੰ ਸਾਂਭਣ ਲਈ ਇਸ ਦਾ ਕੋਡ ਈਜ਼ਾਦ ਕਰਨ ਦੀ ਕੋਸ਼ਿਸ਼ ਕੀਤੀ ਹੋਵੇਗੀ, ਤਦ ਤੋਂ ਧੁਨੀ ਦੇ ਨਾਲ ਅੱਖਰ’ ਪੱਕੇ ਤੌਰ ਤੇ ਜੁੜ ਗਿਆ ਅਤੇ ਲਿਪੀ ਦੇ ਰੂਪ ਵਿਚ ਹਰ ਭਾਸ਼ਾ ਦਾ ਕੋਡ ਤਿਆਰ ਹੋਣਾ ਸ਼ੁਰੂ ਹੋ ਗਿਆ। ਜਦ ਤੋਂ ਅੱਖਰ ਦੀ ਈਜ਼ਾਦ ਹੋਈ ਤਦ ਤੋਂ ਹੀ ਇਸ ਦੇ ਆਕਾਰ ਨੂੰ ਲਸੋਧਣ, ਸਜਾਉਣ ਅਤੇ ਸਿੰਗਾਰਨ ਦੀ ਲੋੜ ‘ਚੋਂ ਅੱਖਰਕਾਰੀ ਦੀ ਕਲਾ ਪੈਦਾ ਹੋਈ। ਬੁਨਿਆਦੀ ਤੌਰ ਤੇ ਅੱਖਰ ਸੰਕੇਤਾਂ ਵਿਚ ਚਿਤਰਿਤ ਕੀਤੇ ਚਿਤਰ ਹੀ ਹੁੰਦੇ ਹਨ ਅਤੇ ਅੱਖਰਕਾਰ ਇਹਨਾਂ ਅੱਖਰਾਂ ਨੂੰ ਵਿਭਿੰਨ ਡਿਜ਼ਾਈਨਾਂ ਵਿਚ ਸਜਾਉਣ ਦਾ ਸੁਹਜਾਤਮਕ ਕਾਰਜ ਕਰਦੇ ਹਨ।
ਸੁੰਦਰ ਲਿਖਾਈ ਕਿਸੇ ਭਾਸ਼ਾ ਦੇ ਲਿਪੀਕਰਨ ਦਾ ਇਕ ਟਕਸਾਲੀ ਡਿਜ਼ਾਈਨ ਹੈ, ਜਦ ਕਿ ਅੱਖਰਕਾਰੀ ਇਸ ਡਿਜ਼ਾਈਨ ਨੂੰ ਵੱਖ-ਵੱਖ ਰੰਗਾਂ, ਆਕਾਰਾਂ-ਪ੍ਰਕਾਰਾਂ, ਫਰੇਮਾਂ ਅਤੇ ਭਾਵਾਂ ਰਾਹੀਂ ਮੁੜ ਡਿਜ਼ਾਈਨ ਕਰਨ ਦੀ ਕਲਾ ਹੈ। ਸਾਡੇ ਲਈ ਮਾਣ ਵਾਲੀ ਗੱਲ ਇਹ ਹੈ ਕਿ ਪੰਜਾਬ ਵਿਚ ਪਿਛਲੇ ਦੋ ਦਹਾਕਿਆਂ ਵਿਚ ਅੱਖਰਕਾਰਾਂ ਦਾ ਇਕ ਵੱਡਾ ਕੁਣਬਾ ਪੈਦਾ ਹੋਇਆ ਹੈ, ਜੋ ਮਿਸ਼ਨਰੀ ਭਾਵ ਨਾਲ ਖੁਦ ਵੀ ਅੱਖਰਕਾਰੀ ਕਰਦਾ ਹੈ ਅਤੇ ਇਸ ਕਲਾ ਨੂੰ ਅਗਾਂਹ ਵੀ ਪ੍ਰਚਾਰਦਾ ਅਤੇ ਪ੍ਰਸਾਰਦਾ ਹੈ।
ਕਿਸੇ ਵੇਲੇ ਅਜਿਹੇ ਅੱਖਰਕਾਰ ਟਾਂਵੇ-ਟਾਂਵੇ ਹੁੰਦੇ ਹਨ ਅਤੇ ਇਹਨਾਂ ਨੂੰ ਕਾਤਿਬ, ਮੁਹਰੱਰ, ਮੁੰਸ਼ੀ ਆਦਿ ਨਾਵਾਂ ਨਾਲ ਜਾਣਿਆਂ ਜਾਂਦਾ ਸੀ, ਪਰ ਅੱਜ ਦੇ ਦੌਰ ਵਿਚ ਅੱਖਰਕਾਰੀ ਦਾ ਖੇਤਰ ਬਹੁਤ ਵਸੀਹ ਹੋਇਆ ਹੈ। ਇਹ ਤਾਂ ਫਰਕ ਪਿਆ ਹੈ ਕਿ ਪੁਰਾਤਨ ਸਮਿਆਂ ਵਿਚ ਅੱਖਰਕਾਰੀ ਵਿਹਾਰਕ ਵਰਤਾਰਾ ਸੀ, ਕਿਉਂਕਿ ਅੱਗਰ ਤੁਸੀਂ ਆਪਣੇ ਭਾਵਾਂ ਤੇ ਵਿਚਾਰਾਂ ਨੂੰ ਸਾਂਭਣਾ ਸੀ ਤਾਂ ਤੁਹਾਨੂੰ ਅੱਖਰ-ਵਿਦਿਆ ਲੈਣੀ ਹੀ ਪੈਣੀ ਸੀ। ਇਸੇ ਲਈ ਜਦ ਕੋਈ ਬੰਦਾ ਇਹਨਾਂ ਅੱਖਰਾਂ ਨੂੰ ਖਾਸ ਆਕਾਰ, ਸਜ਼ਾਵਟ, ਅਤੇ ਡਿਜ਼ਾਈਨ ਵਿਚ ਉਕੇਰਦਾ ਸੀ ਤਾਂ ਲੋਕ ਅੱਸ਼-ਅੱਸ਼ ਕਰ ਉਠਦੇ ਸੀ। ਅੱਜ ਦੇ ਦੌਰ ਵਿਚ ਕੰਪਿਉਟਰ ਅਤੇ ਮੋਬਾਈਲ ਦੀ ਆਮਦ ਤੋਂ ਬਾਅਦ ਹੱਥਾਂ ਨਾਲ ਲਿਖਣ ਦੀ ਲੋੜ ਲਗਾਤਾਰ ਘਟਦੀ ਜਾ ਰਹੀ ਹੈ। ਇਸ ਲਈ ਅੱਜ ਦੇ ਦੌਰ ਵਿਚ ਅੱਖਰਕਾਰੀ ਵਿਹਾਰਕ ਵਰਤੋਂ ਨਾਲੋਂ ਸੁਹਜਾਤਮਕ ਅਤੇ ਕਲਾਤਮਕ ਪੱਧਰ ਤੇ ਜ਼ਿਆਦਾ ਵਰਤੀ ਜਾ ਰਹੀ ਹੈ।
ਪੰਜਾਬ ਸਾਹਿਤ ਅਕਾਦਮੀ ਨੇ ਸਿਰਜਣਾਤਮਕ ਸਿੱਖਿਆ ਸੰਸਾਰ ਨਾਂ ਦੇ ਫੇਸਬੁੱਕ ਗਰੁਪ ਦੇ ਸਹਿਯੋਗ ਨਾਲ ਅੱਖਰਕਾਰੀ ਦੇ ਖੇਤਰ ਵਿਚ ਆ ਰਹੇ ਇਸ ਮੂਕ ਇੰਨਕਲਾਬ ਦੀ ਆਹਟ ਨੂੰ ਸੁਣਿਆ ਅਤੇ ਇਸ ਨੂੰ ਉਜਾਗਰ ਕਰਨ ਲਈ ਪਹਿਲਾਂ ਇਕ ਆਨਲਾਈਨ ਪ੍ਰੋਗਰਾਮ ਕਰਵਾਇਆ ਅਤੇ ਫਿਰ ਇਹ ਆਫਲਾਈਨ ਪ੍ਰੋਗਰਾਮ ਕਰਵਾਇਆ। ਗਰਾਉਂਡ ਜ਼ੀਰੋ ਤੇ ਵਿਚਰਦੇ ਅੱਖਰਕਾਰੀ ਦੇ ਇਹਨਾਂ ਸੁਪਨਸਾਜ਼ਾਂ ਨੂੰ ਕਦੇ ਚਿਤ-ਚੇਤੇ ਵੀ ਨਹੀਂ ਸੀ, ਕਿ ਪੰਜਾਬ ਸਾਹਿਤ ਅਕਾਦਮੀ ਵਰਗੀ ਸੰਸਥਾ ਉਹਨਾਂ ਨੂੰ ਇਕ ਹਾਕ ਮਾਰੇਗੀ ਅਤੇ ਉਹ ਲੌਂਗ ਦੇ ਗੁਆਚਣ ਵਾਂਗ ਪਿੱਛੇ ਪਿੱਛੇ ਆਉਂਦੇ ਚਾਅ ਵਿਚ ਮਾਣ ਮੱਤੇ ਮਹਿਸੂਸ ਕਰਨਗੇ। ਹੋਇਆ ਇੰਝ ਹੀ… ਇਕ ਸੁਪਨਾ ਲਿਆ ਗਿਆ ਅਤੇ ਉਸ ਦੀ ਤਾਮੀਰ ਕੀਤੀ ਗਈ….ਏਨੇ ਅੱਖਰਕਾਰਾਂ ਦਾ ਇਕ ਥਾਂ ਤੇ ਮਿਲਣਾ, ਸੰਵਾਦ ਕਰਨਾ, ਪ੍ਰਦਰਸ਼ਨੀ ਲਗਾਉਣਾ ਅਤ ਅੱਖਰਕਾਰੀ ਦੀ ਕਿਤਾਬ ਲਈ ਤਿਆਰੀ ਕਰਨਾ ਆਪਣੇ ਆਪ ਵਿਚ ਖੁਸ਼ਨੁਮਾ ਪੱਲ ਸਨ।
75 ਤੋਂ ਵੱਧ ਅੱਖਰਕਾਰ ਇਸ ਮੇਲੇ ਵਿਚ ਸ਼ਾਮਿਲ ਹੋਏ ਅਤੇ ਉਹਨਾਂ ਵਿਚੋਂ ਬਹੁਤੇ ਆਪਣੇ ਪਰਿਵਾਰਾਂ ਸਮੇਤ ਆਏ। ਕਲਾ ਭਵਨ ਦੇ ਖੁੱਲ੍ਹੇ ਵਿਹੜੇ ਵਿਚ ਸਾਰੇ ਅੱਖਰਕਾਰਾਂ ਨੇ ਆਪਣੀ ਅੱਖਰਕਾਰੀ ਦੇ ਨਮੂਨਿਆਂ ਨੂੰ ਸਜ਼ਾਇਆ। ਹਰੇਕ ਅੱਖਰਕਕਾਰ ਕੋਲ ਕੈਲੀਗ੍ਰਾਫੀ ਦਾ ਨਵਾਂ ਫੌਂਟ, ਨਵਾਂ ਡਿਜ਼ਾਇਨ, ਨਵਾਂ ਚਾਅ ਅਤੇ ਨਵਾਂ ਸੁਪਨਾ ਸੀ। ਏਨੇ ਅੱਖਰਕਾਰਾਂ ਨੂੰ ਇੱਕੋ ਥਾਂ ਮਿਲਣ ਦਾ ਚਾਅ ਸਾਰੇ ਅੱਖਰਕਾਰਾਂ ਦੇ ਚਿਹਰਿਆਂ ਤੇ ਦਿਸ ਰਿਹਾ ਸੀ। ਦੂਜੇ ਭਾਗ ਵਿਚ ਅੱਖਰਕਾਰੀ ਦੇ ਤੇਰਾਂ ਰਤਨਾਂ ਦਾ ਸਨਮਾਨ ਕੀਤਾ ਗਿਆ। ਜਿਸ ਵਿਚ ਜਗਤਾਰ ਸੋਖੀ (ਫਿਰੋਜ਼ਪੁਰ), ਰਣਜੀਤ ਸਿੰਘ ਸੋਹਲ (ਮੋਗਾ), ਸਾਹਿਬ ਸਿੰਘ (ਮੁਕਤਸਰ), ਗੁਰਪ੍ਰੀਤ ਸਿੰਘ (ਮੋਗਾ), ਡਾ. ਇੰਦਰਪ੍ਰੀਤ ਸਿੰਘ ਧਾਮੀ (ਤਰਨਤਾਰਨ), ਕੰਵਰਦੀਪ ਥਿੰਦ (ਕਪੂਰਥਲਾ) ਸੁਰਿੰਦਰਪਾਲ ਸਿੰਘ (ਅੰਮ੍ਰਿਤਸਰ), ਗੋਪਾਲ ਸਿੰਘ (ਸੰਗਰੂਰ), ਸੋਨਜੀਤ (ਲੁਧਿਆਣਾ), ਬਿਮਲਾ (ਫ਼ਰੀਦਕੋਟ) ਡਾ. ਹਰਿੰਦਰ ਸਿੰਘ (ਫਿਰੋਜ਼ਪੁਰ) ਹਰਪ੍ਰੀਤ ਸਿੰਘ (ਫ਼ਤਹਿਗੜ੍ਹ ਸਾਹਿਬ) ਅਤੇ ਹਰਜਿੰਦਰ ਕੌਰ (ਹੁਸ਼ਿਆਰਪੁਰ) ਸ਼ਾਮਿਲ ਸਨ। ਤੀਜੇ ਭਾਗ ਵਿਚ ਅੱਖਰਕਾਰੀ ਨਾਲ ਸਬੰਧਤ ਸੰਵਾਦ ਸੀ, ਜਿਸ ਵਿਚ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਨੇ ਜੀ ਆਇਆਂ ਕਹਿੰਦੇ ਹੋਏ ਸਾਰੇ ਅੱਖਰਕਾਰਾਂ ਅਤੇ ਵਿਸ਼ਾ ਮਾਹਿਰਾਂ ਨੂੰ ਸੱਦਾ ਦਿੱਤਾ ਕਿ ਉਹ ਇਸ ਕਲਾ ਨੂੰ ਪਰਮੋਟ ਕਰਨ ਲਈ ਆਪਣੀਆਂ ਪਰੋਪੋਜ਼ਲਾਂ ਲੈ ਕੇ ਆਉਣ, ਅਕਾਦਮੀ ਇਹਨਾਂ ਨੇ ਨੇਪਰੇ ਚਾੜ੍ਹਨ ਵਿਚ ਹਰ ਸੰਭਵ ਮਦਦ ਕਰੇਗੀ। ਉਰਮਨਦੀਪ ਸਿੰਘ ਨੇ ਅੱਖਰਕਾਰੀ ਦੇ ਇਤਿਹਾਸ ਤੇ ਚਰਚਾ ਕਰਦੇ ਹੋਏ ਪੰਜਾਬ ਵਿਚ ਅੱਖਰਕਾਰੀ ਦੇ ਬਹੁਤ ਸਾਰੇ ਨਮੂਨਿਆਂ ਦੀ ਨਿਸ਼ਾਨਦੇਹੀ ਕੀਤੀ। ਗੁਰੂ ਗ੍ਰੰਥ ਸਾਹਿਬ ਦੀ ਅੱਖਰਕਾਰੀ ਤੋਂ ਲੈ ਕੇ ਸਾਹਿਤ ਦੀਆਂ ਬਾਕੀ ਧਾਰਾਵਾਂ ਅਤੇ ਫਿਲਮਾਂ ਦੇ ਪੋਸਟਰਾਂ ਅਤੇ ਕਿਤਾਬਾਂ ਦੇ ਸਰਵਰਕਾਂ ਤੱਕ ਕਿੰਨੇ ਹੀ ਰੂਪ ਸਾਮ੍ਹਣੇ ਆਏ, ਜਿਨ੍ਹਾਂ ਰਾਹੀਂ ਅੱਖਰਕਾਰੀ ਹੋਈ ਹੈ।

created by InCollage

ਸਵਰਨਜੀਤ ਸਵੀ ਨੇ ਦੁਨੀਆ ਦੇ ਵੱਖ ਵੱਖ ਧਰਮਾਂ ਦੇ ਹਵਾਲਿਆਂ ਨਾਲ ਦੱਸਿਆ ਕਿ ਅੱਖਰਕਾਰੀ ਦੇ ਦੁਨੀਆ ਵਿਚ ਬੇਅੰਤ ਰੂਪ ਹਨ। ਉਹਨਾਂ ਕਿਹਾ ਕਿ ਅਰਬੀ ਫਾਰਸੀ ਵਿਚ ਅੱਖਰਕਾਰੀ ਤੇ ਬਹੁਤ ਕੰਮ ਹੋਇਆ ਹੈ, ਜਿਸ ਤੋਂ ਸਾਨੂੰ ਸਿੱਖਣ ਦੀ ਲੋੜ ਹੈ। ਉਹਨਾਂ ਇਹ ਵੀ ਕਿਹਾ ਕਿ ਅੱਖਰਕਾਰੀ ਸਿਰਫ਼ ਨਵਾਂ ਡਿਜ਼ਾਈਨ ਹੀ ਨਹੀਂ ਹੁੰਦੀ, ਬਲਕਿ ਇਹ ਭਾਵਾਂ ਨੂੰ ਵੀ ਉਜਾਗਰ ਕਰਦੀ ਹੈ। ਡਾ. ਸੀ ਪੀ ਕੰਬੋਜ ਨੇ ਅੱਖਰਕਾਰੀ ਦੇ ਫੌਂਟਾਂ ਦੇ ਡਿਜ਼ੀਟਲੀਕਰਨ ਤੇ ਜੋਰ ਦਿੰਦਿਆ ਕਿਹਾ ਕਿ ਹੁਣ ਜ਼ਮਾਨਾ ਸਾਧਾਰਨ ਫੌਂਟਾਂ ਤੋਂ ਵੀ ਅੱਗੇ ਯੂਨੀਕੋਡ ਫੌਂਟਾਂ ਦਾ ਹੈ। ਉਹਨਾਂ ਸਾਰੇ ਅੱਖਰਕਾਰਾਂ ਨੂੰ ਸੱਦਾ ਦਿੱਤਾ ਕਿ ਉਹ ਉਸ ਨਾਲ ਤਾਲਮੇਲ ਕਰਕੇ ਇਹਨਾਂ ਸ਼ਾਨਦਾਰ ਫੌਂਟਾਂ ਦੇ ਸੌਫਟ ਵਰਜ਼ਨ ਤਿਆਰ ਕਰਨ ਤਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਨੂੰ ਹੋਰ ਅਮੀਰ ਕੀਤਾ ਜਾ ਸਕੇ। ਪ੍ਰੋਗਰਾਮ ਦੇ ਮੁੱਖ ਮਹਿਮਾਨ ਅਤੇ ਪ੍ਰਸਿੱਧ ਚਿੰਤਕ ਸਿੱਧੂ ਦਮਦਮੀ ਨੇ ਲਿਖਣਸਰ (ਤਲਵੰਡੀ ਸਾਬੋ) ਦੀ ਅੱਖਰਕਾਰੀ ਦੀ ਵਿਲੱਖਣ ਪੰਰਪਰਾ ਦੇ ਹਵਾਲੇ ਨਾਲ ਦੱਸਿਆ ਕਿ ਦਮਦਮਾ ਸਾਹਿਬ ਵਿਖੇ ਕਿਸੇ ਸਮੇਂ ਗੁਰਬਾਣੀ ਦੀ ਅੱਖਰਕਾਰੀ ਕਰਨ ਲਈ ਦਮਦਮਾ ਸਾਹਿਬ ਵਿਚ ਨਿਰਮਲੇ ਸੰਤਾਂ ਦੇ ਬਾਰਾਂ ਬੁੰਗੇ ਹੁੰਦੇ ਸਨ, ਜਿਨ੍ਹਾਂ ਵਿਚ ਅੱਖਰਕਾਰੀ ਦਾ ਕਾਰਜ ਨਿਰੰਤਰ ਚਲਦਾ ਰਹਿੰਦਾ ਸੀ। ਬਾਅਦ ਵਿਚ ਗੁਰਦੁਆਰਾ ਸਾਹਿਬ ਉੱਪਰ ਸ਼ਿਰੋਮਣੀ ਕਮੇਟੀ ਦੇ ਕਬਜ਼ੇ ਤੋਂ ਬਾਅਦ ਇਹਨਾਂ ਬੁੰਗਿਆ ਨੂੰ ਢਾਹ ਦਿੱਤਾ ਗਿਆ ਅਤੇ ਲਿਖਣਸਰ ਦੀ ਉਹ ਸਾਰੀ ਪਰੰਪਰਾ ਤਬਾਹ ਹੋ ਗਈ। ਉਹਨਾਂ ਨੇ ਕਿਹਾ ਕਿ ਅਸੀਂ ਬਹੁਤ ਕੁਝ ਬਚਾਉਣ ਦੇ ਚੱਕਰ ਵਿਚ ਬਹੁਤ ਕੁਝ ਗਿਆ ਵੀ ਲਿਆ। ਪ੍ਰੋਗਰਾਮ ਦੇ ਕਨਵੀਨਰ ਨੇ ਦੱਸਿਆ ਕਿ ਇਹਨਾਂ ਸਾਰੇ ਅੱਖਰਕਾਰਾਂ ਦੀਆਂ ਚਾਰ ਚਾਰ ਨਮੂਨੇ ਅਤੇ ਉਹਨਾਂ ਦਾ ਬਾਇਓਡਾਟਾ ਲੈ ਲਏ ਗਿਆ ਹੈ, ਜਿਸ ਦੇ ਆਧਾਰ ਤੇ ‘ਪੰਜਾਬ ਦੇ ਅੱਖਰਕਾਰ’ ਪੁਸਤਕ ਤਿਆਰ ਕੀਤੀ ਜਾਵੇਗੀ, ਜਿਸ ਰਾਹੀਂ ਪੰਜਾਬ ਦੀ ਅੱਖਰਕਾਰੀ ਦਾ ਇਤਿਹਾਸ ਸਾਂਭਿਆ ਜਾਵੇਗਾ।
ਇਸ ਮੌਕੇ ਸ਼ਾਮਿਲ ਅੱਖਰਕਾਰਾਂ ਅਤੇ ਹੋਰ ਅਦਬੀ ਸ਼ਖ਼ਸੀਅਤਾਂ ਵਿਚ ਾਜ ਸਿੰਘ, ਬਲਦੀਪ ਕੌਰ ਸੰਧੂ, ਪ੍ਰੀਤਮ ਰੁਪਾਲ, ਬਲਕਾਰ ਸਿੱਧੂ, ਭੁਪਿੰਦਰ ਮਲਿਕ, ਪ੍ਰੋ. ਦਿਲਬਾਗ ਸਿੰਘ, ਸੁਖਜੀਵਨ, ਗੁਰਦੀਪ ਗਾਮੀਵਾਲਾ, ਅੰਮ੍ਰਿਤਪਾਲ ਸਿੰਘ, ਲਵਦੀਪ ਸਿੰਘ, ਜਗਜੀਤ ਸਿੰਘ ਦਿਲਾਰਾਮ, ਜਗਜੀਤ ਸਿੰਘ ਘੁਰਕਣੀ, ਰਜਿੰਦਰ ਕੌਰ ਸੋਹੀਆਂ, ਅਰਵਿੰਦਰ ਕੌਰ, ਬਲਜਿੰਦਰ ਕੌਰ, ਸਰਬਜੀਤ ਕੌਰ ਭੁੱਲਰ, ਗੁਰਪ੍ਰੀਤ ਕੌਰ, ਯੋਗੇਸ਼ ਠਾਕੁਰ, ਨਿਰਲੇਪ ਕੌਰ ਸੇਖੋਂ, ਰੁਪਿੰਦਰ ਮੌੜ, ਸੁਖਮੰਦਰ ਕੌਰ, ਰੁਪਿੰਦਰ ਬਲਾਸੀ, ਦਿਲਪ੍ਰੀਤ ਕੌਰ, ਗੁਲਜੀਤ ਸਿੰਘ, ਮਹਿਕ ਬਾਘਲਾ, ਸਿਫ਼ਾ ਪਟਿਆਲਾ, ਜਸਵਿੰਦਰ ਖੁੱਡੀਆਂ, ਬਿਸ਼ੰਬਰ ਸ਼ਾਮਾ, ਅਵਤਾਰ ਸਿੰਘ, ਕਾਲਾ ਕਲਵਾਨੂ, ਧਰਮਪਾਲ, ਤੇਜਿੰਦਰ ਸਿੰਘ ਫਰਵਾਹੀ, ਬਲਵਿੰਦਰ ਚਾਹਲ, ਡਾਕਟਰ ਦਰਸ਼ਨ ਕੌਰ, ਕੰਵਲਜੀਤ ਕੌਰ, ਹਰਤੇਜ ਸਿੰਘ ਅਤੇ ਹੋਰ ਕਈ ਅੱਖਰਕਾਰ ਸ਼ਾਮਿਲ ਹੋਏ।
ਕੁਲਦੀਪ ਸਿੰਘ ਦੀਪ (ਡਾ.)
9876820600
ਪੋਸਟ ਸਕ੍ਰਿਪਟ : ਬਹੁਤ ਸਾਰੇ ਅੱਖਰਕਾਰ ਸਾਡੀ ਪਹੁੰਚ ਤੋਂ ਦੂਰ ਹੋਣ ਕਾਰਨ ਰਹਿ ਗਏ। ਉਹਨਾਂ ਦਾ ਕੰਮ ਵੀ ਸ਼ਾਨਦਾਰ ਹੈ ਅਤੇ ਉਹਨਾਂ ਤੇ ਵੀ ਅਸੀਂ ਮਾਣ ਮਹਿਸੂਸ ਰਕਦੇ ਹਾਂ। ਉਹਨਾਂ ਨੂੰ ਅਪੀਲ ਹੈ ਕਿ ਉਹ ‘ਪੰਜਾਬ ਦੇ ਅੱਖਰਕਾਰ’ ਕਿਤਾਬ ਲਈ ਆਪਣਿਆਂ ਤਿੰਨ ਜਾਂ ਚਾਰ ਹੱਥ ਲਿਖਤਾਂ ਜ਼ਰੂਰ ਭੇਜਣ..ਜੇਕਰ ਉਹ ਇਸ ਪੁਸਤਕ ਦੇ ਮਿਆਰ ਦੀਆਂ ਹੋਈਆਂ ਤਾਂ ਅਦਾਰਾ ਬਿਨਾ ਸ਼ੱਕ ਇਹਨਾਂ ਨੂੰ ਪੁਸਤਕ ਵਿਚ ਸ਼ਾਮਿਲ ਕਰੇਗਾ…। ਇਹ ਨਿਊਜ਼ ਡਾ ਕੁਲਦੀਪ ਸਿੰਘ ਦੀਪ ਨੇ ਰਮਿੰਦਰ ਵਾਲੀਆ ਨੂੰ ਸਾਂਝੀ ਕੀਤੀ । ਧੰਨਵਾਦ ਸਹਿਤ ।
ਰਮਿੰਦਰ ਵਾਲੀਆ
ਅਸੋਸੀਏਟ ਮੈਂਬਰ
ਪੰਜਾਬ ਸਾਹਿਤ ਅਕਾਡਮੀ ਚੰਡੀਗੜ੍ਹ ।

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੋਸਤੀ ਇੱਕ ਅਨਮੋਲ ਰਿਸ਼ਤਾ
Next articleBank employees to strike work for 13 days between Dec 4 – Jan 20