5 ਸਤੰਬਰ ਨੂੰ ਤਹਿਸੀਲ ਅਤੇ ਜਿਲ੍ਹਾ ਪੱਧਰ ‘ਤੇ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕਣ ਦਾ ਫੈਸਲਾ
ਫਰੀਦਕੋਟ/ਭਲੂਰ (ਬੇਅੰਤ ਗਿੱਲ ਭਲੂਰ ) ਪੰਜਾਬ ਦੀਆਂ ਕਈ ਮੁਲਾਜਮ ਅਤੇ ਪੈਨਸ਼ਨਰ ਜਥੇਬੰਦੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਮੁੱਚੇ ਮੁਲਾਜ਼ਮ ਵਰਗ ਨੂੰ ਬਦਨਾਮ ਕਰਨ ਲਈ ਕੀਤੇ ਗਏ ਟਵੀਟ ਅਤੇ ਮਿਤੀ 31 ਅਕਤੂਬਰ 2023 ਤੱਕ ਐਸਮਾ ਵਰਗਾ ਸਖ਼ਤ ਕਾਨੂੰਨ ਲਾਗੂ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ । ਪੰਜਾਬ ਪੈਨਸ਼ਨਰਜ਼ ਯੂਨੀਅਨ ਦੇ ਸੂਬਾਈ ਆਗੂ ਅਸ਼ੋਕ ਕੌਸ਼ਲ, ਜਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਚਾਨੀ, ਵਿੱਤ ਸਕੱਤਰ ਸੋਮ ਨਾਥ ਅਰੋੜਾ , ਗੁਰਚਰਨ ਸਿੰਘ ਮਾਨ , ਤਰਸੇਮ ਨਰੂਲਾ , ਇਕਬਾਲ ਸਿੰਘ ਮੰਘੇੜਾ , ਪ੍ਰਦੀਪ ਸਿੰਘ ਬਰਾੜ ਤੇ ਸੁਖਚੈਨ ਸਿੰਘ ਥਾਂਦੇਵਾਲਾ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾ ਐਡੀਸ਼ਨਲ ਜਨਰਲ ਸਕੱਤਰ ਪ੍ਰੇਮ ਚਾਵਲਾ,ਕਲਾਸ ਫੋਰਥ ਗੌਰਮਿੰਟ ਇੰਪਲਾਈਜ ਯੂਨੀਅਨ ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਨਛੱਤਰ ਸਿੰਘ ਭਾਣਾ ਤੇ ਜਨਰਲ ਸਕੱਤਰ ਇਕਬਾਲ ਸਿੰਘ ਰਣ ਸਿੰਘ ਵਾਲਾ, ਪਾਵਰ ਕਾਮ ਪੈਨਸ਼ਨਰ ਜਥੇਬੰਦੀ ਦੇ ਆਗੂ ਰਮੇਸ਼ ਕੌਸ਼ਲ , ਚੰਦ ਸਿੰਘ ਡੋਡ ਅਤੇ ਹਰਪਾਲ ਸਿੰਘ ਮਚਾਕੀ ਆਦਿ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਮੁਲਾਜ਼ਮਾਂ ਦੇ ਵਿਰੁੱਧ ਟਵੀਟ ਕਰਨਾ ਸ਼ੋਭਾ ਨਹੀਂ ਦਿੰਦਾ, ਕਿਉਂਕਿ ਮੁਲਾਜ਼ਮ ਹੀ ਸਰਕਾਰ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਮੁੱਖ ਮੰਤਰੀ ਪੰਜਾਬ ਨੂੰ ਚਾਹੀਦਾ ਤਾਂ ਇਹ ਸੀ ਕਿ ਮੁਲਾਜ਼ਮਾਂ ਨਾਲ ਤਰੁੰਤ ਮੀਟਿੰਗਾ ਕਰਦੇ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਧਿਆਨ ਦੇ ਕੇ ਮਸਲਿਆਂ ਦਾ ਹੱਲ ਕਰਦੇ ਉਲ਼ਟਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੁਲਾਜ਼ਮਾਂ ਨੂੰ ਅਜਿਹੇ ਟਵੀਟ ਕਰਕੇ ਧਮਕਾਉਣਾ ਸਿੱਧਾ ਹੀ ਮੁਲਾਜ਼ਮਾਂ ਦੇ ਸੰਵਿਧਾਨਿਕ ਹੱਕਾ ‘ਤੇ ਡਾਕਾ ਹੈ। ਆਗੂਆਂ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਬਹੁਤ ਜਲਦੀ ਹੀ ਭੁੱਲ ਗਏ ਕਿ ਇਹਨਾਂ ਨੂੰ ਵੀ ਕਲਮ ਤੇ ਹਰਾ ਪੈੱਨ ਪੰਜਾਬ ਵਾਸੀਆਂ ਨੇ ਹੀ ਦਿੱਤਾ ਹੈ ਤੇ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਪੰਜਾਬ ਦੇ ਲੋਕ ਜੇਕਰ ਕਿਸੇ ਨੂੰ ਕੁਰਸੀ ‘ਤੇ ਬਿਠਾਉਣਾ ਜਾਣਦੇ ਹਨ ਤੇ ਜਲਦੀ ਹੀ ਲਾਹੁਣਾ ਵੀ ਜਾਣਦੇ ਹਨ। ਇਸ ਮੌਕੇ ਮਾਸਟਰ ਸੁਖਚੈਨ ਸਿੰਘ ਥਾਂਦੇਵਾਲਾ ਨੇ ਕਿਹਾ ਕਿ ਭਗਵੰਤ ਮਾਨ ਦੇ ਇਸ ਤਰ੍ਹਾਂ ਦੇ ਬੇਹੂਦਾ ਜਿਹੇ ਬਿਆਨ ਉਸਦੀ ਆਪਣੀ ਕਿਰਕਿਰੀ ਕਰ ਰਹੇ ਹਨ। ਮੁਲਾਜ਼ਮ ਵਰਗ ਬਾਰੇ ਇਸ ਤਰ੍ਹਾਂ ਦੇ ਟਵੀਟ ਕਰਨ ਵਾਲਾ ਮੁੱਖ ਮੰਤਰੀ ਪਹਿਲੀ ਵਾਰ ਦੇਖਿਆ ਹੈ। ਬੜੀ ਅਫਸੋਸਨਾਕ ਗੱਲ ਹੈ ਕਿ ਭਗਵੰਤ ਮਾਨ ਨੇ ਲੋਕਾਂ ਦੇ ਸੁਫ਼ਨੇ ਚਕਚੂਰ ਕਰ ਦਿੱਤੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly