ਚੰਡੀਗੜ੍ਹ (ਸਮਾਜ ਵੀਕਲੀ) : ਪੰਜਾਬ ਦੀਆਂ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਨੇ ਅੱਜ ਇੱਥੇ ਆਪਣੀਆਂ ਵੱਖ-ਵੱਖ ਮੰਗਾਂ ਲਈ ਸੂਬਾ ਸਰਕਾਰ ਦੀ ਕੈਬਨਿਟ ਸਬ-ਕਮੇਟੀ ਨਾਲ ਮੀਟਿੰਗ ਕੀਤੀ। ਸਰਕਾਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਹਮਰਦਰਦੀ ਨਾਲ ਸੁਿਣਆ ਗਿਆ ਹੈ ਜਦਕਿ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਦੇ ਮੀਿਟੰਗ ’ਚ ਸ਼ਾਮਲ ਨਾ ਹੋਣ ਕਰ ਕੇ ਉਨ੍ਹਾਂ ਇਸ ’ਚੋਂ ਵਾਕਆਊਟ ਕੀਤਾ ਹੈ।
ਮੀਟਿੰਗ ਵਿੱਚ ਸਰਕਾਰ ਵੱਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਸ਼ਾਮਲ ਹੋਏ। ਸਮਾਜਿਕ ਭਲਾਈ ਬਾਰੇ ਮੰਤਰੀ ਡਾ. ਬਲਜੀਤ ਕੌਰ ਤੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਵੀ ਇਸ ਮੌਕੇ ਹਾਜ਼ਰ ਸਨ। ਸਰਕਾਰ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਕੈਬਨਿਟ ਸਬ-ਕਮੇਟੀ ਵੱਲੋਂ ਯੂਨੀਅਨਾਂ ਦੇ ਸਾਰੇ ਜਾਇਜ਼ ਮੁੱਦਿਆਂ ਉਤੇ ਵਿਚਾਰ-ਚਰਚਾ ਕੀਤੀ ਗਈ ਹੈ। ਇਨ੍ਹਾਂ ਵਿਚ ਬੇਜ਼ਮੀਨੇ ਮਜ਼ਦੂਰਾਂ ਤੇ ਠੇਕਾ ਮੁਲਾਜ਼ਮਾਂ ਦੇ ਮੁੱਦੇ ਸ਼ਾਮਲ ਸਨ। ਸਰਕਾਰ ਨੇ ਕਿਹਾ ਕਿ ਮੰਤਰੀਆਂ ਨੇ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਦੀਆਂ ਮੰਗਾਂ ਨੂੰ ਹਮਦਰਦੀ ਨਾਲ ਸੁਣਿਆ ਹੈ। ਮੁੱਖ ਮੰਤਰੀ ਦੇ ਆਦੇਸ਼ਾਂ ਉਤੇ ਬਣੀ ਕਮੇਟੀ ਦੀ ਇਹ ਪਹਿਲੀ ਮੀਟਿੰਗ ਸੀ। ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਤੇ ਗਜ਼ਟਿਡ ਅਤੇ ਨਾਨ-ਗਜ਼ਟਿਡ ਐੱਸਸੀ-ਬੀਸੀ ਮੁਲਾਜ਼ਮ ਵੈੱਲਫੈਅਰ ਫੈਡਰੇਸ਼ਨ ਦੇ ਨੁਮਾਇੰਦੇ ਇਸ ਮੀਟਿੰਗ ਵਿਚ ਸ਼ਾਮਲ ਸਨ। ਸਰਕਾਰ ਵੱਲੋਂ ਜਾਰੀ ਬਿਆਨ ਮੁਤਾਬਕ ਮੀਟਿੰਗ ਪੰਜਾਬ ਭਵਨ ਵਿੱਚ ਕਰੀਬ ਤਿੰਨ ਘੰਟੇ ਤੱਕ ਚੱਲੀ ਹੈ।
ਉਨ੍ਹਾਂ ਕਿਹਾ ਕਿ ਮਸਲਿਆਂ ਦੇ ਹੱਲ ਲਈ ਸਬੰਧਤ ਅਧਿਕਾਰੀਆਂ ਨੂੰ ਹੁਕਮ ਦਿੱਤੇ ਗਏ ਹਨ ਤੇ ਉਹ ਯੂਨੀਅਨ ਆਗੂਆਂ ਨਾਲ ਬੈਠ ਕੇ ਮਸਲਿਆਂ ਦਾ ਹੱਲ ਲੱਭਣਗੇ। ਸਬ ਕਮੇਟੀ ਵਿਚ ਸ਼ਾਮਲ ਮੰਤਰੀਆਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਹੁਕਮ ਦਿੱਤੇ ਹਨ ਸਾਰਿਆਂ ਨੂੰ ਮਨਜ਼ੂਰ ਕੋਈ ਹੱਲ ਲੱਭਿਆ ਜਾਵੇ। ਇਸ ਮੌਕੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਤੇ ਐਲਆਰ ਸ਼ਾਖਾ ਦੇ ਅਧਿਕਾਰੀ ਵੀ ਹਾਜ਼ਰ ਸਨ। ਸਬ-ਕਮੇਟੀ ਮੁਤਾਬਕ ਅਗਲੀ ਮੀਟਿੰਗ ਜਨਵਰੀ ਵਿਚ ਰੱਖੀ ਗਈ ਹੈ। ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਮੀਟਿੰਗ ਵਿਚ ਗ਼ੈਰ-ਮੌਜੂਦਗੀ ਦਾ ਨੋਟਿਸ ਲੈਂਦਿਆਂ ਮੀਟਿੰਗ ਵਿੱਚੋਂ ਵਾਕਆਊਟ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਵਾਰ-ਵਾਰ ਮੀਟਿੰਗਾਂ ਰੱਖ ਕੇ ਮੀਟਿੰਗ ’ਚ ਸ਼ਾਮਲ ਨਾ ਹੋਣਾ ਜਾਂ ਮੀਟਿੰਗ ਰੱਦ ਕਰਨਾ ਮਜ਼ਦੂਰ ਵਰਗ ਦਾ ਅਪਮਾਨ ਤੇ ਉਨ੍ਹਾਂ ਨਾਲ ਵਿਤਕਰੇਬਾਜ਼ੀ ਹੈ। ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਦੋਸ਼ ਲਾਇਆ ਹੈ ਕਿ ਮੀਟਿੰਗ ’ਚ ਮੌਜੂਦ ਮੰਤਰੀ ਮਜ਼ਦੂਰ ਆਗੂਆਂ ਵੱਲੋਂ ਪੁੱਛੇ ਸਵਾਲਾਂ ਦੇ ਤਸੱਲੀਬਖਸ਼ ਜਵਾਬ ਨਾ ਦੇ ਸਕੇ ਜਿਸ ਕਰ ਕੇ ਜਥੇਬੰਦੀਆਂ ਨੇ ਮੀਟਿੰਗ ਕਰਨੀ ਵਾਜਬ ਨਹੀਂ ਸਮਝੀ।
ਉਨ੍ਹਾਂ ਸਮੂਹ ਮਜ਼ਦੂਰਾਂ ਨੂੰ ਭਗਵੰਤ ਮਾਨ ਤੇ ਆਪ ਸਰਕਾਰ ਖਿਲਾਫ਼ ਵਿਸ਼ਾਲ ਤੇ ਸਿਰੜੀ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਵੀ ਦਿੱਤਾ। ਸਾਂਝੇ ਮਜ਼ਦੂਰ ਮੋਰਚੇ ਦੇ ਆਗੂਆਂ ਗੁਲਜਾਰ ਗੋਰੀਆ, ਤਰਸੇਮ ਪੀਟਰ, ਕੁਲਵੰਤ ਸਿੰਘ ਸੇਲਬਰਾਹ ਜੋਰਾ ਸਿੰਘ ਨਸਰਾਲੀ, ਗੁਰਨਾਮ ਸਿੰਘ ਦਾਊਦ, ਮੁਕੇਸ਼ ਮਲੌਦ, ਭਗਵੰਤ ਸਿੰਘ ਸਮਾਓ ਤੇ ਭੂਪ ਚੰਦ ਚੰਨੋ ਨੇ ਸਾਂਝੇ ਬਿਆਨ ਰਾਹੀਂ ਦੋਸ਼ ਲਾਇਆ ਕਿ ਮੁੱਖ ਮੰਤਰੀ ਮਜ਼ਦੂਰ ਜਥੇਬੰਦੀਆਂ ਨਾਲ ਮੀਟਿੰਗ ਕਰਨ ਤੋਂ ਟਾਲਾ ਵੱਟ ਰਹੇ ਹਨ। ਮੀਟਿੰਗ ’ਚ ਹਾਜ਼ਰ ਮਜ਼ਦੂਰ ਆਗੂ ਗੁਰਮੇਸ਼ ਸਿੰਘ, ਹਰਵਿੰਦਰ ਸਿੰਘ ਸੇਮਾਂ, ਬਿੱਕਰ ਸਿੰਘ ਹਥੋਆ, ਮਹੀਂਪਾਲ, ਲਛਮਣ ਸਿੰਘ ਸੇਵੇਵਾਲਾ, ਪ੍ਰਗਟ ਸਿੰਘ ਕਾਲਾਝਾੜ, ਕਸ਼ਮੀਰ ਸਿੰਘ ਘੁੱਗਸ਼ੋਰ ਤੇ ਕ੍ਰਿਸ਼ਨ ਚੌਹਾਨ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਸ਼ਾਮਲ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੇ ਮੰਤਰੀ ਅਮਨ ਅਰੋੜਾ ਨੂੰ ਜਦੋਂ ਜਥੇਬੰਦੀਆਂ ਵੱਲੋਂ ਇਹ ਪੁੱਛਿਆ ਗਿਆ ਕਿ ਦੋਵਾਂ ਮੰਤਰੀਆਂ ਨਾਲ ਪਹਿਲਾਂ ਹੋਈਆਂ ਮੀਟਿੰਗਾਂ ’ਚ ਲਏ ਫੈਸਲਿਆਂ ’ਤੇ ਅਮਲ ਤਾਂ ਦੂਰ, ਮੀਟਿੰਗਾਂ ਦੇ ਵੇਰਵੇ ਤੱਕ ਵੀ ਤਿਆਰ ਨਹੀਂ ਕੀਤੇ ਗਏ ਤਾਂ ਕੈਬਨਿਟ ਮੰਤਰੀ ਇਨ੍ਹਾਂ ਸਵਾਲਾਂ ਦਾ ਕੋਈ ਤਸੱਲੀਬਖਸ਼ ਜਵਾਬ ਨਾ ਦੇ ਸਕੇ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly