ਜੈਪੁਰ (ਸਮਾਜ ਵੀਕਲੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਸਮਾਜ ਦੇ ਹਰੇਕ ਵਰਗ ’ਚ ਹਾਸ਼ੀਏ ’ਤੇ ਧੱਕੇ ਅਤੇ ਅਣਗੌਲੇ ਲੋਕਾਂ ਨੂੰ ਮਜ਼ਬੂਤ ਬਣਾਉਣ ਲਈ ਕੰਮ ਕਰ ਰਹੀ ਹੈ ਅਤੇ ਉਹ ‘ਵੰਚਿਤ ਕੋ ਵਰੀਅਤਾ’ ਦੇ ਮੰਤਰ ਨਾਲ ਅਗਾਂਹ ਵਧ ਰਹੀ ਹੈ। ਰਾਜਸਥਾਨ ਦੇ ਭੀਲਵਾੜਾ ਜ਼ਿਲ੍ਹੇ ’ਚ ਭਗਵਾਨ ਸ੍ਰੀ ਦੇਵਨਾਰਾਇਣ ਦੇ 1111ਵੇਂ ਅਵਤਾਰ ਪੁਰਬ ਮੌਕੇ ਮਾਲਾਸੇਰ ਡੁੰਗਰੀ ਪਿੰਡ ’ਚ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਹੁਣ ਭਾਰਤ ਵੱਲ ਵਧੇਰੇ ਆਸਾਂ ਨਾਲ ਦੇਖ ਰਹੀ ਹੈ ਅਤੇ ਦੇਸ਼ ਨੇ ਆਪਣੀ ਮਜ਼ਬੂਤੀ ਤੇ ਤਾਕਤ ਦਿਖਾਈ ਹੈ। ਉਨ੍ਹਾਂ ਭਗਵਾਨ ਸ੍ਰੀ ਦੇਵਨਾਰਾਇਣ ਦੇ ਧਾਰਮਿਕ ਅਸਥਾਨ ’ਤੇ ਮੱਥਾ ਵੀ ਟੇਕਿਆ। ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਨੇ ਹੋਰ ਮੁਲਕਾਂ ’ਤੇ ਆਪਣੀ ਨਿਰਭਰਤਾ ਘਟਾਈ ਹੈ।
ਆਜ਼ਾਦੀ ਸੰਗਰਾਮ ਅਤੇ ਹੋਰ ਅੰਦੋਲਨਾਂ ’ਚ ਗੁੱਜਰ ਭਾਈਚਾਰੇ ਦੇ ਯੋਗਦਾਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਮੁਲਕ ਦੀ ਬਦਕਿਸਮਤੀ ਹੈ ਕਿ ਅਜਿਹੀਆਂ ਹਸਤੀਆਂ ਨੂੰ ਇਤਿਹਾਸ ’ਚ ਬਣਦੀ ਕੋਈ ਥਾਂ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਨਵਾਂ ਭਾਰਤ ਬੀਤੇ ਦੀਆਂ ਗਲਤੀਆਂ ਨੂੰ ਦਰੁਸਤ ਕਰ ਰਿਹਾ ਹੈ। ‘ਦੇਸ਼ ਨੂੰ ਵਿਚਾਰਧਾਰਾ ਦੇ ਪੱਖ ਤੋਂ ਤੋੜਨ ਦੀਆਂ ਕਈ ਕੋਸ਼ਿਸ਼ਾਂ ਹੋਈਆਂ ਪਰ ਕੋਈ ਵੀ ਤਾਕਤ ਸਫ਼ਲ ਨਹੀਂ ਹੋਈ। ਦੇਸ਼ ਦੀ ਏਕਤਾ ਖ਼ਿਲਾਫ਼ ਕਿਸੇ ਵੀ ਗੱਲ ਤੋਂ ਲੋਕ ਦੂਰ ਰਹਿਣ।’ ਸ੍ਰੀ ਮੋਦੀ ਨੇ ਕਿਹਾ ਕਿ ਭਗਵਾਨ ਦੇਵਨਾਰਾਇਣ ਵੀ ਕਮਲ ’ਤੇ ਪ੍ਰਗਟ ਹੋਏ ਸਨ ਜੋ ਭਾਰਤ ਦੀ ਜੀ-20 ਪ੍ਰਧਾਨਗੀ ਦਾ ਲੋਗੋ ਵੀ ਹੈ। ਉਨ੍ਹਾਂ ਕਿਹਾ ਕਿ ਉਹ ਵੀ ਕਮਲ ਨਾਲ ਜੁੜੇ ਹੋਏ ਹਨ ਜੋ ਭਾਜਪਾ ਦਾ ਚੋਣ ਨਿਸ਼ਾਨ ਹੈ। ਇਸ ਮੌਕੇ ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ, ਰਾਜਸਥਾਨ ਭਾਜਪਾ ਪ੍ਰਧਾਨ ਸਤੀਸ਼ ਪੂਨੀਆ ਅਤੇ ਹੋਰ ਆਗੂ ਹਾਜ਼ਰ ਸਨ।