ਆਪ ਸਰਕਾਰ ਦਾ ਬਜਟ ਦਿਸ਼ਾਹੀਣ ਤੇ ਲੋਕ ਵਿਰੋਧੀ : ਡਾ. ਅਵਤਾਰ ਸਿੰਘ ਕਰੀਮਪੁਰੀ

ਡਾ. ਅਵਤਾਰ ਸਿੰਘ ਕਰੀਮਪੁਰੀ

ਜਲੰਧਰ (ਸਮਾਜ ਵੀਕਲੀ) ਬਹੁਜਨ ਸਮਾਜ ਪਾਰਟੀ (ਬਸਪਾ) ਨੇ ਅੱਜ ਸੂਬੇ ਦੀ ਆਪ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਨੂੰ ਦਿਸ਼ਾਹੀਣ, ਲੋਕ ਵਿਰੋਧੀ ਤੇ ਪੰਜਾਬ ਨੂੰ ਹੋਰ ਘੋਰ ਅੰਧਕਾਰ ਵੱਲ ਧੱਕਣ ਵਾਲਾ ਕਰਾਰ ਦਿੱਤਾ ਹੈ। ਇਸ ਸਬੰਧੀ ਬਸਪਾ ਦੇ ਸੂਬਾ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਬਜਟ ਵਿੱਚ ਅਜਿਹਾ ਕੋਈ ਵੀ ਪ੍ਰਾਵਧਾਨ ਨਹੀਂ ਕੀਤਾ ਗਿਆ, ਜਿਸ ਨਾਲ ਪੰਜਾਬ ਬੇਰੁਜ਼ਗਾਰੀ ਦੇ ਸੰਕਟ ਵਿੱਚੋਂ ਬਾਹਰ ਨਿੱਕਲ ਸਕਦਾ ਹੋਵੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਸੰਭਾਲਣ, ਕਿਸਾਨੀ, ਦੱਬੇ ਕੁੱਚਲੇ ਸਮਾਜ ਆਦਿ ਨਾਲ ਜੁੜੇ ਮੁੱਦਿਆਂ ‘ਤੇ ਇਹ ਬਜਟ ਖਾਮੋਸ਼ ਹੈ। ਖਾਸ ਕਰਕੇ ਸਿਹਤ ਤੇ ਸਿੱਖਿਆ ਸੁਵਿਧਾਵਾਂ ਦੇਣ ਅਤੇ ਸਰਕਾਰੀ ਹਸਪਤਾਲਾਂ ਵਿੱਚ ਮਸ਼ੀਨਰੀ ਤੇ ਸਟਾਫ ਦੀ ਘਾਟ ਦੀ ਸਮੱਸਿਆ ਦੇ ਹੱਲ ਬਾਰੇ ਬਜਟ ਵਿੱਚ ਕੋਈ ਵੀ ਠੋਸ ਕਦਮ ਨਹੀਂ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਬਜਟ ਵਿੱਚ ਮਨਰੇਗਾ ਕਾਮਿਆਂ, ਆਸ਼ਾ ਵਰਕਰਾਂ, ਆਂਗਣਵਾੜੀ ਵਰਕਰਾਂ, ਕੱਚੇ ਸਫਾਈ ਮੁਲਾਜ਼ਮਾਂ, ਠੇਕਾ ਕਰਮਚਾਰੀਆਂ ਨੂੰ ਕੋਈ ਵੀ ਵੱਡੀ ਰਾਹਤ ਨਹੀਂ ਦਿੱਤੀ ਗਈ। ਚੋਣਾਂ ਦੌਰਾਨ ਆਪ ਨੇ ਸੂਬੇ ਨੂੰ ਕਰਜ਼ਾ ਮੁਕਤ ਬਣਾਉਣ ਦਾ ਵਾਅਦਾ ਕੀਤਾ ਸੀ, ਪਰ ਇਸਦੇ ਉਲਟ ਆਪ ਸਰਕਾਰ ਨੇ ਪਿਛਲੇ ਤਿੰਨ ਸਾਲਾਂ ਵਿੱਚ 95,000 ਕਰੋੜ ਦਾ ਕਰਜ਼ਾ ਹੋਰ ਚੁੱਕ ਲਿਆ ਹੈ। ਅਕਾਲੀ-ਭਾਜਪਾ, ਕਾਂਗਰਸ ਸਰਕਾਰਾਂ ਦੌਰਾਨ ਸੂਬੇ ‘ਤੇ 2,79,000 ਕਰੋੜ ਰੁਪਏ ਦਾ ਕਰਜ਼ਾ ਸੀ, ਜੋ ਕਿ ਆਪ ਸਰਕਾਰ ਦੌਰਾਨ ਹੋਰ ਵਧ ਕੇ 3,74,000 ਕਰੋੜ ਦਾ ਹੋ ਗਿਆ ਹੈ। ਨਸ਼ੇ ਦੇ ਮੁੱਦੇ ‘ਤੇ ਬੋਲਦੇ ਹੋਏ ਡਾ. ਕਰੀਮਪੁਰੀ ਨੇ ਕਿਹਾ ਕਿ ਬਜਟ ਦੌਰਾਨ ਆਪ ਸਰਕਾਰ ਨੇ ਆਉਣ ਵਾਲੇ 2-3 ਸਾਲਾਂ ਵਿੱਚ ਡਰੱਗ ਮਾਫੀਆ ਦੇ ਖਾਤਮੇ ਦੀ ਗੱਲ ਕਹੀ ਹੈ, ਜਿਸਦਾ ਮਤਲਬ ਹੈ ਕਿ ਆਪ ਸਰਕਾਰ ਦੇ 5 ਸਾਲਾਂ ਦੇ ਕਾਰਜਕਾਲ ਦੌਰਾਨ ਡਰੱਗ ਮਾਫੀਆ ਬੇਲਗਾਮ ਰਹੇਗਾ। ਸੂਬੇ ਦੇ ਡੀਜੀਪੀ ਵੱਲੋਂ ਹੁਣ ਨਸ਼ੇ ਦੇ ਵੱਡੇ ਮਗਰਮੱਛਾਂ ਦੀ ਲਿਸਟ ਬਣਾਉਣ ਦੀ ਗੱਲ ਕਹੀ ਜਾ ਰਹੀ ਹੈ, ਜਿਸਦਾ ਮਤਲਬ ਇਹ ਹੈ ਕਿ ਨਸ਼ਾ ਮਾਫੀਆ ਦਾ ਖਾਤਮਾ ਕਰਨਾ ਤਾਂ ਦੂਰ ਦੀ ਗੱਲ, ਅਜੇ ਤਿੰਨ ਸਾਲਾਂ ਵਿੱਚ ਇਨ੍ਹਾਂ ਮਾਫ਼ੀਆ ਦੀ ਲਿਸਟ ਵੀ ਤਿਆਰ ਨਹੀਂ ਹੋ ਸਕੀ ਹੈ। ਬਸਪਾ ਸੂਬਾ ਪ੍ਰਧਾਨ ਨੇ ਕਿਹਾ ਕਿ ਆਪ ਨੇ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ, ਪਰ ਇਸ ਬਜਟ ਵਿੱਚ ਵੀ ਅਜਿਹਾ ਕੋਈ ਪ੍ਰਾਵਧਾਨ ਨਹੀਂ ਕੀਤਾ ਗਿਆ ਹੈ। ਵਾਅਦੇ ਮੁਤਾਬਕ ਆਪ ਸਰਕਾਰ ਨੂੰ ਪਿਛਲੇ ਤਿੰਨ ਸਾਲਾਂ ਦੇ ਹਿਸਾਬ ਨਾਲ ਹੁਣ ਤੱਕ ਬਣਦੇ 36,000 ਰੁਪਏ ਪ੍ਰਤੀ ਮਹਿਲਾ ਦੇ ਖਾਤੇ ਵਿੱਚ ਪਾਉਣੇ ਚਾਹੀਦੇ ਸਨ, ਪਰ ਉਸਨੇ ਇੱਕ ਹਜ਼ਾਰ ਰੁਪਏ ਵੀ ਖਾਤੇ ਵਿੱਚ ਨਹੀਂ ਪਾਏ। ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਆਪ ਸਰਕਾਰ ਦੇ ਬਜਟ ਨੂੰ ਮਹਿਲਾ, ਕਿਸਾਨ-ਮਜ਼ਦੂਰ, ਦਲਿਤ-ਪੱਛੜਾ ਵਰਗ, ਮੁਲਾਜ਼ਮ ਤੇ ਉਦਯੋਗ ਵਿਰੋਧੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸਿਰਫ ਬਸਪਾ ਹੀ ਹੈ, ਜੋ ਕਿ ਪੰਜਾਬ ਨੂੰ ਸੰਕਟ ਵਿੱਚੋਂ ਬਾਹਰ ਕੱਢ ਸਕਦੀ ਹੈ। ਇਸ ਲਈ ਲੋਕ ਬਸਪਾ ਰਾਹੀਂ ਸੂਬੇ ਦੀ ਕਮਾਨ ਆਪਣੇ ਹੱਥਾਂ ਵਿੱਚ ਲੈਣ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਖਾਲਸਾ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਅਜਾਇਬ ਕਮਲ ਯਾਦਗਾਰੀ ਐਵਾਰਡ ਅਤੇ ਸਾਹਿਤਕ ਵਜ਼ੀਫਾ ਰਾਸ਼ੀ ਵੰਡ ਸਮਾਰੋਹ ਦਾ ਆਯੋਜਨ
Next articleਡਾ ਨੱਛਤਰ ਪਾਲ ਵਲੋਂ ਵਿਧਾਨ ਸਭਾ ਵਿੱਚ ਚੁੱਕਿਆ ਕਰੀਹੇ ਦੇ ਬੰਦ ਪਏ ਰੇਲਵੇ ਫਾਟਕ ਦਾ ਮੁੱਦਾ