(ਸਮਾਜ ਵੀਕਲੀ)
ਸਾਡਾ ਦੇਸ਼ ਮੇਲਿਆਂ , ਤਿਉਹਾਰਾਂ ਅਤੇ ਪਵਿੱਤਰ ਦਿਹਾੜਿਆਂ ਦਾ ਦੇਸ਼ ਹੈ। ਇੱਥੋਂ ਦੇ ਬਹੁਤੇਰੇ ਤਿੱਥ – ਤਿਉਹਾਰ ਖੇਤੀਬਾਡ਼ੀ ਅਤੇ ਰੁੱਤਾਂ ਨਾਲ ਸਬੰਧਿਤ ਹਨ। ਇਸੇ ਤਰ੍ਹਾਂ ਤੀਆਂ ਦਾ ਤਿਉਹਾਰ ਵੀ ਵਰਖਾ ( ਸਾਉਣ ਮਹੀਨੇ ) ਨਾਲ ਜੁੜਿਆ ਹੋਇਆ ਹੈ। ਤੀਆਂ ਦੇ ਤਿਉਹਾਰ ਨੂੰ ਮੁਟਿਆਰਾਂ ਸੱਜ – ਧੱਜ ਕੇ ਤੇ ਸੱਭਿਆਚਾਰਕ ਦਿੱਖ ਬਣਾ ਕੇ ਖੁਸ਼ੀ ਦੇ ਨਾਲ ਮਨਾਉਂਦੀਆਂ ਹਨ। ਇਹ ਤਿਉਹਾਰ ਪੰਜਾਬ , ਹਰਿਆਣਾ ਰਾਜਸਥਾਨ ਆਦਿ ਸੂਬਿਆਂ ਵਿੱਚ ਮਨਾਇਆ ਜਾਂਦਾ ਹੈ। ਸਾਉਣ ਦੇ ਮਹੀਨੇ ਅਤੇ ਤੀਆਂ ਦੇ ਤਿਉਹਾਰ ਦਾ ਨਹੁੰ – ਮਾਸ ਦਾ ਰਿਸ਼ਤਾ ਹੈ ; ਕਿਉਂਕਿ ਜੇਠ – ਹਾੜ੍ਹ ਦੀਆਂ ਤੱਤੀਆਂ ਲੂਆਂ ਸਹਿ ਕੇ ਬੱਚੇ , ਜਵਾਨ , ਮੁਟਿਆਰਾਂ , ਬਜ਼ੁਰਗ ਤੇ ਹਰ ਪੌਦੇ – ਪ੍ਰਾਣੀ ਨੂੰ ਸਾਉਣ ਦੇ ਮਹੀਨੇ ਦੀ ਬਹੁਤ ਉਡੀਕ ਅਤੇ ਤਾਂਘ ਹੁੰਦੀ ਹੈ।
ਪਹਿਲੇ ਸਮਿਆਂ ਵਿੱਚ ਇੰਨੀ ਤੇਜ਼ੀ , ਦੌੜ – ਭੱਜ ਤੇ ਜੀਵਨ ਵਿੱਚ ਵਿਅਸਤਤਾ ਨਹੀਂ ਸੀ ਹੁੰਦੀ ਅਤੇ ਅੱਲ੍ਹੜ ਤੇ ਸੱਜ – ਧੱਜ ਵਿਆਹੀਆਂ ਮੁਟਿਆਰਾਂ ਲਈ ਸਾਉਣ ਦਾ ਮਹੀਨਾ ਬਹੁਤ ਭਾਗਾਂ ਭਰਿਆ ਤੇ ਖ਼ੁਸ਼ੀਆਂ – ਖੇੜਿਆਂ ਵਾਲਾ ਹੁੰਦਾ ਸੀ। ਇਸ ਮਹੀਨੇ ਮੁਟਿਆਰਾਂ ਪਿੱਪਲੀੰ ਪੀਂਘਾਂ ਪਾ ਕੇ ਬੜੇ ਚਾਅ – ਮਲ੍ਹਾਰ , ਉਤਸ਼ਾਹ ਅਤੇ ਪ੍ਰਸੰਨਤਾ ਨਾਲ ਤੇ ਗਿੱਧੇ ਬੋਲੀਆਂ ਪਾ ਕੇ ਤੀਆਂ ਦਾ ਤਿਓਹਾਰ ਮਨਾਉਂਦਿਆਂ ਹੁੰਦੀਆਂ ਸਨ। ਪੁਰਾਤਨ ਸਮੇਂ ਤੋਂ ਹੀ ਵਿਆਹੀਆਂ ਕੁੜੀਆਂ ਰੀਤੀ – ਰਿਵਾਜ ਅਨੁਸਾਰ ਸਾਉਣ ਮਹੀਨੇ ਆਪੋ ਆਪਣੇ ਪੇਕਿਆਂ ( ਮਾਪਿਆਂ ) ਦੇ ਘਰ ਆਉਂਦੀਆਂ ਸਨ। ਸਾਉਣ ਮਹੀਨੇ ਪਿੰਡਾਂ ਦਾ ਮਾਹੌਲ ਬੜਾ ਰੌਚਕ ਅਤੇ ਮੇਲਿਆਂ ਵਰਗਾ ਹੋ ਜਾਂਦਾ ਸੀ।
ਸੱਜ ਵਿਆਹੀਆਂ ਮੁਟਿਆਰਾਂ ਹੱਥਾਂ ਵਿੱਚ ਮਹਿੰਦੀ ਲਾ ਕੇ ਅਤੇ ਰੰਗਲੇ ਚੂੜੇ ਪਾ ਕੇ ਆਪਣੇ ਹਾਣ – ਪ੍ਰਵਾਣ ਦੀਆਂ ਸਹੇਲੀਆਂ ਨੂੰ ਗਲੇ ਮਿਲਦੀਆਂ ਹੁੰਦੀਆਂ ਸਨ। ਫਿਰ ਇਹ ਮੁਟਿਆਰਾਂ ਬੋਹੜਾਂ ਤੇ ਪਿੱਪਲਾਂ ਥੱਲੇ ਇਕੱਠੀਆਂ ਹੋ ਕੇ ਬੋਲੀਆਂ ਪਾਉਂਦੀਆਂ ਹੁੰਦੀਆਂ ਸਨ। ਹਰ ਪਾਸੇ ਗਿੱਧੇ ਦੀਆਂ ਆਵਾਜ਼ਾਂ ਨਾਲ ਬੋਲੀਆਂ ਵਿੱਚ ਹਾਸਾ – ਠੱਠਾ , ਨੋਕ – ਝੋਕ , ਖ਼ੁਸ਼ੀ – ਗ਼ਮੀ ਆਦਿ ਪ੍ਰਗਟ ਕਰ ਲਈ ਜਾਂਦੀ ਸੀ। ਕੁਆਰੀਆਂ ਕੁੜੀਆਂ ਵੀ ਬੋਹੜਾਂ ਜਾਂ ਪਿੱਪਲਾਂ ‘ਤੇ ਪੀਂਘਾਂ ਪਾ ਕੇ ਝੂਟਦੀਆਂ ਹੁੰਦੀਆਂ ਸਨ ਅਤੇ ਆਸਮਾਨ ਨੂੰ ਛੂੰਹਦੀਆਂ ਸਨ। ਕਾਦਰ ਦੀ ਕਾਇਨਾਤ ਵੀ ਐਸੇ ਖੁਸ਼ਨੁਮਾ ਮਾਹੌਲ ਤੋਂ ਮੰਤਰ – ਮੁਗਧ ਹੋ ਕੇ ਕਾਲੀਆਂ ਘਟਾਵਾਂ ਰਾਹੀਂ ਮੀਂਹ ਬਰਸਾ ਦਿੰਦੀ।
ਅੰਬਰੀਂ ਛਾਏ ਕਾਲੇ ਬੱਦਲਾਂ ਅਤੇ ਮੀਂਹ ਦੀ ਕਿਣਮਿਣ ਨਾਲ ਘਰ – ਘਰ ਖੀਰ ਪੂੜੇ ਪੱਕਣੇ ਆਰੰਭ ਹੋ ਜਾਂਦੇ ਸੀ , ਪਰ ਹੁਣ ਉਹ ਗੱਲਾਂ ਕਿੱਥੇ ਰਹੀਆਂ ? ਸਮੇਂ ਦੇ ਹਾਲਾਤਾਂ ਦੇ ਨਾਲ ਉਹ ਖੁੱਲ੍ਹੇ ਤੇ ਖ਼ੁਸ਼ਨੁਮਾ ਮਾਹੌਲ , ਪਿੱਪਲ , ਬੋਹੜ , ਬੜ , ਖੁੱਲ੍ਹੇ ਸਮੇਂ , ਨਿਰਸੰਕੋਚ ਹਾਸੇ – ਠੱਠੇ , ਸ਼ਾਂਤੀ , ਸਾਦਗੀ ਭਰਿਆ ਜੀਵਨ ਤੇ ਖਾਣ – ਪੀਣ ਵਾਲੀਆਂ ਗੱਲਾਂ , ਕੰਮਾਂਕਾਰਾਂ ਤੇ ਸਹੁਰੇ ਘਰਾਂ ਤੋਂ ਵਿਹਲ , ਖੁੱਲ੍ਹੇ ਸਮੇਂ ਅਤੇ ਆਪਸੀ ਮੇਲ – ਜੋਲ , ਬਚਪਨ ਨੂੰ ਯਾਦ ਕਰਨ ਲਈ ਸਖੀਆਂ – ਸਹੇਲੀਆਂ ਆਦਿ ਮਾਹੌਲ ਨਹੀਂ ਰਹੇ।
ਸੂਚਨਾ ਕ੍ਰਾਂਤੀ , ਕੈਰੀਅਰ ਬਣਾਉਣ ਦੀ ਤਾਂਘ , ਪੜ੍ਹਾਈ ਦਾ ਬੋਝ ਅਤੇ ਪੜ੍ਹਾਈ ਪ੍ਰਤੀ ਤਾਂਘ , ਟੈਲੀਵਿਜ਼ਨ ਪ੍ਰੋਗਰਾਮਾਂ ਦੀ ਬਹੁਤਾਤ , ਸੋਸ਼ਲ ਮੀਡੀਆ ਦਾ ਵੱਧਦਾ ਪ੍ਰਭਾਵ, ਬਦਲਦੇ ਸਮਾਜਿਕ ਮਾਹੌਲ , ਕੁੱਖਾਂ – ਰੁੱਖਾਂ ‘ਤੇ ਹੁੰਦੇ ਹਮਲਿਆਂ , ਸ਼ੁੱਧ ਵਾਤਾਵਰਨ ਦੀ ਘਾਟ , ਸਹੁਰੇ ਘਰ ਵਿੱਚ ਵੱਧਦੀਆਂ ਜ਼ਿੰਮੇਵਾਰੀਆਂ , ਨੌਕਰੀ – ਪੇਸ਼ਾ ਖੇਤਰ ਵਿੱਚ ਔਰਤਾਂ ਦੀ ਵੱਧਦੀ ਸ਼ਮੂਲੀਅਤ ਅਤੇ ਬਦਲਦੇ ਖਾਣ – ਪਾਣ ਨਾਲ ਹੁਣ ਤੀਆਂ ਦਾ ਤਿਉਹਾਰ ਅਲੋਪ ਹੁੰਦਾ ਜਾ ਰਿਹਾ ਹੈ। ਹੁਣ ਕੌਣ ਕਹੇਗਾ ,
” ਗੱਡੀ ਜੋੜ ਕੇ ਲਿਆਈਂ ਵੀਰਾ ਮੇਰਿਆ ,
ਸਾਉਣ ਦਾ ਮਹੀਨਾ ਆ ਗਿਆ । “
ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ
9478561356.
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly